ਲਹਿਰਾਗਾਗਾ 'ਚ ਮੁਲਾਜ਼ਮ ਵੱਲੋਂ ਕਈ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਖ਼ੁਦਕੁਸ਼ੀ, ਸਾਥੀਆਂ ਨੇ ਕੀ ਦੱਸਿਆ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਸਹਿਯੋਗੀ

ਲਹਿਰਾਗਾਗਾ ਦੀ ਇੱਕ ਤਕਨੀਕੀ ਸਿੱਖਿਆ ਸੰਸਥਾ ਦੇ ਇੱਕ ਮੁਲਾਜ਼ਮ ਵੱਲੋਂ ਸੰਸਥਾ ਦੇ ਅੰਦਰ ਹੀ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਇਸ ਮੁਲਾਜ਼ਮ ਦਾ ਨਾਮ ਦਵਿੰਦਰ ਸਿੰਘ ਸੀ।

ਦਵਿੰਦਰ ਸਿੰਘ ਪਿਛਲੇ 34 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸ ਸੰਤਾਪ ਦੇ ਦਬਾਅ ਹੇਠ ਹੀ ਇਹ ਕਦਮ ਚੁੱਕਿਆ।

ਲਹਿਰਾਗਾਗਾ ਸਬਡਵੀਜ਼ਨ ਦੇ ਡੀਐੱਸਪੀ ਮਨੋਜ ਗੋਰਸੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮ੍ਰਿਤਕ ਦੀ ਜੇਬ੍ਹ ਵਿੱਚੋਂ ਇੱਕ ਸੂਸਾਈਡ ਨੋਟ ਵੀ ਬਰਾਮਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਰਸਾਂ ਦੇ ਬਿਆਨਾਂ ਦੇ ਅਧਾਰ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

''ਮੁਲਾਜ਼ਮ ਦਵਿੰਦਰ ਸਿੰਘ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਲਿਖਿਆ ਕਿ ਉਹ ਅੰਗਹੀਣ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਵੀ ਇਸੇ ਕੋਟੇ ਤਹਿਤ ਕੀਤੀ ਗਈ ਸੀ। ਉਨ੍ਹਾਂ ਨੇ ਲਿਖਿਆ ਕਿ ਉਹ ਆਪਣੇ ਘਰ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਕਰਨ ਤੋਂ ਅਸਰੱਥ ਹਨ।''

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ ਸਰਕਾਰ ਹੁਣੇ ਬਣੀ ਹੈ ਅਤੇ ਮੁਲਾਜ਼ਮ ਅਜਿਹੇ ਕਦਮ ਨਾ ਚੁੱਕਣ ਅਤੇ ਕੁਝ ਸਮਾਂ ਨਵੀਂ ਸਰਕਾਰ ਨੂੰ ਦੇਣ।

ਲਹਿਰਾ ਵਿਧਾਨ ਸਭਾ ਹਲਕੇ ਦੇ ਐੱਮਐੱਲਏ ਵਰਿੰਦਰ ਕੁਮਾਰ ਗੋਇਲ ਨੇ ਇਸ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, "ਇਹ ਬਹੁਤ ਅਫਸੋਸਨਾਕ ਘਟਨਾਕ੍ਰਮ ਵਾਪਰਿਆ ਹੈ। ਦਵਿੰਦਰ ਸਿੰਘ ਦੇ ਪਰਿਵਾਰ ਲਈ ਤਾਂ ਇਹ ਹੋਰ ਵੀ ਅਸਿਹ ਘਾਟਾ ਹੈ। ਮੈਂ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਇਨਸਾਫ ਦਿਵਾਉਣ ਲਈ ਹਰ ਯਤਨ ਕਰਾਂਗਾ।"

ਮ੍ਰਿਤਕ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਅਤੇ ਦੋ ਬੱਚੇ ਹਨ। ਦਵਿੰਦਰ ਸਿੰਘ ਦੇ ਸਾਥੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਾਲਜ ਦੇ ਸਟਾਫ਼ ਨੂੰ ਪਿਛਲੇ 34 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ ਜਿਸ ਕਰਕੇ ਸਾਰਾ ਸਟਾਫ ਹੀ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ।

ਦਵਿੰਦਰ ਸਿੰਘ ਦੇ ਸਾਥੀਆਂ ਨੇ ਕੀ ਦੱਸਿਆ

ਸੰਸਥਾ ਦੇ ਮੁਲਾਜ਼ਮ ਪਵਨ ਗਰਗ ਨੇ ਦੱਸਿਆ ਕਿ ਦਵਿੰਦਰ ਸਿੰਘ ਵੱਲੋਂ ਦੋ ਸਾਲ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ।

ਪਵਨ ਗਰਗ ਅੱਗੇ ਦੱਸਦੇ ਹਨ,''ਦਵਿੰਦਰ ਸਿੰਘ ਨੇ ਬਕਾਇਦਾ ਸੰਸਥਾ ਦੇ ਉੱਚ ਅਧਿਕਾਰੀਆਂ ਰਾਹੀਂ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਨੂੰ ਲਿਖਤੀ ਬੇਨਤੀ ਕਰਦਿਆਂ ਆਪਣੀ ਮਾਲੀ ਆਰਥਿਕ ਹਾਲਤ ਅਤੇ ਪਰੇਸ਼ਾਨੀਆਂ ਬਾਰੇ ਦੱਸਿਆ ਸੀ।''

''ਸਟਾਫ਼ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ ਪਰ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਨਾ ਹੀ ਤਨਖਾਹਾਂ ਜਾਰੀ ਕੀਤੀਆਂ ਗਈਆਂ।''

ਪਵਨ ਗਰਗ ਮੁਤਾਬਕ ਪਿਛਲੇ 34 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸੰਸਥਾ ਦੇ ਸਾਰੇ ਮੁਲਾਜ਼ਮ ਹੀ ਤਣਾਅ ਵਿੱਚ ਹਨ। ਹੋਰ ਮੁਲਾਜ਼ਮਾਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਸਾਥੀਆਂ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸਥਾਨਕ ਸਿਵਲ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਇਹ ਮਾਮਲਾ ਲਿਆਂਦਾ ਗਿਆ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਹ ਵੀ ਪੜ੍ਹੋ:

ਸੰਸਥਾ ਦੀ ਇੱਕ ਹੋਰ ਮੁਲਾਜ਼ਾਮ ਸ਼ਿਵਾਨੀ ਨੇ ਭਰੇ ਮਨ ਨਾਲ ਗੱਲ ਕਰਦਿਆਂ ਦੱਸਿਆ, "ਅਸੀਂ ਮੀਡੀਆ ਰਾਹੀਂ ਵੀ ਅਤੇ ਹੋਰ ਸਾਰੇ ਸਾਧਨਾਂ ਰਾਹੀਂ ਤਿੰਨ ਸਾਲ ਤੋਂ ਸਰਕਾਰ ਤੱਕ ਪਹੁੰਚ ਕਰ ਰਹੇ ਹਾਂ ਪਰ ਕਾਂਗਰਸ ਸਰਕਾਰ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਅਤੇ ਸਰਕਾਰ ਬਦਲਣ ਤੋਂ ਬਾਅਦ ਵੀ ਉਨ੍ਹਾਂ ਦਾ ਕੋਈ ਹੱਲ ਨਹੀਂ ਹੋਇਆ।''

''ਜਿਸ ਕਰਕੇ ਸਾਡੇ ਇਸ ਭਰਾ ਨੇ ਇਹ ਕਦਮ ਚੁੱਕ ਲਿਆ। ਅਸੀਂ ਬੇਹੱਦ ਤਣਾਅ ਵਿੱਚੋਂ ਲੰਘ ਰਹੇ ਹਾਂ। ਜੇ ਮਸਲਾ ਹੱਲ ਨਾ ਹੋਇਆ ਤਾਂ ਹਾਲਾਤ ਹੋਰ ਵੀ ਭਿਆਨਕ ਹੋ ਸਕਦੇ ਹਨ।"

ਕੰਵਲਜੀਤ ਸਿੰਘ ਵੀ ਇਸੇ ਸੰਸਥਾ ਵਿੱਚ ਮੁਲਾਜ਼ਮ ਹਨ, ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨੇ ਆਪਣੇ ਦਫਤਰ ਵਿੱਚ ਹੀ ਇਹ ਕਦਮ ਚੁੱਕਿਆ ਹੈ। ਹਾਲ ਹੀ ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਈਵੀਐੱਮ ਮਸ਼ੀਨਾਂ ਪਈਆਂ ਹੋਣ ਕਰਕੇ ਪੁਲਿਸ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਹਨ।

ਬੀਤੀ ਰਾਤ ਜਦੋਂ ਉਨ੍ਹਾਂ ਨੇ ਦਫ਼ਤਰ ਦੀ ਲਾਈਟ ਚਲਦੀ ਵੇਖੀ ਤਾਂ ਚੈੱਕ ਕਰਨ 'ਤੇ ਇਸ ਘਟਨਾ ਦਾ ਪਤਾ ਲੱਗਿਆ। ਇਨ੍ਹਾਂ ਮੁਲਾਜ਼ਮਾਂ ਵੱਲੋਂ ਸੰਸਥਾ ਦੀ ਕਲੋਨੀ ਵਿੱਚ ਰਹਿੰਦੇ ਮੁਲਾਜ਼ਮਾਂ ਨੂੰ ਇਤਲਾਹ ਦਿੱਤੀ ਗਈ।

ਇਸ ਘਟਨਾਕ੍ਰਮ ਦੇ ਰੋਸ ਵਜੋਂ ਲਹਿਰਾ-ਸੁਨਾਮ ਸੜਕ ਜਾਮ ਕਰਕੇ ਸੰਸਥਾ ਦੇ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਦਵਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਮ੍ਰਿਤਕ ਦੀ ਘਰਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਦਵਿੰਦਰ ਸਿੰਘ ਦੇ ਸਾਰੇ ਬਕਾਏ ਉਸਦੀ ਘਰਵਾਲੀ ਨੂੰ ਅਦਾ ਕੀਤੇ ਜਾਣ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਦਵਿੰਦਰ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

ਇਸ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਵਰਕਰਾਂ ਅਤੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਉਗਰਾਹਾਂ ਦੇ ਬਲਾਕ ਲਹਿਰਾਗਾਗਾ ਦੇ ਆਗੂ ਧਰਮਿੰਦਰ ਸਿੰਘ ਪਿਸ਼ੌਰ ਨੇ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਹੈ ਕਿ ਆਪਣੀ ਜਾਇਜ਼ ਮੰਗ ਦੀ ਸੁਣਵਾਈ ਨਾ ਹੋਣ ਕਰਕੇ ਇੱਕ ਲੋੜਵੰਦ ਮੁਲਾਜ਼ਮ ਨੂੰ ਆਪਣੀ ਜਾਨ ਗਵਾਉਣੀ ਪਈ ਹੈ।

ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸ ਮਾਮਲੇ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਸ ਸਬੰਧੀ ਜਦੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਨੂੰ ਹਾਲੇ ਕੁਝ ਦਿਨ ਹੀ ਹੋਏ ਹਨ ਇਸ ਲਈ ਜਨਤਾ ਨੂੰ ਉਨ੍ਹਾਂ ਨੂੰ ਥੋੜਾ ਸਮਾਂ ਦੇਣਾ ਚਾਹੀਦਾ ਹੈ।

ਉਨਾਂ ਨੇ ਕਿਹਾ, "ਅਸੀਂ ਸਾਰੇ ਮੁਲਾਜ਼ਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਦਮ ਨਾ ਚੁੱਕਣ ਤੇ ਸਾਨੂੰ ਥੋੜ੍ਹਾ ਜਿਹਾ ਸਮਾਂ ਦੇਣ। ਜਿੱਥੇ ਉਨ੍ਹਾਂ ਨੇ ਐਨਾ ਸਮਾਂ ਸਬਰ ਕੀਤਾ ਹੈ ਤਾਂ ਕੁਝ ਸਮਾਂ ਹੋਰ ਇੰਤਜ਼ਾਰ ਕਰਨ।''

ਅਸੀਂ ਪੰਜਾਬ ਵਿੱਚੋਂ ਮਾਫ਼ੀਆ ਰਾਜ ਖਤਮ ਕਰਕੇ ਖਜ਼ਾਨਾ ਭਰਨ ਜਾ ਰਹੇ ਹਾਂ ਅਤੇ ਇਹ ਸਾਰਾ ਪੈਸਾ ਲੋਕਾਂ ਉੱਤੇ ਹੀ ਖਰਚਿਆ ਜਾਣਾ ਹੈ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਖਾਲੀ ਅਸਾਮੀਆਂ ਸਮੇਤ ਜੋ ਵੀ ਮੰਗਾਂ ਹਨ ਸਭ ਦਾ ਹੱਲ ਕੀਤਾ ਜਾਵੇਗਾ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)