ਰਾਜਾ ਵੜਿੰਗ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਸਿਆਸਤ ਦੇ ਗੁਰ ਕਿਸ ਕੋਲੋਂ ਸਿੱਖੇ ਸਨ

ਪੰਜਾਬ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਬਰਾੜ (ਰਾਜਾ ਵੜਿੰਗ) ਨੇ ਅੱਜ ਆਪਣਾ ਅਹੁਦਾ ਸਾਂਭਿਆ।

ਇਸ ਦੇ ਨਾਲ ਹੀ, ਭਾਰਤ ਭੂਸ਼ਣ ਆਸ਼ੂ ਨੇ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸਾਂਭਿਆ।

ਅਹੁਦਾ ਸਾਂਭਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਆਗੂ ਰਾਹੁਲ ਗਾਂਧੀ ਅਤੇ ਹੋਰ ਆਗੂਆਂ ਦਾ ਧੰਨਵਾਦ ਕੀਤਾ। ਇਸਤੋਂ ਪਹਿਲਾਂ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਵੀ ਪਾਰਟੀ ਪ੍ਰਧਾਨ, ਆਗੂਆਂ ਅਤੇ ਆਪਣੇ ਸਾਥੀਆਂ ਦਾ ਧੰਨਵਾਦ ਕੀਤਾ।

ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ 3 ਡੀ- ਡਿਸਿਪਲਿਨ, ਡੈਡੀਕੇਸ਼ਨ ਅਤੇ ਡਾਇਲੌਗ ਅਪਨਾਉਣੇ ਪੈਣਗੇ ਅਤੇ ਇਸਦੇ ਨਾਲ ਅਸੀਂ ਇੱਕ ਨਵੇਕਲੀ ਕਾਂਗਰਸ ਦੀ ਹੋਂਦ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਮਨਮਰਜੀ ਦੀ ਰਾਜਨੀਤੀ ਨਾ ਕੀਤੀ ਜਾਵੇ।

ਵੜਿੰਗ ਨੇ ਸਾਰਾਗੜ੍ਹੀ ਦੀ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਵੇਂ 21 ਸਿਪਾਹੀਆਂ ਨੇ ਅੰਤਿਮ ਸਮੇਂ ਤੱਕ ਲੜਦੇ ਹੋਏ 600 ਲੋਕਾਂ (ਦੁਸ਼ਮਣ ਫੌਜ) ਨੂੰ ਮਾਰ ਗਿਰਾਇਆ ਸੀ, ਉਸੇ ਤਰ੍ਹਾਂ ਅਸੀਂ ਵੀ ਅੰਤਿਮ ਸਮੇਂ ਤੱਕ ਲੜਦੇ ਰਹਾਂਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕੋਈ ਸਿਆਸੀ ਦਲ ਨਹੀਂ ਹੈ। ਕਾਂਗਰਸ ਪਾਰਟੀ ਇੱਕ ਸੋਚ, ਇੱਕ ਵਿਚਾਰ ਹੈ ਅਤੇ ਸੋਚ ਤੇ ਵਿਚਾਰ ਕਦੇ ਖਤਮ ਨਹੀਂ ਹੋ ਸਕਦੇ।

ਪਾਰਟੀ ਪ੍ਰਧਾਨ ਚੁਣੇ ਜਾਣ 'ਤੇ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਸੀ।

ਆਪਣੇ ਟਵੀਟ 'ਚ ਉਨ੍ਹਾਂ ਲਿਖਿਆ, ''ਪਾਰਟੀ ਪ੍ਰਧਾਨ ਦੀ ਜ਼ਿੰਮੇਵਾਰੀ ਮੈਨੂੰ ਸੌਂਪਣ ਲਈ, ਮੈਂ ਮਾਨਯੋਗ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਜੀ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦੀ ਹਾਂ।''

ਉਨ੍ਹਾਂ ਅੱਗੇ ਲਿਖਿਆ, ''ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਇਸਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਲਈ ਪਾਰਟੀ ਦੇ ਹਰ ਵਰਕਰ ਅਤੇ ਆਗੂ ਦੇ ਨਾਲ ਮਿਲ ਕੰਮ ਕੇ ਕਰਨ ਦਾ ਵਾਅਦਾ ਕਰਦਾ ਹਾਂ।''

ਇਹ ਵੀ ਪੜ੍ਹੋ:

ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿੱਛੋਕੜ

ਰਾਜਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਗਿੱਦੜਬਾਹਾ ਤੋਂ ਲਗਾਤਾਰ ਤਿੰਨ ਵਾਰ ਦੇ ਵਿਧਾਇਕ ਹਨ। 2012, 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਨੇ ਜਿੱਤੀਆਂ ਹਨ।

ਚੰਨੀ ਸਰਕਾਰ ਵਿੱਚ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣੇ ਸਨ। 2014 ਤੋਂ 2018 ਤੱਕ ਉਹ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹਨ।

44 ਸਾਲਾ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਇਤਿਹਾਸ ਵਿੱਚ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਵਾਲੇ ਪਹਿਲੇ ਘੱਟ ਉਮਰ ਦੇ ਸਿਆਸਤਦਾਨ ਹਨ। ਉਹ ਪੰਜਾਬ ਕਾਂਗਰਸ ਦੇ ਉਨ੍ਹਾਂ 18 ਆਗੂਆਂ 'ਚੋਂ ਇੱਕ ਹਨ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ 2022 ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਹੈ।

ਬੀਬੀਸੀਸਹਿਯੋਗੀ ਸੁਰਿੰਦਰ ਮਾਨ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ, ਵੜਿੰਗ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਵਿਦਿਆਰਥੀ ਰਹਿਣ ਦੌਰਾਨ ਹੀ ਕਰ ਲਈ ਸੀ। ਉਹ ਸੀਨੀਅਰ ਕਾਂਗਰਸੀ ਆਗੂ ਰਹੇ ਜਗਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਲ ਹੋਏ ਸਨ ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਰਣਦੀਪ ਸਿੰਘ ਸੁਰਜੇਵਾਲਾ ਤੇ ਜਗਮੀਤ ਬਰਾੜ ਤੋਂ ਸਿਆਸਤ ਦੇ ਗੁਰ ਸਿੱਖੇ ਹਨ।

ਗਿੱਦੜਬਾਹਾ ਸੀਟ ਤੋਂ ਰਾਜਾ ਵੜਿੰਗ ਦਾ ਟਾਕਰਾ ਮਨਪ੍ਰੀਤ ਬਾਦਲ ਨਾਲ ਰਿਹਾ। ਉਨ੍ਹਾਂ ਨੇ ਪਹਿਲੀ ਵਾਰ ਸਾਲ 2012 ਅਤੇ ਦੂਜੀ ਵਾਰ ਲਗਾਤਾਰ 2017 ਵਿੱਚ ਇਸ ਸੀਟ ਤੋਂ ਜਿੱਤ ਹਾਸਲ ਕੀਤੀ। ਪਰ ਲਗਾਤਾਰ ਜਿੱਤ ਦੇ ਬਾਵਜੂਦ ਉਹ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਿਨਟ 'ਚ ਥਾਂ ਨਹੀਂ ਬਣਾ ਸਕੇ।

ਜਦੋਂ 2022 ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ 'ਚ ਵੱਡਾ ਫੇਰਬਦਲ ਹੋਇਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਗਿਆ ਤਾਂ ਰਾਜਾ ਵੜਿੰਗ ਨੂੰ ਉਸ ਸਮੇਂ ਟ੍ਰਾਂਸਪੋਰਟ ਮੰਤਰੀ ਦਾ ਅਹੁਦਾ ਦਿੱਤਾ ਗਿਆ।

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਜਾ ਵੜਿੰਗ ਦੁਆਰਾ ਦਾਇਰ ਕੀਤੇ ਗਏ ਹਲਫਨਾਮੇ ਅਨੁਸਾਰ ਉਨ੍ਹਾਂ ਦਾ ਮੁੱਖ ਕਿੱਤਾ ਸਿਆਸਤ ਅਤੇ ਖੇਤੀਬਾੜੀ ਹੈ। ਇਸ ਹਲਫਨਾਮੇ ਵਿੱਚ ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ 15.1 ਕਰੋੜ ਰੁਪਏ ਦੱਸੀ ਹੈ ਜਿਸ ਵਿੱਚੋਂ 7.2 ਕਰੋੜ ਦੀ ਜਾਇਦਾਦ ਚਲ ਅਤੇ 7.9 ਕਰੋੜ ਦੀ ਅਚਲ ਹੈ।

ਉਨ੍ਹਾਂ ਦੀ ਕੁੱਲ ਐਲਾਨੀ ਗਈ ਆਮਦਨ 47.2 ਲੱਖ ਰੁਪਏ ਹੈ ਜਿਸ ਵਿੱਚੋਂ 22.5 ਲੱਖ ਰੁਪਏ ਸੈਲਫ ਇਨਕਮ ਹੈ। ਇਸਦੇ ਨਾਲ ਹੀ ਵੜਿੰਗ ਦੀਆਂ ਕੁੱਲ 4.8 ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ।

ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦਾ ਜਨਮ 29 ਨਵੰਬਰ 1977 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਸਿਆਸਤ ਵਿੱਚ ਉਨ੍ਹਾਂ ਨਾਲ ਹੱਥ ਵਟਾਉਂਦੇ ਹਨ। ਉਨ੍ਹਾਂ ਦੇ ਦੋ ਬੱਚੇ ਏਕਮ ਵੜਿੰਗ ਅਤੇ ਅਮਨਇੰਦਰ ਸਿੰਘ ਵੜਿੰਗ ਹਨ।

ਵੜਿੰਗ ਨੇ 2019 ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜੀ ਸੀ ਪਰ ਉਹ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਤੋਂ ਹਾਰ ਗਏ ਸਨ।

ਹਲਫ਼ਨਾਮੇ ਅਨੁਸਾਰ, ਉਨ੍ਹਾਂ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਖ਼ਿਲਾਫ਼ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੈ।

ਪ੍ਰਤਾਪ ਸਿੰਘ ਬਾਜਵਾ

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਵਲੋਂ ਵਿਰੋਧੀ ਧਿਰ ਦੇ ਆਗੂ ਚੁਣੇ ਗਏ ਪ੍ਰਤਾਪ ਬਾਜਵਾ 4 ਵਾਰ ਕਾਦੀਆਂ ਤੋਂ ਵਿਧਾਇਕ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਇਸ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਵੀ ਰਹੇ ਹਨ।

ਪ੍ਰਤਾਪ ਸਿੰਘ ਬਾਜਵਾ ਇੱਕ ਸਿਆਸੀ ਪਰਿਵਾਰ ਨਾਲ ਸਬੰਧਤ ਹਨ ਅਤੇ ਸਤਨਾਮ ਸਿੰਘ ਬਾਜਵਾ ਦੇ ਪੁੱਤਰ ਹਨ, ਜੋ ਤਿੰਨ ਵਾਰ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ।

ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਯੂਥ ਕਾਂਗਰਸ ਤੋਂ ਕੀਤੀ। ਉਹ ਚਾਰ ਵਾਰ ਵਿਧਾਇਕ ਬਣੇ ਹਨ। ਸਾਲ 1992, 2002, 2007-2009 (ਦੋ ਸਾਲ ਲਈ) ਵਿਧਾਇਕ ਰਹਿਣ ਤੋਂ ਬਾਅਦ 2022 'ਚ ਉਹ ਚੋਥੀ ਵਾਰ ਵਧਾਇਕ ਚੁਣੇ ਗਏ ਹਨ।

ਬਾਜਵਾ ਨੇ ਦੋ ਸਾਲ, 2013-2015 ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ ਹੈ।

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਲਗਾਤਾਰ ਜਿੱਤੇ ਸਾਂਸਦ ਅਤੇ ਮਰਹੂਮ ਅਦਾਕਾਰ ਵਿਨੋਦ ਖੰਨਾ ਦੇ ਖਿਲਾਫ ਬਾਜਵਾ ਨੇ 2009 'ਚ ਲੋਕ ਸਭਾ ਚੋਣ ਲੜੀ ਸੀ ਅਤੇ ਜਿੱਤ ਹਾਸਿਲ ਕੀਤੀ ਸੀ। ਜਦਕਿ 2014 ਲੋਕ ਸਭਾ ਚੋਣਾਂ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਬਾਜਵਾ 2016 ਤੋਂ ਲੈ ਕੇ 2022 ਤੱਕ ਰਾਜ ਸਭਾ ਮੈਂਬਰ ਰਹੇ ਹਨ। ਉਨ੍ਹਾਂ ਨੇ 2022 ਵਿਧਾਨ ਸਭਾ ਚੋਣਾਂ ਵਿੱਚ ਕਾਦੀਆਂ ਤੋਂ ਜਿੱਤ ਹਾਸਿਲ ਕੀਤੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਦੇ ਪਤਨੀ ਚਰਨਜੀਤ ਕੌਰ ਬਾਜਵਾ ਵੀ 2012 ਵਿੱਚ ਕਾਦੀਆਂ ਤੋਂ ਵਿਧਾਇਕ ਚੁਣੇ ਗਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)