ਜ਼ੀਰਾ ਦੇ ਕੱਸੋਆਣਾ ਵਿਖੇ ਦਲਿਤ ਖੇਤ ਮਜ਼ਦੂਰ ਦੇ ਕਤਲ ਦਾ ਕੀ ਪੂਰਾ ਮਾਮਲਾ ਹੈ - ਗਰਾਊਂਡ ਰਿਪੋਰਟ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਜ਼ਿਲ੍ਹਾ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਕੱਸੋਆਣਾ ਵਿੱਚ ਸੰਨਾਟਾ ਹੈ। ਘਰਾਂ ਦੇ ਦਰਵਾਜ਼ੇ ਬੰਦ ਹਨ ਅਤੇ ਪੁਲਿਸ ਘੁੰਮਦੀ ਨਜ਼ਰ ਆਉਂਦੀ ਹੈ।

ਜਿਵੇਂ ਹੀ ਮੈਂ ਆਪਣੇ ਕੈਮਰਾਮੈਨ ਨਾਲ ਪਿੰਡ ਵਿੱਚ ਦਾਖ਼ਲ ਹੋਇਆ ਤਾਂ ਚੁਰਾਹੇ ਵਿੱਚ ਬੈਠੇ ਕੁਝ ਲੋਕਾਂ ਦੀਆਂ ਅੱਖਾਂ ਸਾਨੂੰ ਘੂਰਦੀਆਂ ਨਜ਼ਰ ਆਈਆਂ।

ਜਦੋਂ ਮੈਂ ਕੁਝ ਅੱਗੇ ਵਧਿਆ ਤਾਂ ਪੁਲਿਸ ਦਾ ਭਾਰੀ ਲਾਮ ਲਸ਼ਕਰ ਪਿੰਡ ਵਿੱਚ ਮੁਸਤੈਦੀ ਨਾਲ ਪਹਿਰਾ ਦੇ ਰਿਹਾ ਸੀ।

ਇਸ ਵਰਤਾਰੇ ਦਾ ਆਲਮ ਇਸ ਪਿੰਡ ਵਿੱਚ ਇੱਕ ਦਲਿਤ ਖੇਤ ਮਜ਼ਦੂਰ ਇਕਬਾਲ ਸਿੰਘ ਦਾ ਕਤਲ ਸੀ, ਜਿਸ ਉਪਰ ਲੰਘੀ 12 ਮਾਰਚ ਨੂੰ ਹਮਲਾ ਹੋਇਆ ਸੀ।

ਭਾਵੇਂ ਪੁਲਿਸ ਨੇ ਇਸ ਕਤਲ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ, ਪਰ ਪਿੰਡ ਦੀ ਹਰ ਗਲੀ ਵਿੱਚ ਡਰ ਦਾ ਮਾਹੌਲ ਜਿਉਂ ਦਾ ਤਿਉਂ ਕਾਇਮ ਸੀ।

ਵਾਰਿਸਾਂ ਮੁਤਾਬਕ ਇਕਬਾਲ ਸਿੰਘ ਨੂੰ ਪਿੰਡ ਦੇ ਚੁਰਾਹੇ ਵਿੱਚ ਆਥਣ ਵੇਲੇ ਇੱਟਾਂ ਮਾਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ ਜਿਸ ਨੇ ਬਾਅਦ ਵਿੱਚ ਫ਼ਰੀਦਕੋਟ ਵਿਖੇ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ:

'ਨਿੱਕੇ ਜਿਹੇ ਝਗੜੇ ਨੇ ਲਈ ਮੇਰੇ ਡੈਡੀ ਦੀ ਜਾਨ'

ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਨੂੰ ਕਥਿਤ ਤੌਰ 'ਤੇ ਸਿਆਸੀ ਰੰਜਿਸ਼ ਅਧੀਨ ਕੀਤਾ ਗਿਆ ਕਤਲ ਕਰਾਰ ਦਿੱਤਾ ਜਾ ਰਿਹਾ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਫਿਲਹਾਲ ਜਾਰੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਵਿਧਾਨ ਸਭਾ ਦੇ ਚੋਣ ਨਤੀਜਿਆਂ ਮਗਰੋਂ 12 ਮਾਰਚ ਨੂੰ ਪਿੰਡ ਕੱਸੋਆਣਾ ਦੇ ਵਸਨੀਕ ਇਕਬਾਲ ਸਿੰਘ ਉੱਪਰ ਕੁਝ ਲੋਕਾਂ ਨੇ ਹਮਲਾ ਕੀਤਾ ਸੀ।

ਇਕਬਾਲ ਸਿੰਘ ਨੂੰ ਗੰਭੀਰ ਹਾਲਤ ਵਿੱਚ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ 29 ਮਾਰਚ ਨੂੰ ਦਮ ਤੋੜ ਦਿੱਤਾ।

ਅਸਲ ਵਿੱਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਿੰਡ ਕੱਸੋਆਣਾ ਪਹੁੰਚ ਕੇ ਇਸ ਸੰਬੰਧੀ ਇੱਕ ਟਵੀਟ ਕੀਤਾ।

ਮ੍ਰਿਤਕ ਦੇ ਭਰਾ ਪਾਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਦੇ ਹੀ ਇੱਕ ਧਨਾਢ ਜ਼ਿਮੀਂਦਾਰ ਨੇ ਆਪਣੇ ਸਾਥੀਆਂ ਨਾਲ ਰਲ ਕੇ ਉਸਦੇ ਭਰਾ ਉਪਰ ਇੱਟਾਂ ਨਾਲ ਹਮਲਾ ਕੀਤਾ ਸੀ।

ਉਨ੍ਹਾਂ ਕਿਹਾ ਕਿ, "ਪਿਛਲੀਆਂ ਪੰਚਾਇਤ ਚੋਣਾਂ ਦੌਰਾਨ ਇਕਬਾਲ ਸਿੰਘ ਦੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਤੂੰ-ਤੂੰ ਮੈਂ-ਮੈਂ ਹੋ ਗਈ ਸੀ ਅਤੇ ਨੌਬਤ ਹੱਥੋਪਾਈ ਤੱਕ ਆ ਗਈ ਸੀ। ਇਸ ਮਾਮਲੇ ਨੂੰ ਤਾਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਨਿਬੇੜ ਦਿੱਤਾ ਸੀ ਪਰ ਸਿਆਸੀ ਰੰਜਿਸ਼ ਜਿਉਂ ਦੀ ਤਿਉਂ ਕਾਇਮ ਸੀ।"

"ਪੰਚਾਇਤੀ ਚੋਣਾਂ ਵੇਲੇ ਹੀ ਹਮਲਾਵਰ ਲੋਕਾਂ ਨੇ ਸਾਨੂੰ ਚਿਤਾਵਨੀ ਦੇ ਦਿੱਤੀ ਸੀ ਕਿ ਅਗਲੀ ਸਰਕਾਰ ਬਣਨ 'ਤੇ ਬਦਲਾ ਲਿਆ ਜਾਵੇਗਾ। ਹੁਣ ਜਿਵੇਂ ਹੀ ਪੰਜਾਬ ਵਿੱਚ ਸਰਕਾਰ ਬਦਲੀ ਤਾਂ ਹਮਲਾਵਰਾਂ ਨੇ ਮੇਰੇ ਭਰਾ ਨੂੰ ਇੱਟਾਂ ਮਾਰ ਮਾਰ ਕੇ ਮਾਰ ਮੁਕਾਇਆ।"

ਇਕਬਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਨ ਉਪਰੰਤ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਰਾਹੀਂ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਇਕਬਾਲ ਦੀ ਧੀ ਮੋਨਿਕਾ ਨੇ ਦੱਸਿਆ ਕਿ ਉਸ ਦੇ ਪਿਤਾ ਖੇਤ ਮਜ਼ਦੂਰ ਵਜੋਂ ਕੰਮ ਕਰਕੇ ਆਪਣਾ ਪੇਟ ਪਾਲਦੇ ਸਨ।

"ਪੰਚਾਇਤੀ ਚੋਣਾਂ ਵੇਲੇ ਲੜਾਈ ਹੋਈ ਸੀ ਪਰ ਮੈਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਨਿੱਕਾ ਜਿਹਾ ਝਗੜਾ ਮੇਰੇ ਡੈਡੀ ਦੀ ਜਾਨ ਲੈ ਕੇ ਮੇਰਾ ਜਹਾਨ ਸੱਖਣਾ ਕਰ ਜਾਵੇਗਾ। ਮੇਰਾ ਪਿਤਾ ਮਰ ਗਿਆ ਹੈ ਹੁਣ ਮੈਂ ਕੁਝ ਨਹੀਂ ਕਰ ਸਕਦੀ ਬਸ ਕਾਨੂੰਨ ਹੀ ਇਨਸਾਫ਼ ਦੇ ਸਕਦਾ ਹੈ।"

ਦਲਿਤ ਮੁਹੱਲੇ ਵਿੱਚ ਬਣੇ ਇਕਬਾਲ ਸਿੰਘ ਦੇ ਘਰ ਵਿੱਚ ਪਿੰਡ ਦੀਆਂ ਕੁਝ ਔਰਤਾਂ ਅਤੇ ਮਰਦ ਅਫ਼ਸੋਸ ਕਰਨ ਲਈ ਬੈਠੇ ਸਨ। ਜਿਵੇਂ ਹੀ ਮੈਂ ਇਸ ਘਟਨਾ ਸਬੰਧੀ ਗੱਲ ਤੋਰੀ ਤਾਂ ਸਾਰੇ ਜਣੇ ਚੁੱਪ ਵੱਟ ਗਏ।

'ਮੈਨੂੰ ਨਿਆਂ ਦੀ ਆਸ ਤਾਂ ਹੈ ਪਰ'

ਇਸ ਦੌਰਾਨ ਪੁਲਿਸ ਦੀ ਚੌਕਸੀ ਵੀ ਨਜ਼ਰ ਆਈ। ਇੱਕ ਪੁਲਿਸ ਅਫ਼ਸਰ ਨੇ ਪਹਿਲਾਂ ਤਾਂ ਮੈਨੂੰ ਰੋਕ ਕੇ ਕੁਝ ਪੁੱਛਣਾ ਚਾਹਿਆ ਪਰ ਜਿਵੇਂ ਹੀ ਉਸ ਨੇ ਮੇਰੇ ਗਲ ਵਿੱਚ ਪਾਇਆ ਸ਼ਨਾਖਤੀ ਕਾਰਡ ਦੇਖਿਆ ਤਾਂ ਉਹ ਵਾਪਸ ਪਰਤ ਗਿਆ।

ਆਖਰਕਾਰ ਮ੍ਰਿਤਕ ਇਕਬਾਲ ਸਿੰਘ ਦਾ ਭਰਾ ਪਾਲ ਸਿੰਘ ਅਤੇ ਉਸ ਦੀ ਧੀ ਮੋਨਿਕਾ ਮੇਰੇ ਨਾਲ ਗੱਲ ਕਰਨ ਲਈ ਰਾਜ਼ੀ ਹੋ ਗਏ।

ਪਾਲ ਸਿੰਘ ਕਹਿੰਦੇ ਹਨ ਕਿ, "ਵੋਟਾਂ ਪੈਂਦੀਆਂ ਬਹੁਤ ਵਾਰ ਵੇਖੀਆਂ ਹਨ ਅਤੇ ਸਰਕਾਰਾਂ ਬਣਦੀਆਂ ਵੀ। ਪਰ ਸਰਕਾਰ ਬਣਨ ਮਗਰੋਂ ਬੰਦੇ ਮਾਰਨ ਦੀ ਗੱਲ ਮੈਨੂੰ ਧੁਰ ਅੰਦਰ ਤੋਂ ਝੰਜੋੜ ਰਹੀ ਹੈ।"

"ਮੇਰੇ ਭਰਾ ਨੂੰ ਮਾਰਨ ਵਾਲਿਆਂ ਨੇ ਪਹਿਲਾਂ ਤਾਂ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਪਿੰਡ ਵਿੱਚ ਗੇੜਾ ਕੱਢਿਆ, ਸਾਨੂੰ ਲਲਕਾਰਿਆ ਤੇ ਆਖ਼ਰ ਇਕਬਾਲ ਨੂੰ ਮਾਰ ਮੁਕਾਇਆ। ਮੈਨੂੰ ਨਿਆਂ ਦੀ ਆਸ ਤਾਂ ਹੈ ਪਰ ਕਹਿੰਦੇ ਹਨ ਜਿਸ ਦੀ ਸਰਕਾਰ ਉਸੇ ਦਾ ਸਭ ਕੁਝ।"

ਸੁਮਨ ਕੌਰ ਮ੍ਰਿਤਕ ਇਕਬਾਲ ਸਿੰਘ ਦੀ ਭਾਣਜੀ ਹਨ। ਆਪਣੇ ਮਾਮੇ ਦੇ ਕਤਲ ਦਾ ਦੁੱਖ ਵੰਡਾਉਣ ਲਈ ਉਹ ਵੀ ਸੱਥਰ 'ਤੇ ਬੈਠੇ ਸਨ।

ਸੁਮਨ ਕੌਰ ਕਹਿੰਦੇ ਹਨ ਕਿ ਜਦੋਂ ਦੋ ਮੱਲ ਘੁਲਦੇ ਹਨ ਤਾਂ ਇੱਕ ਨੇ ਤਾਂ ਢਹਿਣਾ ਹੀ ਹੁੰਦਾ ਹੈ ਪਰ ਇਹ ਕਦੇ ਨਹੀਂ ਸੁਣਿਆ ਕਿ ਹਾਰਨ ਵਾਲੇ ਮੱਲ ਨੇ ਦੂਜੇ ਮੱਲ ਦੀ ਜਾਨ ਲੈ ਲਈ ਹੋਵੇ।

"ਅਸੀਂ ਵੋਟਾਂ ਕਿਸ ਨੂੰ ਪਾਈਆਂ ਇਹ ਸਾਡਾ ਜਮਹੂਰੀ ਅਧਿਕਾਰ ਹੈ। ਕਿਸੇ ਨੂੰ ਹੱਕ ਨਹੀਂ ਕਿ ਵੋਟਾਂ ਨਾ ਪਾਉਣ ਦੀ ਸੂਰਤ ਵਿੱਚ ਕੋਈ ਸਾਡੇ ਕੋਲੋਂ ਸਿਆਸੀ ਬਦਲਾ ਲਵੇ। ਮੇਰੇ ਮਾਮੇ ਦਾ ਪਹਿਲਾਂ ਝਗੜਾ ਹੋਇਆ ਸੀ ਅਸੀਂ ਸੋਚਿਆ ਕਿ ਉਹ ਨਿੱਬੜ ਗਿਆ ਹੈ ਪਰ ਵਿਰੋਧੀਆਂ ਦੇ ਮਨਾਂ ਵਿੱਚ ਬਦਲਾਖੋਰੀ ਦੀ ਅੱਗ ਬਲ ਰਹੀ ਸੀ। ਅਸੀਂ ਗ਼ਰੀਬ ਹਾਂ, ਦਿਹਾੜੀਦਾਰ ਹਾਂ, ਬੇਵੱਸ ਹਾਂ, ਸਾਡੀ ਕਿਸ ਨੇ ਸੁਣਨੀ ਹੈ। ਬਸ ਹੁਣ ਤਾਂ ਰੱਬ ਉੱਪਰ ਹੀ ਡੋਰੀ ਹੈ।"

ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਬੁੱਧਵਾਰ ਨੂੰ ਪਿੰਡ ਵਿੱਚ ਵੱਖ ਵੱਖ ਲੋਕਾਂ ਦੇ ਬਿਆਨ ਕਲਮਬੰਦ ਕਰਕੇ ਆਪਣੀ ਤਫਤੀਸ਼ ਨੂੰ ਅੱਗੇ ਵਧਾਇਆ।

ਪਰਿਵਾਰਕ ਮੈਂਬਰ ਇਸ ਕਤਲ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਵੱਲ 'ਉਂਗਲ' ਚੁੱਕਦੇ ਹਨ।

ਪਰਿਵਾਰ ਨੂੰ ਮਿਲੇ ਕਈ ਰਾਜਨੀਤਿਕ ਆਗੂ

ਸਬ ਡਵੀਜ਼ਨ ਜ਼ੀਰਾ ਦੇ ਉਪ ਕਪਤਾਨ ਪੁਲਿਸ ਸੰਦੀਪ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਇਕਬਾਲ ਸਿੰਘ ਉੱਪਰ ਜਾਨਲੇਵਾ ਹਮਲਾ ਹੋਇਆ ਸੀ ਤਾਂ ਉਸ ਵੇਲੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਤਿੰਨ ਜਣਿਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ, "ਇਕਬਾਲ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਉੱਪਰ ਹੁਣ ਤਿੰਨ ਜਣਿਆਂ ਖ਼ਿਲਾਫ਼ ਭਾਰਤੀ ਦੰਡ ਵਿਧਾਨ ਦੀ ਧਾਰਾ 302 ਅਧੀਨ ਜੁਰਮ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਇਕਬਾਲ ਸਿੰਘ ਪਿੰਡ ਕੱਸੋਆਣਾ ਵਿਖੇ ਹੀ ਇੱਕ ਜ਼ਿਮੀਂਦਾਰ ਪਰਿਵਾਰ ਨਾਲ ਖੇਤ ਮਜ਼ਦੂਰੀ ਦਾ ਕੰਮ ਕਰਦਾ ਸੀ। ਜ਼ਿਮੀਂਦਾਰ ਪਰਿਵਾਰ ਦੇ ਮੈਂਬਰ ਰਮਨਦੀਪ ਸਿੰਘ ਦੱਸਦੇ ਹਨ ਕਿ ਜਿਸ ਦਿਨ ਇਹ ਘਟਨਾ ਵਾਪਰੀ ਸੀ ਉਸ ਦਿਨ ਉਸ ਨੇ ਇਕਬਾਲ ਸਿੰਘ ਦੀਆਂ ਚੀਕਾਂ ਖੁਦ ਸੁਣੀਆਂ ਸਨ।

ਉਹ ਕਹਿੰਦੇ ਹਨ, "ਇਕਬਾਲ ਸਿੰਘ ਸਾਡੇ ਨਾਲ ਪਿਛਲੇ 20 ਸਾਲਾਂ ਤੋਂ ਖੇਤੀਬਾੜੀ ਵਿੱਚ ਮਜ਼ਦੂਰੀ ਕਰ ਰਿਹਾ ਸੀ। ਘਟਨਾ ਵਾਲੇ ਦਿਨ ਉਹ ਸ਼ਾਮ ਨੂੰ ਮੇਰੇ ਕੋਲੋਂ ਰੋਟੀ ਖਾ ਕੇ ਹੀ ਘਰੋਂ ਨਿਕਲਿਆ ਸੀ। ਠੀਕ ਉਸ ਵੇਲੇ ਮੈਂ ਫੋਨ ਸੁਣ ਰਿਹਾ ਸੀ ਜਦੋਂ ਉਹ ਮੈਨੂੰ ਮੇਰੇ ਘਰ ਦੇ ਨੇੜੇ ਬਣੇ ਚੁਰਾਹੇ ਵਿੱਚੋਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਬਾਅਦ ਵਿੱਚ ਪਤਾ ਲੱਗਾ ਕਿ ਇਕਬਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਹੈ ਅਤੇ ਅਸੀਂ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ।"

"ਸਹੀ ਮਾਅਨਿਆਂ ਵਿੱਚ ਇਹ ਸਿਆਸੀ ਰੰਜਸ਼ ਹੀ ਸੀ। ਪੰਚਾਇਤੀ ਚੋਣਾਂ ਦਾ ਗੁੱਭ-ਗੁਭਾਟ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਮਗਰੋਂ ਨਿਕਲ ਗਿਆ। ਇਹ ਘਟਨਾ ਮੰਦਭਾਗੀ ਹੈ ਅਤੇ ਪਿੰਡ ਵਾਸੀ ਇਸ ਨੂੰ ਪਿੰਡ ਦੇ ਮੱਥੇ ਉੱਪਰ ਕਲੰਕ ਸਮਝ ਰਹੇ ਹਨ। ਵੋਟਾਂ ਜਮਹੂਰੀ ਤੰਤਰ ਦਾ ਇੱਕ ਮੇਲਾ ਹਨ ਪਰ ਇਸ ਮੇਲੇ ਨੂੰ ਵੈਣਾਂ ਵਿੱਚ ਬਦਲਣ ਕਾਰਨ ਮੇਰਾ ਮਨ ਦੁਖੀ ਹੈ।"

ਇਸ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੀ ਇਸ ਪਰਿਵਾਰ ਨੂੰ ਮਿਲ ਚੁੱਕੇ ਹਨ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇੱਕ ਬੇਰਹਿਮ ਹਮਲੇ ਵਿੱਚ ਪਾਰਟੀ ਵਰਕਰ ਦੀ ਹੱਤਿਆ ਕੀਤੀ ਗਈ ਹੈ। ਉਨ੍ਹਾਂ ਨੇ ਬਦਲਾਅ ਦਾ ਨਾਂ ਲੈਂਦਿਆਂ ਸਰਕਾਰ ਉੱਪਰ ਤੰਜ ਵੀ ਕੱਸਿਆ ਹੈ।

ਇਸ ਸੰਬੰਧ ਵਿੱਚ ਜਦੋਂ ਆਮ ਆਦਮੀ ਪਾਰਟੀ ਦੇ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹਨ।

'ਆਪ' ਵਿਧਾਇਕ ਨੇ ਟੈਲੀਫੋਨ ਉਪਰ ਗੱਲਬਾਤ ਕਰਦਿਆਂ ਇਸ ਗੱਲ ਨੂੰ ਮੁੱਢ ਤੋਂ ਖਾਰਜ ਕੀਤਾ ਕਿ ਇਕਬਾਲ ਸਿੰਘ ਦੇ ਕਤਲ ਵਿੱਚ ਕੋਈ ਸਿਆਸੀ ਖਹਿਬਾਜ਼ੀ ਹੈ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨ ਪ੍ਰਬੰਧ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਇਸ ਮਾਮਲੇ ਵਿੱਚ ਵੀ ਕਾਨੂੰਨ ਸਖ਼ਤ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਕਾਇਦਾ ਤੌਰ 'ਤੇ ਕੇਸ ਦਰਜ ਹੋ ਚੁੱਕਾ ਹੈ ਅਤੇ ਪੁਲਿਸ ਮੁਸਤੈਦੀ ਨਾਲ ਆਪਣਾ ਕੰਮ ਕਰ ਰਹੀ ਹੈ।

ਘਟਨਾ ਨੂੰ ਅੰਜਾਮ ਦੇਣ ਵਾਲੇ ਹਾਲੇ ਤੱਕ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ। ਡੀਐੱਸਪੀ ਸੰਦੀਪ ਸਿੰਘ ਕਹਿੰਦੇ ਹਨ, "ਵੱਖ ਵੱਖ ਥਾਵਾਂ ਉੱਪਰ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵਿਅਕਤੀਆਂ ਦੇ ਜਲਦੀ ਹੀ ਕਾਬੂ ਆਉਣ ਦੀ ਸੰਭਾਵਨਾ ਹੈ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)