You’re viewing a text-only version of this website that uses less data. View the main version of the website including all images and videos.
ਉਸ ਮੁਸਲਮਾਨ ਕੁੜੀ ਦੀ ਕਹਾਣੀ ਜਿਸ ਨੂੰ ਗ਼ੈਰ-ਹਿੰਦੂ ਹੋਣ ਕਾਰਨ ਮੰਦਰ ਵਿੱਚ ਨੱਚਣ ਨਹੀਂ ਦਿੱਤਾ ਗਿਆ
- ਲੇਖਕ, ਸ਼ਰਣਯਾ ਰਿਸ਼ੀਕੇਸ਼
- ਰੋਲ, ਬੀਬੀਸੀ ਪੱਤਰਕਾਰ
ਮਾਨਸੀਆ ਵੀਪੀ ਉਸ ਸਮੇਂ ਤਿੰਨ ਸਾਲ ਦੀ ਸੀ ਜਦੋਂ ਉਸ ਦੀ ਮਾਂ ਨੇ ਉਸ ਨੂੰ ਭਾਰਤਨਾਟਿਅਮ ਸਿੱਖਣ ਲਈ ਪ੍ਰੇਰਿਆ ਸੀ।
ਭਾਰਤਨਾਟਿਅਮ ਸਦੀਆਂ ਪੁਰਾਣੇ ਭਾਰਤੀ ਕਲਾਸੀਕਲ ਡਾਂਸ ਦੀ ਇੱਕ ਕਿਸਮ ਹੈ, ਜਿਸ ਦਾ ਆਗਾਜ਼ ਮੰਦਰਾਂ 'ਚ ਹੋਇਆ ਸੀ।
ਦੱਖਣੀ ਸੂਬੇ ਕੇਰਲਾ ਦੇ ਇੱਕ ਜ਼ਿਲ੍ਹੇ ਮਲਪਪੁਰਮ ਦੀ ਇੱਕ ਮੁਸਲਿਮ ਕੁੜੀ ਲਈ ਇਸ ਡਾਂਸ ਨੂੰ ਅਪਣਾਉਣਾ ਇੱਕ ਅਸਾਧਾਰਨ ਪਸੰਦ ਸੀ। ਪਰ ਮਾਨਸੀਆ ਦੀ ਮਾਂ ਅਮੀਨਾ ਨੇ ਠਾਨ ਲਈ ਸੀ ਕਿ ਉਹ ਆਪਣੀ ਧੀ ਨੂੰ ਇਹ ਡਾਂਸ ਜ਼ਰੂਰ ਸਿਖਾਵੇਗੀ।
ਇਸ ਲਈ ਉਸ ਦੀਆਂ ਦੋਵੇਂ ਧੀਆਂ ਨੇ ਨਾ ਸਿਰਫ ਭਾਰਤਨਾਟਿਅਮ ਬਲਕਿ ਹੋਰ ਕਲਾਸੀਕਲ ਨਾਚ ਜਿਵੇਂ ਕਿ ਕਥਕਲੀ ਅਤੇ ਮੋਹੀਨੀਆਟਮ ਵੀ ਸਿੱਖੇ।
ਮੁਸਲਿਮ ਭਾਈਚਾਰੇ ਦੇ ਰੂੜੀਵਾਦੀ ਮੁਸਲਮਾਨਾਂ ਨੇ ਕਿਹਾ ਕਿ ਕੁੜੀਆਂ ਨੂੰ 'ਹਿੰਦੂ ਨਾਚ' ਨਹੀਂ ਸਿੱਖਣਾ ਚਾਹੀਦਾ ਹੈ। ਇਸ ਲਈ ਮਾਨਸੀਆ ਲਈ ਇਹ ਰਾਹ ਸੌਖਾ ਨਹੀਂ ਸੀ। ਪਰਿਵਾਰ ਦੀ ਜ਼ਿੱਦ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਸੀ।
ਪਰ ਪਿਛਲੇ ਹਫ਼ਤੇ, 24 ਸਾਲ ਬਾਅਦ ਜਦੋਂ ਉਸ ਨੇ ਪਹਿਲੀ ਵਾਰ ਭਾਰਤਨਾਟਿਅਮ ਦੇ ਘੁੰਗਰੂ ਪੈਰੀ ਪਾਏ ਤਾਂ ਮਾਨਸੀਆ ਇੱਕ ਵਾਰ ਫਿਰ ਚਰਚਾ 'ਚ ਆ ਗਈ।
ਇਸ ਵਾਰ ਇਹ ਇੱਕ ਵਾਇਰਲ ਫੇਸਬੁੱਕ ਪੋਸਟ ਦੇ ਕਾਰਨ ਸੀ ਜੋ ਕਿ ਮਾਨਸੀਆ ਨੇ ਕੇਰਲਾ ਦੇ ਇੱਕ ਮੰਦਰ 'ਚ ਆਯੋਜਿਤ ਸਾਲਾਨਾ ਉਤਸਵ 'ਚ ਉਸ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਲਿਖੀ ਸੀ।
ਇਹ ਵੀ ਪੜ੍ਹੋ:
ਉਸ ਨੂੰ ਮਨਾ ਕੀਤੇ ਜਾਣ ਪਿੱਛੇ ਕਾਰਨ ਇਹ ਸੀ ਕਿ ਉਹ ਹਿੰਦੂ ਨਹੀਂ ਸੀ।
ਪ੍ਰਬੰਧਕਾਂ ਨੇ ਪਹਿਲਾਂ ਤਾਂ ਉਸ ਦੀ ਅਰਜ਼ੀ ਸਵੀਕਾਰ ਕਰ ਲਈ ਸੀ, ਪਰ ਮੰਦਰ ਦੇ ਅਧਿਕਾਰੀਆਂ, ਜਿੰਨ੍ਹਾਂ ਨੇ ਉਸ ਨੂੰ ਮੰਦਰ 'ਚ ਨੱਚਣ ਤੋਂ ਰੋਕਿਆ ਸੀ, ਨੇ ਆਪਣੇ ਇਸ ਫੈਸਲੇ ਦਾ ਪੱਖ ਪੂਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰੰਪਰਾ ਦੀ ਪਾਲਣਾ ਕਰਨੀ ਪਵੇਗੀ।
ਇਹ ਘਟਨਾ ਤੇਜ਼ੀ ਨਾਲ ਹਰ ਖੇਤਰ 'ਚ ਮੱਲਾਂ ਮਾਰਨ ਵਾਲੇ ਦੇਸ਼ 'ਚ ਇੱਕ ਹੋਰ ਵੱਡੀ ਨਾਕਾਮੀ ਬਣ ਕੇ ਉਭਰੀ ਹੈ।
ਪਰ ਮਾਨਸੀਆ ਨੇ ਬੇਫਿਕਰ ਹੋ ਕੇ ਆਪਣੀ ਪੋਸਟ 'ਚ ਲਿਖਿਆ ਹੈ, " ਮੈਂ ਇਸ ਤੋਂ ਵੀ ਵੱਧ ਵਿਤਕਰੇ ਦਾ ਸ਼ਿਕਾਰ ਹੋ ਕੇ ਇੱਥੋਂ ਤੱਕ ਪਹੁੰਚੀ ਹਾਂ। ਇਸ ਲਈ ਇਹ ਮੇਰੇ ਲਈ ਕੁਝ ਵੀ ਨਹੀਂ ਹੈ।"
ਪਹਿਲੀ ਰੁਕਾਵਟ
ਮਾਨਸੀਆ ਆਪਣੇ ਬਚਪਨ ਬਾਰੇ ਦੱਸਦੀ ਹੈ, " ਸਾਨੂੰ ਕੁਝ ਵਿੱਤੀ ਮੁਸ਼ਕਲਾਂ ਸਨ ਪਰ ਅਸੀਂ ਫਿਰ ਵੀ ਖੁਸ਼ ਸੀ।"
ਮਾਨਸੀਆ ਹੁਣ 27 ਸਾਲਾਂ ਦੀ ਹੈ ਅਤੇ ਭਾਰਤਨਾਟਿਅਮ 'ਚ ਪੀਐਚਡੀ ਕਰ ਰਹੀ ਹੈ।
ਮਾਨਸੀਆ ਦੀ ਮਾਂ ਨੇ ਟੀਵੀ 'ਤੇ ਇੱਕ ਡਾਂਸ ਪ੍ਰਦਰਸ਼ਨ ਵੇਖਿਆ ਸੀ ਅਤੇ 'ਰੰਗੀਨ ਕੱਪੜਿਆਂ' ਨੇ ਉਨ੍ਹਾਂ ਨੂੰ ਬਹੁਤ ਹੀ ਆਕਰਸ਼ਤ ਕੀਤਾ ਸੀ, ਜਿਸ ਤੋਂ ਬਾਅਦ ਡਾਂਸ ਉਨ੍ਹਾਂ ਦੇ ਜੀਵਨ 'ਚ ਸ਼ਾਮਲ ਹੋਇਆ।
ਅਮੀਨਾ ਦੇ ਪਤੀ ਵੀਪੀ ਅਲਾਵਿਕੁਟੀ, ਜੋ ਕਿ ਉਸ ਸਮੇਂ ਸਾਊਦੀ ਅਰਬ 'ਚ ਕੰਮ ਕਰ ਰਹੇ ਸਨ, ਉਨ੍ਹਾਂ ਦੇ ਸਮਰਥਨ ਦੇ ਨਾਲ ਹੀ ਅਮੀਨਾ ਨੇ ਆਪਣੀਆਂ ਦੋਵੇਂ ਧੀਆਂ ਮਾਨਸੀਆ ਅਤੇ ਰੂਬੀਆ ਨੂੰ ਡਾਂਸ ਸਿਖਾਉਣ ਲਈ ਡਾਂਸ ਕਲਾਸ 'ਚ ਦਾਖਲਾ ਦਵਾਇਆ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਉਹ ਰੋਜ਼ਾਨਾ ਅਭਿਆਸ ਕਰਨ।
ਉਨ੍ਹਾਂ ਦਾ ਜੀਵਨ ਸਕੂਲ, ਡਾਂਸ ਅਤੇ ਧਾਰਮਿਕ ਅਧਿਐਨਾਂ ਵਿਚਾਲੇ ਵੰਡਿਆ ਹੋਇਆ ਸੀ। ਅਮੀਨਾ ਇੱਕ ਪੱਕੀ ਮੁਸਲਮਾਨ ਸੀ। ਜਦੋਂ ਮਾਨਸੀਆ ਜਵਾਨ ਹੋਈ ਤਾ ਉਸ ਦੇ ਪਿਤਾ ਕੇਰਲ ਵਾਪਸ ਆ ਗਏ ਸਨ। ਉਹ ਜ਼ਿਆਦਾ ਧਾਰਮਿਕ ਬਿਰਤੀ ਵਾਲੇ ਨਹੀਂ ਸਨ ਪਰ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਧਰਮ ਪ੍ਰਤੀ ਨਿਸ਼ਠਾ ਤੋਂ ਕੋਈ ਦਿੱਕਤ ਨਹੀਂ ਸੀ।
ਹਰ ਰੋਜ਼ ਸਕੂਲ ਤੋਂ ਬਾਅਦ ਅਤੇ ਹਫ਼ਤੇ ਦੇ ਛੁੱਟੀ ਵਾਲੇ ਦਿਨਾਂ 'ਚ ਮਾਨਸੀਆ ਦਾ ਪਰਿਵਾਰ ਕੇਰਲ ਦੇ ਕੁਝ ਵਧੀਆ ਡਾਂਸ ਅਧਿਆਪਕਾਂ ਕੋਲ ਪਹੁੰਚ ਕਰਦਾ ਸੀ, ਜਿੰਨ੍ਹਾਂ ਤੋਂ ਮਾਨਸੀਆ ਅਤੇ ਰੂਬੀਆ ਨੇ ਲਗਭਗ 6 ਡਾਂਸ ਫਾਰਮ ਸਿੱਖੇ ਸਨ।
ਕਈ ਵਾਰ ਤਾਂ ਇਹ ਸਫ਼ਰ ਸੈਂਕੜੇ ਕਿਲੋਮੀਟਰ ਦਾ ਵੀ ਹੁੰਦਾ ਸੀ ਅਤੇ ਇੱਕ ਹੀ ਦਿਨ 'ਚ ਕਈ ਇਲਾਕਿਆਂ 'ਚੋਂ ਹੋ ਕੇ ਨਿਕਲਦੇ ਸਨ।
ਮਾਨਸੀਆ ਕਹਿੰਦੀ ਹੈ, "ਇਹ ਸਭ ਬਹੁਤ ਹੀ ਥਕਾਨ ਵਾਲਾ ਸੀ, ਪਰ ਹੁਣ ਸਾਨੂੰ ਇਸ ਦੀ ਆਦਤ ਪੈ ਗਈ ਸੀ। ਮੈਨੂੰ ਇਹ ਪਸੰਦ ਸੀ।"
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਬੱਚਿਆਂ ਨੇ ਮੰਦਿਰਾਂ ਅਤੇ ਯੂਥ ਫੈਸਟਿਵਲਾਂ 'ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਕੇਰਲ ਵਰਗੇ ਰਾਜ 'ਚ ਚਾਹਵਾਨ ਡਾਂਸਰਾਂ ਲਈ ਪਸੰਦੀਦਾ ਅਤੇ ਨਿਯਮਤ ਸਥਾਨ ਹਨ।
ਪਰ ਅਸਲ ਮੁਸੀਬਤ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਦੀ ਸਥਾਨਕ ਮਸਜਿਦ ਦੀ ਕਮੇਟੀ ਨੇ ਇਸ ਸਭ 'ਤੇ ਇਤਰਾਜ਼ ਜਤਾਇਆ।
ਮਾਨਸੀਆ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕਮੇਟੀ ਮੈਂਬਰਾਂ ਅਤੇ ਸਥਾਨਕ ਮਦਰੱਸੇ ਦੇ ਅਧਿਆਪਕਾਂ ਨੇ ਕੁੜੀਆਂ ਨੂੰ ਅੱਗੇ ਤੋਂ ਨਾ ਨੱਚਣ ਦਾ ਵਾਅਦਾ ਕਰਨ ਲਈ ਮਜਬੂਰ ਕਰਨਾ ਸ਼ੁਰੂ ਕੀਤਾ।
ਉਸ ਸਮੇਂ ਮਾਨਸੀਆ ਇਸ ਪੂਰੀ ਸਥਿਤੀ ਨੂੰ ਸਮਝਣ ਲਈ ਬਹੁਤ ਛੋਟੀ ਸੀ। ਇਸ ਲਈ ਉਹ ਮੰਨ ਜਾਂਦੀ ਸੀ ਪਰ ਰੂਬੀਆ ਅਕਸਰ ਹੀ ਰੋਂਦੀ ਹੋਈ ਘਰ ਪਰਤਦੀ ਸੀ।
ਪਰ ਅਮੀਨਾ ਅਤੇ ਅਲਵੀਕੁਟੀ ਨੇ ਆਪਣੀਆਂ ਧੀਆਂ ਨੂੰ ਭਰੋਸਾ ਦਿੱਤਾ ਕਿ ਉਹ ਡਾਂਸ ਜਾਰੀ ਰੱਖ ਸਕਦੀਆਂ ਹਨ।
ਮਾਨਸੀਆ ਅੱਗੇ ਦੱਸਦੀ ਹੈ, "ਮੈਨੂੰ ਨਹੀਂ ਪਤਾ ਕਿ ਉਨ੍ਹਾਂ ਇਹ ਕਿਵੇਂ ਕੀਤਾ ਪਰ ਉਨ੍ਹਾਂ ਕਦੇ ਵੀ ਸਾਨੂੰ ਆਪਣੀਆਂ ਮੁਸ਼ਕਲਾਂ ਨਹੀਂ ਦੱਸੀਆਂ ਸਨ।"
ਅਲਵਿਕੁਟੀ ਜੋ ਕਿ ਆਪਣੀ ਜਵਾਨੀ 'ਚ ਨੁੱਕੜ ਨਾਟਕ ਖੇਡਿਆ ਕਰਦੇ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਸ਼ਵਾਸ ਇਸ ਲਈ ਪੱਕਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਉਹ ਕੁਝ ਵੀ ਗਲਤ ਨਹੀਂ ਕਰ ਰਹੇ ਸਨ।
ਪਰ ਸਾਲ 2006 'ਚ ਜਦੋਂ ਅਮੀਨਾ ਨੂੰ ਕੈਂਸਰ ਨਾਲ ਪੀੜ੍ਹਤ ਹੋਣ ਦਾ ਪਤਾ ਲੱਗਿਆ ਤਾਂ ਸਥਿਤੀ ਬਹੁਤ ਖਰਾਬ ਹੋ ਗਈ ਸੀ।
ਮਾਨਸੀਆ ਦੱਸਦੀ ਹੈ ਕਿ ਜਦੋ ਉਸ ਦੇ ਪਿਤਾ ਅਮੀਨਾ ਦੇ ਇਲਾਜ ਲਈ ਪੈਸੇ ਇੱਕਠੇ ਕਰਨ 'ਚ ਲੱਗੇ ਹੋਏ ਸਨ, ਉਸ ਸਮੇਂ ਵਿਦੇਸ਼ ਤੋਂ ਵਿੱਤੀ ਮਦਦ ਦੀ ਪੇਸ਼ਕਸ਼ ਖ਼ਤਮ ਹੋ ਗਈ ਸੀ ਕਿਉਂਕਿ ਮਸਜਿਦ ਕਮੇਟੀ ਅਜੇ ਵੀ ਸਾਡੇ ਡਾਂਸ ਨੂੰ ਜਾਰੀ ਰੱਖਣ ਕਰਕੇ ਸਾਡੇ ਪਰਿਵਾਰ ਨਾਲ ਨਾਰਾਜ਼ ਸੀ ਅਤੇ ਮਸਜਿਦ ਕਮੇਟੀ ਨੇ ਸਾਡੀ ਬੇਨਤੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਮਾਨਸੀਆ ਉਨ੍ਹਾਂ ਦਿਨਾਂ ਨੂੰ ਯਾਦ ਕਰਦੀ ਹੋਈ ਕਹਿੰਦੀ ਹੈ, "ਮੈਂ ਹਰ ਰੋਜ਼ ਆਪਣੀ ਮਾਂ ਦੇ ਨਾਲ ਜਾਂਦੀ ਸੀ ਕਿਉਂਕਿ ਉਹ ਮੈਂਬਰਾਂ ਤੋਂ ਮਦਦ ਲਈ ਗੁਹਾਰ ਲਗਾਉਂਦੀ ਸੀ।"
ਉਹ ਅੱਗੇ ਦੱਸਦੀ ਹੈ ਕਿ ਇਸ ਸਦਮੇ ਨੇ ਉਸ ਦੀ ਮਾਂ ਦਾ ਧਰਮ 'ਤੇ ਆਪਣੇ ਵਿਸ਼ਵਾਸ ਨੂੰ ਮੁੜ ਵਿਚਾਰਨ ਲਈ ਮਜਬੂਰ ਕੀਤਾ ਸੀ।
ਜਦੋਂ 2007 'ਚ ਅਮੀਨਾ ਦਾ ਦੇਹਾਂਤ ਹੋ ਗਿਆ ਤਾਂ ਉਸ ਨੂੰ ਸਥਾਨਕ ਕਬਰਿਸਤਾਨ 'ਚ ਦਫ਼ਨਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ ਸੀ।
ਰੂਬੀਆ ਦੇ ਗੁਆਂਢੀ ਰਾਜ ਤਾਮਿਲਨਾਡੂ 'ਚ ਪੜ੍ਹਾਈ ਲਈ ਜਾਣ ਤੋਂ ਬਾਅਦ ਅਗਲੇ ਕੁਝ ਸਾਲ ਇੱਕਲੇਪਨ ਨਾਲ ਭਰੇ ਹੋਏ ਅਤੇ ਔਖੇ ਸਨ। ਪਰ ਮਾਨਸੀਆ ਦਾ ਡਾਂਸ ਪ੍ਰਤੀ ਪਿਆਰ ਅਤੇ ਸ਼ਿੱਦਤ ਘੱਟ ਨਾ ਹੋਈ ਅਤੇ ਉਸ ਦੇ ਪਿਤਾ ਨੇ ਉਸ ਦਾ ਸਾਥ ਦੇਣਾ ਜਾਰੀ ਰੱਖਿਆ।
ਧਾਰਮਿਕ ਵੰਡ
ਭਾਰਤ ਦੀ ਧਾਰਮਿਕ ਜਟਿਲਤਾ ਨੇ ਹਮੇਸ਼ਾ ਹੀ ਦਿਲਚਸਪ ਵਿਰੋਧਾਭਾਸ ਪੈਦਾ ਕੀਤੇ ਹਨ। 2021 ਦੇ ਇੱਕ ਪਿਊ ਅਧਿਐਨ 'ਚ ਪਾਇਆ ਗਿਆ ਹੈ ਕਿ ਵੱਖ-ਵੱਖ ਧਰਮਾਂ ਦੇ ਜ਼ਿਆਦਾਤਰ ਲੋਕ ਧਾਰਮਿਕ ਸਹਿਣਸ਼ੀਲਤਾ ਅਤੇ ਧਾਰਮਿਕ ਵੱਖਰੇਵੇਂ ਦੋਵਾਂ ਦਾ ਹੀ ਸਮਰਥਨ ਕਰਦੇ ਹਨ।
ਸਮਕਾਲੀਤਾ ਲੰਮੇ ਸਮੇਂ ਤੋਂ ਰੋਜ਼ਾਨਾ ਦੇ ਜੀਵਨ ਅਤੇ ਸੰਸਕ੍ਰਿਤੀ ਵਿਚਾਲੇ ਉਲਝੀ ਹੋਈ ਹੈ। ਹਾਲਾਂਕਿ ਇਸ ਦੀਆਂ ਸੀਮਾਵਾਂ ਦੀ ਅਕਸਰ ਹੀ ਪ੍ਰੀਖਿਆ ਹੁੰਦੀ ਹੈ।
ਭਾਰਤ ਦੇ ਕੁਝ ਸਭ ਤੋਂ ਪਿਆਰੇ ਕਲਾਸੀਕਲ ਸੰਗੀਤਕਾਰ ਮੁਸਲਿਮ ਹਨ। ਉਨ੍ਹਾਂ ਦਾ ਸੰਗੀਤ ਅਕਸਰ ਹੀ ਡੂੰਘੀ ਸ਼ਰਧਾ ਵਾਲਾ ਹੁੰਦਾ ਹੈ ਅਤੇ ਉਨ੍ਹਾਂ 'ਚੋਂ ਬਹੁਤ ਸਾਰੇ, ਜਿਵੇਂ ਕਿ ਉਸਤਾਦ ਬਿਸਮਿੱਲ੍ਹਾ ਖਾਨ ਅਤੇ ਅਲਾਊਦੀਨ ਖਾਨ ਆਪਣੇ ਧਰਮ ਨੂੰ ਮੰਨਣ ਦੇ ਨਾਲ ਨਾਲ ਵਿੱਦਿਆ ਦੀ ਦੇਵੀ ਸਰਸਵਤੀ ਦੇ ਵੀ ਭਗਤ ਸਨ।
ਮਾਨਸੀਆ ਦਾ ਮੰਨਣਾ ਹੈ ਕਿ ਉਸ ਨੇ ਅਤੇ ਰੂਬੀਆ , ਜਿੰਨ੍ਹਾਂ ਨੂੰ ਕਿ 'ਵੀਪੀ ਭੈਣਾਂ' ਵੀ ਕਿਹਾ ਜਾਂਦਾ ਹੈ, ਨੇ ਮਲਪਪੁਰਮ ਜ਼ਿਲ੍ਹੇ ਦੇ ਲਗਭਗ ਹਰ ਮੰਦਿਰ 'ਚ ਡਾਂਸ ਕੀਤਾ ਹੋਵੇਗਾ। ਹਰ ਜਗ੍ਹਾ 'ਤੇ ਉਨ੍ਹਾਂ ਦਾ ਸਵਾਗਤ ਪਿਆਰ ਅਤੇ ਹੱਲਾਸ਼ੇਰੀ ਨਾਲ ਹੁੰਦਾ ਸੀ।
ਉਸ ਨੂੰ ਸਿਰਫ ਇੱਕ ਮੰਦਭਾਗੀ ਘਟਨਾ ਯਾਦ ਹੈ ਜਦੋਂ ਇੱਕ ਕਮੇਟੀ ਦੇ ਮੈਂਬਰ ਨੇ ਉਨ੍ਹਾਂ ਦੇ ਮੁਸਲਮਾਨ ਹੋਣ ਕਰਕੇ ਉਨ੍ਹਾਂ ਦੇ ਨੱਚਣ 'ਤੇ ਇਤਰਾਜ਼ ਪ੍ਰਗਟ ਕੀਤਾ ਸੀ।
ਮਾਨਸੀਆ ਯਾਦ ਕਰਦੀ ਹੋਈ ਕਹਿੰਦੀ ਹੈ, " ਪਰ ਸਾਡੇ ਪ੍ਰਦਰਸ਼ਨ ਤੋਂ ਬਾਅਦ, ਉਹ ਮੈਂਬਰ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਾਨੂੰ ਜੱਫੀ ਹੀ ਪਾ ਲਈ ਸੀ।"
ਜਦੋਂ ਤ੍ਰਿਸੂਰ ਜ਼ਿਲ੍ਹੇ ਦੇ ਕੁਡਲਮਨੀਕਯਮ ਮੰਦਰ ਨੇ ਆਪਣੇ ਸਾਲਾਨਾ ਤਿਉਹਾਰ ਲਈ ਅਰਜ਼ੀਆਂ ਮੰਗੀਆਂ ਤਾਂ ਮਾਨਸੀਆ ਨੇ ਪ੍ਰਬੰਧਕ ਨਾਲ ਸੰਪਰਕ ਕੀਤਾ ਅਤੇ ਉਸ ਨੇ ਮਾਨਸੀਆ ਨੂੰ ਆਪਣਾ ਵੇਰਵਾ ਭੇਜਣ ਲਈ ਕਿਹਾ। ਜਦੋਂ ਮਾਨਸੀਆ ਨੇ ਪੁੱਛਿਆ ਕਿ ਕਿਸ ਤਰ੍ਹਾਂ ਦੇ ਵੇਰਵੇ ਭੇਜਣੇ ਹਨ ਤਾਂ ਪ੍ਰਬੰਧਕ ਨੇ ਕਿਹਾ ਕਿ ਜੋ ਕਿ ਇੱਕ ਕਲਾਕਾਰ ਦੇ ਰੈਜ਼ਿਊਮੇ 'ਚ ਹੁੰਦੇ ਹਨ।
ਮਾਨਸੀਆ ਦੱਸਦੀ ਹੈ ਕਿ ਉਸ 'ਚ ਧਰਮ ਦਾ ਜ਼ਿਕਰ ਨਹੀਂ ਸੀ।
ਇਸ ਸਮਾਗਮ ਲਈ ਉਹ ਕਈ ਹਫ਼ਤਿਆਂ ਤੋਂ ਤਿਆਰੀ ਕਰ ਰਹੀ ਸੀ। ਪਰ ਅਚਾਨਕ ਇੱਕ ਹੋਰ ਪ੍ਰਬੰਧਕ ਨੇ ਉਸ ਨੂੰ ਕਿਹਾ ਕਿ ਉਹ ਮੰਦਰ 'ਚ ਆਪਣਾ ਪ੍ਰਦਰਸ਼ਨ ਨਹੀਂ ਕਰ ਸਕਦੀ ਹੈ ਕਿਉਂਕਿ ਮੰਦਰ 'ਚ ਗੈਰ ਹਿੰਦੂ ਲੋਕਾਂ ਨੂੰ ਆਉਣ ਤੋਂ ਮਨਾਹੀ ਹੈ।
ਭਾਰਤ ਦੇ ਵਧੇਰੇਤਰ ਹਿੰਦੂ ਮੰਦਰਾਂ 'ਚ ਹਰ ਧਰਮ ਦੇ ਲੋਕਾਂ ਨੂੰ ਨਤਮਸਤਕ ਹੋਣ ਦੀ ਇਜਾਜ਼ਤ ਹੈ। ਪਰ ਕਈ ਮੰਦਰ, ਜਿੰਨ੍ਹਾਂ 'ਚ ਕੁਝ ਮਸ਼ਹੂਰ ਮੰਦਰ ਵੀ ਸ਼ਾਮਲ ਹਨ, ਉਹ ਸਿਰਫ ਤਾਂ ਸਿਰਫ ਹਿੰਦੂਆਂ ਨੂੰ ਹੀ ਅੰਦਰ ਤੱਕ ਜਾਣ ਦੀ ਇਜਾਜ਼ਤ ਦਿੰਦੇ ਹਨ।
ਪੋਸਟ ਦੇ ਵਾਇਰਲ ਹੋਣ ਤੋਂ ਬਾਅਦ, ਮੰਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਨਸੀਆ ਦੀ ਅਰਜ਼ੀ ਨੂੰ ਰੱਦ ਕਰਨਾ ਪਿਆ ਕਿਉਂਕਿ ਉਹ 'ਮੌਜੂਦਾ ਪਰੰਪਰਾਵਾਂ ਦੀ ਪਾਲਣਾ ਅਤੇ ਅਭਿਆਸ ਕਰਨ ਲਈ ਪਾਬੰਦ' ਸਨ।
ਮਾਨਸੀਆ ਨੂੰ ਕਲਾਕਾਰਾਂ ਅਤੇ ਸਿਆਸਤਦਾਨਾਂ ਦਾ ਸਮਰਥਨ ਹਾਸਲ ਹੋਇਆ ਅਤੇ ਤਿੰਨ ਹਿੰਦੂ ਡਾਂਸਰਾਂ ਨੇ ਅਗਾਮੀ 10 ਰੋਜ਼ਾ ਉਤਸਵ ਤੋਂ ਆਪਣੇ ਨਾਮ ਵਾਪਸ ਲੈ ਲਏ ਹਨ।
ਉਸ ਦੇ ਪੇਕੇ ਪਰਿਵਾਰ ਸਮੇਤ ਹਿੰਦੂ ਸਹੁਰਾ ਪਰਿਵਾਰ ਜੋ ਕਿ ਨਿਯਮਿਤ ਤੌਰ 'ਤੇ ਮੰਦਿਰ ਜਾਂਦੇ ਹਨ, ਸਾਰੇ ਹੀ ਉਸ ਦੇ ਪੱਖ 'ਚ ਖੜ੍ਹੇ ਹਨ।
ਅਲਵਿਕੁਟੀ ਨੂੰ ਇਸ ਵਿਵਾਦ ਕਾਰਨ ਪ੍ਰੇਸ਼ਾਨ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਜਿੰਨ੍ਹਾਂ ਮੁੱਦਿਆਂ 'ਚੋਂ ਉਹ ਨਿਕਲ ਚੁੱਕੇ ਹਨ ਉਸ ਅੱਗੇ ਇਹ ਇੱਕ 'ਮਾਮੂਲੀ ਜਿਹਾ ਮਸਲਾ' ਸੀ।
ਮਾਨਸੀਆ ਦਾ ਕਹਿਣਾ ਹੈ ਕਿ ਉਸ ਨੇ ਫੇਸਬੁੱਕ ਪੋਸਟ ਇੱਕ ਕਾਰਨ ਕਰਕੇ ਲਿਖੀ ਸੀ।
"ਜੇਕਰ ਘੱਟ ਤੋਂ ਘੱਟ ਕੋਈ ਇੱਕ ਵਿਅਕਤੀ ਵੀ ਇਸ ਨੂੰ ਪੜ੍ਹਦਾ ਹੈ ਅਤੇ ਮਹਿਸੂਸ ਕਰਦਾ ਹੈ ਕਿ ਕਲਾ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਮੈਨੂੰ ਖੁਸ਼ੀ ਮਿਲੇਗੀ।"
ਇਹ ਵੀ ਪੜ੍ਹੋ: