ਆਸਕਰ ਐਵਾਰਡਜ਼: ਵਿੱਲ ਸਮਿੱਥ ਨੇ ਸਟੇਜ ’ਤੇ ਕ੍ਰਿਸ ਰੌਕ ਨੂੰ ਕਿਉਂ ਮਾਰਿਆ ਥੱਪੜ

ਲਾਸ ਏਂਜਲਸ ਵਿਖੇ ਆਸਕਰ ਐਵਾਰਡ ਸਮਾਗਮ ਦੌਰਾਨ ਪ੍ਰਸਿੱਧ ਅਦਾਕਾਰ ਵਿੱਲ ਸਮਿੱਥ ਨੇ ਕ੍ਰਿਸ ਰੌਕ ਨੂੰ ਥੱਪੜ ਜੜ ਦਿੱਤਾ।

ਵਿੱਲ ਸਮਿੱਥ ਨੂੰ ਫਿਲਮ 'ਦਿ ਕਿੰਗ ਰਿਚਰਡ' ਲਈ ਆਸਕਰ ਪੁਰਸਕਾਰ ਮਿਲਿਆ ਅਤੇ ਉਨ੍ਹਾਂ ਨੇ ਸੰਬੋਧਨ ਦੌਰਾਨ ਉਨ੍ਹਾਂ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ।

'ਦਿ ਕਿੰਗ ਰਿਚਰਡ' ਫਿਲਮ ਵਿੱਚ ਵਿੱਲ ਸਮਿੱਥ ਨੇ ਟੈਨਿਸ ਸਟਾਰ ਸੇਰੇਨਾ ਤੇ ਵੀਨਸ ਵਿਲੀਅਮਜ਼ ਦੇ ਪਿਤਾ ਕਿੰਗ ਰਿਚਰਡ ਦੀ ਭੂਮਿਕਾ ਨਿਭਾਈ ਹੈ।

ਆਪਣੇ ਸੰਬੋਧਨ ਦੌਰਾਨ ਉਹ ਕਾਫ਼ੀ ਭਾਵੁਕ ਹੋ ਗਏ।

'ਮੈਂ ਆਪਣੀ ਸੀਮਾ ਟੱਪੀ ਹੈ ਅਤੇ ਮੈਂ ਗਲਤ ਸੀ'

ਆਸਕਰ ਸਮਾਰੋਹ ਦੌਰਾਨ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੀ ਘਟਨਾ 'ਤੇ ਵਿੱਲ ਸਮਿੱਥ ਨੇ ਮੁਆਫ਼ੀ ਮੰਗੀ ਹੈ।

ਇੰਸਟਾਗ੍ਰਾਮ ਉਪਰ ਇੱਕ ਪੋਸਟ ਵਿੱਚ ਸਮਿੱਥ ਨੇ ਲਿਖਿਆ ਹੈ ਕਿ ਉਨ੍ਹਾਂ ਦਾ ਵਿਵਹਾਰ ਠੀਕ ਨਹੀਂ ਸੀ।

"ਮੈਂ ਜਨਤਕ ਰੂਪ ਵਿੱਚ ਤੁਹਾਡੇ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ ਕ੍ਰਿਸ। ਮੈਂ ਆਪਣੀ ਸੀਮਾ ਟੱਪੀ ਹੈ ਅਤੇ ਮੈਂ ਗਲਤ ਸੀ।"

ਵਿੱਲ ਸਮਿੱਥ ਦਾ ਇਹ ਮੁਆਫੀਨਾਮਾ ਉਸ ਸਮੇਂ ਆਇਆ ਹੈ ਜਦੋਂ ਆਸਕਰ ਫ਼ਿਲਮ ਅਕੈਡਮੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਇਸ ਮਾਮਲੇ ਦੀ ਸਮੀਖਿਆ ਕਰਨ ਦਾ ਐਲਾਨ ਕੀਤਾ ਹੈ।

ਉਨ੍ਹਾਂ ਨੇ ਆਖਿਆ ਹੈ ਕਿ ਹਰ ਤਰ੍ਹਾਂ ਦੀ ਹਿੰਸਾ ਗਲਤ ਹੈ।

ਇਸ ਦੇ ਨਾਲ ਹੀ ਵਿੱਲ ਸਮਿੱਥ ਨੇ ਅਕੈਡਮੀ, ਇਸ ਵਿੱਚ ਹਿੱਸਾ ਲੈ ਰਹੇ ਸਾਰੇ ਮਹਿਮਾਨਾਂ ਅਤੇ ਉਸ ਨੂੰ ਦੇਖ ਰਹੇ ਦੁਨੀਆਂ ਭਰ ਦੇ ਲੋਕਾਂ ਤੋਂ ਮੁਆਫ਼ੀ ਮੰਗੀ।

ਇਸ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਪਤਨੀ ਦੇ ਹਾਲਾਤਾਂ ਬਾਰੇ ਮਜ਼ਾਕ ਨੂੰ ਸਹਿ ਨਹੀਂ ਕਰ ਸਕੇ ਅਤੇ ਭਾਵੁਕ ਹੋ ਕੇ ਉਨ੍ਹਾਂ ਨੇ ਅਜਿਹਾ ਕੀਤਾ।

ਪਤਨੀ ਉਪਰ ਟਿੱਪਣੀ ਤੋਂ ਬਾਅਦ ਆਇਆ ਗੁੱਸਾ

ਵਿੱਲ ਸਮਿੱਥ ਦੀ ਪਤਨੀ ਪਿੰਕਟ ਸਮਿੱਥ ਵੀ ਇਸ ਸਮਾਗਮ ਵਿੱਚ ਮੌਜੂਦ ਸਨ। ਕ੍ਰਿਸ ਰੌਕ ਵੱਲੋਂ ਪਿੰਕਟ ਦੇ ਵਾਲਾਂ ਉੱਪਰ ਟਿੱਪਣੀ ਕੀਤੀ ਗਈ।

ਕ੍ਰਿਸ ਨੇ ਆਖਿਆ ਕਿ ਉਹ ਜੀ ਆਈ ਜੇਨ-2 ਦਾ ਇੰਤਜ਼ਾਰ ਕਰਨਗੇ। ਆਈ ਜੇਨ 1997 ਵਿੱਚ ਆਈ ਡੈਮੀ ਮੂਰ ਦੀ ਫ਼ਿਲਮ ਸੀ ਜਿਸ ਵਿੱਚ ਉਨ੍ਹਾਂ ਦੇ ਵਾਲ ਕੱਟੇ ਹੋਏ ਸਨ।

ਇਸ ਤੋਂ ਬਾਅਦ ਵਿੱਲ ਸਮਿੱਥ ਨੂੰ ਗੁੱਸਾ ਆ ਗਿਆ, ਉਹ ਮੰਚ 'ਤੇ ਗਏ ਅਤੇ ਉਨ੍ਹਾਂ ਨੇ ਕ੍ਰਿਸ ਨੂੰ ਥੱਪੜ ਜੜ ਦਿੱਤਾ।

ਇਸ ਤੋਂ ਬਾਅਦ ਆਪਣੀ ਜਗ੍ਹਾ 'ਤੇ ਆ ਕੇ ਬੈਠੇ ਵਿੱਲ ਸਮਿੱਥ ਨੇ ਆਖਿਆ, “ਆਪਣੇ ਮੂੰਹ ਤੋਂ ਮੇਰੀ ਪਤਨੀ ਦਾ ਨਾਮ ਲੈਣ ਦੀ ਜ਼ਰੂਰਤ ਨਹੀਂ ਹੈ।”

ਪਿੰਕਟ ਸਮਿੱਥ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਉਹ ਐਲੋਪੇਸ਼ੀਆ ਨਾਮ ਦੀ ਬਿਮਾਰੀ ਤੋਂ ਪੀੜਿਤ ਹਨ ਜੋ ਵਾਲਾਂ ਨੂੰ ਪ੍ਰਭਾਵਿਤ ਕਰਦੀ ਹੈ।

ਘਟਨਾ ਤੋਂ ਬਾਅਦ ਕ੍ਰਿਸ ਕਾਫੀ ਹੈਰਾਨ ਸਨ। ਉਨ੍ਹਾਂ ਨੇ ਤੰਜ ਕੱਸਦਿਆਂ ਆਖਿਆ ,"ਇਹ ਟੀਵੀ ਦੇ ਇਤਿਹਾਸ ਦੀ ਸਭ ਤੋਂ ਮਹਾਨ ਰਾਤ ਸੀ।"

ਕਿੰਗ ਰਿਚਰਡ ਲਈ ਆਸਕਰ ਜਿੱਤਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਸਮਿੱਥ ਨੇ ਇਸ ਘਟਨਾ ਲਈ ਮੁਆਫੀ ਵੀ ਮੰਗੀ ਹੈ।

'ਕੋਡਾ' ਨੇ ਜਿੱਤਿਆ ਬੈਸਟ ਪਿਕਚਰ ਐਵਾਰਡ

ਇਸ ਦੌਰਾਨ 'ਕੌਡਾ' ਨੇ ਬੈਸਟ ਪਿਕਚਰ ਦਾ ਐਵਾਰਡ ਜਿੱਤਿਆ। ਇਸ ਨਾਲ ਹੀ ਜੈਸਿਕਾ ਚੈਸਟੇਨ ਨੂੰ ਬੈਸਟ ਐਕਟਰਸ ਅਤੇ ਵਿਲ ਸਮਿੱਥ ਨੂੰ ਬੈਸਟ ਐਕਟਰ ਲਈ ਆਸਕਰ ਮਿਲਿਆ ਹੈ।

ਇਸ ਨਾਲ ਹੀ ਡਿਊਨ ਫ਼ਿਲਮ ਨੂੰ ਵੀ ਕਈ ਆਸਕਰ ਮਿਲੇ ਹਨ।

ਭਾਰਤ ਦੀ 'ਰਾਈਟਿੰਗ ਵਿਦ ਫਾਇਰ' ਦਸਤਾਵੇਜ਼ੀ ਫਿਲਮ ਜੋ ਖ਼ਬਰ ਸਰਵਿਸ 'ਖ਼ਬਰ ਲਹਿਰੀਆ' ਦੀਆਂ ਮਹਿਲਾ ਪੱਤਰਕਾਰਾਂ ਉੱਤੇ ਆਧਾਰਿਤ ਸੀ, 'ਸਮਰ ਆਫ ਸੌਲ' ਤੋਂ ਪਿਛੜ ਗਈ ਹੈ।

ਆਸਕਰ ਐਵਾਰਡ ਦੌਰਾਨ ਯੂਕਰੇਨ ਦੇ ਸਮਰਥਨ 'ਚ ਉਤਰੇ ਹਾਲੀਵੁੱਡ ਸਿਤਾਰੇ

ਰੂਸ ਅਤੇ ਯੂਕਰੇਨ ਦੀ ਜੰਗ ਨੂੰ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਮੰਗਲਵਾਰ ਨੂੰ ਲਾਸ ਏਂਜਲਸ ਵਿਖੇ ਹੋ ਰਹੇ ਆਸਕਰ ਐਵਾਰਡ ਵਿੱਚ ਵੀ ਹਾਲੀਵੁੱਡ ਸਿਤਾਰਿਆਂ ਨੇ ਯੂਕਰੇਨ ਦਾ ਸਮਰਥਨ ਕੀਤਾ।

ਸੀਨ ਪੇਨ ਨੇ ਅਪੀਲ ਕੀਤੀ ਕਿ ਯੂਕਰੇਨ ਦੇ ਰਾਸ਼ਟਰਪਤੀ ਨੂੰ ਬੋਲਣ ਦੀ ਇਜਾਜ਼ਤ ਅਕੈਡਮੀ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਹੋਰ ਵੀ ਕਈ ਸਿਤਾਰਿਆਂ ਨੇ ਯੂਕਰੇਨ ਦਾ ਸਮਰਥਨ ਵਿੱਚ ਰਿਬਨ ਅਤੇ ਬੈਚ ਲਗਾਏ ਹੋਏ ਸਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)