ਹਰਨਾਜ਼ ‍ਕੌਰ ਸੰਧੂ ਨੇ ਕਿਹਾ ਨਸ਼ਿਆਂ ਖ਼ਿਲਾਫ਼ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਚਾਹਵਾਨ

ਮਿਸ ਯੂਨੀਵਰਸ ਹਰਨਾਜ਼ ‍ਕੌਰ ਸੰਧੂ ਜਿੱਤਣ ਤੋਂ ਬਾਅਦ ਚੰਡੀਗੜ੍ਹ ਪਹੁੰਚੇ ਅਤੇ ਮੀਡੀਆ ਨਾਲ ਗੱਲਬਾਤ ਕੀਤੀ।

ਖਿਤਾਬ ਜਿੱਤਣ ਤੋਂ ਬਾਅਦ ਇਹ ਉਨ੍ਹਾਂ ਦੀ ਚੰਡੀਗੜ੍ਹ ਵਿੱਚ ਪਹਿਲੀ ਫੇਰੀ ਹੈ।

ਉਨ੍ਹਾਂ ਨੇ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ।

ਹਰਨਾਜ਼ ਕੌਰ ਸੰਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਰਾਘਵ ਚੱਢਾ ਵੀ ਮੌਜੂਦ ਰਹੇ।

ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ

ਪੰਜਾਬ ਦੀਆਂ ਸਮੱਸਿਆਵਾਂ ਦਾ ਸਵਾਲ ਪੁੱਛੇ ਜਾਣ 'ਤੇ ਹਰਨਾਜ਼ ਕੌਰ ਸੰਧੂ ਨੇ ਆਖਿਆ ਕਿ ਇਹ ਇੱਕ ਗੰਭੀਰ ਮੁੱਦਾ ਹੈ ਅਤੇ ਪੰਜਾਬ ਦੀ ਧੀ ਹੋਣ ਦੇ ਨਾਤੇ ਉਹ ਇਸ ਪ੍ਰਤੀ ਲੋਕਾਂ ਨੂੰ ਜ਼ਰੂਰ ਜਾਗਰੂਕ ਕਰਨਾ ਚਾਹੁੰਦੇ ਹਨ।

ਇਸਦੇ ਨਾਲ ਹੀ ਉਨ੍ਹਾਂ ਨੇ ਆਖਿਆ ਕਿ ਔਰਤਾਂ ਨੂੰ ਮੋਟੇ ਜਾਂ ਪਤਲੇ ਹੋਣ ਬਾਰੇ ਵੀ ਅਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਪਾਸੇ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਅਤੇ ਦੂਸਰੇ ਪਾਸੇ ਇਸ ਤਰ੍ਹਾਂ ਦੀ ਸੋਚ ਹੈ।

ਹਰਨਾਜ਼ ਸੰਧੂ ਨੇ ਇਸ ਮੌਕੇ ਹਿਜਾਬ ਸਮੇਤ ਕਈ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ, ''ਜੇ ਕੋਈ ਕੁੜੀ ਹਿਜਾਬ ਪਾਉਣਾ ਚਾਹੁੰਦੀ ਹੈ ਤਾਂ ਇਹ ਉਸਦੀ ਪਸੰਦ ਹੈ।''

ਜੇ ਕੋਈ ਉਸ ਉੱਪਰ ਹਾਵੀ ਹੋ ਰਿਹਾ ਹੈ ਤਾਂ ਉਸ ਨੂੰ ਅੱਗੇ ਆ ਕੇ ਬੋਲਣ ਦੀ ਲੋੜ ਹੈ। ਉਸ ਨੂੰ ਉਵੇਂ ਜਿਉਣ ਦਿਓ ਜਿਵੇਂ ਉਹ ਜਿਉਣਾ ਚਾਹੁੰਦੀ ਹੈ। ਅਸੀਂ ਵੱਖੋ-ਵੱਖ ਸਭਿਆਚਾਰਾਂ ਦੀਆਂ ਔਰਤਾਂ ਹਾਂ ਅਤੇ ਸਾਨੂੰ ਇੱਕ ਦੂਜੇ ਦੀ ਇਜ਼ਤ ਕਰਨੀ ਚਾਹੀਦੀ ਹੈ।ਜ਼ਿਕਰਯੋਗ ਹੈ ਕਿ 21 ਸਾਲਾ ਸੰਧੂ ਨੇ 21 ਸਾਲ ਦੇ ਵਕਫ਼ੇ ਬਾਅਦ ਭਾਰਤ ਲਈ ਇਹ ਖ਼ਿਤਾਬ ਜਿੱਤਿਆ।

ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਸੁਸ਼ਮਿਤਾ ਸੇਨ ਨੇ 1994 ਵਿੱਚ ਅਤੇ ਲਾਰਾ ਦੱਤਾ ਨੇ ਸਾਲ 2000 ਵਿੱਚ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹਰਨਾਜ਼ ਕੌਰ ਸੰਧੂ ਨੇ ਪਰਾਗਵੇ ਦੀ ਨਾਦੀਆ ਫਰੇਰਾ ਅਤੇ ਦੱਖਣੀ ਅਫ਼ਰੀਕਾ ਦੀ ਲਲੇਲਾ ਮਸਵਾਨੇ ਨੂੰ ਮਾਤ ਦਿੰਦਿਆਂ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੈ।

ਹਰਨਾਜ਼ ਦੇ ਪਹਿਲੇ ਚੰਡੀਗੜ੍ਹ ਦੌਰੇ ਦੀਆਂ ਤਸਵੀਰਾਂ ਦੇਖੋ

ਹਰਨਾਜ਼ ਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਸੰਧੂ ਹੈ ਅਤੇ ਮਾਂ ਦਾ ਨਾਮ ਡਾ. ਰਵਿੰਦਰ ਕੌਰ ਸੰਧੂ ਹੈ। ਉਨ੍ਹਾਂ ਦਾ ਪਰਿਵਾਰ ਮੁਹਾਲੀ ਰਹਿੰਦਾ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਮੁਤਾਬਕ ਹਰਨਾਜ਼ ਸੰਧੂ ਦਾ ਜੱਦੀ ਪਿੰਡ ਗੁਰਦਾਸਪੁਰ ਦਾ ਕੁਹਾਲੀ ਹੈ। ਉਸ ਦੀ ਤਾਈ ਨੇ ਬੀਬੀਸੀ ਨੂੰ ਦੱਸਿਆ ਕਿ ਹਰਨਾਜ਼ ਦਾ ਸਾਰਿਆਂ ਨਾਲ ਕਾਫ਼ੀ ਮੋਹ ਹੈ ਅਤੇ ਉਹ ਕਈ-ਕਈ ਦਿਨ ਪਿੰਡ ਰਹਿ ਕੇ ਜਾਂਦੀ ਹੈ।

ਉਨ੍ਹਾਂ ਦੱਸਿਆ, ''ਹਰਨਾਜ਼ ਸੰਧੂ ਆਪਣੀ ਮਾਂ ਤੋਂ ਬਿਨਾਂ ਹੀ ਇੱਥੇ ਸਾਡੇ ਕੋਲ ਹਫ਼ਤਾ- ਹਫ਼ਤਾ ਰਹਿ ਕੇ ਜਾਂਦੀ ਹੈ। ਉਹ ਮਿਸ ਇੰਡੀਆ ਯੂਨੀਵਰਸ ਮੁਕਾਬਲਾ ਜਿੱਤਣ ਤੋਂ ਵੀ ਇੱਥੇ ਆਈ ਸੀ।''

ਹਰਨਾਜ਼ ਦੇ ਭਰਾ ਦਾ ਨਾਮ ਹਰਨੂਰ ਸਿੰਘ ਹੈ।

ਹਰਨਾਜ਼ ਮਾਡਲਿੰਗ ਦੇ ਨਾਲ-ਨਾਲ ਤੈਰਾਕੀ, ਅਦਾਕਾਰੀ ਅਤੇ ਡਾਂਸ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਮਿਸ ਯੂਨੀਵਰਸ 2021 ਬਣੀ 21ਸਾਲ ਦੀ ਹਰਨਾਜ਼ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰ ਚੁੱਕੇ ਹਨ।

ਉਹ ਦੋ ਪੰਜਾਬੀ ਫਿਲਮਾਂ 'ਪੌਂ ਬਾਰਾਂ' ਅਤੇ 'ਬਾਈ ਜੀ ਕੁੱਟਣਗੇ' ਦੀ ਸ਼ੂਟਿੰਗ ਕਰ ਚੁੱਕੇ ਹਨ ਅਤੇ ਇਨ੍ਹਾਂ ਫਿਲਮਾਂ ਨੂੰ ਅਦਾਕਾਰਾ ਅਤੇ ਨਿਰਮਾਤਾ ਉਪਾਸਨਾ ਸਿੰਘ ਨੇ ਪ੍ਰੋਡਿਊਸ ਕੀਤਾ ਹੈ।

ਹਰਨਾਜ਼ ਨੇ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਮਿਸ ਮੈਕਸ ਇਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।

ਹਰਨਾਜ਼ ਇਸ ਤੋਂ ਬਾਅਦ ਮਿਸ ਇੰਡੀਆ 2019 ਦਾ ਹਿੱਸਾ ਬਣੇ ਅਤੇ ਹੁਣ ਉਹ ਮਿਸ ਯੂਨੀਵਰਸ 2021 ਵਿੱਚ ਭਾਰਤ ਵੱਲੋਂ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)