ਗੁਰਦਾਸਪੁਰ ’ਚ ਜ਼ਮੀਨੀ ਵਿਵਾਦ ਕਾਰਨ ਹੋਈ ਗੋਲੀਬਾਰੀ ਵਿੱਚ 4 ਲੋਕਾਂ ਦੇ ਕਤਲ ਦਾ ਪੂਰਾ ਮਾਮਲਾ ਕੀ ਹੈ - ਗਰਾਊਂਡ ਰਿਪੋਰਟ

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਪੰਜਾਬੀ ਲਈ

''ਮੈਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਮੇਰੇ ਬੇਟੇ ਸੁਖਰਾਜ ਨੂੰ ਮਾਰ ਦਿੱਤਾ ਗਿਆ ਹੈ। ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਸ ਦੇ ਬੱਚੇ ਛੋਟੇ- ਛੋਟੇ ਹਨ।''

ਜ਼ਮੀਨੀ ਵਿਵਾਦ ਕਾਰਨ ਸੋਮਵਾਰ ਸਵੇਰੇ ਗੁਰਦਾਸਪੁਰ ਦੇ ਬਿਆਸ ਦਰਿਆ ਦੇ ਕੰਡੇ ਕਾਹਨੂੰਵਾਨ ਦੇ ਬੇਟ ਇਲਾਕੇ 'ਚ ਪਿੰਡ ਫੁਲੜਾ ਵਿੱਚ ਦੋ ਧਿਰਾਂ ਵਿੱਚ ਚੱਲੀਆਂ ਗੋਲੀਆਂ ਵਿੱਚ ਚਾਰ ਲੋਕਾਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ।

ਇਸ ਵਿਵਾਦ 'ਚ ਮਰਨ ਵਾਲੇ ਲੋਕਾਂ ਵਿੱਚ ਪਿੰਡ ਫੁਲੜਾ ਦੀ ਮੌਜੂਦਾ ਕਾਂਗਰਸੀ ਸਰਪੰਚ ਲਵਲੀ ਦੇਵੀ (ਲਵਜੀਤ ਕੌਰ ) ਦੇ ਪਤੀ ਸੁਖਰਾਜ ਸਿੰਘ ਵੀ ਸ਼ਾਮਿਲ ਹਨ।

ਪੁਲਿਸ ਵੱਲੋਂ ਸੋਮਵਾਰ ਦੇਰ ਰਾਤ ਧਾਰਾ 302 ਸਮੇਤ ਹੋਰ ਕਈ ਧਾਰਾਵਾਂ ਸਹਿਤ 14 ਲੋਕਾਂ ਉੱਪਰ ਐਫਆਈਆਰ ਦਰਜ ਕੀਤੀ ਗਈ ਹੈ।

ਸੁਖਰਾਜ ਦੇ ਗੁਆਂਢੀ ਅਤੇ ਰਿਸ਼ਤੇਦਾਰ ਨੌਜਵਾਨ ਨਿਸ਼ਾਨ ਸਿੰਘ ਅਤੇ ਇੱਕ ਹੋਰ ਵਿਅਕਤੀ ਜੈਮਲ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋਈ ਹੈ।

ਦੂਜੀ ਧਿਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਅਮਰਿੰਦਰ ਸਿੰਘ ਵਾਸੀ ਦਸੂਹਾ ਵੀ ਇਸ ਗੋਲੀਬਾਰੀ ਦੀ ਘਟਨਾ ਵਿੱਚ ਜਾਨ ਗੁਆ ਬੈਠਾ ਜਦੋਂਕਿ ਇੱਕ ਜ਼ਖ਼ਮੀ ਹੈ।

ਇਹ ਵੀ ਪੜ੍ਹੋ:

ਨਵਜੋਤ ਸਿੱਧੂ ਪਹੁੰਚੇ ਪੀੜਤ ਪਰਿਵਾਰ ਕੋਲ

ਪੀੜਤ ਪਰਿਵਾਰ ਨੂੰ ਮਿਲਣ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ। ਉਨ੍ਹਾਂ ਨਾਲ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਅਤੇ ਹੋਰ ਕਾਂਗਰਸੀ ਨੇਤਾ ਵੀ ਸ਼ਾਮਿਲ ਸਨ।

ਨਵਜੋਤ ਸਿੰਘ ਸਿੱਧੂ ਨੇ ਕਿਹਾ, "ਪੰਜਾਬ ਸਰਕਾਰ ਬੱਚਿਆਂ ਹੱਥ ਆ ਚੁੱਕੀ ਹੈ ਜਿਨ੍ਹਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਹ ਸਰਕਾਰ ਕਬਜ਼ਿਆਂ ਦੀ ਸਰਕਾਰ ਹੈ ਜਿੱਥੇ 2 ਬੰਦਿਆਂ ਨੂੰ ਦਿਨ ਦਿਹਾੜੇ ਕਰੀਬ 50 ਬੰਦੇ ਹਥਿਆਰ ਲੈਸ ਗੋਲੀਆਂ ਮਾਰਦੇ ਹਨ।"

ਨਵਜੋਤ ਸਿੰਘ ਸਿੱਧੂ ਨੇ ਕਿਹਾ, "24 ਘੰਟਿਆਂ ਬਾਅਦ ਵੀ ਦੋਸ਼ੀ ਕਾਬੂ ਤੋ ਬਾਹਰ ਹਨ ਜੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਤੇ ਅਸੀਂ ਧਰਨਾ ਲਗਾ ਕੇ ਰੋਸ ਪ੍ਰਦਰਸਨ ਕਰਾਂਗੇ।"

'ਗੱਡੀਆਂ ਵਿੱਚ ਸਵਾਰ ਹੋ ਕੇ ਆਏ ਅਤੇ ਅੰਨ੍ਹੇਵਾਹ ਫਾਇਰਿੰਗ ਕੀਤੀ'

ਇੱਕੋ ਪਿੰਡ 'ਚ ਤਿੰਨ ਮੌਤਾਂ ਹੋਈਆਂ ਹਨ ਅਤੇ ਮ੍ਰਿਤਕ ਸੁਖਰਾਜ ਦੇ ਪਿਤਾ ਚਰਨ ਸਿੰਘ ਨੇ ਦੱਸਿਆ, ''ਸੁਖਰਾਜ ਰੋਜ਼ ਦੀ ਤਰ੍ਹਾਂ ਬਿਆਸ ਕੰਢੇ ਲਗਦੀ ਆਪਣੀ ਜ਼ਮੀਨ ਦੀ ਦੇਖ ਰੇਖ ਲਈ ਗਿਆ ਅਤੇ ਉਥੇ ਹੀ ਬਿਆਸ ਦਰਿਆ ਪਾਰ ਤੋਂ ਨਿਰਮਲ ਸਿੰਘ ਆਪਣੇ ਕੁਝ ਸਾਥੀਆਂ ਨਾਲ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।''

ਫਾਇਰਿੰਗ 'ਚ ਸੁਖਰਾਜ ਸਿੰਘ ,ਜੈਮਲ ਸਿੰਘ ਅਤੇ ਨਿਸ਼ਾਨ ਸਿੰਘ ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ।

ਚਰਨ ਸਿੰਘ ਮੁਤਾਬਿਕ ਉਹ ਮੌਕੇ ’ਤੇ ਨਹੀਂ ਸੀ ਪਰ ਜਦੋਂ ਉਸਨੂੰ ਸੂਚਨਾ ਮਿਲੀ ਉਦੋਂ ਤਕ ਸੁਖਰਾਜ ਸਮੇਤ ਤਿੰਨਾਂ ਨੂੰ ਜ਼ਖ਼ਮੀ ਹਾਲਤ 'ਚ ਕਸਬਾ ਹਰਚੋਵਾਲ ਸਿਵਿਲ ਹਸਪਤਾਲ ਲਿਆਂਦਾ ਗਿਆ ਸੀ ਅਤੇ ਉੱਥੇ ਜਦ ਉਹ ਪਹੁੰਚਿਆ ਤਾਂ ਹਸਪਤਾਲ ਦੇ ਡਾਕਟਰਾਂ ਵਲੋਂ ਤਿਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਾ ਚੁੱਕਿਆ ਸੀ।

ਉਥੇ ਹੀ ਨਿਸ਼ਾਨ ਸਿੰਘ ਦੇ ਚਾਚਾ ਬਲਵਿੰਦਰ ਸਿੰਘ ਨੇ ਦੱਸਿਆ,''ਨਿਸ਼ਾਨ ਆਪਣੇ ਖੇਤਾਂ ਵਿੱਚ ਫਸਲਾਂ ਨੂੰ ਪਾਣੀ ਦੇ ਰਿਹਾ ਸੀ। ਇਸ ਦੌਰਾਨ ਨਿਰਮਲ ਸਿੰਘ ਕੁੱਝ ਰਕਬੇ 'ਚ ਗੰਨਾ ਬੀਜਣ ਆਏ ਸਨ। ਜਦੋਂ ਸੁਖਰਾਜ ਸਿੰਘ ਵੱਲੋਂ ਉਹਨਾਂ ਨੂੰ ਜ਼ਮੀਨ ਵਾਹੁਣ ਤੋਂ ਰੋਕਿਆ ਤਾਂ ਇਸ ਦੌਰਾਨ ਹੋਰ ਕੁਝ ਲੋਕ ਗੱਡੀਆਂ 'ਤੇ ਸਵਾਰ ਹੋ ਕੇ ਸੁਖਰਾਜ ਸਿੰਘ ਦੇ ਮਾਲਕੀ ਵਾਲੀ ਜ਼ਮੀਨ ਕੋਲ ਪਹੁੰਚੇ ਅਤੇ ਉਨ੍ਹਾਂ ਨੇ ਅੰਧਾ ਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।''

'ਸਰਕਾਰੀ ਜਮੀਨ 'ਤੇ ਕਬਜ਼ੇ ਦਾ ਮਾਮਲਾ'

ਇਸ ਪਿੰਡ ਦਾ ਗਣੇਸ਼ ਸਿੰਘ ਜੋ ਮੌਕੇ ਵਾਰਦਾਤ ਵਾਲੀ ਥਾਂ 'ਤੇ ਮੌਜੂਦ ਸੀ,ਨੇ ਦੱਸਿਆ ਕਿ ਇਸ ਗੋਲੀ ਦੀ ਵਾਰਦਾਤ 'ਚ ਖੇਤਾਂ ਚ ਕੰਮ ਕਰਦੇ ਮੋਟਰ ਨੇੜੇ ਪਾਣੀ ਪੀਣ ਆਏ ਉਥੇ ਖੜੇ ਜੈਮਲ ਸਿੰਘ ਦੀ ਵੀ ਗੋਲੀਬਾਰੀ ਚ ਮੌਤ ਹੋਈ ਹੈ ਅਤੇ ਗਣੇਸ਼ ਮੁਤਾਬਿਕ ਉਹ ਮੌਕੇ 'ਤੇ ਸੀ ।ਪਹਿਲਾਂ ਸੁਖਰਾਜ ਦੀ ਨਿਰਮਲ ਸਿੰਘ ਦੇ ਟਰੈਕਟਰ ਚਲਾਕ ਨਾਲ ਸ਼ਬਦੀ ਤਕਰਾਰ ਹੋਈ ਹੈ।

ਕੁਝ ਸਮੇਂ ਬਾਅਦ ਉੱਥੇ ਦਰਿਆ ਤੋਂ ਪਾਰ 10 ਤੋਂ ਵੱਧ ਗੱਡੀਆਂ ਵਿੱਚ ਆਏ ਲੋਕਾਂ ਨੇ ਆਉਂਦਿਆਂ ਹੀ ਸੁਖਰਾਜ ਸਿੰਘ ਅਤੇ ਉਸ ਦੇ ਸਾਥੀਆਂ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਨੇ ਦੱਸਿਆ ਕਿ ਉਹ ਖੇਤਾਂ ਵਿੱਚ ਪਾਣੀ ਲਗਾ ਰਿਹਾ ਸੀ।

ਉਥੇ ਹੀ ਉਹਨਾਂ ਕਿਹਾ ਕਿ ਮੁੱਖ ਤੌਰ ’ਤੇ ਜੋ ਝਗੜਾ ਹੈ,ਉਹ ਦਰਿਆ ਦੀ ਸਰਕਾਰੀ ਜਮੀਨ 'ਤੇ ਕਬਜ਼ੇ ਦਾ ਮਾਮਲਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

14 ਆਰੋਪੀਆਂ ਖਿਲਾਫ਼ ਮਾਮਲਾ ਦਰਜ

ਸੋਮਵਾਰ ਦੇਰ ਸ਼ਾਮ ਪੰਜਾਬ ਪੁਲਿਸ ਵੱਲੋਂ ਧਾਰਾ 302,148,149 ਅਤੇ ਧਾਰਾ 25 ਤਹਿਤ 14 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਸ ਸਬੰਧੀ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਆਪਣੀ ਪੁਲਿਸ ਪਾਰਟੀ ਨਾਲ ਮੌਕੇ 'ਤੇ ਤਫਤੀਸ਼ ਲਈ ਪਹੁੰਚੇ ਸਨ।

ਉਨ੍ਹਾਂ ਕਿਹਾ, “ਇਸ ਮਾਮਲੇ ਵਿੱਚ 4 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ । ਤਿੰਨ ਮ੍ਰਿਤਕ ਪਿੰਡ ਫੁਲੜੇ ਦੇ ਰਹਿਣ ਵਾਲੇ ਹਨ ਅਤੇ ਇੱਕ ਦੂਸਰੀ ਧਿਰ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਹੈ। ਇੱਕ ਵਿਅਕਤੀ ਜ਼ਖਮੀ ਵੀ ਹੈ।”

ਡੀਐਸਪੀ ਨੇ ਕਿਹਾ, “ਉਨ੍ਹਾਂ ਦੀ ਪੁਲਿਸ ਪਾਰਟੀ ਵੱਲੋਂ ਚਸ਼ਮਦੀਦਾਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਬਿਆਨ ਲਏ ਜਾ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਪੜਤਾਲ ਕਰਕੇ ਇਸ ਘਟਨਾ ਦੇ ਮੂਲ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ।”

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)