You’re viewing a text-only version of this website that uses less data. View the main version of the website including all images and videos.
ਪੰਜਾਬੀਅਤ ਤੇ ਸਾਂਝੀਵਾਲਤਾ ਦੀ ਗੱਲ ਕਰਨ ਵਾਲੇ ਸੁਨੀਲ ਜਾਖੜ ਨੂੰ ਕੀ ਭਾਜਪਾ ਦੀ ਸਿਆਸਤ ਰਾਸ ਆਵੇਗੀ - ਨਜ਼ਰੀਆ
ਪੰਜਾਬ ਕਾਂਗਰਸ ਲਈ ਵੀਰਵਾਰ ਦਾ ਦਿਨ ਦੋ ਅਹਿਮ ਕਾਰਨਾਂ ਕਰਕੇ ਮਹੱਤਵਪੂਰਨ ਰਿਹਾ ਹੈ।
ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਲਗਭਗ ਦੋ ਦਹਾਕੇ ਪੁਰਾਣੇ ਸੜਕੀ ਹਿੰਸਾ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਦੂਜਾ ਪੰਜਾਬ ਕਾਂਗਰਸ ਦੇ ਹੀ ਇੱਕ ਹੋਰ ਸਾਬਕਾ ਪ੍ਰਧਾਨ ਸੁਨੀਲ ਜਾਖੜ, ਜਿਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਵਿੱਚ ਰਿਹਾ ਸੀ। ਭਾਜਪਾ ਵਿੱਚ ਸ਼ਾਮਲ ਹੋ ਗਏ।
ਇਨ੍ਹਾਂ ਦੋ ਘਟਨਾਵਾਂ ਦੇ ਪਾਰਟੀ ਉੱਪਰ ਪੈਣ ਵਾਲੇ ਅਸਰ ਨੂੰ ਸਮਝਣ ਲਈ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।
ਪੇਸ਼ ਹਨ ਉਸ ਗੱਲਬਾਤ ਦੇ ਕੁਝ ਅੰਸ਼-
ਸਵਾਲ- ਸੁਨੀਲ ਜਾਖੜ ਦੇ ਭਾਜਪਾ ਵਿੱਚ ਜਾਣ ਦੇ ਕੀ ਮਾਅਨੇ ਹਨ?
ਇਹ ਗੱਲ ਸਾਫ਼ ਲੱਗ ਰਹੀ ਹੈ ਕਿ ਇਹ ਇੱਕ ਦਮ ਕੀਤਾ ਗਿਆ ਫ਼ੈਸਲਾ ਨਹੀਂ ਹੈ। ਚੋਣਾਂ ਤੋਂ ਬਾਅਦ ਇਹ ਕਾਫ਼ੀ ਦੇਰ ਤੋਂ ਇਹ ਗੱਲਬਾਤ ਚੱਲ ਰਹੀ ਸੀ।
ਉਨ੍ਹਾਂ ਦੇ ਬਿਆਨਾਂ ਤੋਂ ਨਜ਼ਰ ਆ ਰਿਹਾ ਸੀ ਕਿ ਇਹ ਭਾਜਪਾ ਵਿੱਚ ਸ਼ਾਮਲ ਹੋਣਗੇ।
ਹਾਲਾਂਕਿ ਹੁਣ ਬੀਜੇਪੀ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ ਤੇ ਇਨ੍ਹਾਂ ਨੂੰ ਕਿੰਨਾ ਫ਼ਾਇਦਾ ਹੁੰਦਾ ਹੈ ਇਹ ਗੱਲ ਦੇਖਣ ਵਾਲੀ ਹੈ।
ਇਹ ਵੀ ਪੜ੍ਹੋ:
ਸੁਨੀਲ ਜਾਖੜ ਨੂੰ ਗੁੱਸਾ ਸੀ ਕਿ ਮੈਨੂੰ ਸੀਐਮ ਨਹੀਂ ਬਣਾਇਆ ਗਿਆ। ਉਹ ਭੜਾਸ ਉਨ੍ਹਾਂ ਨੇ ਕੱਢ ਲਈ।
ਦੂਜੇ ਪਾਸੇ ਕਾਂਗਰਸ ਨੂੰ ਤਲਾਸ਼ ਸੀ ਇੱਕ ਅਜਿਹੇ ਆਗੂ ਦੀ ਜੋ ਜ਼ਮੀਨ ਨਾਲ ਜੁੜਿਆ ਹੋਵੇ ਅਤੇ ਪੰਜਾਬ ਪੱਖੀ ਹੋਵੇ।
ਇਸ ਤਰ੍ਹਾਂ ਬੀਜੇਪੀ ਨੂੰ ਇੱਕ ਚਿਹਰਾ ਮਿਲ ਗਿਆ ਅਤੇ ਇਨ੍ਹਾਂ ਨੂੰ ਇੱਕ ਥਾਂ ਮਿਲ ਗਈ। ਫਾਇਦਾ ਕਿਸ ਨੂੰ ਹੁੰਦਾ ਹੈ, ਇਹ ਬਾਅਦ ਦੀ ਗੱਲ ਹੈ।
ਹੋ ਸਕਦਾ ਹੈ ਉਹ ਇਨ੍ਹਾਂ ਨੂੰ ਰਾਜ ਸਭਾ ਲੈ ਜਾਣ ਤੇ ਫਿਰ ਕਿਸੇ ਮੰਤਰਾਲੇ ਵਿੱਚ ਅਡਜਸਟ ਕਰ ਦੇਣ। ਫਿਰ ਪੰਜਾਬ ਵਿੱਚ ਆਪਣੇ ਵੱਡੇ ਲੀਡਰ ਵਜੋਂ ਪੇਸ਼ ਕਰਨ।
ਸਵਾਲ- ਕੀ ਸੁਨੀਲ ਜਾਖੜ ਬੀਜੇਪੀ ਵਿੱਚ ਫਿਟ ਬੈਠ ਸਕਣਗੇ?
ਮੈਨੂੰ ਜੁਆਇਨਿੰਗ ਸਮੇਂ ਜੋ ਇਨ੍ਹਾਂ ਨੇ ਬੀਜੇਪੀ ਦੇ ਪਲੇਟਫਾਰਮ ਤੋਂ ਗੱਲ ਕੀਤੀ, ਉਹ ਦਿਲਚਸਪ ਲੱਗੀ ਹੈ।
ਇਨ੍ਹਾਂ ਨੇ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇੱਥੇ ਮਾਨਵਤਾਵਾਦੀ ਸਿਧਾਂਤ ਚਲਦੇ ਹਨ। ਇਸ ਸਿਲਸਿਲੇ ਵਿੱਚ ਇਨ੍ਹਾਂ ਨੇ ਬਾਬੇ ਨਾਨਕ ਦੀ ਮਿਸਾਲ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਬਾਬੇ ਨਾਨਕ ਦੀ ਫਿਲਾਸਫ਼ੀ ਲੋਕਾਂ ਨੂੰ ਜੋੜਨ ਵਾਲੀ ਹੈ ਤੋੜਨ ਵਾਲੀ ਨਹੀਂ। ਹਾਲਾਂਕਿ ਪਲੇਟਫਾਰਮ ਉਹ ਸੀ ਜਿਸ ਦੀ ਸਿਆਸਤ ਲੋਕਾਂ ਨੂੰ ਤੋੜਨ ਵਾਲੀ ਗਿਣੀ ਜਾਂਦੀ ਹੈ।
ਇਹ ਆਪਣੇ-ਆਪ ਵਿੱਚ ਇੱਕ ਵੱਡਾ ਆਪਾ-ਵਿਰੋਧ ਹੈ।
ਇਸ ਲਈ ਬੀਜੇਪੀ ਦੀ ਸਿਆਸਤ ਵਿੱਚ ਸੁਨੀਲ ਜਾਖੜ ਦਾ ਢਲ ਸਕਣਾ ਛੇਤੀ ਕੀਤੇ ਮੈਨੂੰ ਸੰਭਵ ਨਹੀਂ ਲਗਦਾ।
ਸਵਾਲ- ਕੀ ਮੁੱਖ ਮੰਤਰੀ ਨਾ ਬਣ ਸਕਣ ਦੀ ਚੀਸ ਹੀ ਜਾਖੜ ਨੂੰ ਬੀਜੇਪੀ ਵਿੱਚ ਲੈ ਕੇ ਗਈ ਹੈ?
ਸੁਨੀਲ ਜਾਖੜ ਦਾ ਦਰਦ ਹੈ। ਇਹ ਦਰਦ ਜਾਣਾ ਨਹੀਂ ਅਤੇ ਨਾ ਹੀ ਉਸ ਦਰਦ ਦੀ ਕੋਈ ਦਵਾਈ ਹੈ।
ਉਹ ਦਵਾਈ ਇਨ੍ਹਾਂ ਨੂੰ ਬੀਜੇਪੀ ਵਿੱਚ ਜਾ ਕੇ ਵੀ ਨਹੀਂ ਮਿਲ ਸਕਦੀ। ਗੱਲ ਸਿਰਫ਼ ਇੰਨੀ ਕੁ ਹੈ।
ਕਾਂਗਰਸ ਨੇ ਇਨ੍ਹਾਂ ਨੂੰ ਸੀਐੱਮ ਬਣਾਇਆ ਨਹੀਂ ਅਤੇ ਬੀਜੇਪੀ ਵਿੱਚ ਜਾਕੇ ਸੀਐੱਮ ਬਣ ਨਹੀਂ ਸਕਦੇ।
ਦਰਦ ਤਾਂ ਹੀ ਖ਼ਤਮ ਹੋ ਸਕਦਾ ਹੈ ਜੇ ਕੋਈ ਪਾਰਟੀ ਇਨ੍ਹਾਂ ਨੂੰ ਸੀਐੱਮ ਬਣਾ ਦੇਵੇ। ਉਹ ਸੰਭਵ ਨਹੀਂ ਹੈ।
ਜੇ ਉਹ ਕਾਂਗਰਸ ਦਾ ਨੁਕਸਾਨ ਕਰਨਾ ਚਾਹੁਣ ਤਾਂ ਕਰ ਸਕਦੇ ਹਨ ਪਰ ਕਾਂਗਰਸ ਵਿੱਚ ਵੀ ਅਤੇ ਹੋਰ ਪਾਰਟੀਆਂ ਵਿੱਚ ਵੀ ਨਵੀਂ ਪੀੜ੍ਹੀ ਥਾਂ ਮੱਲ ਰਹੀ ਹੈ। ਸੁਨੀਲ ਜਾਖੜ ਹੁਰਾਂ ਦੀ ਪੀੜ੍ਹੀ ਹੌਲੀ-ਹੌਲੀ ਬਾਹਰ ਹੋ ਰਹੀ ਹੈ।
ਸਵਾਲ- ਬੀਜੇਪੀ ਦੀ ਸਿਆਸਤ ਨੂੰ ਪੰਜਾਬ ਦੇ ਲੋਕ ਮਾਨਤਾ ਨਹੀਂ ਦਿੰਦੀ ਕੀ ਅਜਿਹੇ ਵਿੱਚ ਸੁਨੀਲ ਜਾਖੜ ਦੇ ਸ਼ਾਮਲ ਹੋਣ ਨਾਲ ਬੀਜੇਪੀ ਨੂੰ ਕੋਈ ਫ਼ਾਇਦਾ ਮਿਲੇਗਾ?
ਪੰਜਾਬ ਇੱਕੋ ਸਟੇਟ ਹੈ ਜਿੱਥੇ ਮੋਦੀ ਫੈਕਟਰ ਨੇ ਪਿਛਲੀਆਂ ਚੋਣਾਂ ਵਿੱਚ ਕੰਮ ਨਹੀਂ ਕੀਤਾ। ਇਸ ਤੋਂ ਵੱਡੀ ਗੱਲ ਤਾਂ ਹੋ ਨਹੀਂ ਸਕਦੀ।
ਜਦੋਂ ਅਕਾਲੀ ਦਲ ਬੀਜੇਪੀ ਦੇ ਨਾਲ ਸੀ ਤਾਂ ਮੋਦੀ ਜੀ ਹੁਸ਼ਿਆਰਪੁਰ ਆਏ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੋਦੀ-ਮੋਦੀ ਦੇ ਬੜੇ ਨਾਅਰੇ ਲਗਾਏ ਸੀ।
ਪੰਜਾਬ ਵਿੱਚ ਸਮਝੌਤੇ ਦੇ ਬਾਵਜੂਦ ਅਸਰ ਨਹੀਂ ਹੋਇਆ ਸੀ।
ਇਸ ਲਈ ਪਾਰਟੀ ਹੁਣ ਵੀ ਆਪਣੇ ਪੱਧਰ 'ਤੇ ਉੱਠ ਨਹੀਂ ਸਕਦੀ।
ਸਵਾਲ- ਦੂਜਾ ਮਾਮਲਾ ਨਵਜੋਤ ਸਿੰਘ ਸਿੱਧੂ ਦਾ ਹੈ। ਉਨ੍ਹਾਂ ਨੂੰ ਜੇਲ੍ਹ ਜਾਣਾ ਪਵੇਗਾ। ਤੁਹਾਨੂੰ ਕੀ ਲਗਦਾ ਹੈ ਕਿ ਇਹ ਕਾਂਗਰਸ ਲਈ ਕਿੰਨਾ ਵੱਡਾ ਧੱਕਾ ਹੈ?
ਉਹ ਸਰਗਰਮ ਹੋਏ ਜਦੋਂ ਕਾਂਗਰਸ ਹਾਰ ਗਈ ਸੀ। ਉਹ ਵੀ ਇੱਕਲੇ ਇੱਕ ਟੀਮ ਲੀਡਰ ਦੇ ਰੂਪ ਵਿੱਚ। ਇੱਕ ਖਿਡਾਰੀ ਟੀਮ ਲੀਡਰ ਦੇ ਰੂਪ ਵਿੱਚ ਕਿਉਂ ਨਹੀਂ ਸਫ਼ਲ ਹੋ ਸਕਿਆ ਇਹ ਆਪਣੇ-ਆਪ ਵਿੱਚ ਵੱਡਾ ਸਵਾਲ ਹੈ।
ਇੱਕ ਗੱਲ ਬੜੀ ਦਿਲਚਸਪ ਲੱਗੀ ਹੈ ਕਿ ਦੋ ਲੀਡਰ ਜਿਨ੍ਹਾਂ ਨੇ ਇੱਕੋ ਸੀਟ ਤੋਂ ਚੋਣ ਲੜੀ ਹੋਵੇ ਦੋਵੇਂ ਹੀ ਜੇਲ੍ਹ ਦੇ ਅੰਦਰ।
ਇਹ ਵੀ ਪੜ੍ਹੋ: