ਮਿਸ ਯੂਨੀਵਰਸ 2021 ਬਣੀ ਹਰਨਾਜ਼ ਸੰਧੂ: 'ਪੱਗ ਦੀ ਸ਼ਾਨ ਵਧਾਈ ਹੈ'

ਇੰਟਰਨੈਸ਼ਨਲ ਬਿਊਟੀ ਮੁਕਾਬਲੇ ਮਿਸ ਯੂਨੀਵਰਸ 2021 ਦਾ ਖ਼ਿਤਾਬ ਖਰੜ, ਪੰਜਾਬ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਆਪਣੇ ਨਾਮ ਕਰ ਲਿਆ ਹੈ।

ਇਸ ਤੋਂ ਪਹਿਲਾਂ ਹਰਨਾਜ਼ ਸੰਧੂ ਨੇ ਟੌਪ 10 ਵਿੱਚ ਥਾਂ ਬਣਾਈ ਅਤੇ ਫਿਰ ਟੌਪ 5 ਵਿੱਚ ਅਤੇ ਆਖਿਰਕਾਰ ਗਰੈਂਡ ਫਿਨਾਲੇ ਦੌਰਾਨ ਅੰਤਿਮ ਤਿੰਨ ਨਾਂਵਾ ਵਿੱਚੋਂ ਹਰਨਾਜ਼ ਸੰਧੂ ਦੇ ਨਾਮ ਦਾ ਐਲਾਨ ਹੋਇਆ।

70ਵਾਂ ਮਿਸ ਯੂਨੀਵਰਸ 2021 ਦਾ ਮੁਕਾਬਲਾ ਇਜ਼ਰਾਈਲ ਵਿੱਚ ਹੋਇਆ।

ਭਾਰਤ ਦੀ ਝੋਲੀ ਮਿਸ ਯੂਨੀਵਰਸ ਦਾ ਇਹ ਖ਼ਿਤਾਬ 21 ਸਾਲ ਬਾਅਦ ਪਿਆ ਹੈ। ਇਸ ਤੋਂ ਪਹਿਲਾਂ ਇਹ ਖ਼ਿਤਾਬ ਲਾਰਾ ਦੱਤਾ ਨੇ 2000 ਵਿੱਚ ਆਪਣੇ ਨਾਮ ਕੀਤਾ ਸੀ।

ਦੱਸ ਦਈਏ ਕਿ ਹਰਨਾਜ਼ ਤੋਂ ਪਹਿਲਾਂ ਦੋ ਭਾਰਤੀ ਕੁੜੀਆਂ ਨੇ ਇਹ ਖਿਤਾਬ ਆਪਣੇ ਨਾਮ ਕੀਤਾ ਸੀ। ਸੁਸ਼ਮਿਤਾ ਸੇਨ ਨੇ 1994 ਵਿੱਚ ਅਤੇ ਲਾਰਾ ਦੱਤਾ ਨੇ ਸਾਲ 2000 ਵਿੱਚ।

21 ਸਾਲ ਦੀ ਹਰਨਾਜ਼ ਸੰਧੂ ਨੇ ਪਰਾਗਵੇ ਦੀ ਨਾਦੀਆ ਫਰੇਰਾ ਅਤੇ ਦੱਖਣੀ ਅਫ਼ਰੀਕਾ ਦੀ ਲਲੇਲਾ ਮਸਵਾਨੇ ਨੂੰ ਮਾਤ ਦਿੰਦਿਆਂ ਇਸ ਖਿਤਾਬ ਨੂੰ ਆਪਣੇ ਨਾਮ ਕੀਤਾ ਹੈ।

ਹਰਨਾਜ਼ ਨੂੰ ਮਿਸ ਯੂਨੀਵਰਸ ਦਾ ਤਾਜ ਮਾਸਕੋ ਤੋਂ ਪਿਛਲੇ ਸਾਲ ਦੀ ਮਿਸ ਯੂਨੀਵਰਸ ਰਹੀ ਆਂਦਰਿਆ ਮੇਜ਼ਾ ਨੇ ਪਹਿਨਾਇਆ।

ਖ਼ਿਤਾਬ ਜੱਤਣ ਤੋਂ ਬਾਅਦ ਹਰਨਾਜ਼ ਨੇ ਕਿਹਾ, ''ਮੈਂ ਰੱਬ, ਮੇਰੇ ਪਰਿਵਾਰ ਅਤੇ ਮਿਸ ਇੰਡੀਆ ਸੰਗਠਨ ਦੀ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਪੂਰੇ ਸਫ਼ਰ ਵਿੱਚ ਮੇਰਾ ਮਾਰਗ ਦਰਸ਼ਨ ਕੀਤਾ ਅਤੇ ਮੇਰਾ ਸਾਥ ਦਿੱਤਾ।''

''ਉਨ੍ਹਾਂ ਸਭ ਲਈ ਬਹੁਤ ਸਾਰਾ ਪਿਆਰ ਜਿਨ੍ਹਾਂ ਨੇ ਮੈਨੂੰ ਤਾਜ ਦੁਆਉਣ ਲਈ ਅਰਦਾਸਾਂ ਕੀਤੀਆਂ। 21 ਸਾਲਾਂ ਬਾਅਦ ਭਾਰਤ ਲਈ ਇਹ ਮਾਣਮੱਤਾ ਤਾਜ ਲੈ ਜਾਣਾ ਸਭ ਤੋਂ ਵੱਡਾ ਮਾਣ ਦਾ ਪਲ ਹੈ।''

'ਹਰਨਾਜ਼ ਨੇ ਪੱਗ ਦੀ ਲਾਜ ਰੱਖੀ ਹੈ'

ਹਰਨਾਜ਼ ਕੌਰ ਸੰਧੂ ਦਾ ਜੱਦੀ ਪਿੰਡ ਕੁਹਾਲੀ ਹੈ ਜੋ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦਾ ਹੈ।

ਹਰਨਾਜ਼ ਦੀ ਤਾਈ ਲਖਵਿੰਦਰ ਕੌਰ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

ਉਨ੍ਹਾਂ ਕਿਹਾ, ''ਹਰਨਾਜ਼ ਬਹੁਤ ਬੀਬੀ ਬੱਚੀ ਹੈ ਅਤੇ ਸਾਡੇ ਕੋਲ ਬਹੁਤ ਸਮਾਂ ਆ ਕੇ ਜਾਂਦੀ ਰਹੀ ਹੈ। ਕਹਿੰਦੀ ਹੁੰਦੀ ਸੀ ਕਿ ਤਾਈ ਮੈਂ ਤੁਹਾਡੀ ਮਦਦ ਕਰੂੰਗੀ, ਦੱਸੋ ਕਿਵੇਂ ਕੰਮ ਕਰਨਾ ਹੈ।''

''ਹਰਨਾਜ਼ ਨੇ ਪੱਗ ਦੀ ਲਾਜ ਰੱਖੀ ਹੈ ਅਤੇ ਉੱਚਾ ਚੁੱਕਿਆ ਹੈ।''

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਇਕੱਲੀ ਬੇਟੀ ਹਰਨਾਜ਼ ਹੈ ਅਤੇ ਬਾਕੀ ਸਾਰੇ ਬੇਟੇ ਹਨ ਅਤੇ ਇਸ ਬੇਟੀ ਨੇ ਨਾਂ ਰੌਸ਼ਨ ਕਰ ਦਿਖਾਇਆ ਹੈ।

ਹਰਨਾਜ਼ ਦੇ ਤਾਇਆ ਜਸਵਿੰਦਰ ਸਿੰਘ ਕਹਿੰਦੇ ਹਨ ਕਿ ਕੁਝ ਖੁਸ਼ੀਆਂ ਅਜਿਹੀਆਂ ਹੁੰਦੀਆਂ ਹਨ ਕਿ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ।

ਉਨ੍ਹਾਂ ਕਿਹਾ, ''ਜਿਹੜੇ ਸਵੇਰ ਦੇ ਪਲ ਸੀ ਉਸ ਵੇਲੇ ਖੁਸ਼ੀਆਂ ਦੇ ਹੰਝੂ ਆ ਗਏ ਅਤੇ ਜਦੋਂ ਇਸ ਬਾਰੇ ਸੋਚਿਆ ਨਾ ਹੋਵੇ ਕਦੇ, ਸਾਡੀ ਕੁੜੀ ਨੇ ਆਪਣੇ ਬਲਬੂਤੇ ਇਹ ਸਭ ਕੀਤਾ ਹੈ।''

ਉਹ ਕਹਿੰਦੇ ਹਨ ਕਿ ਹਰਨਾਜ਼ ਜਿੱਥੇ ਵੀ ਪਹੁੰਚੀ ਹੈ ਆਪਣੀ ਮਿਹਨਤ ਸਦਕਾ ਹੀ ਪਹੁੰਚੀ ਹੈ।

ਭਾਰਤ ਤੋਂ ਇਜ਼ਰਾਈਲ ਤੱਕ ਮਿਸ ਯੂਨੀਵਰਸ ਦਾ ਸਫ਼ਰ ਤਸਵੀਰਾਂ ਦੀ ਜ਼ੁਬਾਨੀ

ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦੇ ਗਰੈਂਡ ਫਿਨਾਲੇ ਤੋਂ ਐਨ ਪਹਿਲਾਂ ਵੀਡੀਓ ਕਾਲ ਦਾ ਇੱਕ ਸਕ੍ਰੀਨਸ਼ੌਟ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਸਾਂਝਾ ਕੀਤਾ ਹੈ।

ਇਸ ਵਿੱਚ ਉਹ ਆਪਣੇ ਭਰਾ, ਮਾਂ ਅਤੇ ਮਾਸੀ ਨਾਲ ਨਜ਼ਰ ਆ ਰਹੇ ਹਨ ਅਤੇ ਨਾਲ ਲਿਖਿਆ ਹੈ, ''ਮੇਰੀ ਮਜ਼ਬੂਤੀ ਅਤੇ ਲਾਈਫ਼ ਲਾਈਨਾਂ।''

‘ਸਲੀਕੇਦਾਰ ਕੁੜੀ’

ਹਨਰਾਜ਼ ਸਰਕਾਰੀ ਕਾਲਜ ਕੁੜੀਆਂ ਤੋਂ ਐਮਏ ਲੋਕ ਪ੍ਰਸ਼ਾਸਨ ਕਰ ਰਹੇ ਹਨ।

ਹਰਨਾਜ਼ ਨੂੰ ਸਟੇਜ ਅਤੇ ਥਿਏਟਰ ਨਾਲ ਰੂਬਰੂ ਕਰਵਾਉਣ ਵਾਲੇ ਪ੍ਰੋਫ਼ੈਸਰ ਮੋਹਿਤ ਵਰਮਾ ਨੇ ਬੀਬੀਸੀ ਸਹਿਯੋਗੀ ਤਾਹਿਰਾ ਭਸੀਨ ਨੂੰ ਦੱਸਿਆ ਕਿ ਹਰਨਾਜ਼ ਇਸ ਗੱਲ ਦੀ ਮਿਸਾਲ ਹਨ ਕਿ ਕਿਵੇਂ ਇੱਕ ਸਾਦੀ ਜਿਹੀ ਕੁੜੀ ਕਿਸ ਤਰ੍ਹਾਂ ਅਸਧਾਰਨ ਬਣਦੀ ਹੈ।

ਹਰਨਾਜ਼ ਨੇ ਕਦੇ ਹਾਈ-ਫ਼ਾਈ ਅਤੇ ਕੱਪੜੇ ਨਹੀਂ ਪਾਏ ਅਤੇ ਕਾਲਜ ਹਮੇਸ਼ਾ ਸਾਦੇ ਕੱਪੜਿਆਂ ਵਿੱਚ ਵੀ ਹੀ ਆਉਂਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਹਰਨਾਜ਼ ਇੰਨੇ ਸਲੀਕੇ ਵਾਲੀ ਹੈ ਕਿ ਜਦੋਂ ਵੀ ਆਪਣੇ ਅਧਿਆਪਕਾਂ ਨਾਲ ਗੱਲ ਕਰਦੀ ਹੈ ਤਾਂ ਸਿਰ ਝੁਕਾਅ ਕੇ ਗੱਲ ਕਰਦੀ।

ਪ੍ਰੋਫ਼ੈਸਰ ਮੋਹਿਤ ਨੇ ਕਿਹਾ ਕਿ ਹਰਨਾਜ਼ ਇੱਕ ਮਨ ਨੀਵਾਂ ਮਤ ਉੱਚੀ ਮੁਤਾਬਕ ਚੱਲਣ ਵਾਲੀ ਕੁੜੀ ਹੈ।

ਇਸ ਤੋਂ ਪਹਿਲਾਂ ਭਾਰਤ ਤੋਂ ਰਵਾਨਗੀ ਤੋਂ ਲੈ ਕੇ ਅਗਲੇ ਅੱਠ ਦਿਨਾਂ ਵਿੱਚ ਹਰਨਾਜ਼ ਨੇ ਇਹ ਸਫ਼ਰ ਹਾਈਲਾਈਟਸ ਵਿੱਚ ਤਸਵੀਰਾਂ ਰਾਹੀਂ ਬਿਆਨ ਕੀਤਾ ਹੈ।

ਹਰਨਾਜ਼ ਨੂੰ ਆਖਰੀ ਰਾਊਂਡ 'ਚ ਕੀ ਪੁੱਛਿਆ ਗਿਆ

ਟੌਪ 3 ਯਾਨੀ ਆਖਰੀ ਰਾਊਂਡ ਵੇਲੇ ਮੁਕਾਬਲੇ ਵਿੱਚ ਸ਼ਾਮਲ ਤਿੰਨਾਂ ਕੁੜੀਆਂ ਨੂੰ ਪੁੱਛਿਆ ਗਿਆ ਸੀ ਕਿ, ''ਅੱਜ ਦੇ ਸਮੇਂ ਵਿੱਚ ਦਬਾਅ ਦਾ ਸਾਹਮਣਾ ਕਰ ਰਹੀਆਂ ਉਨ੍ਹਾਂ ਮੁਟਿਆਰਾਂ ਨੂੰ ਉਹ ਕੀ ਸਲਾਹ ਦੇਣਾ ਚਾਹੁਣਗੇ ਜਿਸ ਨਾਲ ਉਹ ਉਸ ਦਾ ਸਾਹਮਣਾ ਕਰ ਸਕਣ?''

ਇਸ ਸਵਾਲ ਦੇ ਜਵਾਬ ਵਿੱਚ ਹਰਨਾਜ਼ ਨੇ ਕਿਹਾ, ''ਅੱਜ ਦੇ ਨੌਜਵਾਨਾਂ ਉੱਤੇ ਸਭ ਤੋਂ ਵੱਡਾ ਦਬਾਅ ਉਨ੍ਹਾਂ ਦਾ ਖ਼ੁਦ ਉੱਤੇ ਭਰੋਸਾ ਕਰਨਾ ਹੈ। ਇਹ ਜਾਣਨਾ ਕਿ ਤੁਸੀਂ ਅਨੋਖੇ ਹੋ ਇਹ ਤੁਹਾਨੂੰ ਖ਼ੂਬਸੂਰਤ ਬਣਾਉਂਦਾ ਹੈ। ਖ਼ੁਦ ਦੀ ਦੂਜਿਆਂ ਨਾਲ ਤੁਲਨਾ ਕਰਨੀ ਬੰਦ ਕਰੋ ਅਤੇ ਪੂਰੀ ਦੁਨੀਆਂ ਵਿੱਚ ਜੋ ਹੋ ਰਿਹਾ ਹੈ ਉਸ ਉੱਤੇ ਗੱਲ ਕਰਨਾ ਬੇਹੱਦ ਜ਼ਰੂਰੀ ਹੈ।''

''ਬਾਹਰ ਨਿਕਲੋ, ਖ਼ੁਦ ਲਈ ਬੋਲੋ ਕਿਉਂਕਿ ਤੁਸੀਂ ਹੀ ਆਪਣੀ ਜ਼ਿੰਦਗੀ ਦੇ ਲੀਡਰ ਹੋ। ਤੁਸੀਂ ਖ਼ੁਦ ਦੀ ਆਵਾਜ਼ ਹੋ। ਮੈਂ ਖ਼ੁਦ ਵਿੱਚ ਵਿਸ਼ਵਾਸ ਕਰਦੀ ਹਾਂ ਅਤੇ ਇਸ ਲਈ ਮੈਂ ਅੱਜ ਇੱਥੇ ਖੜ੍ਹੀ ਹਾਂ।''

ਪੰਜਾਬੀ ਫ਼ਿਲਮਾਂ ਵਿੱਚ ਆ ਚੁੱਕੇ ਹਨ ਹਰਨਾਜ਼

ਹਰਨਾਜ਼ ਦੇ ਪਿਤਾ ਦਾ ਨਾਮ ਪ੍ਰੀਤਮ ਸਿੰਘ ਸੰਧੂ ਹੈ ਅਤੇ ਮਾਂ ਦਾ ਨਾਮ ਡਾ. ਰਵਿੰਦਰ ਕੌਰ ਸੰਧੂ ਹੈ। ਉਨ੍ਹਾਂ ਦਾ ਪਰਿਵਾਰ ਮੁਹਾਲੀ ਰਹਿੰਦਾ ਹੈ।

ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਮੁਤਾਬਕ ਹਰਨਾਜ਼ ਸੰਧੂ ਦਾ ਜੱਦੀ ਪਿੰਡ ਗੁਰਦਾਸਪੁਰ ਦਾ ਕੁਹਾਲੀ ਹੈ। ਉਸ ਦੀ ਤਾਈ ਨੇ ਬੀਬੀਸੀ ਨੂੰ ਦੱਸਿਆ ਕਿ ਹਰਨਾਜ਼ ਦਾ ਸਾਰਿਆਂ ਨਾਲ ਕਾਫ਼ੀ ਮੋਹ ਹੈ ਅਤੇ ਉਹ ਕਈ-ਕਈ ਦਿਨ ਪਿੰਡ ਰਹਿ ਕੇ ਜਾਂਦੀ ਹੈ।

ਉਨ੍ਹਾਂ ਦੱਸਿਆ, ''ਹਰਨਾਜ਼ ਸੰਧੂ ਆਪਣੀ ਮਾਂ ਤੋਂ ਬਿਨਾਂ ਹੀ ਇੱਥੇ ਸਾਡੇ ਕੋਲ ਹਫ਼ਤਾ- ਹਫ਼ਤਾ ਰਹਿ ਕੇ ਜਾਂਦੀ ਹੈ। ਉਹ ਮਿਸ ਇੰਡੀਆ ਯੂਨੀਵਰਸ ਮੁਕਾਬਲਾ ਜਿੱਤਣ ਤੋਂ ਵੀ ਇੱਥੇ ਆਈ ਸੀ।''

ਹਰਨਾਜ਼ ਦੇ ਭਰਾ ਦਾ ਨਾਮ ਹਰਨੂਰ ਸਿੰਘ ਹੈ।

ਹਰਨਾਜ਼ ਮਾਡਲਿੰਗ ਦੇ ਨਾਲ-ਨਾਲ ਤੈਰਾਕੀ, ਅਦਾਕਾਰੀ ਅਤੇ ਡਾਂਸ ਵਿੱਚ ਵੀ ਦਿਲਚਸਪੀ ਰੱਖਦੇ ਹਨ।

ਮਿਸ ਯੂਨੀਵਰਸ 2021 ਬਣੀ 21 ਸਾਲ ਦੀ ਹਰਨਾਜ਼ ਪੰਜਾਬੀ ਫਿਲਮਾਂ ਵਿੱਚ ਡੈਬਿਊ ਕਰ ਚੁੱਕੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਉਹ ਦੋ ਪੰਜਾਬੀ ਫਿਲਮਾਂ 'ਪੌਂ ਬਾਰਾਂ' ਅਤੇ 'ਬਾਈ ਜੀ ਕੁੱਟਣਗੇ' ਦੀ ਸ਼ੂਟਿੰਗ ਕਰ ਚੁੱਕੇ ਹਨ ਅਤੇ ਇਨ੍ਹਾਂ ਫਿਲਮਾਂ ਨੂੰ ਅਦਾਕਾਰਾ ਅਤੇ ਨਿਰਮਾਤਾ ਉਪਾਸਨਾ ਸਿੰਘ ਨੇ ਪ੍ਰੋਡਿਊਸ ਕੀਤਾ ਹੈ।

ਹਰਨਾਜ਼ ਨੇ 2017 ਵਿੱਚ ਮਿਸ ਚੰਡੀਗੜ੍ਹ ਦਾ ਖਿਤਾਬ ਜਿੱਤਿਆ ਸੀ। ਉਨ੍ਹਾਂ ਨੇ ਮਿਸ ਮੈਕਸ ਇਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।

ਹਰਨਾਜ਼ ਇਸ ਤੋਂ ਬਾਅਦ ਮਿਸ ਇੰਡੀਆ 2019 ਦਾ ਹਿੱਸਾ ਬਣੇ ਅਤੇ ਹੁਣ ਉਹ ਮਿਸ ਯੂਨੀਵਰਸ 2021 ਵਿੱਚ ਭਾਰਤ ਵੱਲੋਂ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)