ਮੁੰਡਕਾ ਅੱਗ ਹਾਦਸਾ: ਇਮਾਰਤ 'ਚ ਲੱਗੀ ਅੱਗ, ਘੱਟੋ-ਘੱਟ 27 ਲੋਕਾਂ ਦੀ ਮੌਤ

ਦਿੱਲੀ ਦੇ ਮੁੰਡਕਾ ਇਲਾਕੇ 'ਚ ਇੱਕ ਇਮਾਰਤ 'ਚ ਅੱਗ ਲੱਗਣ ਨਾਲ ਘੱਟੋ ਘੱਟ 27 ਲੋਕਾਂ ਦੀ ਮੌਤ ਹੋ ਗਈ ਹੈ। ਡੀਸੀਪੀ (ਬਾਹਰੀ ਦਿੱਲੀ) ਸਮੀਰ ਸ਼ਰਮਾ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਡੀਸੀਪੀ ਸਮੀਰ ਸ਼ਰਮਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ ਕਿ ਹਾਦਸੇ ਵਾਲੀ ਥਾਂ ਤੋਂ ਹੁਣ ਤੱਕ 50-60 ਜਣਿਆਂ ਨੂੰ ਬਚਾਇਆ ਜਾ ਚੁੱਕਿਆ ਹੈ।

ਦਿੱਲੀ ਦੇ ਉੱਪ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਸੁਨੀਲ ਚੌਧਰੀ ਦੇ ਮੁਤਾਬਕ, 27 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ।

ਬੀਬੀਸੀ ਪੱਤਰਕਾਰ ਦਿਲਵਾਜ਼ ਪਾਸ਼ਾ ਨੂੰ ਜ਼ਿਲੇ ਦੇ ਐਡੀਸ਼ਨਲ ਡੀਸੀਪੀ ਨੇ ਦੱਸਿਆ ਕਿ ਇਮਾਰਤ 'ਚ ਲੱਗੀ ਅੱਗ ਨੂੰ ਬੁਝਾ ਲਿਆ ਗਿਆ ਹੈ ਅਤੇ ਜ਼ਖਮੀਆਂ ਦਾ ਇਲਾਜ ਸੰਜੈ ਗਾਂਧੀ ਤੇ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਚੱਲ ਰਿਹਾ ਹੈ।

ਫਾਇਰ ਬ੍ਰਿਗੇਡ ਦਲ ਦੇ ਇੱਕ ਸਟਾਫ਼ ਨੇ ਬੀਬੀਸੀ ਨੂੰ ਦੱਸਿਆ ਕਿ ''ਜ਼ਿਆਦਾਤਰ ਲਾਸ਼ਾਂ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਬਰਾਮਦ ਹੋਈਆਂ ਹਨ।''

ਬੀਬੀਸੀ ਪੱਤਰਕਾਰ ਅਭਿਨਵ ਗੋਇਲ ਨੇ ਜਾਕਾਰੀ ਦਿੱਤੀ ਹੈ ਕਿ ਸੰਜੈ ਗਾਂਧੀ ਸਮਾਰਕ ਹਸਪਤਾਲ ਦੇ ਅੰਦਰ ਨਾਗਰਿਕ ਸੁਰੱਖਿਆ ਵਿਭਾਗ ਨੇ ਆਪਣਾ ਇੱਕ ਸਹਾਇਤਾ ਡੈਸਕ ਬਣਾਇਆ ਹੈ। ਇਸ ਡੈਸਕ ਦੇ ਮੁਤਾਬਕ 19 ਲੋਕ ਲਾਪਤਾ ਹਨ, ਜਿਨ੍ਹਾਂ ਦੀ ਅਜੇ ਕੋਈ ਸੂਚਨਾ ਨਹੀਂ ਮਿਲ ਸਕੀ ਹੈ।

ਇਨ੍ਹਾਂ 19 ਲਾਪਤਾ ਲੋਕਾਂ ਵਿੱਚੋਂ 15 ਮਹਿਲਾਵਾਂ ਹਨ ਅਤੇ 4 ਪੁਰਸ਼ ਹਨ। ਇਹ ਉਹ ਲੋਕ ਹਨ ਜਿਨ੍ਹਾਂ ਬਾਰੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ:

ਇਹ ਸਾਰੇ ਲਾਪਤਾ ਲੋਕ ਮੁੰਡਕਾ ਦੀ ਉਸੇ ਇਮਾਰਤ ਵਿੱਚ ਕੰਮ ਕਰਦੇ ਸਨ ਜਿੱਥੇ ਇਹ ਹਾਦਸਾ ਵਾਪਰਿਆ ਹੈ।

ਡੀਸੀਪੀ (ਬਾਹਰੀ ਦਿੱਲੀ) ਸਮੀਰ ਸ਼ਰਮਾ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਮਾਰਤ ਦੀ ਵਰਤੋਂ ਕੰਪਨੀਆਂ ਨੂੰ ਦਫ਼ਤਰੀ ਵਰਤੋਂ ਲਈ ਕਿਰਾਏ ਤੇ ਦੇਣ ਲਈ ਕੀਤੀ ਜਾਂਦੀ ਸੀ।

ਪੱਛਮੀ ਦਿੱਲੀ ਵਿੱਚ ਸਥਿਤ ਇਸ ਇਮਾਰਤ ਦੀਆਂ ਚਾਰ ਮੰਜ਼ਿਲਾਂ ਹਨ। ਦੇਖਦੇ ਹੀ ਦੇਖਦੇ ਇਮਾਰਤ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿੱਚ ਆ ਗਈ।

ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਸੂਚਨਾ ਸ਼ਾਮ ਲਗਭਗ ਪੌਣੇ ਪੰਜ ਵਜੇ ਮਿਲੀ। ਉਸ ਸਮੇਂ ਹੀ 20 ਦਮਕਲ ਗੱਡੀਆਂ ਮੌਕੇ 'ਤੇ ਰਵਾਨਾ ਕਰ ਦਿੱਤੀਆਂ ਗਈਆਂ।

ਘਟਨਾ ਵਿੱਚ 40 ਲੋਕ ਝੁਲਸ ਗਏ ਹਨ ਅਤੇ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਹਨ। ਕੁਝ ਲੋਕਾਂ ਨੇ ਖਿੜਕੀਆਂ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ।

ਜਾਣਕਾਰੀ ਮੁਤਾਬਕ, ਚਾਰ ਮੰਜ਼ਿਲ ਇਸ ਇਮਾਰਤ ਵਿੱਚ ਸੀਸੀਟੀਵੀ ਕੈਮਰੇ ਬਣਾਉਣ ਦਾ ਕੰਮ ਹੁੰਦਾ ਸੀ।

ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਘਟਨਾ ਉੱਪਰ ਦੁੱਖ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਸਦੇ 'ਤੇ ਦੁੱਖ ਪ੍ਰਗਟ ਕਰਦਿਆਂ ਟਵੀਟ 'ਚ ਲਿਖਿਆ, ''ਦਿੱਲੀ 'ਚ ਲੱਗੀ ਭਿਆਨਕ ਅੱਗ 'ਚ ਲੋਕਾਂ ਦੀ ਮੌਤ ਨਾਲ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਸ਼ੋਕ 'ਚ ਡੁੱਬੇ ਪਰਿਵਾਰਾਂ ਨਾਲ ਹਨ। ਮੈਂ ਜ਼ਖਮੀਆਂ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।''

ਪੀਐੱਮਓ ਦੇ ਟਵੀਟ ਵਿੱਚ, ਇਸ ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਰਾਹਤ ਫ਼ੰਡ ਵੱਲੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਦਕਿ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਕੇ ਘਟਨਾ ਉੱਪਰ ਸਦਮੇ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਉਹ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)