ਰੂਸ ਦੇ ਧਨਾਢ ਲੋਕ ਆਪਣਾ ‘ਕਾਲਾ ਧਨ’ ਕਿੱਥੇ ਲੁਕਾ ਕੇ ਰੱਖਦੇ ਹਨ

ਦਹਾਕਿਆਂ ਤੋਂ ਰੂਸ ਦੇ ਧਨਾਢਾਂ ਨੇ ਵਿਦੇਸ਼ਾਂ ਵਿੱਚ ਕਰੋੜਾਂ ਡਾਲਰਾਂ ਦੀ ਕਮਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਸ਼ੈੱਲ ਕੰਪਨੀਆਂ ਵਿੱਚ ਲਗਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ।

ਸ਼ੈੱਲ ਕੰਪਨੀਆਂ ਤੋਂ ਭਾਵ ਉਨ੍ਹਾਂ ਕੰਪਨੀਆਂ ਤੋਂ ਹੈ, ਜੋ ਸਿਰਫ਼ ਕਾਗ਼ਜ਼ਾਂ ਵਿੱਚ ਹੀ ਨਾਮਜ਼ਦ ਹੁੰਦੀਆਂ ਹਨ।

ਹੁਣ, ਦੁਨੀਆ ਭਰ ਦੇ ਦੇਸ਼ ਇਸ ਨੂੰ ਟਰੈਕ ਕਰਨ ਲਈ ਕਦਮ ਚੁੱਕ ਰਹੇ ਹਨ।

ਦੁਨੀਆ ਭਰ ਵਿੱਚ ਕਿੰਨੀ ਰੂਸੀ 'ਡਾਰਕ ਮਨੀ ਯਾਨਿ ਕਾਲਾ ਧਨ' ਹੈ?

ਅਮਰੀਕੀ ਥਿੰਕ ਟੈਂਕ ਅਟਲਾਂਟਿਕ ਕੌਂਸਲ ਮੁਤਾਬਕ ਰੂਸੀਆਂ ਕੋਲ ਵਿਦੇਸ਼ਾਂ ਵਿੱਚ ਇੱਕ ਲੱਖ ਕਰੋੜ ਡਾਲਰ ਲੁਕਿਆ ਪਿਆ ਹੈ, ਜਿਸ ਨੂੰ 'ਕਾਲਾ ਧਨ' ਆਖਿਆ ਜਾਂਦਾ ਹੈ।

ਇਸ ਦੀ 2020 ਦੀ ਰਿਪੋਰਟ ਵਿੱਚ ਅਨੁਮਾਨ ਲਗਾਇਆ ਗਿਆ ਹੈ ਕਿ ਇਸ ਰਕਮ ਦਾ ਇੱਕ ਚੌਥਾਈ ਹਿੱਸਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸਦੇ ਨਜ਼ਦੀਕੀ ਸਹਿਯੋਗੀਆਂ ਯਾਨਿ ਰੂਸੀ ਧਨਾਢਾਂ ਵਜੋਂ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਵੱਲੋਂ ਕੰਟ੍ਰੋਲ ਕੀਤਾ ਜਾਂਦਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ, "ਕ੍ਰੇਮਲਿਨ ਵੱਲੋਂ ਇਸ ਪੈਸੇ ਦੀ ਵਰਤੋਂ ਜਾਸੂਸੀ, ਅੱਤਵਾਦ, ਉਦਯੋਗਿਕ ਜਾਸੂਸੀ, ਰਿਸ਼ਵਤਖੋਰੀ, ਰਾਜਨੀਤਿਕ ਹੇਰਾਫੇਰੀ, ਗ਼ਲਤ ਜਾਣਕਾਰੀ ਅਤੇ ਹੋਰ ਨਾਪਾਕ ਉਦੇਸ਼ਾਂ ਲਈ ਕੀਤਾ ਜਾਂਦੀ ਹੋ ਸਕਦੀ ਹੈ।"

ਇਹ ਵੀ ਪੜ੍ਹੋ-

ਕਾਲਾ ਧਨ ਕਿਵੇਂ ਬਣਦਾ ਹੈ ?

ਇੱਕ ਹੋਰ ਅਮਰੀਕੀ ਥਿੰਕ ਟੈਂਕ, ਨੈਸ਼ਨਲ ਐਂਡੋਮੈਂਟ ਫਾਰ ਡੈਮੋਕਰੇਸੀ, ਦਾ ਕਹਿਣਾ ਹੈ ਕਿ ਪੁਤਿਨ ਨੇ ਨੇੜਲੇ ਸਹਿਯੋਗੀਆਂ ਨੂੰ "ਰਾਜ ਦੇ ਬਜਟ ਤੋਂ ਚੋਰੀ ਕਰਨ, ਨਿੱਜੀ ਕਾਰੋਬਾਰਾਂ ਤੋਂ ਪੈਸਾ ਵਸੂਲਣ, ਅਤੇ ਮੁਨਾਫ਼ੇ ਵਾਲੇ ਵਪਾਰਕ ਅਦਾਰਿਆਂ ਨੂੰ ਸਿੱਧੇ ਤੌਰ 'ਤੇ ਜ਼ਬਤ ਕਰਨ ਲਈ ਵੀ ਉਤਸ਼ਾਹਿਤ ਕੀਤਾ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਹੀ ਉਨ੍ਹਾਂ ਨੇ ਖਰਬਾਂ ਵਿੱਚ ਚੱਲ ਰਹੀ ਆਪਣੀ ਕਿਸਮਤ ਬਣਾਈ ਹੈ।

ਰੂਸ ਦੇ ਵਿਰੋਧੀ ਧਿਰ ਦੇ ਆਗੂ ਹੋਰਿਸ ਨੇਮਤਸੋਵ ਅਤੇ ਵਲਾਦੀਮੀਰ ਮਿਲੋਵ ਦਾ ਦਾਅਵਾ ਹੈ ਕਿ ਸਾਲ 2004 ਅਤੇ 2007 ਵਿਚਾਲੇ, ਤੇਲ ਦੀ ਦਿੱਗਜ ਗਜ਼ਪ੍ਰੋਮ ਦੇ ਫੰਡਾਂ ਤੋਂ 60 ਹਜ਼ਾਰ ਕਰੋੜ ਡਾਲਰ ਪੁਤਿਨ ਦੇ ਸਾਥੀਆਂ ਨੂੰ ਟ੍ਰਾਂਸਫਰ ਕੀਤੇ ਗਏ ਸਨ।

ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ, ਪੈਂਡੋਰਾ ਪੇਪਰਸ ਵੱਲੋਂ ਦਰਸਾਇਆ ਗਿਆ ਕਿ ਪੁਤਿਨ ਦੇ ਨਜ਼ਦੀਕੀ ਲੋਕ ਬਹੁਤ ਅਮੀਰ ਹੋ ਗਏ ਹਨ ਅਤੇ ਉਹ ਪੁਤਿਨ ਦੀ ਦੌਲਤ ਨੂੰ ਇਧਰ-ਉਧਰ ਲੈ ਕੇ ਜਾਣ ਵਿੱਚ ਮਦਦ ਕਰ ਸਕਦੇ ਹਨ।

ਪੈਸਾ ਕਿੱਥੇ ਰੱਖਿਆ ਹੈ?

ਇਤਿਹਾਸਕ ਤੌਰ 'ਤੇ, ਇਸ ਪੈਸੇ ਦਾ ਵੱਡਾ ਹਿੱਸਾ ਸਾਈਪ੍ਰਸ ਗਿਆ ਹੈ, ਜਿਸ ਨੂੰ ਅਨੁਕੂਲ ਟੈਕਸਾਂ ਦੀ ਕਾਫੀ ਰਿਆਇਤ ਹੈ। ਕੁਝ ਲੋਕਾਂ ਲਈ, ਇਹ ਟਾਪੂ "ਮਾਸਕੋ ਆਨ ਦਿ ਮੇਡ" ਵਜੋਂ ਜਾਣਿਆ ਜਾਂਦਾ ਹੈ।

ਅਟਲਾਂਟਿਕ ਕੌਂਸਲਵ ਮੁਤਾਬਕ, 2013 ਵਿੱਚ ਹੀ 36 ਬਿਲੀਅਨ ਡਾਲਰ ਰੂਸੀ ਪੈਸਾ ਉੱਥੇ ਗਿਆ ਸੀ। ਇਸ ਦਾ ਬਹੁਤਾ ਹਿੱਸਾ ਸ਼ੈਲ ਕੰਪਨੀਆਂ ਰਾਹੀਂ ਪਹੁੰਚਿਆ।

2013 ਵਿੱਚ, ਅੰਤਰਰਾਸ਼ਟਰੀ ਮੁਦਰਾ ਫੰਡ ਨੇ ਸਾਈਪ੍ਰਸ ਨੂੰ ਸ਼ੈਲ ਕੰਪਨੀਆਂ ਵੱਲੋਂ ਰੱਖੇ ਹਜ਼ਾਰਾਂ ਬੈਂਕ ਖਾਤਿਆਂ ਨੂੰ ਬੰਦ ਕਰਨ ਲਈ ਰਾਜ਼ੀ ਕੀਤਾ ਸੀ।

ਬ੍ਰਿਟਿਸ਼ ਓਵਰਸੀਜ਼ ਟੈਰੀਟਰੀਜ਼ ਜਿਵੇਂ ਕਿ ਬ੍ਰਿਟਿਸ਼ ਵਰਜਿਨ ਟਾਪੂ ਅਤੇ ਕੇਮੈਨ ਟਾਪੂ, ਵੀ ਮਨਪਸੰਦ ਥਾਵਾਂ ਹਨ।

ਸਾਲ 2018 ਵਿੱਚ ਗਲੋਬਲ ਵਿਟਨੈੱਸ ਦੀ ਇੱਕ ਰਿਪੋਰਟ ਮੁਤਾਬਕ, ਇਹਨਾਂ ਟਾਪੂਆਂ ਵਿੱਚ ਰੂਸੀ ਧਨਾਢਾਂ ਦੇ ਅੰਦਾਜ਼ਨ 45.5 ਬਿਲੀਅਨ ਡਾਲਰ ਸਨ।

ਇਸ ਵਿੱਚੋਂ ਕੁਝ ਪੈਸਾ ਨਿਊ ਯਾਰਕ ਅਤੇ ਲੰਡਨ ਵਰਗੀਆਂ ਵਿੱਤੀ ਰਾਜਧਾਨੀਆਂ ਵਿੱਚ ਪਹੁੰਚਦਾ ਹੈ, ਜਿੱਥੇ ਇਸ ਨੂੰ ਨਿਵੇਸ਼ ਕੀਤਾ ਜਾ ਸਕਦਾ ਹੈ ਅਤੇ ਰਿਟਰਨ ਹਾਸਿਲ ਕੀਤੀ ਜਾ ਸਕਦੀ ਹੈ।

ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਟਰਾਂਸਪੈਰੇਂਸੀ ਇੰਟਰਨੈਸ਼ਨਲ ਦਾ ਦਾਅਵਾ ਹੈ ਕਿ ਘੱਟੋ-ਘੱਟ 200 ਕਰੋੜ ਡਾਲਰ ਯੂਕੇ ਦੀ ਜਾਇਦਾਦ ਵਿੱਤੀ ਅਪਰਾਧ ਦੇ ਮੁਲਜ਼ਮ ਰੂਸੀਆਂ ਦੀ ਮਲਕੀਅਤ ਹੈ, ਜਾਂ ਉਨ੍ਹਾਂ ਲੋਕਾਂ ਦੀ ਹੈ ਜੋ ਕ੍ਰੇਮਲਿਨ ਨਾਲ ਜੁੜੇ ਹੋਏ ਹਨ।

ਰੂਸ ਦੇ ਪੈਸੇ ਦੇ ਗ਼ੈਰ-ਕਾਨੂੰਨੀ ਫੈਲਾਅ ਨੂੰ 2014 ਵਿੱਚ ਸੰਗਠਿਤ ਕ੍ਰਾਇਮ ਅਤੇ ਕਰੱਪਸ਼ਨ ਰਿਪੋਰਟਿੰਗ ਪ੍ਰੋਜੈਕਟ ਰਾਹੀਂ ਉਜਾਗਰ ਕੀਤਾ ਗਿਆ।

ਇਸ ਵਿੱਚ ਕਿਹਾ ਗਿਆ ਸੀ ਕਿ ਸਾਲ 2011 ਅਤੇ 2014, ਵਿਚਾਲੇ 19 ਰੂਸੀ ਬੈਂਕਾਂ ਨੇ 96 ਦੇਸ਼ਾਂ ਵਿੱਚ 5,140 ਕੰਪਨੀਆਂ ਨੂੰ 20.8 ਬਿਲੀਅਨ ਡਾਲਕਰ ਦਾ ਗ਼ੈਰ - ਕਾਨੂੰਨੀ ਟਰਾਂਸਫਰ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੈਸਾ ਕਿਵੇਂ ਲੁਕਾਇਆ ਜਾਂਦਾ ਹੈ?

ਆਮ ਤਰੀਕਾ ਜਿਸ ਨਾਲ ਰੂਸੀ ਧਨਾਢ ਵਿਦੇਸ਼ਾਂ ਵਿੱਚ ਆਪਣਾ 'ਕਾਲਾ ਧਨ' ਲੁਕਾਉਂਦੇ ਹਨ ਉਹ ਸ਼ੈੱਲ ਕੰਪਨੀਆਂ ਰਾਹੀਂ ਹੁੰਦਾ ਹੈ।

ਐਟਲਾਂਟਿਕ ਕੌਂਸਲ ਕਹਿੰਦੀ ਹੈ, "ਇਹ ਧਨਾਢ ਲੋਕ ਆਪਣੇ ਫੰਡਾਂ ਨੂੰ ਲੁਕਾਉਣ ਅਤੇ ਬਾਹਰ ਕੱਢਣ ਲਈ ਕਾਨੂੰਨੀ ਸਾਧਨ ਵਿਕਸਿਤ ਕਰਨ ਲਈ ਦੁਨੀਆ ਦੇ ਸਭ ਤੋਂ ਵਧੀਆ ਵਕੀਲਾਂ, ਆਡੀਟਰਾਂ, ਬੈਂਕਰਾਂ ਅਤੇ ਲਾਬੀਇਸਟਾਂ ਨੂੰ ਨਿਯੁਕਤ ਕਰਦੇ ਹਨ।"

"ਇੱਕ ਚੰਗੇ ਧਨਾਢ ਵਰਗ ਕੋਲ ਦੂਰ-ਦੁਰਾਢੇ ਸ਼ੈੱਲ ਕੰਪਨੀਆਂ ਦੀਆਂ ਪਰਤਾਂ ਹੁੰਦੀਆਂ ਹਨ ਅਤੇ ਇਨ੍ਹਾਂ ਵਿਚਾਲੇ ਬਿਜਲੀ ਦੀ ਗਤੀ ਨਾਲ ਫੰਡ ਚੱਲਦੇ ਹਨ।"

2016 ਵਿੱਚ, ਇੰਟਰਨੈਸ਼ਨਲ ਕਨਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟਸ ਨੇ ਪਨਾਮਾ ਪੇਪਰਸ ਪ੍ਰਕਾਸ਼ਿਤ ਕੀਤੇ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਕੰਪਨੀ ਨੇ ਹੀ ਅਮੀਰ ਰੂਸੀਆਂ ਲਈ 2,071 ਸ਼ੈੱਲ ਕੰਪਨੀਆਂ ਸਥਾਪਤ ਕੀਤੀਆਂ ਹਨ।

ਧਨਾਢਾਂ ਦੇ ਪੈਸੇ ਬਾਹਰ ਕੱਢਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ?

ਯੂਕਰੇਨ ਦੇ ਹਮਲੇ ਤੋਂ ਬਾਅਦ, ਦੇਸ਼ਾਂ ਨੇ ਰੂਸੀ ਪੈਸੇ ਦਾ ਪਤਾ ਲਗਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ।

ਰੂਸ ਦੇ ਕੁਲੀਨ ਵਰਗ ਦੇ ਵਿੱਤ 'ਤੇ ਸ਼ਿਕੰਜਾ ਕੱਸਣ ਲਈ ਅਮਰੀਕਾ ਇੱਕ ਨਵੀਂ "ਕਲੇਪਟੋਕੈਪਚਰ" ਟਾਸਕ ਫੋਰਸ ਸਥਾਪਤ ਕਰ ਰਿਹਾ ਹੈ।

ਇਸ ਨੂੰ ਨਿਆਂ ਵਿਭਾਗ ਵੱਲੋਂ ਚਲਾਇਆ ਜਾਵੇਗਾ ਅਤੇ ਗ਼ੈਰ-ਕਾਨੂੰਨੀ ਆਚਰਣ ਰਾਹੀਂ ਹਾਸਿਲ ਕੀਤੀਆਂ ਸੰਪਤੀਆਂ ਨੂੰ ਜ਼ਬਤ ਕਰੇਗਾ।

ਯੂਕੇ ਸਰਕਾਰ ਨੇ ਅਨਐਕਸਪਲੇਨਡ ਵੈਲਥ ਆਰਡਰਜ਼ (UWOs) ਦੀ ਵਰਤੋਂ ਨੂੰ ਵਧਾਉਣ ਲਈ ਕਦਮ ਚੁੱਕੇ ਹਨ, ਜੋ ਲੋਕਾਂ ਨੂੰ ਇਹ ਸਾਬਤ ਕਰਨ ਲਈ ਮਜਬੂਰ ਕਰਦੇ ਹਨ ਕਿ ਉਨ੍ਹਾਂ ਕੋਲ ਯੂਕੇ ਵਿੱਚ ਜਾਇਦਾਦ ਖਰੀਦਣ ਲਈ ਨਕਦੀ ਕਿੱਥੋਂ ਆਈ ਹੈ।

ਜੇਕਰ ਸ਼ੱਕ ਹੋਵੇ ਕਿ ਪੈਸਾ ਅਪਰਾਧਿਕ ਗਤੀਵਿਧੀ ਨਾਲ ਜੁੜਿਆ ਹੋਇਆ ਹੈ ਤਾਂ ਅਕਾਉਂਟ ਫ੍ਰੀਜ਼ਿੰਗ ਆਰਡਰ (AFOs) ਅਦਾਲਤਾਂ ਨੂੰ ਬੈਂਕ ਜਾਂ ਬਿਲਡਿੰਗ ਸੋਸਾਇਟੀ ਵਿੱਚ ਫੰਡ ਫ੍ਰੀਜ਼ ਕਰਨ ਦੀ ਇਜਾਜ਼ਤ ਦਿੰਦੇ ਹਨ।

ਸਰਕਾਰ ਨੇ ਆਰਥਿਕ ਅਪਰਾਧ ਐਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ ਵਿਦੇਸ਼ੀ ਇਕਾਈਆਂ ਦੀ ਮਲਕੀਅਤ ਵਾਲੀ ਕੰਪਨੀਆਂ ਨੂੰ ਪੂਰੀ ਜਾਣਕਾਰੀ ਦੇਣੀ ਪਵੇਗੀ।

ਯੂਕੇ ਨੇ ਆਪਣੀ "ਗੋਲਡਨ ਵੀਜ਼ਾ ਸਕੀਮ" ਨੂੰ ਵੀ ਰੱਦ ਕਰ ਦਿੱਤਾ ਹੈ, ਜਿਸ ਨੇ ਅਮੀਰ ਵਿਦੇਸ਼ੀਆਂ ਨੂੰ ਰਿਹਾਇਸ਼ ਦੇ ਅਧਿਕਾਰ ਦਿੱਤੇ ਹੋਏ ਸਨ, ਜੇਕਰ ਉਹ ਦੇਸ਼ ਵਿੱਚ ਵੱਡੀ ਮਾਤਰਾ ਵਿੱਚ ਪੈਸਾ ਨਿਵੇਸ਼ ਕਰਦੇ ਹਨ।

ਮਾਲਟਾ ਜੋ ਰੂਸੀ ਪੈਸੇ ਲਈ ਇੱਕ ਪਸੰਦੀਦਾ ਥਾਂ ਹੈ, ਨੇ ਆਪਣੀ "ਗੋਲਡਨ ਪਾਸਪੋਰਟ" ਸਕੀਮ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਨਾਲ ਧਨਾਢ ਲੋਕਾਂ ਨੂੰ ਨਾਗਰਿਕਤਾ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਸੀ।

ਸਾਈਪ੍ਰਸ ਅਤੇ ਬੁਲਗਾਰੀਆ ਨੇ 2020 ਵਿੱਚ ਆਪਣੀਆਂ ਗੋਲਡਨ ਪਾਸਪੋਰਟ ਸਕੀਮਾਂ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)