ਮੁੰਡਕਾ ਅੱਗ ਹਾਦਸਾ: ਹਾਦਸੇ ਦਾ ਸ਼ਿਕਾਰ ਹੋਈ ਇਮਾਰਤ 'ਚੋਂ ਇਹ ਲਾਪਰਵਾਹੀਆਂ ਆਈਆਂ ਸਾਹਮਣੇ

- ਲੇਖਕ, ਦਿਲਨਵਾਜ਼ ਪਾਸ਼ਾ
- ਰੋਲ, ਬੀਬੀਸੀ ਪੱਤਰਕਾਰ
ਪੱਛਮੀ ਦਿੱਲੀ ਦੇ ਬਾਹਰਵਾਰ ਪੈਂਦੇ ਮੁੰਡਕਾ ਇਲਾਕੇ 'ਚ ਇੱਕ ਵਪਾਰਕ ਇਮਾਰਤ 'ਚ ਅੱਗ ਲੱਗਣ ਕਰਕੇ ਹੁਣ ਤੱਕ ਘੱਟੋ-ਘੱਟ 27 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਇਹ ਗਿਣਤੀ ਵਧਣ ਦਾ ਖਦਸ਼ਾ ਹੈ।
ਜਿਸ ਇਮਾਰਤ 'ਚ ਅੱਗ ਲੱਗੀ ਹੈ ਉਹ ਇੱਕ ਵੱਡੇ ਕੰਪਲੈਕਸ ਵਾਂਗ ਲੱਗਦੀ ਹੈ। ਇਹ ਇਮਾਰਤ ਮੁੰਡਕਾ ਮੈਟਰੋ ਸਟੇਸ਼ਨ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਦਿੱਲੀ-ਰੋਹਤਕ ਰੋਡ 'ਤੇ ਸਥਿਤ ਹੈ। ਇਹ ਦਿੱਲੀ ਦਾ ਇੱਕ ਵਿਅਸਤ ਰਾਜਮਾਰਗ ਹੈ, ਜਿੱਥੇ ਆਮ ਤੌਰ 'ਤੇ ਭਾਰੀ ਆਵਾਜਾਈ ਮੌਜੂਦ ਰਹਿੰਦੀ ਹੈ।
ਇਸ ਚਾਰ ਮੰਜ਼ਿਲਾ ਇਮਾਰਤ 'ਚ ਇੱਕ ਬੇਸਮੈਂਟ ਵੀ ਹੈ। ਗਰਾਊਂਡ ਫਲੋਰ 'ਤੇ ਦਫ਼ਤਰ ਅਤੇ ਦੁਕਾਨਾਂ ਹਨ। ਪਹਿਲੀ, ਦੂਜੀ ਅਤੇ ਤੀਜੀ ਮੰਜ਼ਿਲ 'ਤੇ ਸੀਸੀਟੀਵੀ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਹੈ।
ਹਾਦਸੇ 'ਚ ਮਰਨ ਵਾਲੇ ਜ਼ਿਆਦਾਤਰ ਲੋਕ ਇਸ ਕੰਪਨੀ ਦੇ ਹੀ ਮੁਲਾਜ਼ਮ ਸਨ।
ਬੀਬੀਸੀ ਦੀ ਟੀਮ ਨੇ ਇਸ ਹਾਦਸਾਗ੍ਰਸਤ ਇਮਾਰਤ ਦਾ ਦੌਰਾ ਕੀਤਾ ਅਤੇ ਇੱਥੋਂ ਦੀ ਸਥਿਤੀ ਨੂੰ ਸਮਝਣ ਦਾ ਯਤਨ ਕੀਤਾ।
ਉੱਪਰ ਜਾਣ ਦਾ ਇੱਕ ਹੀ ਰਸਤਾ
ਇਮਾਰਤ ਦੇ ਇੱਕ ਪਾਸੇ ਦਿੱਲੀ ਰੋਹਤਕ ਰਾਜਮਾਰਗ ਹੈ ਅਤੇ ਨਾਲ ਹੀ ਇੱਕ ਗਲ਼ੀ ਹੈ। ਇਮਾਰਤ 'ਚ ਉੱਪਰ ਵੱਲ ਜਾਣ ਲਈ ਇੱਕ ਹੀ ਰਸਤਾ ਹੈ, ਜਿਸ ਦਾ ਰਾਹ ਗਲੀ 'ਚ ਬਣੀਆਂ ਪੌੜੀਆਂ ਰਾਹੀਂ ਹੈ। ਉੱਪਰ ਸਥਿਤ ਦਫ਼ਤਰ 'ਚ ਜਾਣ ਦਾ ਇਹੀ ਇੱਕੋ-ਇੱਕ ਰਾਹ ਹੈ।
ਅੱਗ ਬੁਝਣ ਅਤੇ ਇਮਾਰਤ ਦੇ ਠੰਡਾ ਹੋਣ ਤੋਂ ਬਾਅਦ, ਬੀਬੀਸੀ ਦੀ ਟੀਮ ਅੱਗ ਬਝਾਊ ਦਸਤੇ ਦੇ ਨਾਲ ਇੰਨ੍ਹਾਂ ਪੌੜੀਆਂ ਰਾਂਹੀ ਇਮਾਰਤ 'ਚ ਦਾਖਲ ਹੋਈ।
ਇਹ ਵੀ ਪੜ੍ਹੋ:
ਇਹ ਤੰਗ ਪੌੜੀਆਂ ਉਪਰਲੀਆਂ ਮੰਜ਼ਿਲਾਂ ਵੱਲ ਜਾਂਦੀਆਂ ਹਨ। ਇੱਥੇ ਇੱਕ ਛੌਟੀ ਲਿਫਟ ਵੀ ਹੈ। ਇਹ ਪੌੜੀਆਂ ਤਕਰੀਬਨ ਸਾਢੇ ਤਿੰਨ ਫੁੱਟ ਚੌੜੀਆਂ ਹਨ।
ਇਸ ਤੋਂ ਇਲਾਵਾ ਇਮਾਰਤ ਦੇ ੳਪਰਲੇ ਹਿੱਸਿਆਂ 'ਚ ਜਾਣ ਲਈ ਹੋਰ ਕੋਈ ਰਸਤਾ ਨਹੀਂ ਹੈ। ਇਮਾਰਤ 'ਚ ਅੱਗ ਲੱਗਣ ਦੀ ਸੂਰਤ 'ਚ ਕੋਈ ਐਮਰਜੈਂਸੀ ਰਾਹ ਵੀ ਨਹੀਂ ਹੈ।
ਹੁਣ, ਅੱਗ ਲੱਗਣ ਤੋਂ ਬਾਅਦ ਇਹ ਇਮਾਰਤ ਪੂਰੀ ਤਰ੍ਹਾਂ ਨਾਲ ਸੁਆਹ ਹੋ ਚੁੱਕੀ ਹੈ। ਹੁਣ ਇਹ ਇਮਾਰਤ ਨਹੀਂ ਬਲਕਿ ਕੰਕਰੀਟ ਦਾ ਢਾਂਚਾ ਮਾਤਰ ਹੀ ਹੈ।
ਪੌੜੀਆਂ ਚੜ੍ਹਨ ਤੋਂ ਬਾਅਦ ਇੱਕ ਵੱਡੇ ਜਿਹੇ ਫਾਟਕ 'ਚ ਇੱਕ ਛੋਟਾ ਗੇਟ ਲੱਗਾ ਹੋਇਆ ਹੈ, ਜੋ ਕਿ ਇੰਨ੍ਹਾਂ ਪੌੜੀਆਂ ਤੋਂ ਗਲ਼ੀ ਵੱਲ ਨੂੰ ਖੁੱਲਦਾ ਹੈ।
ਅੱਗ ਬਝਾਉਣ ਤੋਂ ਬਾਅਦ ਵੀ ਇਹ ਫਾਟਕ ਬੰਦ ਸੀ ਅਤੇ ਇਸ ਦਾ ਸਿਰਫ ਇੱਕ ਛੋਟਾ ਦਰਵਾਜ਼ਾ ਹੀ ਖੁੱਲ੍ਹਾ ਸੀ, ਜਿੱਥੋਂ ਇਕ ਸਮੇਂ 'ਚ ਇੱਕ ਹੀ ਵਿਅਕਤੀ ਅੰਦਰ-ਬਾਹਰ ਹੋ ਸਕਦਾ ਹੈ। ਇਮਾਰਤ 'ਚ ਮੌਜੂਦ ਸਮਾਨ ਪੂਰੀ ਤਰ੍ਹਾਂ ਨਾਲ ਅੱਗ ਦੀ ਭੇਟ ਚੜ੍ਹ ਚੁੱਕਾ ਹੈ। ਫਾਲਸ ਸੀਲਿੰਗ ਵੀ ਸੁਆਹ ਹੋ ਚੁੱਕੀ ਹੈ। ਹੁਣ ਤਾਂ ਸਿਰਫ ਕੰਕਰੀਟ ਦਾ ਢਾਂਚਾ ਹੀ ਬਚਿਆ ਹੈ।

ਪੌੜੀਆਂ 'ਚ ਵੜ੍ਹਦੇ ਹੀ ਗਰਾਊਂਡ ਫਲੋਰ 'ਚ ਇੱਕ ਗੋਦਾਮ ਹੈ ਜੋ ਕਿ ਗੱਤਿਆਂ ਨਾਲ ਭਰਿਆ ਹੋਇਆ ਹੈ। ਉੱਪਰ ਵੱਲ ਜਾਂਦੀਆਂ ਪੌੜ੍ਹੀਆਂ, ਪਹਿਲੀ ਮੰਜ਼ਿਲ 'ਤੇ ਦਫ਼ਤਰ ਵੱਲ ਨੂੰ ਖੁੱਲ੍ਹਦੀਆਂ ਹਨ। ਇੱਥੇ ਵੀ ਕੁਝ ਨਹੀਂ ਬਚਿਆ। ਇੱਥੇ ਵੀ ਵੱਡੀ ਮਾਤਰਾ 'ਚ ਕਾਗਜ਼ ਅਤੇ ਗੱਤਾ ਮੌਜੁਦ ਸੀ, ਜਿਸ 'ਚੋਂ ਅਜੇ ਵੀ ਧੂੰਆਂ ਨਿੱਕਲ ਰਿਹਾ ਹੈ।
ਜਿਵੇਂ-ਜਿਵੇਂ ਇਮਾਰਤ ਦੇ ਅੰਦਰ ਜਾਂਦੇ ਹਾਂ ਤਾਂ ਸਾਹ ਘੁਟਣ ਲੱਗਦਾ ਹੈ ਅਤੇ ਸਰੀਰ ਨੂੰ ਸਾੜ ਦੇਣ ਵਾਲੇ ਤਾਪ ਦਾ ਅਹਿਸਾਸ ਹੁੰਦਾ ਹੈ। ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ਅਜੇ ਵੀ ਧੂੰਏਂ ਨਾਲ ਭਰੀਆਂ ਹੋਈਆਂ ਸਨ, ਇਸ ਲਈ ਅਸੀਂ ਉੱਥੇ ਨਹੀਂ ਪਹੁੰਚ ਸਕੇ। ਕੁਝ ਮਿੰਟ ਇੱਥੇ ਬਿਤਾਉਣ ਤੋਂ ਬਾਅਦ ਅਸੀਂ ਵਾਪਸ ਆ ਗਏ।
ਅੱਗ ਤੋਂ ਬਚਾਅ ਲਈ ਸੁੱਰਖਿਆ ਦਾ ਕੋਈ ਇੰਤਜ਼ਾਮ ਨਹੀਂ
ਇਸ ਇਮਾਰਤ 'ਚ ਸੀਸੀਟੀਵੀ ਬਣਾਉਣ ਵਾਲੀ ਕੰਪਨੀ ਦਾ ਦਫ਼ਤਰ ਸੀ। ਇੱਥੇ ਸੇਲਜ਼ ਅਤੇ ਕੰਪਨੀ ਦੇ ਪ੍ਰਬੰਧਨ ਦਾ ਕੰਮ ਹੁੰਦਾ ਸੀ ਅਤੇ ਵੱਡੀ ਗਿਣਤੀ 'ਚ ਕਰਮਚਾਰੀ ਇੱਥੇ ਕੰਮ ਕਰਦੇ ਸਨ।
ਇਸ ਇਮਾਰਤ ਨੂੰ ਇੱਕ ਵੱਡੇ ਕਾਰੋਬਾਰੀ ਦਫ਼ਤਰ ਵੱਜੋਂ ਵਰਤਿਆ ਜਾ ਰਿਹਾ ਸੀ ਪਰ ਅੱਗ ਲੱਗਣ ਦੀ ਸੂਰਤ 'ਚ ਸੁਰੱਖਿਆ ਦਾ ਕੋਈ ਪੁਖਤਾ ਇੰਤਜ਼ਾਮ ਨਹੀਂ ਸੀ।
ਅਸੀਂ ਇਮਾਰਤ ਦੀਆਂ ਪੌੜੀਆਂ ਜਾਂ ਹੋਰ ਕਿਤੇ ਵੀ ਅੱਗ ਬਝਾਊ ਸਿਸਟਮ ਨਹੀਂ ਵੇਖਿਆ। ਅੱਗ ਬਝਾਉਣ ਵਾਲੇ ਕਿਸੇ ਯੰਤਰ (ਸਪ੍ਰਿੰਕਲਰ ਅਤੇ ਹਾਈਡ੍ਰੇਂਟ) ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ।

ਅੱਗ ਬਝਾਉਣ 'ਚ ਰੁੱਝੇ ਅੱਗ ਬਝਾਊ ਦਸਤੇ ਦੇ ਕਰਮਚਾਰੀਆਂ ਅਨੁਸਾਰ ਇਮਾਰਤ ਦੇ ਉਪਰਲੇ ਹਿੱਸੇ ਤੱਕ ਪੌੜੀਆਂ ਰਾਂਹੀ ਪਹੁੰਚਣਾ ਆਸਾਨ ਨਹੀਂ ਸੀ। ਤੰਗ ਪੌੜੀਆਂ ਨੇ ਇਸ ਔਖੀ ਸਥਿਤੀ ਨੂੰ ਹੋਰ ਔਖਾ ਬਣਾ ਦਿੱਤਾ ਸੀ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ।
ਇਸ ਇਮਾਰਤ ਦੇ ਸਾਹਮਣੇ ਤੋਂ ਹਾਈ ਵੋਲਟੇਜ਼ ਤਾਰਾਂ ਵੀ ਲੰਘ ਰਹੀਆਂ ਹਨ। ਜਿਸ ਦੇ ਕਾਰਨ ਵੀ ਬਚਾਅ ਅਤੇ ਰਾਹਤ ਕਾਰਜਾਂ 'ਚ ਦਿੱਕਤਾਂ ਆਈਆਂ ਹੋਣਗੀਆਂ।
ਗੋਦਾਮ ਵੱਜੋਂ ਵੀ ਵਰਤੀ ਜਾ ਰਹੀ ਸੀ ਇਹ ਇਮਾਰਤ
ਇਮਾਰਤ ਦੇ ਕਈ ਹਿੱਸਿਆਂ ਦੀ ਵਰਤੋਂ ਗੋਦਾਮ ਵਜੋਂ ਹੋ ਰਹੀ ਸੀ। ਇੱਥੇ ਸੀਸੀਟੀਵੀ ਬਣਾਉਣ ਸਬੰਧੀ ਸਮਾਨ ਤੋਂ ਇਲਾਵਾ ਵੱਡੀ ਮਾਤਰਾ 'ਚ ਗੱਤੇ ਅਤੇ ਕਾਗਜ਼ ਵੀ ਮੌਜੂਦ ਸਨ।
ਮਲਬਾ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇੱਥੇ ਪੈਕਿੰਗ ਦਾ ਕੰਮ ਵੀ ਚੱਲ ਰਿਹਾ ਹੋਵੇਗਾ। ਇਮਾਰਤ ਦੇ ਬੇਸਮੈਂਟ ਅਤੇ ਹੇਠਲੀ ਮੰਜ਼ਿਲ 'ਤੇ ਵੀ ਇਸ ਤਰ੍ਹਾਂ ਦਾ ਹੀ ਸਮਾਨ ਮਿਲਿਆ ਹੈ।
ਸਥਾਨਕ ਲੋਕਾਂ ਦੇ ਅਨੁਸਾਰ ਇਮਾਰਤ 'ਚ ਸੀਸੀਟੀਵੀ ਕੰਪਨੀ ਤੋਂ ਇਲਾਵਾ ਹੋਰ ਕੰਪਨੀਆਂ ਦੇ ਦਫ਼ਤਰ ਵੀ ਹੋ ਸਕਦੇ ਹਨ।

ਇਮਾਰਤ ਕੋਲ ਫਾਇਰ ਐਨਓਸੀ ਵੀ ਨਹੀਂ
ਬਾਹਰੀ ਜ਼ਿਲ੍ਹੇ (ਦਿੱਲੀ) ਦੇ ਡੀਸੀਪੀ ਸਮੀਰ ਸ਼ਰਮਾ ਦੇ ਅਨੁਸਾਰ ਇਸ ਇਮਾਰਤ ਕੋਲ ਫਾਇਰ ਵਿਭਾਗ ਵੱਲੋਂ ਐਨਓਸੀ ਨਹੀਂ ਸੀ।
ਨਿਯਮਾਂ ਦੇ ਤਹਿਤ ਕਿਸੇ ਵੀ ਵਪਾਰਕ ਇਮਾਰਤ ਲਈ ਫਾਇਰ ਵਿਭਾਗ ਤੋਂ ਐਨਓਸੀ ਲੈਣੀ ਲਾਜ਼ਮੀ ਹੈ। ਇਸ ਦੇ ਨਾਲ ਹੀ ਸਮੇਂ-ਸਮੇਂ 'ਤੇ ਅਜਿਹੀਆਂ ਇਮਾਰਤਾਂ ਦਾ ਨਿਰੀਖਣ ਵੀ ਹੁੰਦਾ ਹੈ।
ਪੁਲਿਸ ਮੁਤਾਬਕ ਇਮਾਰਤ ਦੇ ਮਾਲਕ ਦੀ ਪਛਾਣ ਮਨੀਸ਼ ਲਕੜਾ ਵੱਜੋਂ ਹੋਈ ਹੈ, ਜੋ ਕਿ ਇਸ ਸਮੇਂ ਫਰਾਰ ਹਨ।
ਦਿੱਲੀ ਪੁਲਿਸ ਮਨੀਸ਼ ਨੂੰ ਹਿਰਾਸਤ 'ਚ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਫਿਲਹਾਲ ਪੁਲਿਸ ਨੇ ਇੱਥੋਂ ਚੱਲ ਰਹੀ ਕੰਪਨੀ ਦੇ ਸੰਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਸਮੀਰ ਸ਼ਰਮਾ ਦੇ ਅਨੁਸਾਰ ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 12 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿੰਨ੍ਹਾ ਨੂੰ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।
ਅੱਗ ਲੱਗਣ ਦੇ ਕਾਰਨ
ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਦੇ ਕਾਰਨ ਲੱਗੀ ਹੈ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਅੱਗ ਪਹਿਲੀ ਮੰਜ਼ਿਲ 'ਤੇ ਲੱਗੀ ਸੀ ਅਤੇ ਸ਼ੁਰੂ 'ਚ ਅੱਗ ਜ਼ਿਆਦਾ ਤੇਜ਼ ਨਹੀਂ ਸੀ ਅਤੇ ਸਿਰਫ ਧੂੰਆਂ ਹੀ ਨਿਕਲ ਰਿਹਾ ਸੀ।
ਚਸ਼ਮਦੀਦਾਂ ਦਾ ਦਾਅਵਾ ਹੈ ਕਿ ਫਾਇਰ ਬ੍ਰਿਗੇਡ ਨੂੰ ਮੌਕੇ ਵਾਲੀ ਥਾਂ 'ਤੇ ਪਹੁੰਚਣ 'ਚ ਲਗਭਗ ਇੱਕ ਘੰਟਾ ਲੱਗਿਆ ਸੀ।
ਜ਼ਿਆਦਾਤਰ ਕਰਮਚਾਰੀ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਫਸੇ ਸਨ। ਹਰ ਪਾਸੇ ਧੂੰਆਂ ਹੋਣ ਕਾਰਨ ਉਹ ਲੋਕ ਪੌੜੀਆਂ ਰਾਹੀਂ ਹੇਠਾਂ ਵੀ ਨਹੀਂ ਆ ਪਾ ਰਹੇ ਸਨ।
ਸਥਾਨਕ ਲੋਕਾਂ ਨੇ ਇੱਕ ਕਰੇਨ ਦੀ ਮਦਦ ਨਾਲ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਪੌੜ੍ਹੀਆਂ ਦੀ ਮਦਦ ਨਾਲ ਵੀ ਲੋਕਾਂ ਨੂੰ ਬਾਹਰ ਕੱਢਿਆ ਗਿਆ।

ਮੌਕੇ 'ਤੇ ਮੌਜੁਦ ਇਕ ਚਸ਼ਮਦੀਦ ਵਿਜੇ ਨੇ ਦੱਸਿਆ ਕਿ ਸਾਧਨਾਂ ਦੀ ਕਮੀ ਦੀ ਘਾਟ ਦੇ ਕਾਰਨ ਮੌਕਾ ਰਹਿੰਦਿਆਂ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਅੱਗ 'ਚ ਫਸੇ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਕਈ ਹੱਥ ਪੈਰ ਮਾਰੇ। ਕਈਆਂ ਨੇ ਤਾਂ ਉੱਪਰੋਂ ਹੀ ਛਾਲ ਵੀ ਮਾਰ ਦਿੱਤੀ, ਜਿਸ ਕਰਕੇ ਉਨ੍ਹਾਂ ਦੀ ਜਾਨ ਵੀ ਗਈ।
ਇਮਾਰਤ 'ਚ ਜਲਣਸ਼ੀਲ ਸਮੱਗਰੀ ਹੋਣ ਦੇ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਇਹੀ ਕਾਰਨ ਸੀ ਕਿ ਅੱਗ ਬਝਾਉਣ 'ਚ ਛੇ ਘੰਟੇ ਤੋਂ ਵੀ ਵੱਧ ਦਾ ਸਮਾਂ ਲੱਗਿਆ।
ਅੱਗ ਲੱਗਣ ਦੀ ਇਸ ਘਟਨਾ ਨੇ ਹੋਰ ਕਈ ਗੰਭੀਰ ਸਵਾਲਾਂ ਨੂੰ ਜਨਮ ਦਿੱਤਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੀ ਵੱਡੀ ਇਮਾਰਤ 'ਚ ਫਾਇਰ ਵਿਭਾਗ ਦੀ ਐਨਓਸੀ ਤੋਂ ਬਿਨ੍ਹਾਂ ਹੀ ਦਫ਼ਤਰ ਕਿਵੇਂ ਚੱਲ ਰਹੇ ਸਨ।
ਇਸ ਦਰਦਨਾਕ ਹਾਦਸੇ ਦੀ ਪੂਰੀ ਸੱਚਾਈ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪਰ ਹਾਲ ਦੀ ਘੜੀ ਇੱਥੇ ਲਾਪਰਵਾਹੀਆਂ ਤਾਂ ਸਾਫ਼ ਨਜ਼ਰ ਆ ਰਹੀਆਂ ਹਨ। ਇਹ ਅਣਗਹਿਲੀਆਂ ਇਮਾਰਤ ਦੇ ਮਾਲਕ ਵੱਲੋਂ ਵੀ ਹੋਈਆਂ ਹਨ ਅਤੇ ਪ੍ਰਸ਼ਾਸਨ ਵੱਲੋਂ ਵੀ, ਇਸ ਦੇ ਨਾਲ ਹੀ ਉਹ ਕੰਪਨੀਆਂ ਵੀ ਇਸ ਲਈ ਬਰਾਬਰ ਜ਼ਿੰਮੇਵਾਰ ਹਨ, ਜਿੰਨ੍ਹਾਂ ਦੇ ਦਫ਼ਤਰ ਇੱਥੇ ਚੱਲ ਰਹੇ ਸਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













