ਰਾਮ ਨੌਮੀ ਦੀ ਪੂਜਾ ਅਤੇ ਮਾਸਾਹਾਰੀ ਖਾਣੇ ਨੂੰ ਲੈ ਕੇ ਜੇਐੱਨਯੂ 'ਚ ਵਿਦਿਆਰਥੀ ਗੁੱਟਾਂ 'ਚ ਝੱੜਪ, ਕਈ ਜ਼ਖਸੀ - ਪ੍ਰੈੱਸ ਰਿਵੀਊ

ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਕੈਂਪਸ ਵਿੱਚ ਐਤਵਾਰ ਦੁਪਹਿਰ ਨੂੰ ਰਾਮ ਨੌਮੀ ਦੇ ਮੌਕੇ 'ਤੇ ਹੋਸਟਲ ਦੀ ਕੰਟੀਨ ਵਿੱਚ ਪਰੋਸੇ ਜਾ ਰਹੇ ਮੀਟ ਨੂੰ ਲੈ ਕੇ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਝੱੜਪ ਹੋ ਗਈ।

ਇਹ ਘਟਨਾ ਕੈਂਪਸ ਦੇ ਕਾਵੇਰੀ ਹੋਸਟਲ ਵਿੱਚ ਦੁਪਹਿਰ ਸਾਢੇ ਤਿੰਨ ਵਜੇ ਵਾਪਰੀ, ਜਿਸ ਵਿੱਚ ਛੇ ਵਿਦਿਆਰਥੀ ਵੀ ਜ਼ਖ਼ਮੀ ਹੋ ਗਏ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਜੇਐੱਨਯੂਐੱਸਯੂ) ਨੇ ਇਲਜ਼ਾਮ ਲਾਇਆ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਮੈਂਬਰਾਂ ਨੇ ਮੇਸ ਦੇ ਸਕੱਤਰ ਨਾਲ ਕੁੱਟਮਾਰ ਕੀਤੀ ਅਤੇ ਸਟਾਫ ਨੂੰ ਹੋਸਟਲ ਵਿੱਚ ਮੀਟ ਪਰੋਸਣ ਤੋਂ ਰੋਕਿਆ।

ਦੂਜੇ ਪਾਸੇ, ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਨੇ ਦਾਅਵਾ ਕੀਤਾ ਕਿ ਖੱਬੇ ਪੱਖੀ ਸੰਗਠਨਾਂ ਦੇ ਮੈਂਬਰਾਂ ਨੇ ਹੋਸਟਲ ਵਿੱਚ ਪੂਜਾ ਆਯੋਜਿਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਦੋਵਾਂ ਧਿਰਾਂ ਨੇ ਇੱਕ-ਦੂਜੇ 'ਤੇ ਪਥਰਾਅ ਕਰਨ ਅਤੇ ਉਨ੍ਹਾਂ ਦੇ ਮੈਂਬਰਾਂ ਨੂੰ ਜ਼ਖ਼ਮੀ ਕਰਨ ਦਾ ਇਲਜ਼ਾਮ ਲਗਾਇਆ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਪੁਲਿਸ ਡਿਪਟੀ ਕਮਿਸ਼ਨਰ ਦੇ ਹਵਾਲੇ ਨਾਲ ਦੱਸਿਆ, "ਫਿਲਹਾਲ ਕੋਈ ਹਿੰਸਾ ਨਹੀਂ ਹੈ। ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜੋ ਖ਼ਤਮ ਹੋ ਗਿਆ ਹੈ। ਅਸੀਂ ਸਾਰੇ ਆਪਣੀ ਟੀਮ ਦੇ ਨਾਲ ਇੱਥੇ ਤੈਨਾਤ ਹਾਂ। ਯੂਨੀਵਰਸਿਟੀ ਦੇ ਬੁਲਾਉਣ 'ਤੇ ਅਸੀਂ ਇੱਥੇ ਆਏ ਹਾਂ। ਅਸੀਂ ਸ਼ਾਂਤੀ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ।"

ਇਹ ਵੀ ਪੜ੍ਹੋ:

2+2 ਵਾਰਤਾ ਤੋਂ ਪਹਿਲਾਂ ਮੋਦੀ ਅਤੇ ਬਾਇਡਨ ਵਿਚਕਾਰ ਅੱਜ ਹੋਵੇਗੀ ਬੈਠਕ

ਸੋਮਵਾਰ ਨੂੰ ਭਾਰਤ ਅਤੇ ਅਮਰੀਕਾ ਦਰਮਿਆਨ ਇੱਕ ਅਹਿਮ 2+2 ਵਾਰਤਾ ਹੋਣੀ ਹੈ ਪਰ ਉਸ ਤੋਂ ਪਹਿਲਾਂ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵਿਚਕਾਰ ਇੱਕ ਬੈਠਕ ਤੈਅ ਹੋਈ ਹੈ।

ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਵਰਚੂਅਲੀ ਹੋਣ ਵਾਲੀ ਇਸ ਬੈਠਕ ਵਿੱਚ ਦੋਵੇਂ ਦੇਸ਼ਾਂ ਦੇ ਆਪਸੀ ਸਬੰਧਾਂ, ਭਾਰਤੀ-ਪੈਸੀਫਿਕ ਖੇਤਰ ਵਿੱਚ ਵਿਕਾਸ ਦੇ ਵਿਸ਼ਿਆਂ ਦੇ ਨਾਲ-ਨਾਲ ਯੂਕਰੇਨ ਸੰਕਟ 'ਤੇ ਵੀ ਚਰਚਾ ਹੋਵੇਗੀ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਯੂਕਰੇਨ-ਰੂਸ ਜੰਗ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵੱਖਰੇ-ਵੱਖਰੇ ਮਤ ਇਸ ਵਰਚੁਅਲ ਮੀਟਿੰਗ ਦਾ ਮੁੱਖ ਕਾਰਨ ਹਨ।

ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਨੂੰ ਹੋਣ ਵਾਲੀ ਇਹ ਗੱਲਬਾਤ ਦੋਵੇਂ ਪਾਸਿਓਂ ਮਤਭੇਦਾਂ ਨੂੰ ਘੱਟ ਕਰਨ, ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਸਿਹਤ, ਰੱਖਿਆ, ਪੁਲਾੜ, ਸਾਈਬਰ, ਉੱਚ ਸਿੱਖਿਆ, ਜਲਵਾਯੂ ਸਮੇਤ ਕਈ ਵਿਸ਼ਿਆਂ ਨਾਲ ਸਬੰਧਿਤ ਹੋਵੇਗੀ।

ਇਸਦੇ ਨਾਲ ਹੀ, ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਆਪਣੇ ਹਮਰੁਤਬਾ, ਰੱਖਿਆ ਸਕੱਤਰ ਲੋਇਡ ਜੇ ਔਸਟਿਨ ਅਤੇ ਰਾਜ ਸਕੱਤਰ ਐਂਟਨੀ ਜੇ ਬਲਿੰਕਨ ਨਾਲ 2+2 ਵਾਰਤਾਲਾਪ ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਵਾਸ਼ਿੰਗਟਨ ਪਹੁੰਚ ਗਏ ਹਨ।

ਬਾਇਡਨ ਪ੍ਰਸ਼ਾਸਨ ਦੁਆਰਾ ਕੰਮ ਸੰਭਾਲਣ ਤੋਂ ਬਾਅਦ ਇਸ ਫਾਰਮੈਟ ਦੇ ਤਹਿਤ ਇਹ ਪਹਿਲੀ ਗੱਲਬਾਤ ਹੈ।

ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ 2 ਐੱਸਆਈਟੀ ਮੈਂਬਰਾਂ ਦੀ ਨਵੀਂ ਪੋਸਟਿੰਗ 'ਤੇ ਕੀ ਇਤਰਾਜ਼

ਸਾਬਕਾ ਆਈਜੀ ਅਤੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੋ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀ ਪੋਸਟਿੰਗ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਜਿਨ੍ਹਾਂ ਅਧਿਕਾਰੀਆਂ ਦੀ ਪੋਸਟਿੰਗ 'ਤੇ ਕੁੰਵਰ ਨੂੰ ਇਤਰਾਜ਼ ਹੈ, ਉਹ ਅਧਿਕਾਰੀ ਬੇਅਦਬੀ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲਿਆਂ ਦੀ ਜਾਂਚ ਕਰਨ ਵਾਲੀ ਐੱਸਆਈਟੀ (SIT) ਦਾ ਹਿੱਸਾ ਸਨ।

ਇਸ ਸਬੰਧੀ, ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਇੱਕ ਫੇਸਬੁੱਕ ਪੋਸਟ ਪਾਈ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ 'ਆਪ' ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲੇ ਦੀ ਸਮੀਖਿਆ ਕਰਨ। ਬਾਅਦ ਵਿੱਚ ਵਿਜੇ ਪ੍ਰਤਾਪ ਨੇ ਉਸ ਪੋਸਟ ਨੂੰ ਹਟਾ ਦਿੱਤਾ।

ਉਨ੍ਹਾਂ ਕਿਹਾ, "ਲੋਕਾਂ ਵੱਲੋਂ, ਮੈਂ ਢੁਕਵੇਂ ਪਾਰਟੀ ਫੋਰਮ 'ਤੇ ਬੇਨਤੀ ਕੀਤੀ ਹੈ ਕਿ ਉਹ ਦੋ ਪੁਲਿਸ ਅਫਸਰਾਂ ਦੀ ਤੈਨਾਤੀ 'ਤੇ ਮੁੜ ਵਿਚਾਰ ਕਰਨ, ਜੋ ਕਿ ਵੱਡੇ ਸਿਆਸੀ ਪਰਿਵਾਰਾਂ ਦਾ ਪੱਖ ਪੂਰਦੇ ਹਨ। ਦੋਵੇਂ, ਬੇਅਦਬੀ ਅਤੇ ਪੁਲਿਸ ਗੋਲੀਬਾਰੀ ਦੇ ਮਾਮਲਿਆਂ ਵਿੱਚ ਨਿਆਂ ਨਾ ਮਿਲਣ ਲਈ ਜ਼ਿੰਮੇਵਾਰ ਹਨ।''

ਬਾਅਦ ਵਿੱਚ ਉਨ੍ਹਾਂ ਨੇ ਦੋ ਅਫਸਰਾਂ ਦਾ ਹਵਾਲਾ ਦੇਣ ਵਾਲੇ ਹਿੱਸੇ ਨੂੰ ਹਟਾ ਦਿੱਤਾ।

ਕੁੰਵਰ ਨੇ ਆਪਣੀ ਪੋਸਟ 'ਚ ਅਧਿਕਾਰੀਆਂ ਦਾ ਨਾਮ ਲਏ ਬਿਨਾਂ ਸਿਟ ਵਿੱਚ ਉਨ੍ਹਾਂ ਦੀ ਤੈਨਾਤੀ ਬਾਰੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਆਪ ਇਸ ਟੀਮ ਵਿੱਚ ਤੀਜੇ ਨੰਬਰ 'ਤੇ ਸਨ।

ਕੁੰਵਰ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਐੱਸਆਈਟੀ ਜਾਂਚ ਨੂੰ ਰੱਦ ਕਰਨ ਮਗਰੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਕਿਹਾ, ''ਮੈਂ ਪੰਜਾਬ ਅਤੇ ਇਸ ਦੇ ਲੋਕਾਂ ਦੇ ਹਿੱਤਾਂ ਲਈ ਅਸਤੀਫਾ ਦਿੱਤਾ ਸੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)