ਮੁੰਡਕਾ ਅੱਗ ਹਾਦਸਾ: 'ਅੱਗ 'ਚ ਫਸੀ ਗਰਲਫ੍ਰੈਂਡ ਨੇ ਵੀਡੀਓ ਕਾਲ ਕੀਤੀ, ਪਰ ਉਸ ਨੂੰ ਬਚਾ ਨਹੀਂ ਸਕਿਆ'

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਜਿਸ ਇਮਾਰਤ 'ਚ ਅੱਗ ਲੱਗੀ, ਉੱਥੇ ਜ਼ਿਆਦਾਤਰ ਮਹਿਲਾ ਕਰਮਚਾਰੀ ਕੰਮ ਕਰਦੀਆਂ ਸਨ।
    • ਲੇਖਕ, ਦਿਲਨਵਾਜ਼ ਪਾਸ਼ਾ
    • ਰੋਲ, ਬੀਬੀਸੀ ਪੱਤਰਕਾਰ

ਪੱਛਮੀ ਦਿੱਲੀ ਦੇ ਸੰਜੈ ਗਾਂਧੀ ਮੈਮੋਰੀਅਲ ਹਸਪਤਾਲ ਦੇ ਬਾਹਰ ਲੋਕਾਂ ਦੀ ਭੀੜ ਹੈ। ਇੱਥੇ ਕੁਝ ਅੱਖਾਂ 'ਚ ਹੁੰਝੂ ਹਨ ਅਤੇ ਕੁਝ 'ਚ ਸਵਾਲ। ਇਸ ਭੀੜ ਦੇ ਵਿਚਕਾਰ ਇੱਕ ਨੌਜਵਾਨ ਬੜੀ ਮੁਸ਼ਕਿਲ ਨਾਲ ਆਪਣੇ ਹੰਝੂਆਂ ਨੂੰ ਰੋਕੇ, ਗੁਮਸੁਮ ਖੜ੍ਹਾ ਹੈ।

ਆਪਣੇ ਆਪ ਨੂੰ ਸੰਭਾਲਦੇ ਹੋਏ ਉਹ ਦੱਸਦਾ ਹੈ, ''ਮੇਰੀ ਗਰਲਫ੍ਰੈਂਡ ਵੀ ਅੱਗ 'ਚ ਫਸੀ ਸੀ। ਉਸ ਨੇ ਮੈਨੂੰ ਵੀਡੀਓ ਕਾਲ ਕੀਤੀ। ਮੈਂ ਉਸ ਦੀ ਹਿਮੰਤ ਵਧਾ ਰਿਹਾ ਸੀ। ਹੌਲੀ-ਹੌਲੀ ਧੂੰਆਂ ਵਧਦਾ ਜਾ ਰਿਹਾ ਸੀ ਅਤੇ ਫਿਰ ਕਾਲ ਕਟ ਗਈ।''

ਇਸ ਨੌਜਵਾਨ ਦੀ ਗਰਲਫ੍ਰੈਂਡ ਹੁਣ ਲਾਪਤਾ ਹੈ।

ਸੰਜੈ ਗਾਂਧੀ ਹਸਪਤਾਲ ਦੇ ਬਾਹਰ ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਦੇ ਆਪਣੇ ਦਿੱਲੀ ਦੇ ਮੁੰਡਕਾ ਵਿੱਚ ਇੱਕ ਇਮਾਰਤ ਵਿੱਚ ਅੱਗ ਦੀ ਘਟਨਾ ਤੋਂ ਬਾਅਦ ਲਾਪਤਾ ਹਨ।

ਇਸ ਅੱਗ ਵਿੱਚ 27 ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖ਼ਮੀ ਹਨ।

14 ਸਾਲ ਦੇ ਮੌਨੀ ਆਪਣੀ ਭੈਣ ਪੂਜਾ ਨੂੰ ਭਾਲਦੇ ਹੋਏ ਹਸਪਤਾਲ ਪਹੁੰਚੇ ਹਨ। ਉਨ੍ਹਾਂ ਦੀ 19 ਸਾਲਾਂ ਭੈਣ ਉਸੇ ਸੀਸੀਟੀਵੀ ਕੰਪਨੀ ਦੇ ਦਫ਼ਤਰ 'ਚ ਕੰਮ ਕਰਦੀ ਸੀ, ਜਿਸ 'ਚ ਅੱਗ ਲੱਗੀ ਸੀ।

ਮੌਨੀ ਕਹਿੰਦੇ ਹਨ, ''ਸਾਨੂੰ ਖ਼ਬਰਾਂ ਰਾਹੀਂ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਅਸੀਂ ਭੱਜਦੇ ਹੋਏ ਇੱਥੇ ਆਏ। ਸਾਨੂੰ ਨਹੀਂ ਪਤਾ ਕਿ ਸਾਡੀ ਭੈਣ ਕਿੱਥੇ ਹੈ, ਪ੍ਰਸ਼ਾਸਨ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਸੰਜੈ ਗਾਂਧੀ ਹਸਪਤਾਲ 'ਚ ਪਤਾ ਕਰੋ।''

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਲਾਪਤਾ ਹੋਈ ਪੂਜਾ ਦੇ ਪਿਤਾ ਜੀ ਨਹੀਂ ਹਨ ਅਤੇ ਉਹ ਇੱਕਲਿਆਂ ਹੀ ਆਪਣੇ ਘਰ ਦਾ ਖਰਚਾ ਚਲਾ ਰਹੇ ਸਨ।

ਲਾਪਤਾ ਲੋਕ ਅਤੇ ਆਪਣਿਆਂ ਦੀ ਭਾਲ਼ 'ਚ ਭਟਕਦੇ ਪਰਿਵਾਰ

ਮੌਨੀ ਦੀ ਭੈਣ ਪੂਜਾ ਘਰ ਵਿੱਚ ਸਭ ਤੋਂ ਵੱਡੇ ਸਨ ਅਤੇ ਨੌਕਰੀ ਕਰਕੇ ਆਪਣੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਆਪਣੀ ਭੈਣ ਨੂੰ ਯਾਦ ਕਰਦਿਆਂ ਮੌਨੀ ਕਹਿੰਦੇ ਹਨ, "ਉਹ ਸਵੇਰੇ 9 ਵਜੇ ਦਫ਼ਤਰ ਗਈ ਸੀ। ਉਹ ਡੇਟਾ ਐਂਟਰੀ ਦਾ ਕੰਮ ਕਰਦੀ ਸੀ। ਉਸ ਕੋਲ ਫ਼ੋਨ ਨਹੀਂ ਸੀ, ਇਸ ਲਈ ਉਹ ਸਾਨੂੰ ਫ਼ੋਨ ਵੀ ਨਹੀਂ ਕਰ ਸਕੀ।"

ਨੌਸ਼ਾਦ ਆਪਣੀ ਮਾਮੀ ਦੀ ਭਾਲ 'ਚ ਸੰਜੇ ਗਾਂਧੀ ਹਸਪਤਾਲ ਪਹੁੰਚੇ ਹਨ। ਅੱਗ ਲੱਗਣ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਤੋਂ ਹੀ ਨੌਸ਼ਾਦ ਹਸਪਤਾਲਾਂ ਦੇ ਗੇੜੇ ਮਾਰ ਰਹੇ ਹਨ, ਪਰ ਉਨ੍ਹਾਂ ਨੂੰ ਆਪਣੀ ਮਾਮੀ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਉਹ ਕਹਿੰਦੇ ਹਨ, "ਮੈਂ ਸਫ਼ਦਰਜੰਗ ਹਸਪਤਾਲ ਗਿਆ, ਏਮਜ਼ ਟਰਾਮਾ ਸੈਂਟਰ ਗਿਆ, ਰਾਮ ਮਨੋਹਰ ਲੋਹੀਆ ਗਿਆ, ਕਿਤੇ ਕੁਝ ਪਤਾ ਨਹੀਂ ਲੱਗਿਆ। ਹੁਣ ਇੱਥੇ ਆਇਆ ਹਾਂ, ਸ਼ਾਇਦ ਇੱਥੇ ਕੁਝ ਪਤਾ ਲੱਗ ਜਾਵੇ।"

ਨੌਸ਼ਾਦ ਅਤੇ ਕਈ ਹੋਰਨਾਂ ਦੀ ਤਰ੍ਹਾਂ ਪੰਕਜ ਆਪਣੇ ਭਰਾ ਪ੍ਰਵੀਨ ਨੂੰ ਲੱਭਣ ਲਈ ਹਸਪਤਾਲ ਪਹੁੰਚੇ ਸਨ। ਪੰਕਜ ਨੇ ਨੇੜਲੇ ਸਾਰੇ ਹਸਪਤਾਲਾਂ ਦੇ ਗੇੜੇ ਲਗਾਏ, ਪਰ ਭਰਾ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ।

ਪੰਕਜ ਕਹਿੰਦੇ ਹਨ, "ਮੇਰਾ ਭਰਾ ਪ੍ਰਵੀਣ ਪਿਛਲੇ ਅੱਠ ਸਾਲਾਂ ਤੋਂ ਕੰਪਨੀ ਵਿੱਚ ਕੰਮ ਕਰਦਾ ਸੀ। ਉਹ ਇੱਕ ਗ੍ਰਾਫਿਕ ਡਿਜ਼ਾਈਨਰ ਹੈ। ਸਾਨੂੰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।"

ਇਹ ਵੀ ਪੜ੍ਹੋ:

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਪੰਕਜ ਨੇ ਆਪਣੇ ਭਰਾ ਪ੍ਰਵੀਣ ਨੂੰ ਲੱਭਣ ਲਈ ਨੇੜਲੇ ਸਾਰੇ ਹਸਪਤਾਲਾਂ ਦੇ ਗੇੜੇ ਲਗਾਏ, ਪਰ ਕੁਝ ਪਤਾ ਨਹੀਂ ਲੱਗ ਸਕਿਆ।

ਪੰਕਜ ਨੂੰ ਹਾਦਸੇ ਬਾਰੇ ਆਪਣੇ ਇਕ ਦੋਸਤ ਤੋਂ ਪਤਾ ਲੱਗਿਆ ਸੀ। ਉਹ ਕਹਿੰਦੇ ਹਨ, "ਸਾਨੂੰ ਦੱਸਿਆ ਗਿਆ ਹੈ ਕਿ ਸਾਰੀਆਂ ਲਾਸ਼ਾਂ ਸੰਜੈ ਗਾਂਧੀ ਹਸਪਤਾਲ ਵਿੱਚ ਹਨ। ਸਾਨੂੰ ਕਿਹਾ ਗਿਆ ਹੈ ਕਿ ਹੋ ਸਕਦਾ ਹੈ ਕਿ ਪਛਾਣ ਲਈ ਡੀਐੱਨਏ ਟੈਸਟ ਵੀ ਕਰਵਾਉਣਾ ਪਵੇ।''

40 ਸਾਲਾ ਮੌਨੀ ਵੀ ਹਾਦਸੇ ਵਾਲੇ ਇਸ ਕੰਪਨੀ ਵਿੱਚ ਕੰਮ ਕਰਦੇ ਸਨ। ਅੱਗ ਲੱਗਣ ਤੋਂ ਬਾਅਦ ਤੋਂ ਹੀ ਉਹ ਲਾਪਤਾ ਹਨ। ਹਾਲਾਂਕਿ ਉਨ੍ਹਾਂ ਦੇ ਫੋਨ ਦੀ ਘੰਟੀ ਲਗਾਤਾਰ ਵੱਜ ਰਹੀ ਹੈ।

ਉਨ੍ਹਾਂ ਦੀ ਮਾਂ ਹਸਪਤਾਲ ਵਿੱਚ ਬੇਚੈਨ ਖੜ੍ਹੀ ਹੈ ਤੇ ਕਹਿੰਦੀ ਹੈ, "ਮੇਰੀ ਧੀ ਦਾ ਫ਼ੋਨ ਲਗਾਤਾਰ ਮਿਲ ਰਿਹਾ ਹੈ ਪਰ ਕੋਈ ਜਵਾਬ ਨਹੀਂ ਆ ਰਿਹਾ। ਬਹੁਤ ਸਾਰੀਆਂ ਕੁੜੀਆਂ ਨੂੰ ਪੌੜੀਆਂ ਅਤੇ ਕ੍ਰੇਨ ਦੀ ਵਰਤੋਂ ਕਰਕੇ ਹੇਠਾਂ ਉਤਾਰਿਆ ਗਿਆ ਹੈ। ਅਸੀਂ ਵੀਡੀਓ ਦੇਖਿਆ ਹੈ, ਜਿਸ ਵਿੱਚ ਅਜਿਹਾ ਲੱਗ ਰਿਹਾ ਹੈ ਜਿਵੇਂ ਉਸ ਨੂੰ ਇਮਾਰਤ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਪਰ ਉਹ ਸਾਨੂੰ ਮਿਲ ਨਹੀਂ ਰਹੀ ਹੈ। ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈ।"

ਹਾਦਸੇ ਦਾ ਸ਼ਿਕਾਰ ਹੋਏ ਬਹੁਤ ਸਾਰੇ ਲੋਕ ਔਖੇ ਸਮੇਂ ਵਿੱਚ ਆਪਣੇ ਪਰਿਵਾਰਾਂ ਨਾਲ ਗੱਲ ਨਹੀਂ ਕਰ ਸਕੇ। ਪਰ ਕੁਝ ਨੇ ਤੁਰੰਤ ਆਪਣੇ ਘਰ ਸੂਚਨਾ ਦੇ ਦਿੱਤੀ ਸੀ।

'ਮੈਂ ਆਪਣੀ ਭੈਣ ਨੂੰ ਅੱਗ 'ਚ ਫਸੇ ਹੋਏ ਦੇਖਿਆ ਪਰ ਕੁਝ ਨਹੀਂ ਕਰ ਸਕਿਆ'

ਨਾਂਗਲੋਈ ਦੇ ਰਹਿਣ ਵਾਲੇ ਅਤੇ ਸੀਸੀਟੀਵੀ ਕੰਪਨੀ ਵਿੱਚ ਕੰਮ ਕਰਨ ਵਾਲੇ 21 ਸਾਲਾ ਮੁਸਕਾਨ ਨੇ ਅੱਗ ਲੱਗਦੇ ਹੀ ਆਪਣੇ ਭਰਾ ਇਸਮਾਈਲ ਨੂੰ ਫੋਨ ਕੀਤਾ। ਇਸਮਾਈਲ ਪੰਦਰਾਂ ਮਿੰਟਾਂ ਵਿੱਚ ਇਮਾਰਤ ਦੇ ਬਾਹਰ ਪਹੁੰਚ ਗਏ ਸਨ। ਪਰ ਉਹ ਆਪਣੀ ਭੈਣ ਨੂੰ ਨਹੀਂ ਬਚਾ ਸਕੇ। ਹੁਣ ਮੁਸਕਾਨ ਲਾਪਤਾ ਹਨ।

ਇਸਮਾਈਲ ਕਹਿੰਦੇ ਹਨ, "ਜਦੋਂ ਮੈਂ ਇੱਥੇ ਪਹੁੰਚਿਆ ਤਾਂ ਉਹ ਮੈਨੂੰ ਇਮਾਰਤ ਵਿੱਚ ਫਸੀ ਹੋਈ ਦਿਖਾਈ ਦਿੱਤੀ ਸੀ। ਮੈਂ ਉਸ ਨੂੰ ਫ਼ੋਨ 'ਤੇ ਕਿਹਾ ਕਿ ਉਹ ਪਿਛਲੇ ਰਸਤੇ ਤੋਂ ਨਿੱਕਲੇ। ਉਦੋਂ ਤੋਂ ਮੇਰੀ ਉਸ ਨਾਲ ਗੱਲ ਨਹੀਂ ਹੋਈ ਹੈ।''

ਇਸਮਾਈਲ ਅਤੇ ਉਨ੍ਹਾਂ ਦਾ ਪਰਿਵਾਰ ਮੁਸਕਾਨ ਨੂੰ ਹਰੇਕ ਹਸਪਤਾਲ ਵਿੱਚ ਭਾਲ਼ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਖ਼ਬਰ ਨਹੀਂ ਮਿਲੀ ਹੈ।

ਇਸਮਾਈਲ ਨੇ ਇਮਾਰਤ ਵਿੱਚ ਦਾਖਲ ਹੋ ਕੇ ਵੀ ਆਪਣੀ ਭੈਣ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਸਫਲਤਾ ਨਹੀਂ ਮਿਲੀ।

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਅੱਗ ਲੱਗਦੇ ਹੀ ਮੁਸਕਾਨ ਨੇ ਭਰਾ ਇਸਮਾਇਲ ਨੂੰ ਫੋਨ ਕਰ ਦਿੱਤਾ ਸੀ ਪਰ ਫਿਰ ਵੀ ਉਨ੍ਹਾਂ ਦੀ ਮਦਦ ਮਾ ਹੋ ਸਕੀ ਤੇ ਉਹ ਅਜੇ ਤੱਕ ਲਾਪਤਾ ਹਨ।

ਜਦੋਂ ਇਮਾਰਤ ਦੀ ਅੱਗ ਲਗਭਗ ਬੁਝ ਚੁੱਕੀ ਸੀ ਤਾਂ ਉਹ ਆਪਣੀ ਭੈਣ ਦੀ ਭਾਲ ਵਿੱਚ ਇਮਾਰਤ ਵਿੱਚ ਦਾਖਲ ਹੋਏ, ਪਰ ਸ਼ੀਸ਼ਾ ਲੱਗਣ ਕਾਰਨ ਉਨ੍ਹਾਂ ਦੇ ਹੱਥ 'ਤੇ ਵੀ ਸੱਟ ਲੱਗ ਗਈ।

ਇਸਮਾਈਲ ਕਹਿੰਦੇ ਹਨ, "ਅਸੀਂ ਉਸ ਨੂੰ ਲੱਭਦੇ-ਲੱਭਦੇ ਥੱਕ ਗਿਆ ਹਾਂ ਪਰ ਕੁਝ ਪਤਾ ਨਹੀਂ ਲੱਗ ਪਾ ਰਿਹਾ ਹੈ। ਕਾਸ਼ ਅਸੀਂ ਉਸ ਨੂੰ ਬਚਾ ਪਾਉਂਦੇ, ਕਾਸ਼ ਉਹ ਸਾਨੂੰ ਮਿਲ ਜਾਵੇ।''

'ਮੇਰੀ ਬੇਟੀ ਕਿੱਥੋਂ ਨਿਕਲਦੀ?'

ਸੁਨੀਤਾ ਦੀ 20 ਸਾਲਾ ਬੇਟੀ ਸੋਨਮ ਲਾਪਤਾ ਹੈ। ਸੁਨੀਤਾ ਆਪਣੀ ਛੋਟੀ ਬੇਟੀ ਦੇ ਨਾਲ ਮੰਗੋਲਪੁਰੀ ਦੇ ਸੰਜੇ ਗਾਂਧੀ ਹਸਪਤਾਲ 'ਚ ਸਾਰੀ ਰਾਤ ਭਟਕਦੇ ਰਹੇ।

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਸੁਨੀਤਾ ਇੰਤਜ਼ਾਰ ਕਰ ਰਹੇ ਹਨ ਕਿ ਕੋਈ ਉਨ੍ਹਾਂ ਨੂੰ ਧੀ ਸੋਨਮ ਦੀ ਹਾਲਤ ਬਾਰੇ ਦੱਸੇ ਕਿ ਉਹ ਕਿੱਥੇ ਹੈ ਤੇ ਕਿਸ ਹਾਲਤ ਵਿੱਚ ਹੈ

ਬੀਬੀਸੀ ਪੱਤਰਕਾਰ ਅਭਿਨਵ ਗੋਇਲ ਨਾਲ ਗੱਲ ਕਰਦਿਆਂ ਸੁਨੀਤਾ ਦਾ ਰੋਣ ਨਿਕਲ ਗਿਆ। ਉਹ ਕਹਿੰਦੇ ਹਨ, "ਜਦੋਂ ਦੀ ਅੱਗ ਲੱਗੀ ਹੈ, ਮੈਂ ਹਰ ਪਾਸੇ ਲੱਭਿਆ ਹੈ। ਕੁਝ ਪਤਾ ਨਹੀਂ ਲੱਗਾ। ਕੋਈ ਪੁਲਿਸ ਵਾਲੇ ਅੱਗੇ ਨਹੀਂ ਵਧਣ ਦਿੰਦੇ।''

''ਮੇਰਾ ਆਦਮੀ ਵੀ ਮਰ ਗਿਆ, ਮੇਰੀ ਧੀ ਵੀ ਚਲੀ ਗਈ।"

ਸੁਨੀਤਾ ਅੱਗੇ ਦੱਸਦੇ ਹਨ, ''ਇਸ ਤੋਂ ਪਹਿਲਾਂ ਮੈਂ ਸਫਦਰਜੰਗ ਹਸਪਤਾਲ ਗਈ ਅਤੇ ਫਿਰ ਇੱਕ ਹੋਰ ਨਿੱਜੀ ਹਸਪਤਾਲ ਵਿੱਚ। ਇਮਾਰਤ ਨੂੰ ਚਾਰ ਮੰਜ਼ਿਲਾ ਬਣਾ ਦਿੱਤੀ ਪਰ ਦਰਵਾਜ਼ਾ ਸਿਰਫ ਇਕ ਦਿੱਤਾ। ਅੱਗ ਲੱਗੀ ਤਾਂ ਬਾਹਰ ਨਿਕਲਣ ਦਾ ਦਰਵਾਜ਼ਾ ਹੀ ਨਹੀਂ ਸੀ। ਮੇਰੀ ਬੇਟੀ ਕਿੱਥੋਂ ਨਿਕਲਦੀ?

''ਮੈਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ, ਮੈਂ ਆਪਣੀ ਧੀ ਨੂੰ ਕਿਵੇਂ ਲੱਭਦੀ।। ਮੇਰੀ ਧੀ ਇੱਕ ਸਾਲ ਤੋਂ ਉੱਥੇ ਕੰਮ ਕਰ ਰਹੀ ਸੀ, ਦੂਜੀ ਮੰਜ਼ਿਲ 'ਤੇ ਕੰਮ ਕਰਦੀ ਸੀ ਅਤੇ ਵਾਈ-ਫਾਈ ਦਾ ਅੰਟੀਨਾ ਲਾਉਂਦੀ ਸੀ।''

ਜ਼ਿਆਦਾਤਰ ਔਰਤਾਂ ਹੋਈਆਂ ਅੱਗ ਦੀਆਂ ਸ਼ਿਕਾਰ

ਜਿਸ ਇਮਾਰਤ 'ਚ ਅੱਗ ਲੱਗੀ, ਉੱਥੇ ਜ਼ਿਆਦਾਤਰ ਮਹਿਲਾ ਕਰਮਚਾਰੀ ਕੰਮ ਕਰਦੀਆਂ ਸਨ। ਪਰਿਵਾਰਾਂ ਮੁਤਾਬਕ, ਉਨ੍ਹਾਂ ਦੀ ਤਨਖਾਹ ਔਸਤਨ 12 ਤੋਂ 15 ਹਜ਼ਾਰ ਰੁਪਏ ਦੇ ਵਿਚਕਾਰ ਸੀ।

ਵੀਡੀਓ ਕੈਪਸ਼ਨ, ਦਿੱਲੀ ਦੇ ਮੁੰਡਕਾ ਵਿੱਚ ਲੱਗੀ ਅੱਗ

ਅੱਗ ਬੁਝਾਏ ਜਾਣ ਤੋਂ ਬਾਅਦ ਜਦੋਂ ਅਸੀਂ ਇਮਾਰਤ ਦੇ ਨੇੜੇ ਪਹੁੰਚੇ, ਤਾਂ ਬਾਹਰ ਔਰਤਾਂ ਦੇ ਦਰਜਨਾਂ ਸੈਂਡਲ ਪਏ ਨਜ਼ਰ ਆਏ।

ਲਾਪਤਾ ਹੋਈ ਪੂਜਾ ਨੇ ਤਿੰਨ ਮਹੀਨੇ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਪਿਤਾ ਜੀ ਨਹੀਂ ਹਨ ਅਤੇ ਉਹ ਇੱਕਲਿਆਂ ਹੀ ਆਪਣੇ ਘਰ ਦਾ ਖਰਚਾ ਚਲਾ ਰਹੇ ਸਨ।

ਉਨ੍ਹਾਂ ਦੀ ਮਾਂ ਹਸਪਤਾਲ ਦੇ ਬਾਹਰ ਬਿਲਕੁਲ ਗੁਮਸੁਮ ਖੜ੍ਹੀ ਸੀ। ਉਹ ਇੱਕ ਸ਼ਬਦ ਵੀ ਨਹੀਂ ਬੋਲ ਪਾ ਰਹੇ ਸਨ। ਪੂਜਾ ਦੀ ਛੋਟੀ ਭੈਣ ਮੌਨੀ ਕਹਿੰਦੇ ਹਨ, ''ਉਸ ਤੋਂ ਬਗ਼ੈਰ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ।''

ਮੁੰਡਕਾ ਅੱਗ ਹਾਦਸਾ
ਤਸਵੀਰ ਕੈਪਸ਼ਨ, ਅੱਗ ਨਾਲ ਸੜੀ ਇਸ ਇਮਾਰਤ ਵਿੱਚ ਔਰਤਾਂ ਦੀਆਂ ਅਜਿਹੀਆਂ ਜੁੱਤੀਆਂ ਹਰ ਥਾਂ ਪਈਆਂ ਹਨ, ਇਨ੍ਹਾਂ ਨੂੰ ਪਾਉਣ ਵਾਲੀਆਂ ਵਿੱਚੋਂ ਪਤਾ ਨਹੀਂ ਕੌਣ ਕਿਸ ਹਾਲਤ ਵਿੱਚ ਹੈ

ਦੂਜੇ ਪਾਸੇ ਮੁਸਕਾਨ ਦੇ ਭਰਾ ਇਸਮਾਈਲ ਦਾ ਕਹਿਣਾ ਹੈ, "ਮੇਰੀ ਭੈਣ ਇੱਕ ਖੁਸ਼ਮਿਜਾਜ਼ ਕੁੜੀ ਹੈ। ਉਹ ਇੱਥੇ ਤਿੰਨ ਸਾਲਾਂ ਤੋਂ ਕੰਮ ਕਰ ਰਹੀ ਸੀ ਅਤੇ ਆਪਣੇ ਸੁਪਨੇ ਪੂਰੇ ਕਰ ਰਹੀ ਸੀ। ਅਸੀਂ ਦੁਆ ਕਰਦੇ ਹਾਂ ਕਿ ਉਹ ਸਲਾਮਤ ਹੋਵੇ ਅਤੇ ਕਿਸੇ ਵੀ ਤਰੀਕੇ ਨਾਲ ਸਾਨੂੰ ਮਿਲ ਜਾਵੇ।''

ਦਿੱਲੀ ਪੁਲਿਸ ਨੇ ਲਾਪਤਾ ਲੋਕਾਂ ਲਈ ਇੱਕ ਕੰਟਰੋਲ ਰੂਮ ਵੀ ਬਣਾਇਆ ਹੈ। ਅਧਿਕਾਰੀਆਂ ਮੁਤਾਬਕ, ਅਜੇ ਤੱਕ ਇੱਥੇ ਲਾਪਤਾ ਹੋਏ 19 ਲੋਕਾਂ ਬਾਰੇ ਪੁੱਛਗਿੱਛ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 15 ਮਹਿਲਾਵਾਂ ਅਤੇ 4 ਪੁਰਸ਼ ਹਨ।

ਲਾਪਤਾ ਲੋਕਾਂ ਦੇ ਪਰਿਵਾਰ ਅਤੇ ਰਿਸ਼ਤੇਦਾਰ, ਆਪਣਿਆਂ ਦੀ ਭਾਲ਼ ਵਿੱਚ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਚੱਕਰ ਲਗਾ ਰਹੇ ਹਨ।

ਦਿੱਲੀ ਪੁਲਿਸ ਨੇ ਹਾਦਸੇ 'ਚ ਜ਼ਖ਼ਮੀ ਹੋਏ ਲੋਕਾਂ ਦੇ ਨਾਂਅ ਤਾਂ ਜਾਰੀ ਕੀਤੇ ਹਨ ਪਰ ਮ੍ਰਿਤਕਾਂ ਦੀ ਪਛਾਣ ਅਜੇ ਨਹੀਂ ਦੱਸੀ ਗਈ ਹੈ।

ਇਸ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ, ''ਬਹੁਤ ਸਾਰੀਆਂ ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਉਨ੍ਹਾਂ ਦੀ ਪਛਾਣ ਲਈ ਡੀਐੱਨਏ ਜਾਂਚ ਦੀ ਜ਼ਰੂਰਤ ਹੋਵੇਗੀ।''

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)