You’re viewing a text-only version of this website that uses less data. View the main version of the website including all images and videos.
ਹਥੌੜਾ ਗੈਂਗ: ਡਰ ਅਤੇ ਦਹਿਸ਼ਤ ਦੀ ਉਹ ਕਹਾਣੀ ਜਿਸ ਨੂੰ ਯਾਦ ਕਰਕੇ ਕਰਾਚੀ ਦੇ ਲੋਕ ਅੱਜ ਵੀ ਕੰਬ ਜਾਂਦੇ ਹਨ
- ਲੇਖਕ, ਜਾਫ਼ਰ ਰਿਜ਼ਵੀ ਅਤੇ ਰਿਆਜ਼ ਸੁਹੈਲ
- ਰੋਲ, ਬੀਬੀਸੀ ਉਰਦੂ
"ਉਸਨੇ ਪਿਸਤੌਲ ਕੱਢ ਲਿਆ ਸੀ... ਪਰ ਮੇਰੇ ਕੋਲ ਖੜ੍ਹੇ ਅਫ਼ਸਰ ਨੇ ਕੁਹਾੜੀ ਨਾਲ ਉਸ ਕਾਰ ਦਾ ਸ਼ੀਸ਼ਾ ਤੋੜ ਦਿੱਤਾ... ਅਤੇ ਅਸੀਂ ਉਸ ਨੂੰ ਕਾਬੂ ਕਰ ਲਿਆ।"
ਕਰਨਲ (ਸੇਵਾਮੁਕਤ) ਸਈਦ ਨੇ ਇਸ ਮਹੱਤਵਪੂਰਨ ਗ੍ਰਿਫਤਾਰੀ ਦਾ ਨਕਸ਼ਾ ਖਿੱਚਦੇ ਹੋਏ ਸਾਨੂੰ ਬੜੀ ਹੀ ਗਰਮਜੋਸ਼ੀ ਨਾਲ ਦੱਸਿਆ।
ਪਾਕਿਸਤਾਨੀ ਫੌਜ ਦੇ ਸਪੈਸ਼ਲ ਸਰਵਿਸ ਗਰੁੱਪ (ਐੱਸਐੱਸਜੀ) ਦੇ ਸਾਬਕਾ ਅਧਿਕਾਰੀ ਕਰਨਲ ਸਈਦ, ਜੋ ਸਿੰਧ ਅਤੇ ਬਲੂਚਿਸਤਾਨ ਪੁਲਿਸ ਵਿੱਚ ਡੀਆਈਜੀ ਦੇ ਅਹੁਦੇ 'ਤੇ ਵੀ ਰਹਿ ਚੁੱਕੇ ਹਨ, ਦੀ ਉਮਰ ਕਾਫ਼ੀ ਹੈ, ਪਰ ਇਸ ਉਮਰ ਵਿੱਚ ਵੀ ਉਨ੍ਹਾਂ ਦੀ ਯਾਦਾਸ਼ਤ ਕਮਾਲ ਦੀ ਹੈ।
ਕਰਨਲ ਸਈਦ ਮੈਨੂੰ ਜਿਸ ਗ੍ਰਿਫਤਾਰੀ ਬਾਰੇ ਦੱਸ ਰਹੇ ਸਨ, ਉਨ੍ਹਾਂ ਨੇ ਕਰਾਚੀ ਵਿੱਚ ਖੌਫ਼ ਅਤੇ ਦਹਿਸ਼ਤ ਦੀ ਇੱਕ ਭਿਆਨਕ ਲੜੀ 'ਹਥੌੜਾ ਗੈਂਗ' ਦਾ ਅੰਤ ਕਰ ਦਿੱਤਾ ਸੀ।
ਸਾਲ 1985-86 ਵਿੱਚ ਪੈਦਾ ਹੋਈ ਡਰ ਅਤੇ ਦਹਿਸ਼ਤ ਦੀ ਇਹ ਕਹਾਣੀ ਇਕ ਤੋਂ ਦੋ ਸਾਲਾਂ ਦੇ ਸਮੇਂ 'ਚ ਦਰਜਨਾਂ ਮੌਤਾਂ ਦੀ ਅਜਿਹੀ ਦਾਸਤਾਨ ਹੈ, ਜਿਸ ਨੂੰ ਯਾਦ ਕਰਕੇ ਕਰਾਚੀ ਦੇ ਲੋਕ ਅੱਜ ਵੀ ਕੰਬ ਜਾਂਦੇ ਹਨ।
ਇਸੇ ਬਾਰੇ ਕਰਨਲ ਸਈਦ ਜੋ ਮੈਨੂੰ ਦੱਸ ਰਹੇ ਸਨ ਉਹ ਕੋਈ 'ਮਾਮੂਲੀ ਗ੍ਰਿਫ਼ਤਾਰੀ' ਬਾਰੇ ਨਹੀਂ ਸੀ।
ਇਹ ਸਨ "ਹਥੌੜਾ ਗੈਂਗ" ਦੇ ਇੱਕ "ਅਹਿਮ ਅਤੇ ਅੰਤਰਰਾਸ਼ਟਰੀ ਕਿਰਦਾਰ" ਦੀ ਗ੍ਰਿਫ਼ਤਾਰੀ ਦੀ ਕਹਾਣੀ ਸੀ।
ਇਹ ਵੀ ਪੜ੍ਹੋ:
ਹਾਲਾਂਕਿ ਕਰਨਲ ਸਈਦ ਦੇ ਖੁਲਾਸੇ ਤੋਂ ਪਹਿਲਾਂ ਪਾਕਿਸਤਾਨ ਦੇ ਸਾਹਮਣੇ ਜ਼ਾਹਿਰ ਤੌਰ 'ਤੇ 'ਅੰਤਰਰਾਸ਼ਟਰੀ ਅੱਤਵਾਦ' ਦੀ ਇਸ ਪਹਿਲੀ ਘਟਨਾ ਬਾਰੇ ਇਹ ਜਾਣਨਾ ਜ਼ਰੂਰੀ ਹੈ ਕਿ ਆਖਿਰ ਇਹ 'ਹਥੌੜਾ ਗੈਂਗ' ਕੀ ਸੀ ਅਤੇ ਸਥਾਨਕ ਅੱਤਵਾਦ ਸਮਝੀ ਜਾਣ ਵਾਲੀ ਇਸ ਦਹਿਸ਼ਤਗਰਦੀ ਦਾ ਵੈਸ਼ਵਿਕ ਸਥਿਤੀ ਨਾਲ ਕੀ ਸਬੰਧ ਸੀ।
ਕਰਾਚੀ ਦੀ ਕਾਨੂੰਨ ਵਿਵਸਥਾ
ਉਸ ਦੌਰ 'ਚ ਪਾਕਿਸਤਾਨ ਦੇ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪੀਆਂ ਰਿਪੋਰਟਾਂ ਤੋਂ ਅੰਦਾਜ਼ਾ ਮਿਲਦਾ ਹੈ ਕਿ ਉਸ ਸਮੇਂ ਦੇਸ਼ ਅਤੇ ਖੇਤਰ ਦੀ ਰਾਜਨੀਤੀ ਵਿੱਚ ਉਥਲ-ਪੁਥਲ ਦੇ ਬਾਵਜੂਦ, ਦੂਜੀਆਂ ਥਾਵਾਂ ਦੀ ਤੁਲਨਾ ਵਿੱਚ ਕਰਾਚੀ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਧੀਆ ਹੁੰਦੀ ਸੀ।
5 ਜੁਲਾਈ 1977 ਨੂੰ, ਜਨਰਲ ਜ਼ਿਆ-ਉਲ-ਹੱਕ ਨੇ ਦੇਸ਼ ਦੇ ਲੋਕਤੰਤਰੀ ਪ੍ਰਣਾਲੀ ਨਾਲ ਚੁਣੇ ਹੋਏ ਤਤਕਾਲੀ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਦਾ ਤਖ਼ਤਾ ਪਲਟ ਕੇ ਦੇਸ਼ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਸੀ। ਲੋਕਾਂ ਦੇ ਵਿਰੋਧ ਨੇ ਫ਼ੌਜੀ ਸਰਕਾਰ ਲਈ ਕਈ ਬਹੁਤ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਸਨ।
ਸਾਲ 1985 ਤੱਕ, ਦੇਸ਼ ਵਿੱਚ ਪ੍ਰਧਾਨ ਮੰਤਰੀ ਮੁਹੰਮਦ ਖ਼ਾਨ ਜੁਨੇਜੋ ਦੀ ਸਰਕਾਰ ਬਣ ਚੁੱਕੀ ਸੀ, ਜੋ ਜਨਰਲ ਜ਼ਿਆ ਦੇ ਸ਼ਾਸਨਕਾਲ ਵਿੱਚ ਵੀ ਬੜੀ ਮੁਸ਼ਕਿਲ ਨਾਲ ਕੰਮ ਕਰਦੀ ਰਹੀ ਸੀ।
ਹਾਲਾਂਕਿ ਗੁਆਂਢੀ ਦੇਸ਼ ਅਫ਼ਗਾਨਿਸਤਾਨ ਸੰਕਟ ਕਾਰਨ ਪਾਕਿਸਤਾਨ ਦੀ ਇਸ ਸਰਕਾਰ ਦੇ ਅੰਤਰਰਾਸ਼ਟਰੀ ਭਾਈਚਾਰੇ, ਖਾਸ ਕਰਕੇ ਅਮਰੀਕਾ ਨਾਲ ਬਹੁਤ ਚੰਗੇ ਸਬੰਧ ਸਨ।
ਅਫ਼ਗਾਨਿਸਤਾਨ ਵਿੱਚ ਵੀ ਗੰਭੀਰ ਸਿਆਸੀ ਅਸਥਿਰਤਾ ਸੀ, ਜਿੱਥੇ ਰੂਸੀ ਫੌਜ ਨੇ 24 ਦਸੰਬਰ 1979 ਨੂੰ ਹਥਿਆਰਬੰਦ ਦਖਲਅੰਦਾਜ਼ੀ ਕੀਤੀ ਸੀ, ਜੋ ਲਗਭਗ ਦਸ ਸਾਲ (15 ਫਰਵਰੀ 1989 ਤੱਕ) ਚੱਲੀ।
ਅਮਰੀਕਾ ਨੇ ਅਫ਼ਗਾਨਿਸਤਾਨ ਵਿੱਚ ਰੂਸ ਦੁਆਰਾ ਤਾਕਤ ਦੀ ਵਰਤੋਂ ਦਾ ਸਖ਼ਤ ਵਿਰੋਧ ਕੀਤਾ ਅਤੇ ਅਫ਼ਗਾਨਿਸਤਾਨ ਵਿੱਚ ਵਿਰੋਧ ਕਰਨ ਵਾਲੇ ਸਮੂਹਾਂ ਨੂੰ ਵਿੱਤੀ ਅਤੇ ਫ਼ੌਜੀ ਸਹਾਇਤਾ ਦੇਣ ਦਾ ਨਿਸ਼ਚਾ ਕੀਤਾ।
ਪਾਕਿਸਤਾਨ, ਅਮਰੀਕਾ ਦੇ ਇਨ੍ਹਾਂ ਇਰਾਦਿਆਂ ਦਾ ਮੁੱਖ ਪੜਾਅ ਬਣ ਗਿਆ, ਜਿਸ ਨੇ ਇਨ੍ਹਾਂ ਅਫ਼ਗਾਨ ਬਾਗ਼ੀ ਸਮੂਹਾਂ ਨੂੰ ਫੌਜੀ ਸਾਜੋ-ਸਾਮਾਨ ਅਤੇ ਫ਼ੌਜੀ ਸਿਖਲਾਈ ਦੇ ਨਾਲ-ਨਾਲ ਲੜਾਕੇ ਮੁਹੱਈਆ ਕਰਵਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਇੱਕ ਪਾਸੇ ਜਿੱਥੇ ਪਾਕਿਸਤਾਨ ਦਾ ਇਹ ਫ਼ੈਸਲਾ ਅਮਰੀਕਾ ਨੂੰ ਖੁਸ਼ ਕਰਨ ਦਾ ਜ਼ਰੀਆ ਬਣਿਆ, ਉੱਥੇ ਦੂਜੇ ਪਾਸੇ ਰੂਸੀ ਅਧਿਕਾਰੀਆਂ ਨੇ ਇਸ ਨੂੰ ਵਿਰੋਧ ਅਤੇ ਪੱਖਪਾਤ ਕਰਾਰ ਦਿੱਤਾ।
ਅਫ਼ਗਾਨਿਸਤਾਨ ਵਿੱਚ ਰੂਸੀ ਫੌਜੀ ਦਖਲਅੰਦਾਜ਼ੀ ਦਾ ਪਾਕਿਸਤਾਨ 'ਤੇ ਇੱਕ ਪ੍ਰਭਾਵ ਇਹ ਵੀ ਪਿਆ ਕਿ ਲਗਭਗ 30 ਲੱਖ ਅਫ਼ਗਾਨ ਸ਼ਰਣਾਰਥੀ ਸਰਹੱਦੀ ਕਬਾਇਲੀ ਇਲਾਕਿਆਂ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਏ।
ਹਾਲਾਂਕਿ ਇਹ ਸ਼ਰਣਾਰਥੀ ਆਪਣੇ ਕੈਂਪਾਂ ਜਾਂ ਬਸਤੀਆਂ ਤੱਕ ਸੀਮਤ ਰਹਿਣ ਦੀ ਬਜਾਏ, ਵੱਡੀ ਗਿਣਤੀ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਪਾਕਿਸਤਾਨ ਦੇ ਆਰਥਿਕ ਕੇਂਦਰ ਕਰਾਚੀ ਪਹੁੰਚ ਗਏ।
ਉਸ ਸਮੇਂ ਇਸ ਖੇਤਰ ਦੇ ਹੋਰਨਾਂ ਮੁਲਕਾਂ ਵਿੱਚ ਵੀ ਸਿਆਸੀ ਉਥਲ-ਪੁਥਲ ਚੱਲ ਰਹੀ ਸੀ।
11 ਫਰਵਰੀ 1979 ਨੂੰ, ਪਾਕਿਸਤਾਨ ਦੇ ਗੁਆਂਢੀ ਦੇਸ਼ ਈਰਾਨ ਵਿਚ ਅਯਾਤੁੱਲ੍ਹਾ ਰੂਹੁੱਲ੍ਹਾ ਖਾਮੇਨਈ ਦੀ ਅਗਵਾਈ ਵਿਚ ਸ਼ਾਹ ਰਜ਼ਾ ਸ਼ਾਹ ਪਹਿਲਵੀ ਦਾ ਤਖ਼ਤ ਪਲਟ ਕਰ ਦਿੱਤਾ ਗਿਆ ਸੀ ਅਤੇ ਈਰਾਨ ਵਿਚ 'ਕ੍ਰਾਂਤੀ' ਦਾ ਦੌਰ ਚੱਲ ਰਿਹਾ ਸੀ। ਇਸ ਤੋਂ ਇਲਾਵਾ ਗੁਆਂਢੀ ਦੇਸ਼ ਇਰਾਕ ਨਾਲ ਕਰੀਬ ਅੱਠ ਸਾਲ ਤੱਕ ਚੱਲੀ ਈਰਾਨ-ਇਰਾਕ ਜੰਗ ਵੀ ਜ਼ੋਰਾਂ 'ਤੇ ਸੀ।
ਉਸ ਸਮੇਂ ਕਰਾਚੀ ਕਿਹੋ ਜਿਹੀ ਸੀ?
ਉਸ ਸਮੇਂ ਤੱਕ, ਕਰਾਚੀ ਵਿੱਚ ਪ੍ਰਸ਼ਾਸਨਿਕ ਤੌਰ 'ਤੇ ਸਿਰਫ਼ ਤਿੰਨ ਜ਼ਿਲ੍ਹੇ ਪੂਰਬੀ, ਪੱਛਮੀ ਅਤੇ ਦੱਖਣ ਸਨ ਅਤੇ ਪੂਰਾ ਜ਼ਿਲ੍ਹਾ ਜਿਸ ਨੂੰ ਹੁਣ ਕੇਂਦਰੀ ਕਿਹਾ ਜਾਂਦਾ ਹੈ, ਉਸ ਸਮੇਂ ਪੱਛਮੀ ਜ਼ਿਲ੍ਹੇ ਦਾ ਹਿੱਸਾ ਸੀ।
ਕੁਝ ਪੌਸ਼ ਇਲਾਕਿਆਂ ਨੂੰ ਛੱਡ ਕੇ, ਕਰਾਚੀ ਵਿੱਚ ਜ਼ਿਆਦਾਤਰ ਮੱਧ ਅਤੇ ਹੇਠਲੇ ਮੱਧ ਵਰਗ ਦੀਆਂ ਪੁਰਾਣੀਆਂ ਬਸਤੀਆਂ ਅਤੇ ਪ੍ਰਾਚੀਨ ਇਲਾਕੇ ਸਨ।
ਇਨ੍ਹਾਂ ਬਸਤੀਆਂ ਵਿੱਚ ਹਰ ਵਿਅਕਤੀ ਇੱਕ-ਦੂਜੇ ਤੋਂ ਜਾਣੂ ਹੁੰਦਾ ਸੀ ਅਤੇ ਆਲੇ-ਦੁਆਲੇ ਵਿੱਚ ਬਹੁਤ ਹੀ ਅਪਣੱਤ ਅਤੇ ਮੇਲ-ਜੋਲ ਦਾ ਮਾਹੌਲ ਸੀ। ਜ਼ਿੰਦਗੀ ਸਾਦੀ ਤੇ ਸਾਧਾਰਨ ਸੀ, ਨਾ ਟੀਵੀ ਚੈਨਲ ਸਨ, ਨਾ ਇੰਟਰਨੈੱਟ, ਨਾ ਸੋਸ਼ਲ ਮੀਡੀਆ ਅਤੇ ਨਾ ਹੀ ਮੋਬਾਈਲ ਫੋਨ ਸਨ।
ਹਥੌੜਾ ਗੈਂਗ ਦੀ ਉਤਪੱਤੀ
ਫਿਰ ਕਰਾਚੀ ਦੇ ਇਸ ਸ਼ਾਂਤ ਮਾਹੌਲ ਵਿੱਚ ਅਚਾਨਕ ਇੱਕ ਹਥੌੜਾ ਗੈਂਗ ਦੀ ਆਮਦ ਹੋਈ।
ਇਹ ਅਪ੍ਰੈਲ 1985 ਦੀ ਗੱਲ ਹੈ। ਮੁਲਤਾਨ ਵਾਸੀ ਅੱਲ੍ਹਾ ਵਸਾਇਆ ਉਸੇ ਰਾਤ ਖ਼ੈਬਰ ਮੇਲ ਰਾਹੀਂ ਕਰਾਚੀ ਪਹੁੰਚੇ ਸਨ ਅਤੇ ਕਲਿਫਟਨ ਨੇੜੇ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸਨ। ਰਾਤ ਬਹੁਤ ਹੋ ਗਈ ਸੀ ਇਸ ਕਰਕੇ ਉਨ੍ਹਾਂ ਨੇ ਪੁਲ ਦੇ ਹੇਠਾਂ ਹੀ ਰਾਤ ਕੱਟਣ ਦਾ ਫੈਸਲਾ ਕੀਤਾ।
ਉਹ ਸੁੱਤੇ ਤਾਂ ਉਹ ਪੁਲ ਦੇ ਹੇਠਾਂ ਹੀ ਸਨ ਪਰ ਜਦੋਂ ਉਨ੍ਹਾਂ ਨੂੰ ਹੋਸ਼ ਆਈ ਤਾਂ ਉਹ ਖੂਨ ਨਾਲ ਲੱਥਪੱਥ ਸੀ ਅਤੇ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਖੂਨ ਵਗ ਰਿਹਾ ਸੀ।
ਅੱਲ੍ਹਾ ਵਸਾਇਆ ਦੇ ਨੇੜੇ-ਤੇੜੇ ਪਏ ਦੋ ਹੋਰ ਵਿਅਕਤੀਆਂ ਦੀ ਵੀ ਇਸੇ ਤਰ੍ਹਾਂ ਦੀਆਂ ਸੱਟਾਂ ਕਾਰਨ ਮੌਤ ਹੋ ਗਈ ਸੀ। ਦੋ ਅਪ੍ਰੈਲ 1985 ਨੂੰ ਵਾਪਰੀ ਇਹ ਘਟਨਾ ਕਰਾਚੀ ਵਿੱਚ ਹਥੌੜਾ ਗੈਂਗ ਦੇ ਹਮਲੇ ਦੀ ਪਹਿਲੀ ਘਟਨਾ ਸੀ।
ਇਸ ਘਟਨਾ ਤੋਂ ਦੋ ਦਿਨ ਬਾਅਦ ਹੀ ਕਲਿਫਟਨ ਪੁਲ ਤੋਂ ਕੁਝ ਕਿਲੋਮੀਟਰ ਦੂਰ ਕਾਲਾ ਪੁਲ ਨੇੜੇ ਪੀਰ ਬੁਖਾਰੀ ਸ਼ਾਹ ਉਰਫ਼ ਜ਼ਿੰਦਾ ਪੀਰ ਦੀ ਦਰਗਾਹ ਦੇ ਵਿਹੜੇ ਵਿੱਚੋਂ ਦੋ ਹੋਰ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਇਸੇ ਤਰ੍ਹਾਂ ਸਿਰ ਕੁਚਲ ਕੇ ਹੱਤਿਆ ਕੀਤੀ ਗਈ ਸੀ। ਇਹ ਦੋਵੇਂ ਵਿਅਕਤੀ ਮਜ਼ਾਰ ਦੇ ਪਿਛਲੇ ਹਿੱਸੇ ਵਿੱਚ ਸੌਂ ਰਹੇ ਸਨ, ਜਿੱਥੇ ਮਹਿਫ਼ਿਲ ਦੇ ਪ੍ਰਬੰਧ ਕੀਤੇ ਜਾਂਦੇ ਸਨ।
ਕੁਝ ਹਫ਼ਤਿਆਂ ਬਾਅਦ, 21 ਅਪ੍ਰੈਲ ਨੂੰ ਸਿਟੀ ਸਟੇਸ਼ਨ 'ਤੇ ਤਿੰਨ ਲੋਕਾਂ ਦਾ ਕਤਲ ਕੀਤਾ ਗਿਆ, ਇਹ ਤਿੰਨੇ ਰਾਤ ਨੂੰ ਪਲੇਟਫਾਰਮ 'ਤੇ ਸੌਂ ਰਹੇ ਸਨ। ਇਨ੍ਹਾਂ ਵਿੱਚ ਇੱਕ ਮਲੰਗ ਅਤੇ ਇੱਕ ਕੁਲੀ ਵੀ ਸ਼ਾਮਲ ਸੀ, ਪਰ ਸਿਰਫ਼ ਕੁਲੀ ਦੀ ਹੀ ਪਛਾਣ ਹੋ ਸਕੀ।
ਉਸੇ ਰਾਤ ਕਾਰਸਾਜ਼ ਅਤੇ ਏਅਰਫੋਰਸ ਹੋਲਟ ਵਿਚਕਾਰ ਰੇਲ ਦੀ ਪਟੜੀ 'ਤੇ ਵੀ ਇੱਕ ਲਾਸ਼ ਮਿਲੀ, ਜਿਸ ਦੀ ਸਿਰ 'ਤੇ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋਈ ਸੀ। 24 ਅਪ੍ਰੈਲ ਤੱਕ ਇਸ ਤਰ੍ਹਾਂ ਮਰਨ ਵਾਲਿਆਂ ਦੀ ਗਿਣਤੀ ਨੌਂ ਹੋ ਗਈ ਸੀ।
ਸੁੰਨੇ ਇਲਾਕਿਆਂ ਅਤੇ ਰੇਲਵੇ ਲਾਈਨ ਤੋਂ ਬਾਅਦ ਅਜਿਹੀਆਂ ਘਟਨਾਵਾਂ ਨਾਲ ਆਬਾਦੀ ਵਾਲੇ ਇਲਾਕਿਆਂ ਅਤੇ ਗਲੀ-ਮੁਹੱਲਿਆਂ ਵਿੱਚ ਵੀ ਦਹਿਸ਼ਤ ਫ਼ੈਲ ਗਈ।
ਇਸ ਤੋਂ ਬਾਅਦ ਪੁਰਾਣੇ ਗੋਲਿਮਾਰ ਇਲਾਕੇ ਵਿੱਚ ਲਿਆਰੀ ਨਦੀ ਦੇ ਕੰਢੇ ਸਥਿਤ ਪਿੰਡ ਹਸਨ ਓਲੀਆ ਵਿੱਚ ਵਾਪਰੀ ਇੱਕ ਘਟਨਾ ਨੇ ਤਤਕਾਲੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਵਿੱਚ ਇੱਕੋ ਪਰਿਵਾਰ ਦੇ ਬੱਚਿਆਂ ਸਮੇਤ ਸੱਤ ਜਣਿਆਂ ਨੂੰ ਇਸੇ ਤਰ੍ਹਾਂ ਸਿਰ 'ਤੇ ਭਾਰੀ ਤੇ ਮੋਟੀ ਚੀਜ਼ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਇਸ ਘਟਨਾ ਵਿੱਚ ਸਾਬਕਾ ਕੌਂਸਲਰ ਅਬਦੁਲ ਗਨੀ ਦੀਆਂ ਦੋ ਸਾਲੀਆਂ ਅਤੇ ਇੱਕ ਭਾਣਜੀ ਦੀ ਮੌਤ ਹੋ ਗਈ ਸੀ। ਅਬਦੁਲ ਗਨੀ ਅਨੁਸਾਰ ਇਹ ਘਟਨਾ ਰਾਤ ਦੇ ਕਿਸੇ ਸਮੇਂ ਵਾਪਰੀ ਅਤੇ ਜਦੋਂ ਸਵੇਰੇ ਜਦੋਂ ਰੋਜ਼ਾਨਾ ਵਾਂਗ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਗੁਆਂਢੀਆਂ ਨੂੰ ਫਿਕਰ ਹੋ ਗਈ। ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਤਿੰਨਾਂ ਦੀਆਂ ਲਾਸ਼ਾਂ ਪਈਆਂ ਸਨ।
ਇੱਕ ਰਿਸ਼ਤੇਦਾਰ ਅਹਿਸਾਨ ਨੇ ਦੱਸਿਆ, ''ਤਿੰਨ ਲਾਸ਼ਾਂ ਇੱਕ ਕਮਰੇ ਵਿੱਚ ਸਨ ਅਤੇ ਚਾਰ ਲਾਸ਼ਾਂ ਦੂਜੇ ਕਮਰੇ ਵਿੱਚ ਸਨ। ਮਰਨ ਵਾਲਿਆਂ ਵਿੱਚ ਇਕ ਬੱਚਾ ਵੀ ਸ਼ਾਮਲ ਹੈ, ਜਦਕਿ ਇਕ ਬੱਚਾ ਸੌਂਦੇ ਸਮੇਂ ਸੋਫੇ ਦੇ ਹੇਠਾਂ ਚਲਾ ਗਿਆ ਸੀ। ਜਿਸ ਕਾਰਨ ਕਾਤਲਾਂ ਦੀ ਨਜ਼ਰ ਉਸ 'ਤੇ ਨਹੀਂ ਪਈ ਅਤੇ ਉਹ ਬਚ ਗਿਆ।''
ਫਿਰ ਕੁਝ ਸਮੇਂ ਬਾਅਦ ਸਾਰੇ ਸ਼ਹਿਰ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ।
ਘਰ ਦੇ ਬਾਹਰ, ਸੜਕ 'ਤੇ ਜਾਂ ਫੁੱਟਪਾਥ 'ਤੇ ਸੌਂ ਰਹੇ ਲੋਕ, ਮਜ਼ਦੂਰ, ਭਿਖਾਰੀ, ਰੋਜ਼ਗਾਰ ਦੀ ਭਾਲ ਵਿੱਚ ਕਰਾਚੀ ਆਏ ਵਿਦੇਸ਼ੀ, ਦੁਕਾਨਾਂ ਅਤੇ ਛੋਟੇ ਹੋਟਲਾਂ ਦੇ ਕਰਮਚਾਰੀ ਅਜਿਹੀਆਂ ਖੌਫ਼ਨਾਕ ਘਟਨਾਵਾਂ ਦਾ ਸ਼ਿਕਾਰ ਹੋਣ ਲੱਗੇ।
ਸਾਲ 1986 ਦੇ ਸ਼ੁਰੂ ਵਿੱਚ ਵਾਪਰੀ ਅਜਿਹੀ ਹੀ ਇੱਕ ਹੋਰ ਵੱਡੀ ਘਟਨਾ ਤੋਂ ਬਾਅਦ ਖੂਫੀਆ ਏਜੰਸੀਆਂ ਦੇ ਵੀ ਕੰਨ ਖੜ੍ਹੇ ਹੋ ਗਏ।
ਪੱਤਰਕਾਰ ਤਨਵੀਰ ਬੇਗ ਅਨੁਸਾਰ ਇਹ ਘਟਨਾ ਫੈਡਰਲ ਬੀ ਏਰੀਆ ਦੀ ਮਜ਼ਦੂਰ ਬਸਤੀ, ਮੂਸਾ ਕਲੋਨੀ ਵਿੱਚ ਵਾਪਰੀ ਸੀ, ਜਿੱਥੇ ਗਲੀ ਵਿੱਚ ਸੁੱਤੇ ਪਏ ਅੱਠ ਮਜ਼ਦੂਰਾਂ ਨੂੰ ਭਾਰੀ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ।
ਇਹ ਉਹ ਸਮਾਂ ਸੀ ਜਦੋਂ ਅਸੈਂਬਲੀ ਦੇ ਚੁਣੇ ਹੋਏ ਮੈਂਬਰਾਂ ਨੇ ਵੀ ਇਸ ਮੁੱਦੇ ਨੂੰ ਚੁੱਕਿਆ ਸੀ ਅਤੇ ਪੁਲਿਸ ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇੱਕ ਵਿਸ਼ੇਸ਼ ਟੀਮ ਵੀ ਜਾਂਚ ਲਈ ਬਣਾਈ ਗਈ ਸੀ।
ਅਲਾਉਦੀਨ ਖਾਨਜ਼ਾਦਾ ਉਸ ਸਮੇਂ ਉਰਦੂ ਅਖ਼ਬਾਰ ਜਸਾਰਤ ਦੇ ਕ੍ਰਾਈਮ ਰਿਪੋਰਟਰ ਸਨ।
ਉਹ ਦੱਸਦੇ ਹਨ, ''ਚੰਗੇ ਸਮੇਂ ਦੇ ਸਭ ਤੋਂ ਖੂਬਸੂਰਤ ਸ਼ਹਿਰ ਕਰਾਚੀ ਵਿੱਚ ਵੀ ਅਪਰਾਧੀ ਸਰਗਰਮ ਸਨ। ਘਰਾਂ ਦੇ ਬਾਹਰ ਸੌਣ ਜਾਂ ਗੁਆਂਢੀਆਂ ਨਾਲ ਗੱਲਾਂ ਕਰਨ ਦਾ ਰਿਵਾਜ਼ ਤਾਂ ਅੱਜ ਵੀ ਸ਼ਹਿਰ ਦੇ ਪੁਰਾਣੇ ਹਿੱਸੇ, ਭਾਵ ਓਲਡ ਸਿਟੀ ਏਰੀਏ ਵਿੱਚ ਕਈ ਪੁਰਾਣੀਆਂ ਬਸਤੀਆਂ ਵਿੱਚ ਪ੍ਰਚਲਿਤ ਹੈ ਅਤੇ ਉਦੋਂ ਵੀ ਘਰ ਦੇ ਬਾਹਰ ਇੱਕ ਚੌਪਾਲ ਲਗਾਈ ਜਾਂਦੀ ਸੀ''।
ਉਨ੍ਹਾਂ ਨੇ ਦੱਸਿਆ, ''ਲੋਕ ਦੇਰ ਤੱਕ ਜਾਗਦੇ ਰਹਿੰਦੇ ਸਨ ਅਤੇ ਉਥੇ ਹੀ ਬੇਪਰਵਾਹ ਹੋ ਕੇ ਸੌਂ ਜਾਂਦੇ ਸਨ। ਮੁਹੱਲੇ ਦੇ ਇਹ ਸੌਣ-ਜਾਗਣ ਵਾਲੇ ਲੋਕ ਅਸਲ ਵਿੱਚ ਉਨ੍ਹਾਂ ਅਪਰਾਧੀਆਂ ਦੇ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਸਨ।”
“ਬਹੁਤੇ ਪੁਲਿਸ ਅਫਸਰਾਂ ਦਾ ਮੰਨਣਾ ਸੀ ਕਿ ਸਿਰ ਕੁਚਲ ਕੇ ਕਤਲ ਕਰਨ ਦੀਆਂ ਇਹ ਵਾਰਦਾਤਾਂ ਇਨ੍ਹਾਂ ਅਪਰਾਧੀਆਂ ਦਾ ਹੀ ਕੰਮ ਹਨ, ਤਾਂ ਜੋ ਸ਼ਾਮ ਤੱਕ ਇਲਾਕੇ ਦਾ ਭੀੜ-ਭੜੱਕਾ ਖ਼ਤਮ ਹੋ ਜਾਵੇ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਡਕੈਤੀ ਅਤੇ ਲੁੱਟ-ਖੋਹ ਕਰਨ ਦਾ ਮੌਕਾ ਮਿਲ ਸਕੇ।''
ਅਲਾਉਦੀਨ ਨੇ ਦੱਸਿਆ ਕਿ ਲਿਆਰੀ ਇਲਾਕੇ ਵਿੱਚ ਵੀ ਇੱਕ ਘਟਨਾ ਵਾਪਰੀ ਸੀ, ਜਿਸ ਵਿੱਚ ਮਰਦ ਅਤੇ ਔਰਤਾਂ ਸਮੇਤ 9 ਲੋਕ ਮਾਰੇ ਗਏ ਸਨ।
ਤਨਵੀਰ ਬੇਗ ਦਾ ਕਹਿਣਾ ਹੈ ਕਿ ਚਾਰੇ ਪਾਸੇ ਫੈਲੀਆਂ ਇਨ੍ਹਾਂ ਘਟਨਾਵਾਂ ਦੇ ਸ਼ਿਕਾਰ ਲਗਭਗ ਸੌ ਲੋਕ ਹੋਏ ਸਨ।
ਉਸ ਸਮੇਂ ਛਪਣ ਵਾਲੀਆਂ ਖ਼ਬਰਾਂ ਤੋਂ ਪਤਾ ਲਗਦਾ ਹੈ ਕਿ ਕੁਝ ਉਰਦੂ ਦੇ ਅਖ਼ਬਾਰਾਂ ਨੇ ਇਹ ਕਿਆਸ ਵੀ ਲਾਉਣਾ ਸ਼ੁਰੂ ਕਰ ਦਿਤਾ ਸੀ ਕਿ ਕਾਤਲ ਆਪਣੇ ਪਿੰਡੇ ਉੱਪਰ ਤੇਲ ਜਾਂ ਗਰੀਸ ਲਾ ਕੇ ਆਉਂਦੇ ਤਾਂ ਜੋ ਸੌਖਿਆਂ ਫੜੇ ਨਾ ਜਾ ਸਕਣ।
ਸਿੰਧ ਪੁਲਿਸ ਦੇ ਇੱਕ ਸਾਬਕਾ ਆਈਜੀ ਸ਼ਿਗਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹਿਲਾਂ ਹੀ ਇਸ ਦੇ ਨਾਲ ਮਿਲਦੀਆਂ-ਜੁਲਦੀਆਂ ਘਟਨਾਵਾਂ ਵਾਪਰ ਚੁੱਕੀਆਂ ਸਨ ਪਰ ਸੰਗਠਿਤ ਅਪਰਾਧ ਦਾ ਹਿੱਸਾ ਨਹੀਂ ਸਨ।
ਸਾਲ 1993 ਵਿੱਚ ਉਹ ਸ਼ਿਗਰੀ 1993 ਦੇ ਆਈਜੀ ਸਿੰਧ ਵਜੋਂ ਤਾਇਨਾਤ ਸਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲਾਂ ਰਾਵਲਪਿੰਡੀ ਵਿੱਚ ਇੱਕ ਭਿਆਨਕ ਘਟਨਾ ਹੋਈ ਸੀ। ਫਿਰ ਅਜਿਹੀਆਂ ਘਟਨਾਵਾਂ ਜੇਹਲਮ ਅਤੇ ਫਿਰ ਕਸ਼ਮੀਰ ਅਤੇ ਫਿਰ ਹਜ਼ਾਰਾ ਡਿਵੀਜ਼ਨ ਵਿੱਚ ਵੀ ਹੋਈਆਂ। ਮੁਰੀ ਰੋਡ ਉੱਪਰ ਕਮੇਟੀ ਚੌਂਕ ਦੇ ਕੋਲ ਔਰਤਾਂ ਅਤੇ ਬੱਚਿਆਂ ਸਮੇਤ ਇੱਕ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਨਾਲ ਬੇਹੱਦ ਡਰ ਫ਼ੈਲ ਗਿਆ ਸੀ।
ਉਹ ਦੱਸਦੇ ਹਨ, ''ਫਿਰ ਮੇਰੀ ਬਦਲੀ ਹੋ ਗਈ ਅਤੇ ਉਹ ਮੁਲਜ਼ਮ ਵੀ ਬਾਅਦ ਵਿੱਚ ਫੜਿਆ ਗਿਆ। ਮੁਜਰਮ ਇੱਕ ਸਾਈਕੋ ਕਿਲਰ ਸੀ। ਜੋ ਵਾਰਦਾਤ ਤੋਂ ਬਾਅਦ ਔਰਤਾਂ ਦਾ ਜਿਣਸੀ ਸ਼ੋਸ਼ਣ ਤਾਂ ਨਹੀਂ ਕਰਦਾ ਸੀ ਪਰ ਸਰੀਰ ਦੇ ਹੇਠਲੇ ਹਿੱਸੇ ਦੇ ਕੱਪੜੇ ਲਾਹ ਕੇ ਲੈ ਜਾਂਦਾ ਸੀ। ਫੜੇ ਜਾਣ ਤੇ ਉਸ ਨੇ ਦੋ ਘਟਨਾਵਾਂ ਕਬੂਲ ਵੀ ਕੀਤੀਆਂ ਪਰ ਇਸ ਦਾ ਕਰਾਚੀ ਵਾਲੇ ''ਹਥੌੜਾ ਗੈਂਗ'' ਨਾਲ ਕੋਈ ਸੰਬੰਧ ਨਹੀਂ ਸੀ।''
ਹਥੌੜਾ ਗੈਂਗ ਨਾਮ ਕਿਵੇਂ ਪਿਆ?
26 ਅਪ੍ਰੈਲ 2015 ਨੂੰ ਡਾਅਨ ਅਖ਼ਬਾਰ ਵਿੱਚ ਛਪੇ ਇੱਕ ਲੇਖ ਮੁਤਾਬਕ 1985 ਵਿੱਚ ਬਨਰਸ ਰੋਡ ਉੱਪਰ ਫੁੱਟਪਾਥ ਉੱਪਰ ਸੌਂ ਰਹੇ ਇੱਕ ਮੰਗਤੇ ਉੱਪਰ ਹੋਏ ਹਮਲੇ ਤੱਕ ਪੁਲਿਸ ਇਸ ਨੂੰ ਇੱਕ ਸੀਰੀਅਲ ਕਿਲਰ ਦਾ ਕੰਮ ਸਮਝਦੀ ਰਹੀ।
ਜਦਕਿ ਮੰਗਤੇ ਨੇ ਦੱਸਿਆ ਕਿ ਉਹ ''ਸੌਂ ਰਿਹਾ ਸੀ ਜਦੋਂ ਸੜਕ ਉੱਪਰ ਇੱਕ ਕਾਰ ਦੇ ਪਹੀਏ ਘਿਸਰਨ ਕਾਰਨ ਉਸ ਦੀ ਅੱਖ ਖੁੱਲ੍ਹ ਗਈ। ਫਿਰ ਚਾਰ ਜਣੇ ਉਸ ਵਿੱਚੋਂ ਨਿਕਲੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਉਹ ਗੱਡੀ ਵਿੱਚੋਂ ਉਤਰ ਕੇ ਉਸ ਕੋਲ ਆਏ ਅਤੇ ਇੱਕ ਜਣੇ ਨੇ ਹਥੌੜੇ ਨਾਲ ਉਸ ਦੇ ਸਿਰ 'ਤੇ ਹਮਲਾ ਕੀਤਾ। ਜਿਸ ਨਾਲ ਉਹ ਬੇਹੋਸ਼ ਹੋ ਗਿਆ।''
ਖ਼ਬਰ ਮੁਤਾਬਕ ਹਮਲਾਵਰ ਉਸ ਨੂੰ ਮਰਿਆ ਸਮਝ ਕੇ ਭੱਜ ਗਏ। ਬਾਅਦ ਵਿੱਚ ਮੰਗਤੇ ਦਾ ਰੌਲਾ ਸੁਣ ਕੇ ਸਥਾਨਕ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਇਹ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਅਤੇ ਜਾਂਚ ਏਜੰਸੀਆਂ ਦੇ ਸ਼ੱਕ ਦੀ ਸੂਈ ਇੱਕ ਮਾਨਸਿਕ ਮਰੀਜ਼ (ਸਾਈਕੋ ਕਿਲਰ) ਤੋਂ ਘੁੰਮ ਕੇ ਇੱਕ ਸੰਗਠਿਤ ਗੈਂਗ ਵੱਲ ਮੁੜੀ।
ਫਿਰ ਅਖ਼ਬਾਰਾਂ ਨੇ ਇਸ ਸੰਗਠਿਤ ਗੈਂਗ ਨੂੰ ''ਹਥੌੜਾ ਗੈਂਗ'' ਨਾਮ ਦੇ ਦਿੱਤਾ।
ਜਲਦੀ ਹੀ ਅਖ਼ਬਾਰਾਂ ਦੀਆਂ ਇਸ ਬਾਰੇ ਮਸਾਲੇਦਾਰ ਖ਼ਬਰਾਂ ਸਦਕਾ ਹਥੌੜਾ ਗੈਂਗ ਕਰਾਚੀ ਵਿੱਚ ਦਹਿਸ਼ਤ ਦਾ ਇੱਕ ਪ੍ਰਤੀਕ ਬਣ ਗਿਆ।
ਜਲਦੀ ਹੀ ਸਥਾਨਕ ਉਰਦੂ ਅਖ਼ਬਾਰਾਂ ਨੇ ਮਾਮਲੇ ਵਿੱਚ ਕਿਤੋਂ ਦੀ ਇੱਟ ਕਿਤੋਂ ਦਾ ਰੋੜਾ ਵਰਤ ਕੇ ਇਨ੍ਹਾਂ ਘਟਨਾਵਾਂ ਦੇ ਤਾਰ ਰੂਸੀ ਸੂਹੀਆ ਏਜੰਸੀ ਕੇਜੀਬੀ ਅਤੇ ਅਫ਼ਗਾਨ ਸੂਹੀਆ ਏਜੰਸੀ ਖਾਦ ਨਾਲ ਜੋੜ ਦਿੱਤੇ।
ਕੁਝ ਸਿਆਸਤਦਾਨਾਂ ਨੇ ਗੈਰ-ਜ਼ਿੰਮੇਵਾਰੀ ਵਾਲੇ ਬਿਆਨ ਵੀ ਦਿੱਤੇ। ਕਈਆਂ ਨੇ ਇਸ ਨੂੰ ਤਤਕਾਲੀ ਫ਼ੌਜੀ ਸ਼ਾਸਕ ਜਨਰਲ ਜ਼ਿਆ ਉੱਲ ਹੱਕ ਦੇ ਸ਼ਾਸਨ ਦਾ ਕਾਰਨਾਮਾ ਕਰਾਰ ਦੇ ਦਿੱਤਾ।
ਹਾਲਾਂਕਿ ਕਦੇ ਵੀ ਕਿਸੇ ਸਰਕਾਰੀ ਸੂਤਰ, ਅਫ਼ਸਰ ਜਾਂ ਗੰਭੀਰ ਸਿਆਸੀ ਹਲਕਿਆਂ ਨੇ ਇਨ੍ਹਾਂ ਕਿਆਸਾਂ ਦੀ ਪੁਸ਼ਟੀ ਨਹੀਂ ਕੀਤੀ।
ਦਿਲਚਸਪ ਗੱਲ ਇਹ ਸੀ ਕਿ ਇਨ੍ਹਾਂ ਘਟਨਾਵਾਂ ਵਿੱਚ ਗ਼ਰੀਬਾਂ, ਬੇਘਰੇ ਮੰਗਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਈ ਪੁਖਤਾ ਵਜ੍ਹਾ ਸਮਝ ਨਹੀਂ ਆਉਂਦੀ ਹੈ। ਪੁਲਿਸ ਨੇ ਵੀ ਇਸ ਮਾਮਲੇ ਵਿੱਚ ਕਦੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ।
ਅਜਿਹਾ ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਹੋਇਆ।
ਅਜੇ ਤੱਕ ਅਧਿਕਾਰਿਤ ਤੌਰ 'ਤੇ ਕੋਈ ਨਹੀਂ ਜਾਣਦਾ ਕਿ ਇਸ ''ਹਥੌੜਾ ਗੈਂਗ'' ਦੀ ਸੱਚਾਈ ਕੀ ਸੀ।
ਪੁਲਿਸ ਅਤੇ ਸਿਵਲ ਦੇ ਕਈ ਸੀਨੀਅਰ ਅਫ਼ਸਰਾਂ ਨਾਲ ਗੱਲਬਾਤ ਤੋਂ ਪਤਾ ਚਲਦਾ ਹੈ ਕਿ ਕਈ ਲੋਕਾਂ ਨੂੰ ਇਸ ਦੀ ਅਸਲੀਅਤ ਦਾ ਪਤਾ ਹੈ ਪਰ ਕਈ ਕਾਰਨਾਂ ਕਰਕੇ ਕੋਈ ਸਾਹਮਣੇ ਆਕੇ ਬੋਲਣ ਨੂੰ ਤਿਆਰ ਨਹੀਂ ਹੈ।
ਇਨ੍ਹਾਂ ਤੱਥਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਸਿੰਧ ਦੇ ਸਾਬਕਾ ਆਈਜੀ ਆਫ਼ਤਾਬ ਨਬੀ ਨਾਲ ਸੰਪਰਕ ਕੀਤਾ।
ਉਹ ਕਰਾਚੀ ਵਿੱਚ ਹਥੌੜਾ ਗੈਂਗ ਦੇ ਘਟਨਾਕ੍ਰਮ ਦੌਰਾਨ ਜੁਲਾਈ 1984 ਤੋਂ ਜੂਨ 1985 ਤੱਕ ਪਾਕਿਸਤਾਨ ਦੇ ਸਿਵਲ ਇੰਟੈਲੀਜੈਂਸ ਬਿਓਰੋ ਦੇ ਰਾਜਨੀਤਿਕ ਵਿਭਾਗ ਵਿੱਚ ਤੈਨਾਅਤ ਸਨ।
ਉਨ੍ਹਾਂ ਨੇ ਦੱਸਿਆ, “ਜਦੋਂ ਇਹ ਘਟਨਾਵਾਂ ਸ਼ੁਰੂ ਹੋਈਆਂ ਅਤੇ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਣ ਲੱਗਿਆ ਅਤੇ ਆਮ ਨਾਗਰਿਕਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਗਈ ਤਾਂ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਵਾਂਗ ਉਹ ਵੀ ਬਹੁਤ ਤਣਾਅ ਵਿੱਚ ਸਨ।
ਰਾਸ਼ਟਰਪਤੀ, ਪ੍ਰਧਾਨ ਮੰਤਰੀ, ਚੀਫ਼ ਸੈਕਰੇਟਰੀ ਸਾਰਿਆਂ ਦੇ ''ਹੁਕਮ'' ਸਨ ਕਿ ਪਤਾ ਕਰੋ ਇਹ ਕੌਣ ਕਰ ਰਿਹਾ ਹੈ।
ਇਹ ਸਾਰੀਆਂ ਵਾਰਦਾਤਾਂ ਰਾਤ ਨੂੰ ਦੋ ਤੋਂ ਪੰਜ ਵਜੇ ਦੇ ਦਰਮਿਆਨ ਹੁੰਦੀਆਂ ਸਨ ਤੇ ਸਵੇਰੇ ਇਨ੍ਹਾਂ ਬਾਰੇ ਪਤਾ ਚੱਲਦਾ ਸੀ। ਰਾਤ ਨੂੰ ਕਿਸੇ ਦਾ ਸਿਰ ਕੁਚਲ ਕੇ ਕਤਲ ਕਰ ਦਿੱਤਾ ਜਾਂਦਾ ਸੀ।
''ਇੰਨਾ ਭਿਆਨਕ ਮਾਹੌਲ ਬਣ ਗਿਆ ਸੀ ਕਿ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਇੱਕ-ਅੱਧਾ ਵੀ ਨਹੀਂ ਸਗੋਂ ਕਿਤੇ ਤਿੰਨ ਕਿਤੇ ਚਾਰ ਕਤਲ ਹੋ ਰਹੇ ਸਨ। ਜਿਨ੍ਹਾਂ ਦਾ ਕਤਲ ਹੋ ਜਾਂਦਾ ਸੀ ਉਨ੍ਹਾਂ ਦੇ ਇੰਨੀਆਂ ਗੰਭੀਰ ਸੱਟਾਂ ਹੁੰਦੀਆਂ ਸਨ ਜਿਵੇਂ ਕਿਸੇ ਨੇ ਬਹੁਤ ਮੋਟੀ ਤੇ ਭਾਰੀ ਚੀਜ਼ ਨਾਲ ਮਾਰਿਆ ਹੋਵੇ।”
“ਜ਼ਿਆਦਾਤਰ ਔਰਤਾਂ ਦੱਖਣੀ ਜ਼ਿਲ੍ਹੇ ਕੈਂਟ ਰੇਲਵੇ ਸਟੇਸ਼ਨ, ਸਿਟੀ ਰੇਲਵੇ ਸਟੇਸ਼ਨ ਜਾਂ ਕੋਰੰਗੀ ਵਿੱਚ ਹੋਈਆਂ ਸਨ, ਜਿੱਥੇ ਮਜ਼ਦੂਰ ਅਤੇ ਬੇਘਰੇ ਲੋਕ ਰਹਿੰਦੇ ਸਨ।''
ਇਹ ਵੀ ਪੜ੍ਹੋ:
ਆਫ਼ਤਾਬ ਨਬੀ ਅੱਗੇ ਕਹਿੰਦੇ ਹਨ, ''ਇਹ ਇੱਕ ਅਜਿਹੀ ਸਮੱਸਿਆ ਬਣ ਗਈ ਸੀ ਜਿਸ ਨੂੰ ਤੁਸੀਂ ਅੱਤਵਾਦ ਵੀ ਕਹਿ ਸਕਦੇ ਹੋ। ਉਸ ਸਮੇਂ ਜੁਰਮ ਆਮ ਹੁੰਦੇ ਸਨ, ਹਾਲਾਂਕਿ ਜੋ ਦਹਿਸ਼ਤ ਇਨ੍ਹਾਂ ਘਟਨਾਵਾਂ ਨਾਲ ਫ਼ੈਲੀ ਉਹ ਪਹਿਲਾਂ ਕਦੇ ਨਹੀਂ ਸੀ ਦੇਖੀ ਗਈ। ਮੈਂ ਖ਼ੁਦ ਵੀ ਰਾਤ ਨੂੰ ਪੈਟਰੋਲਿੰਗ ਸ਼ੁਰੂ ਕਰ ਦਿੱਤੀ ਪਰ ਕੰਮ ਪੁਲਿਸ ਦਾ ਸੀ। ਸਾਡਾ ਕੰਮ ਤਾਂ ਸੰਬੰਧਿਤ ਦਫ਼ਤਰਾਂ ਨੂੰ ਜਾਣਕਾਰੀ ਮੁਹਈਆ ਕਰਵਾਉਣਾ ਸੀ।''
ਉਨ੍ਹਾਂ ਨੇ ਦੱਸਿਆ ਕਿ ਸਿੰਧ ਵਿੱਚ ਕੁਝ ਸਫ਼ਲਤਾ ਜ਼ਰੂਰ ਮਿਲੀ ਪਰ ਨਤੀਜੇ ਇੰਨੇ ਗੁਪਤ ਰੱਖੇ ਗਏ ਕਿ ਉਨ੍ਹਾਂ ਨੂੰ ਵੀ ਅਧਿਕਾਰਿਤ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ। ਫਿਰ ਖ਼ੁਦ ਹੀ ਘਟਨਾਵਾਂ ਬੰਦ ਹੋ ਗਈਆਂ।
ਸਿੰਧ ਦੇ ਸਾਬਕਾ ਆਈਜੀ ਅਫ਼ਜ਼ਲ ਸ਼ਿਗਰੀ ਨੇ ਦੱਸਿਆ ਕਿ ਜਦੋਂ ਕਰਾਚੀ ਵਿੱਚ ਹਥੌੜਾ ਗੈਂਗ ਸਰਗਰਮ ਹੋਇਆ ਤਾਂ ਪੰਜਾਬ ਵਿੱਚ ਸੀਰੀਅਲ ਕਿਲਰ ਦੀਆਂ ਘਟਨਾਵਾਂ ਹੋ ਚੁੱਕੀਆਂ ਸਨ। ਇਸ ਲਈ ''ਅਸੀਂ ਸਿੰਧ ਪੁਲਿਸ ਨਾਲ ਜਾਂਚ ਦੇ ਨੋਟਸ ਸਾਂਝੇ ਕੀਤੇ।''
ਉਹ ਕਹਿੰਦੇ ਹਨ, ''ਜੇ ਹਥੌੜਾ ਗੈਂਗ ਪਿੱਛੇ ਕਿਸੇ ਦੁਸ਼ਮਣ ਦੇਸ਼ ਦਾ ਹੱਥ ਸੀ ਅਤੇ ਉਹ ਡਰ ਫੈਲਾਉਣਾ ਚਾਹੁੰਦੇ ਸਨ ਤਾਂ ਇਹ ਸੰਭਾਵਨਾ ਵੀ ਹੋ ਸਕਦੀ ਹੈ ਕਿ ਕਰਾਚੀ ਵਿੱਚ ਵੀ ਉਹੀ ਤਰੀਕਾ ਵਰਤਿਆ ਗਿਆ ਸੀ।''
ਹਥੌੜਾ ਗੈਂਗ ਨੇ ਵੀ ਇਸ ਨੂੰ ਖੌਫ਼ ਫੈਲਾਉਣ ਦਾ ਸੌਖਾ ਤਰੀਕਾ ਸਮਝਦਿਆਂ ਕਰਾਚੀ ਵਿੱਚ ਵੀ ਇਸ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਦੋਸਤ ਅਲੀ ਬਲੋਚ ਪੁਲਿਸ ਦੀ ਐਂਟੀ ਟੈਰੋਰਿਸਟ ਵਿੰਗ ਅਤੇ ਕਰਾਚੀ ਪੁਲਿਸ ਵਿਭਾਗ ਦੇ ਸਪੈਸ਼ਲ ਬਰਾਂਚ ਦੇ ਐਸਪੀ ਵੀ ਰਹੇ ਹਨ।
ਦੋਸਤ ਅਲੀ ਬਲੋਚ 1997 ਤੋਂ ਲੈਕੇ ਕਈ ਸਾਲਾਂ ਤੱਕ ਕਰਾਚੀ ਦੇ ਕਈ ਹਾਈ ਪ੍ਰੋਫ਼ਾਈਲ ਕੇਸਾਂ ਦੀ ਜਾਂਚ ਵਿੱਚ ਸ਼ਾਮਲ ਰਹੇ ਹਨ।
ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਕਤਲ ਤੇ ਅਗਵਾ ਕੀਤੇ ਜਾਣ ਅਤੇ ਕਤਲ ਦੀ ਵਾਰਦਾਤ ਦੀ ਘਟਨਾ ਮੌਕੇ ਵੀ ਉਹ ਕਰਾਚੀ ਵਿੱਚ ਸਨ।
ਹਥੌੜਾ ਗੈਂਗ ਦੇ ਘਟਨਾਕ੍ਰਮ ਮੌਕੇ ਉਹ ਕਰਾਚੀ ਵਿੱਚ ਨਵੇਂ-ਨਵੇਂ ਤਾਇਨਾਤ ਹੋਏ ਸਨ।
ਹਥੌੜਾ ਗੈਂਗ ਦੀ ਸੱਚਾਈ
ਦੋਸਤ ਅਲੀ ਬਲੋਚ ਦੱਸਦੇ ਹਨ,'' ਜਦੋਂ ਐਂਟੀ ਟੈਰੋਰਿਸਟ ਵਿੰਗ ਨੂੰ ਸੰਗਠਿਤ ਕੀਤਾ ਗਿਆ ਤਾਂ ਅਸੀਂ ਸੇਵਾ ਮੁਕਤ ਹੋ ਚੁੱਕੇ ਆਪਰੇਟਰਾਂ ਨੂੰ ਮੁੜ ਇੰਗੇਜ ਕੀਤਾ ਸੀ। ਮੇਰੀਆਂ ਨਜ਼ਰਾਂ ਵਿੱਚੋਂ ਜੋ ਰਿਕਾਰਡ ਗੁਜ਼ਰੇ, ਉਨ੍ਹਾਂ ਤੋਂ ਪਤਾ ਲੱਗਿਆ ਕਿ ਕਿਸੇ ਏਜੰਸੀ ਨੇ ਲੰਬੇ ਸਮੇਂ ਤੱਕ ਨਿਗਰਾਨੀ ਤੋਂ ਬਾਅਦ ਪਾਕ-ਲਿਬੀਆ ਹੋਲਡਿੰਗ ਨਾਮ ਦੇ ਇਨਵੈਸਟਮੈਂਟ ਵੇਂਚਰ ਨਾਲ ਜੁੜੇ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਿਸ ਨੂੰ ਮੁੱਖ ਸ਼ੱਕੀ ਵਜੋਂ ਲਿਸਟ ਡਾਊਨ ਕੀਤਾ ਗਿਆ ਸੀ, ਜੋ ਲਿਬੀਆ ਦਾ ਨਾਗਰਿਕ ਸੀ।''
ਪਾਕ-ਲਿਬੀਆ ਹੋਲਡਿੰਗ ਇੱਕ ਕਿਸਮ ਦਾ ਨਿਵੇਸ਼ ਬੈਂਕ ਸੀ। ਉਸ ਸਮੇਂ ਜਿਸ ਤਰ੍ਹਾਂ ਸ਼ੇਖ ਜਾਯਦ ਪ੍ਰਸ਼ਾਸਨ ਨੇ ਸ਼ੇਖ ਜਯਾਦ ਫਾਊਂਡੇਸ਼ਨ ਬਣਾਈ ਸੀ ਤੇ ਕੁਵੈਤ ਫੰਡ ਦੀ ਸਥਾਪਨਾ ਕੀਤੀ ਸੀ ਅਤੇ ਪਾਕ-ਸਾਊਦੀ ਇਨਵੈਸਟਮੈਂਟ ਬਣੀ ਸੀ, ਉਸੇ ਤਰ੍ਹਾਂ ਪਾਕ-ਲਿਬੀਆ ਹੋਲਡਿਗ ਵੀ ਕਾਰੋਬਾਰੀ ਅਧਾਰ 'ਤੇ ਕਾਇਮ ਕੀਤੀ ਗਈ ਇੱਕ ਸੰਸਥਾ ਸੀ।''
ਹਾਲਾਂਕਿ ਇਸ ਮੁਲਜ਼ਮ ਨੰ ਯੱਕ ਲਖ਼ਤ ਗ੍ਰਿਫ਼ਤਾਰ ਨਹੀਂ ਕਰ ਲਿਆ ਗਿਆ ਸਗੋਂ ਲੰਬੀ ਨਿਗਰਾਨੀ ਅਤੇ ਕਾਫ਼ੀ ਸਬੂਤ ਇਕੱਠੇ ਕਰਨ ਤੋਂ ਬਾਅਦ ਇਸ ਨੂੰ ਫੜਿਆ ਗਿਆ।
ਦੋਸਤ ਅਲੀ ਬਲੋਚ ਤੋਂ ਇਹ ਸੰਕੇਤ ਮਿਲਣ ਤੋਂ ਬਾਅਦ ਇੱਕ ਸੀਨੀਅਰ ਅਫ਼ਸਰ ਨਾਮ ਨਾ ਛਾਪਣ ਦੀ ਸ਼ਰਤ ’ਤੇ ਸਿਰਫ਼ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਫ਼ਸਰ ਦਾ ਨਾਮ ਦੱਸਣ ਲਈ ਤਿਆਰ ਹੋਇਆ। ਉਹ ਨਾਮ ਸੀ, 'ਕਰਨਲ ਸਈਦ।'
ਕਰਨਲ ਸਈਦ ਕੌਣ ਹਨ?
ਇਹ ਹਥੌੜਾ ਗੈਂਗ ਦੇ ਅਪਰਾਧੀਆਂ ਨੂੰ ਫੜਨ ਲਈ ਚਲਾਏ ਗਏ ਪੁਲਿਸ ਅਤੇ ਜਾਂਚ ਅਧਿਕਾਰੀਆਂ ਦੇ ਜੁਆਇੰਟ ਆਪਰੇਸ਼ਨ ਦੇ ਮੁੱਖ ਕਿਰਦਾਰ ਸਨ।
ਉਹ ਅਕਤੂਬਰ 1961 ਵਿੱਚ ਫ਼ੌਜ ਦੀ ਬਲੋਚ ਰੈਜੀਮੈਂਟ ਵਿੱਚ ਸ਼ਾਮਲ ਹੋਏ ਪਰ ਜਲਦੀ ਹੀ ਉਨ੍ਹਾਂ ਨੂੰ ਫ਼ੌਜ ਦੇ ਸਪੈਸ਼ਲ ਸਰਵਿਸ ਗਰੁੱਪ ਵਿੱਚ ਸ਼ਾਮਲ ਕਰ ਲਿਆ ਗਿਆ। ਐਸਐਸਜੀ ਕਰਮੀਆਂ ਤੇ ਅਫ਼ਸਰਾਂ ਨੂੰ ਖਾਸ ਸਿਖਲਾਈ (ਕਮਾਂਡੋ ਟਰੇਨਿੰਗ) ਦਿੱਤੀ ਜਾਂਦੀ ਹੈ।
15 ਅਪ੍ਰੈਲ 1985 ਨੂੰ ਜਦੋਂ ਸਰ ਸਯਦ ਗਰਲਜ਼ ਕਾਲਜ ਦੀ ਵਿਦਿਆਰਥਣ ਬੁਸ਼ਰਾ ਜ਼ੈਦੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਭੜਕੀ ਹਿੰਸਾ ਬੇਕਾਬੂ ਹੋ ਗਈ। ਫਿਰ ਕਰਾਚੀ ਪੁਲਿਸ ਅਤੇ ਪ੍ਰਸ਼ਾਸਨ ਨੇ ਫ਼ੌਜ ਦੇ ਕੁਝ ਐਨਐਸਜੀ ਸਿਖਲਾਈ ਪ੍ਰਾਪਤ ਅਫ਼ਸਰਾਂ ਨੂੰ ਸਿੰਧ ਪੁਲਿਸ ਨੂੰ ਸਿਖਲਾਈ ਲਈ ਭੇਜਣ ਦੀ ਮੰਗ ਕੀਤੀ ਸੀ।
ਜਿਹੜੇ ਅਫ਼ਸਰਾਂ ਦੀ ਇਸ ਕੰਮ ਲਈ ਨਿਸ਼ਾਨਦੇਹੀ ਕੀਤੀ ਗਈ ਕਰਨਲ ਸਈਅਦ ਉਨ੍ਹਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਸਈਅਦਾਬਾਦ ਦੇ ਪੁਲਿਸ ਟਰੇਨਿੰਗ ਸੈਂਟਰ ਦਾ ਮੁਖੀ ਲਗਾਇਆ ਗਿਆ।
ਕਰਨਲ ਸਈਦ ਨੇ ਮੈਨੂੰ ਦੱਸਿਆ ਕਿ ਜਦੋਂ ਹਥੌੜਾ ਗੈਂਗ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਤਾਂ ਸਿੰਧ ਦੇ ਤਤਕਾਲੀ ਆਈਜੀ ਆਗਾ ਸਅਦਤ ਅਲੀ ਸ਼ਾਹ ਨੇ ਮੈਨੂੰ ਬੁਲਾ ਕੇ ਕਿਹਾ ਕਿ ਤੁਸੀਂ ਇਹ ਗ੍ਰਿਫ਼ਤਾਰੀ ਕਰਨੀ ਹੈ ਕਿਉਕਿ ਸਿੰਧ ਦੇ ਕਿਸੇ ਪੁਲਿਸ ਅਫ਼ਸਰ ਕੋਲ ਐਨਐਸਜੀ ਟਰੇਨਿੰਗ ਨਹੀਂ ਸੀ।
ਕਰਨਲ ਸਈਦ ਕਹਿੰਦੇ ਹਨ, ''ਮੈਂ ਸਾਫ਼ ਮਨ੍ਹਾਂ ਕਰ ਦਿੱਤਾ ਕਿ ਜਿਸ ਦੇਸ਼ ਵਿੱਚ ਪ੍ਰਧਾਨ ਮੰਤਰੀ ਨੂੰ ਫ਼ਾਂਸੀ ਹੋ ਗਈ। ਉਥੇ ਮੈਂ ਆਪਣੇ ਕਾਰਜਖੇਤਰ ਤੋਂ ਬਾਹਰ ਜਾ ਕੇ ਕੰਮ ਕਿਵੇਂ ਕਰ ਸਕਦਾ ਹਾਂ। ਫਿਰ ਮੈਂ ਕਿਹਾ ਕਿ ਕਿਸੇ ਹਾਈ ਅਥਾਰਟੀ ਤੋਂ ਮੈਨੂੰ ਹੁਕਮ ਦਵਾਉਣ।''
''ਉਨ੍ਹਾਂ ਨੂੰ ਮਨਾਂ ਕੀਤੇ ਜਾਣ ਤੋਂ ਬਾਅਦ ਆਈਬੀ ਦੇ ਤਤਕਾਲੀ ਮੁਖੀ ਬ੍ਰਿਗੇਡੀਅਰ ਨੇਕ ਮੁਹੰਮਦ ਨੇ ਮੈਨੂੰ ਸੰਪਰਕ ਕੀਤਾ ਅਤੇ ਕਿਹਾ ਕਿ ਗ੍ਰਿਫ਼ਤਾਰੀ ਕਰਨੀ ਹੈ। ਮੈਂ ਉਨ੍ਹਾਂ ਨੂੰ ਵੀ ਇਹੀ ਕਿਹਾ ਕਿ ਤੁਸੀਂ ਫ਼ੌਜੀ ਅਫ਼ਸਰ ਹੋ ਅਤੇ ਮੈਂ ਸਿੰਧ ਪੁਲਿਸ ਵਿੱਚ ਹਾਂ। ਤੁਸੀਂ ਮੇਰੇ ਕਮਾਂਡਰ ਨਹੀਂ ਹੋ। ਆਈਜੀ ਸਿੰਧ ਮੇਰੇ ਕਮਾਂਡਰ ਹਨ।”
“ਮੈਂ ਸਿੱਧਾ ਤੁਹਾਡਾ ਹੁਕਮ ਕਿਵੇਂ ਮੰਨ ਲਵਾਂ। ਗੜਬੜ ਹੋ ਗਈ ਤਾਂ ਕੋਈ ਸਾਥ ਨਹੀਂ ਦਿੰਦਾ।''
ਉਨ੍ਹਾਂ ਨੇ ਦਾਅਵਾ ਕੀਤਾ,"ਉਸ ਤੋਂ ਬਾਅਦ ਮੈਨੂੰ ਸਿੰਧ ਦੇ ਤਤਕਾਲੀ ਰਾਜਪਾਲ ਅਤੇ ਡਿਪਟੀ ਮਾਰਸ਼ਲ ਐਡਮਿਨਿਸਟ੍ਰੇਟਰ ਜਨਰਲ ਜਹਾਂਦਾਦ ਖਾਨ ਨੇ ਬੁਲਾਇਆ। ਉਨ੍ਹਾਂ ਨੇ ਵੀ ਮੈਨੂੰ ਇਹੀ ਆਖਿਆ ਕਿ ਲੀਬੀਆਈ ਆਰੋਪੀ ਨੂੰ ਗ੍ਰਿਫ਼ਤਾਰ ਕਰਨਾ ਹੈ। ਮੈਂ ਆਖਿਆ," ਸਰ ਮੇਰੇ ਛੋਟੇ ਛੋਟੇ ਬੱਚੇ ਹਨ। ਮੈਂ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਕੰਮ ਕਿਵੇਂ ਕਰ ਸਕਦਾ ਹਾਂ? ਜੇਕਰ ਕੋਈ ਊਚ ਨੀਚ ਹੋ ਗਈ?"
ਇਸ ਤੋਂ ਬਾਅਦ ਜਨਰਲ ਜਹਾਂਦਾਦ ਖਾਨ ਨੇ ਆਖਿਆ,"ਦੇਸ਼ ਦੇ ਹਿੱਤ ਵਿੱਚ ਤੁਸੀਂ ਆਪਣੀ ਜ਼ਿੰਮੇਵਾਰੀ ਲੈ ਕੇ ਕਰ ਦਿਓ। ਮੈਂ ਤੁਹਾਡੇ ਨਾਲ ਖੜਾ ਹਾਂ। ਉਸ ਬਾਅਦ ਮੈਂ ਹਾਂ ਕਰ ਦਿੱਤੀ।"
ਮਾਮਲਾ ਕਿਵੇਂ ਖੁੱਲ੍ਹਿਆ
ਕਰਨਲ ਸਈਅਦ ਨੇ ਦਾਅਵਾ ਕੀਤਾ ਕਿ ਖੁਫੀਆ ਜਾਣਕਾਰੀ ਮੁਤਾਬਕ ਲਿਬੀਆ ਹੋਲਡਿੰਗ ਬੈਂਕ ਦਾ ਪ੍ਰਭਾਰੀ ਅਮਾਰ ਨਾਮ ਦਾ ਇੱਕ ਆਰੋਪੀ ਸੀ ਅਤੇ ਉਹੀ ਹਥੌੜਾ ਗੈਂਗ ਦਾ ਹੈ ਸਭ ਕੁਝ ਸੀ।
ਇਸ ਸਵਾਲ ਉੱਪਰ ਕਿ ਲੀਬੀਆ ਤਾਂ ਪਾਕਿਸਤਾਨ ਦਾ ਦੋਸਤ ਦੇਸ਼ ਹੈ, ਉਸ ਨੂੰ ਪਾਕਿਸਤਾਨ ਵਿੱਚ ਅੱਤਵਾਦ ਨਾਲ ਕੀ ਫ਼ਾਇਦਾ ਹੋ ਸਕਦਾ ਹੈ?
ਕਰਨਲ ਸਈਦ ਦੱਸਦੇ ਹਨ," ਉਸ ਵੇਲੇ ਅਮਰੀਕਾ ਦੇ ਨਾਲ ਸਾਡੇ ਸਬੰਧ ਬਹੁਤ ਵਧੀਆ ਸਨ ਅਤੇ ਲਿਬੀਆ ਇਸ ਨੂੰ ਪਸੰਦ ਨਹੀਂ ਕਰਦਾ ਸੀ।"
ਦੋਸਤ ਅਲੀ ਬਲੋਚ ਨੇ ਸਪਸ਼ਟ ਕਰਦੇ ਹੋਏ ਦੱਸਿਆ ਕਿ ਅਧਿਕਾਰੀਆਂ ਦੀ ਰਾਇ ਵਿੱਚ ਇਹ ਲਿਬੀਆ ਦੀ ਅਧਿਕਾਰਿਕ ਰਣਨੀਤੀ ਨਹੀਂ ਸੀ।
ਕੁਝ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਵਿੱਚ ਰੂਸੀ ਫ਼ੌਜੀ ਦਖ਼ਲਅੰਦਾਜ਼ੀ ਤੋਂ ਬਾਅਦ ਅਮਰੀਕਾ ਅਤੇ ਅਫ਼ਗਾਨ ਵਿਰੋਧੀਆਂ ਪ੍ਰਤੀ ਹਮਦਰਦੀ ਰੱਖਦਾ ਸੀ ਅਤੇ ਇਹ ਰੂਸ ਪੱਖੀ ਅਫ਼ਗ਼ਾਨ ਸਰਕਾਰ ਸਮੇਤ ਕਈ ਦੇਸ਼ਾਂ ਨੂੰ ਪਸੰਦ ਨਹੀਂ ਸੀ।
ਦੋਸਤ ਅਲੀ ਬਲੋਚ ਨੇ ਦਾਅਵਾ ਕੀਤਾ ਕਿ ਉਸ ਸਮੇਂ ਤਾਂ 'ਸੋਵੀਅਤ ਸਾਮਰਾਜ' ਵੀ ਉਨ੍ਹਾਂ ਨੂੰ ਭਰਤੀ ਕਰ ਕੇ ਵਰਤ ਸਕਦਾ ਸੀ।
ਉਸ ਵੇਲੇ ਲੋਕਾਂ ਨੂੰ ਨਿਵੇਸ਼ ਲਈ ਡਿਪਲੋਮੈਟਿਕ ਵੀਜ਼ਾ ਮਿਲ ਜਾਂਦਾ ਸੀ।
ਉਨ੍ਹਾਂ ਨੇ ਆਖਿਆ, "ਹਥੌੜਾ ਗੈਂਗ ਅਲਗ ਤੌਰ 'ਤੇ ਕੁਝ ਨਹੀਂ ਸੀ। ਉਹ ਇੱਕ ਵੱਡੇ ਰਹੱਸ ਦਾ ਹਿੱਸਾ ਸੀ ਜਿਸ ਦਾ ਮਕਸਦ ਰਾਤੋ-ਰਾਤ ਨਤੀਜੇ ਹਾਸਲ ਕਰਨਾ ਵੀ ਨਹੀਂ ਹੋ ਸਕਦਾ ਸੀ। ਜਦੋਂ ਤੁਸੀਂ ਅੱਤਵਾਦ ਦੀਆਂ ਘਟਨਾਵਾਂ ਨੂੰ ਵੱਖ ਵੱਖ ਕਰਕੇ ਦੇਖਦੇ ਹੋ ਤਾਂ ਕੁਝ ਸਮਝ ਨਹੀਂ ਆਉਂਦਾ ਪਰ ਜੇਕਰ ਸਾਰੀਆਂ ਕੜੀਆਂ ਨੂੰ ਜੋੜਿਆ ਜਾਵੇ ਤਾਂ ਸਮਝ ਆਉਂਦਾ ਹੈ ਕਿ ਇਹ ਇੱਕ ਵੱਡੇ ਖੇਡ ਦਾ ਹਿੱਸਾ ਹੈ।"
ਪੱਤਰਕਾਰ ਮਜ਼ਹਰ ਅੱਬਾਸ ਨੇ ਦੱਸਿਆ, "ਮੈਨੂੰ 2009 ਵਿੱਚ ਏਆਰਵਾਈ ਟੀਵੀ, ਦੀ ਇੱਕ ਇੰਟਰਵਿਊ ਜੋ ਕਿ ਯੂਟਿਊਬ ਉਪਰ ਵੀ ਮੌਜੂਦ ਹੈ ਉਸ ਵਿੱਚ ਆਈਐਸਆਈ ਦੇ ਸਾਬਕਾ ਮੁਖੀ ਜਨਰਲ ਹਮੀਦ ਗੁਲ ਨੇ ਦੱਸਿਆ ਸੀ ਕਿ ਸੋਵੀਅਤ ਸੰਘ ਦੇ ਸ਼ਾਸਕ ਗਾਬਰਾਚੋਵ ਦਾ ਇਕ ਨੁਮਾਇੰਦਾ ਪਾਕਿਸਤਾਨ ਆਇਆ ਸੀ। ਉਸ ਨੇ ਪਾਕਿਸਤਾਨ ਸਰਕਾਰ ਉੱਤੇ ਜ਼ੋਰ ਦਿੱਤਾ ਸੀ ਕਿ ਰੂਸੀ ਸਰਕਾਰ ਚਾਹੁੰਦੀ ਹੈ ਕਿ ਪਾਕਿਸਤਾਨ ਵਿੱਚ ਅਗਲੀਆਂ ਆਮ ਚੋਣਾਂ ਨੂੰ ਫਿਲਹਾਲ ਅੱਗੇ ਪਾ ਦਿੱਤਾ ਜਾਵੇ।"
ਉਹ ਆਖਦੇ ਹਨ, "ਸ਼ਾਇਦ ਇਸ ਦਾ ਵੀ ਇਸ ਸਾਰੇ ਘਟਨਾਕ੍ਰਮ ਨਾਲ ਕੋਈ ਸੰਬੰਧ ਹੋ ਸਕਦਾ ਹੈ। ਕਿਉਂਕਿ ਇਹ ਸਾਰਾ ਕੁਝ ਉਸ ਵੇਲੇ ਹੋ ਰਿਹਾ ਸੀ ਜਦੋਂ ਅਫ਼ਗਾਨ ਸ਼ਰਨਾਰਥੀਆਂ ਦਾ ਆਉਣਾ ਜਾਰੀ ਸੀ ਅਤੇ ਪਾਕਿਸਤਾਨ ਦੇ ਲੋਕ ਪਹਿਲੀ ਵਾਰ ਹੈਰੋਇਨ ਵਰਗੇ ਨਸ਼ੇ ਨਾਲ ਜਾਣੂ ਹੋ ਰਹੇ ਸਨ।"
ਇਹ ਵੀ ਪੜ੍ਹੋ:
ਇਥੋਂ ਦੀ ਕਰਾਚੀ ਇੱਕ ਵੱਡੀ ਆਬਾਦੀ ਦੇ ਰੂਪ ਵਿੱਚ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਲਈ ਇਕ ਮੁੱਖ ਬਾਜ਼ਾਰ ਬਣ ਸਕਦਾ ਸੀ। ਹੋ ਸਕਦਾ ਹੈ ਕਿ ਹਥੌੜਾ ਗੈਂਗ ਦਾ ਅਜਿਹੀ ਕਿਸੇ ਨੈੱਟਵਰਕ ਨਾਲ ਕੋਈ ਰਿਸ਼ਤਾ ਹੋਵੇ।
ਹਥੌੜਾ ਗੈਂਗ ਦੇ ਕੰਮ ਕਰਨ ਦਾ ਤਰੀਕਾ
ਕਰਨਲ ਸਈਦ ਨੇ ਦਾਅਵਾ ਕੀਤਾ ਕਿ ਇਸ 'ਸੰਗਠਿਤ ਨੈੱਟਵਰਕ' ਵਿੱਚ ਕਈ ਪਾਕਿਸਤਾਨੀ ਵੀ ਸ਼ਾਮਲ ਸਨ। "ਜੋ ਪਾਕਿਸਤਾਨ ਵਿੱਚ ਮੌਜੂਦ ਸਨ ਉਹ ਵੀ, ਜੋ ਲੀਬੀਆ ਵਿਚ ਮੌਜੂਦ ਸਨ ਉਹ ਵੀ।"
ਦੋਸਤ ਅਲੀ ਬਲੋਚ ਨੇ ਪੁਸ਼ਟੀ ਕੀਤੀ ਕਿ "ਸਥਾਨਕ ਇਨਫ੍ਰਾਸਟਰੱਕਚਰ ਮੌਜੂਦ ਹੁੰਦਾ ਹੀ ਹੈ ਅਤੇ ਸਾਰਾ ਕੁਝ ਵਿਦੇਸ਼ ਤੋਂ ਨਹੀਂ ਮਿਲਦਾ।"
ਕਰਨਲ ਸਈਦ ਆਖਦੇ ਹਨ," ਖੂਫੀਆ ਜਾਣਕਾਰੀ ਮੁਤਾਬਕ ਲੀਬੀਆ ਵਿਚ ਰਹਿਣ ਵਾਲੇ ਸਾਡੇ ਪਾਕਿਸਤਾਨੀ ਲੋਕਾਂ ਨੂੰ ਪਾਕਿਸਤਾਨ ਲਿਆਂਦਾ ਜਾਂਦਾ ਸੀ। ਇੱਥੇ ਆਈਬੀ ਦੇ ਅਧਿਕਾਰੀ ਦੇ ਨਾਲ ਮਿਲੀਭੁਗਤ ਦੇ ਕਾਰਨ ਉਨ੍ਹਾਂ ਨੂੰ ਹਵਾਈ ਅੱਡੇ ਉੱਪਰ ਹਰ ਸਹੂਲਤ ਦਿੱਤੀ ਜਾਂਦੀ ਸੀ।”
“ਸ਼ਾਮ ਨੂੰ ਲਿਬੀਆ ਤੋਂ ਉਡਾਣ ਆਉਂਦੀ ਸੀ। ਰਾਤ ਨੂੰ ਉਹ ਲੋਕਾਂ ਦੇ ਕਤਲ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਰਾਤ ਨੂੰ ਹੀ ਵਾਪਸ ਚਲੇ ਜਾਂਦੇ ਸਨ। ਇਹ ਲੋਕ ਕਰਾਚੀ ਜਾਂ ਪਾਕਿਸਤਾਨ ਦੇ ਜਿਸ ਇਲਾਕੇ ਦੇ ਹੀ ਰਹਿਣ ਵਾਲੇ ਹੁੰਦੇ ਸਨ, ਉੱਥੇ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ।"
ਗ੍ਰਿਫ਼ਤਾਰੀ ਕਿਵੇਂ ਹੋਈ?
ਕਰਨਲ ਸਈਦ ਦਾ ਕਹਿਣਾ ਹੈ ਕਿ ਖੂਫੀਆ ਜਾਣਕਾਰੀ ਮੁਤਾਬਕ ਕਥਿਤ ਤੌਰ 'ਤੇ ਹਥੌੜਾ ਗੈਂਗ ਦੇ ਮੁਖੀ ਅਮਾਰ ਦਾ ਟਿਕਾਣਾ ਕਰਾਚੀ ਦੇ ਡਿਫੈਂਸ ਇਲਾਕੇ ਦੇ ਕੋਲ ਸੀ। ਉਹ ਆਪਣੇ ਟਿਕਾਣੇ ਤੱਕ ਪਹੁੰਚਣ ਵਾਸਤੇ ਇਸ ਰਾਹ ਦੀ ਵਰਤੋਂ ਕਰਦੇ ਸੀ।
ਉਹ ਆਖਦੇ ਹਨ," ਮੈਂ ਉਸ ਇਲਾਕੇ ਦੀ ਜਾਸੂਸੀ ਕੀਤੀ ਸੀ। ਅਮਾਰ ਨਾਮ ਦਾ ਇਹ ਮੁਲਜ਼ਮ ਅਨਪੜ੍ਹ ਸੀ ਅਤੇ ਆਪਣੇ ਡਰਾਈਵਰ ਦੇ ਨਾਲ ਆਉਣ-ਜਾਣ ਕਰਦਾ ਸੀ।"
"ਉਸ ਜਗ੍ਹਾ ਤੋਂ ਰਾਤ ਤਿੰਨ ਅਲੱਗ ਅਲੱਗ ਦਿਸ਼ਾਵਾਂ ਵੱਲ ਮੁੜਦੇ ਸਨ। ਮੈਂ ਸਵੇਰੇ ਹੀ ਤਿੰਨਾਂ ਸੜਕਾਂ ਉੱਤੇ ਨਾਕਾਬੰਦੀ ਕਰਾ ਦਿੱਤੀ। ਉਹ ਨੀਲੇ ਰੰਗ ਦੀ ਸੈਲੂਨ ਕਾਰ ਵਿੱਚ ਸਵਾਰ ਸੀ। ਜਿਵੇਂ ਹੀ ਉਹ ਉੱਥੋਂ ਨਿਕਲੇ, ਮੈਂ ਉਨ੍ਹਾਂ ਨੂੰ ਰੋਕਿਆ। ਜਿਵੇਂ ਹੀ ਗੱਡੀ ਰੁਕੀ ਉਸ ਨੇ ਪਿਸਤੌਲ ਕੱਢ ਲਈ ਸੀ। ਮੇਰੇ ਨਾਲ ਬੈਠੇ ਇੱਕ ਅਧਿਕਾਰੀ ਨੇ ਵੀ ਕੁਹਾੜੀ ਨਾਲ ਦਰਵਾਜ਼ਾ ਤੋੜ ਕੇ ਉਸ ਨੂੰ ਬਾਹਰ ਖਿੱਚ ਲਿਆ।"
ਉਹ ਅੱਗੇ ਦੱਸਦੇ ਹਨ ਕਿ ਅਮਾਰ ਉੱਤੇ ਕਾਬੂ ਪਾਉਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਗਿਆ। ਉਥੇ ਆਸ-ਪਾਸ ਘਰਾਂ ਵਿੱਚ ਚੌਕੀਦਾਰ ਵਗੈਰਾ ਵੀ ਮੌਜੂਦ ਸਨ ਜੋ ਸਾਨੂੰ ਵੇਖ ਰਹੇ ਸਨ। ਅਸੀਂ ਉਸ ਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਅਧਿਕਾਰੀਆਂ ਨੂੰ ਸੌਂਪ ਦਿੱਤਾ।
ਬਾਅਦ ਵਿੱਚ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਅਪਰਾਧ ਕਬੂਲ ਲਿਆ ਅਤੇ ਇਹ ਵੀ ਦੱਸਿਆ ਕਿ ਪਾਕਿਸਤਾਨ ਦਾ ਇੱਕ ਆਈਬੀ ਅਧਿਕਾਰੀ ਵੀ ਉਸ ਨਾਲ ਮਿਲਿਆ ਹੋਇਆ ਸੀ ਅਤੇ ਉਹੀ ਉਸ ਦੀ ਹਵਾਈ ਅੱਡੇ ਤੋਂ ਆਉਣ-ਜਾਣ ਵਿਚ ਸਹਾਇਤਾ ਕਰਦਾ ਸੀ।
"ਜਾਂਚ ਵਿੱਚ ਜਦੋਂ ਉਸ ਅਧਿਕਾਰੀ ਦਾ ਨਾਮ ਆਇਆ ਤਾਂ ਸਬੰਧਿਤ ਅਧਿਕਾਰੀਆਂ ਨੇ ਉਸ ਤੋਂ ਪੁੱਛ ਗਿੱਛ ਕੀਤੀ। ਜਿਸ ਕਾਗਜ਼ ਉਤੇ ਅਮਾਰ ਨੇ ਆਪਣਾ ਕਬੂਲਨਾਮਾ ਦਿੱਤਾ ਸੀ, ਉਸ ਇੰਸਪੈਕਟਰ ਨੇ ਉਸ ਬਿਆਨ ਨੂੰ ਅਧਿਕਾਰੀਆਂ ਦੇ ਸਾਹਮਣੇ ਹੀ ਮੂੰਹ ਵਿੱਚ ਪਾ ਕੇ ਖਾ ਲਿਆ।"
ਪਰ ਪਾਕਿਸਤਾਨੀ ਅਧਿਕਾਰੀ ਦਾ ਤਾਂ ਕੀ ਹੀ ਹੋਣਾ ਸੀ। ਜਦੋਂ ਕਹਾਣੀ ਖੁੱਲ੍ਹੀ ਤਾਂ ਲਿਬੀਆਈ ਨਾਗਰਿਕਾਂ ਦੇ ਖ਼ਿਲਾਫ਼ ਨਾ ਕੋਈ ਕਾਨੂੰਨੀ ਕਾਰਵਾਈ ਹੋਈ ਅਤੇ ਨਾ ਹੀ ਉਨ੍ਹਾਂ ਦੇ ਖ਼ਿਲਾਫ਼ ਕੋਈ ਮੁਕੱਦਮਾ ਦਰਜ ਹੋਇਆ। ਉਨ੍ਹਾਂ ਨੂੰ ਨਾ ਪਸੰਦੀਦਾ ਵਿਅਕਤੀ ਕਰਾਰ ਕਰਕੇ ਲਿਬੀਆ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੋਲ ਡਿਪਲੋਮੈਟਿਕ ਵੀਜ਼ਾ ਹੋਣ ਕਾਰਨ ਉਨ੍ਹਾਂ ਕੋਲ ਡਿਪਲੋਮੈਟਿਕ ਇਮਿਊਨਿਟੀ ਸੀ।
ਕਰਨਲ ਸਈਦ ਨੇ ਦਾਅਵਾ ਕੀਤਾ ਕਿ ਉਨ੍ਹਾਂ ਵਿਅਕਤੀਆਂ ਦੀ ਗ੍ਰਿਫਤਾਰੀ ਹੋ ਜਾਣ ਤੋਂ ਬਾਅਦ ਦੇਸ਼ ਵਿੱਚ ਹਥੌੜਾ ਗੈਂਗ ਦੀ ਕੋਈ ਘਟਨਾ ਨਹੀਂ ਹੋਈ ਸੀ।
ਉਹ ਦੱਸਦੇ ਹਨ,"ਮੈਂ ਇਹ ਨਹੀਂ ਦੱਸ ਸਕਦਾ ਕਿ ਇਹ ਸਾਰਾ ਕੁਝ ਕਿਸ ਦੇ ਕਹਿਣ ਉਤੇ ਕੀਤਾ ਗਿਆ ਸੀ।"
ਦੋਸਤ ਅਲੀ ਬਲੋਚ ਆਖਦੇ ਹਨ,"ਜਦੋਂ ਅਸਲੀ ਮੁਲਜ਼ਮ ਫੜੇ ਗਏ ਤਾਂ ਉਸ ਤੋਂ ਬਾਅਦ ਸਥਾਨਕ ਗੈਂਗ ਤੋੜ ਦਿੱਤਾ ਗਿਆ।"
ਦੋਸਤ ਅਲੀ ਬਲੋਚ ਦੱਸਦੇ ਹਨ ਕਿ ਜੇ ਵਾਰਦਾਤ ਕੀਤੀ ਜਾਂਦੀ ਸੀ ਉਸ ਰਾਤ ਹਥੌੜਾ ਗੈਂਗ ਦੇ ਮੈਂਬਰਾਂ ਨੂੰ ਲਿਬੀਆ ਵਾਪਸ ਭੇਜਣ ਦੀ ਸਾਰੀ ਤਿਆਰੀ ਹੁੰਦੀ ਸੀ।
ਉਨ੍ਹਾਂ ਦਿਨਾਂ ਵਿੱਚ ਕੋਈ ਕੈਮਰਾ ਵਗੈਰਾ ਨਹੀਂ ਹੁੰਦੇ ਸਨ ਅਤੇ ਕਮਿਊਨੀਕੇਸ਼ਨ ਵੀ ਕੋਈ ਬਹੁਤ ਵਧੀਆ ਨਹੀਂ ਸੀ। ਸਾਨੂੰ ਇਹ ਬਾਅਦ ਵਿੱਚ ਪਤਾ ਲੱਗਿਆ ਕਿ ਕਿਸੇ ਨੇ ਸਾਨੂੰ ਆਪਣਾ ਦੁਸ਼ਮਣ ਚੁਣ ਲਿਆ ਹੈ ਪਰ ਸਾਨੂੰ ਪਤਾ ਹੀ ਨਹੀਂ ਸੀ।
ਬੀਬੀਸੀ ਆਪਣੀ ਪੇਸ਼ੇਵਰ ਜ਼ਿੰਮੇਵਾਰੀ ਸਮਝਦਾ ਹੈ ਕਿ ਇਸ ਮੁੱਦੇ ਉਤੇ ਲੀਬੀਆ,ਰੂਸ ਜਾਂ ਅਫਗਾਨ ਸਰਕਾਰ ਦਾ ਪੱਖ ਵੀ ਲਿਆ ਜਾਵੇ ਤਾਂ ਜੋ ਪਾਕਿਸਤਾਨੀ ਅਧਿਕਾਰੀਆਂ ਦੇ ਦਾਅਵਿਆਂ ਦਾ ਜਵਾਬ ਮਿਲੇ।
ਪਰ ਨਾ ਤਾਂ ਹੁਣ ਲਿਬੀਆ ਵਿਚ ਉਸ ਸਮੇਂ ਦੇ ਸ਼ਾਸਕ ਕਰਨਲ ਗੱਦਾਫ਼ੀ ਜ਼ਿੰਦਾ ਹਨ ਅਤੇ ਨਾ ਹੀ ਉਨ੍ਹਾਂ ਦੀ ਸਰਕਾਰ ਬਚੀ ਹੈ।
ਨਾ ਤਾਂ ਹੁਣ ਸੋਵੀਅਤ ਸੰਘ ਦੀ ਹੈਸੀਅਤ ਬਾਕੀ ਹੈ ਅਤੇ ਨਾ ਹੀ ਸੋਵੀਅਤ ਕਾਰਵਾਈਆਂ ਦਾ ਬਚਾਅ ਕਰਨ ਵਾਲੇ ਜਾਂ ਉਨ੍ਹਾਂ ਖ਼ਿਲਾਫ਼ ਸੰਭਾਵਿਤ ਇਲਜ਼ਾਮਾਂ ਦਾ ਜਵਾਬ ਦੇਣ ਵਾਲੇ ਕੋਈ ਅਧਿਕਾਰੀ ਜਾਂ ਏਜੰਸੀਆਂ ਮੌਜੂਦ ਹਨ।
ਇਸ ਤੋਂ ਇਲਾਵਾ ਨਾ ਹੀ ਹੁਣ ਅਫ਼ਗਾਨਿਸਤਾਨ ਵਿੱਚ ਰੂਸ ਸਮਰਥਕ ਬਾਬਰਕ ਕਾਰਮਲ ਜਾਂ ਡਾ਼ ਨਜੀਬ ਦੀ ਸਰਕਾਰ ਬਚੀ ਹੈ। ਨਾ ਹੀ ਉਨ੍ਹਾਂ ਦੇ ਕੋਈ ਅਧਿਕਾਰੀ ਪਾਕਿਸਤਾਨੀ ਅਧਿਕਾਰੀਆਂ ਦੇ ਦਾਅਵਿਆਂ ਦਾ ਜਵਾਬ ਦੇਣ ਜਾਂ ਇਨ੍ਹਾਂ ਦਾ ਖੰਡਨ ਕਰਨ ਲਈ ਮੌਜੂਦ ਹਨ।
ਇਹ ਵੀ ਪੜ੍ਹੋ: