'ਅਰਵਿੰਦ ਕੇਜਰੀਵਾਲ ਦਾ ਕਤਲ ਕਰਨਾ ਚਾਹੁੰਦੀ ਹੈ ਭਾਜਪਾ', ਕੇਜਰੀਵਾਲ ਦੀ ਰਿਹਾਇਸ਼ ਬਾਹਰ ਭਾਜਪਾ ਦੇ ਮੁਜ਼ਾਹਰੇ ਮਗਰੋਂ ਬੋਲੇ ਸਿਸੋਦੀਆ

ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਭਾਜਪਾ ਵਰਕਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ।

ਬੀਜੇਪੀ ਯੂਥ ਦੇ ਜਨਰਲ ਸਕੱਤਰ ਤਜਿੰਦਰ ਸਿੰਘ ਬੱਗਾ ਨੇ ਖ਼ੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਕੇਜਰੀਵਾਲ ਵੱਲੋਂ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਦਾ ਮਜ਼ਾਕ ਬਣਾਏ ਜਾਣ ਉੱਤੇ ਵਿਰੋਧ ਪ੍ਰਦਰਸ਼ਨ ਕੀਤਾ।

ਭਾਜਪਾ ਨੇ ਕੀ ਕਿਹਾ

ਤਜਿੰਦਰ ਬੱਗਾ ਨੇ ਦੋ ਟਵੀਟ ਕੀਤੇ ਜਿਨ੍ਹਾਂ ਵਿੱਚ ਉਨ੍ਹਾਂ ਨੇ ਲਿਖਿਆ, ''ਜੇ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਦੇ ਅਪਮਾਨ ਦਾ ਬਦਲਾ ਲੈਣਾ ਅਸਮਾਜਿਕ ਤੱਤ ਹੋਣਾ ਹੈ ਤਾਂ ਹਾਂ ਅਸੀਂ ਅਸਮਾਜਿਕ ਤੱਤ ਹਾਂ।''

''ਜੇ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਦੇ ਲਈ ਦਿੱਤੇ ਕੇਜਰੀਵਾਲ ਦੇ ਬਿਆਨ ਉੱਪਰ ਮਾਫ਼ੀ ਮੰਗਣ ਲਈ ਕਹਿਣਾ ਅਸਮਾਜਿਕ ਤੱਤ ਹੈ ਤਾਂ ਅਸੀਂ ਅਸਮਾਜਿਕ ਤੱਤ ਹਾਂ।''

ਬੱਗਾ ਨੇ ਲਿਖਿਆ, ''ਕੇਜਰੀਵਾਲ ਨੂੰ ਬਾਟਲਾ ਹਾਊਸ ਦੇ ਅੱਤਵਾਦੀ ਅਤੇ ਪ੍ਰੋਫ਼ੈਸਰ ਨਿਵੇਦਿਤਾ ਰੋਲ ਮਾਡਲ ਲਗਦੇ ਹਨ ਅਤੇ ਅਸੀਂ ਅਸਮਾਜਿਕ ਤੱਤ, ਤਾਂ ਅਸੀਂ ਅਸਮਾਜਿਕ ਤੱਤ ਸਹੀ।''

ਬੀਜੇਪੀ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕੀ ਕਿਹਾ

ਸ਼ਾਮ ਨੂੰ ਭਾਰਤੀ ਜਨਤਾ ਪਾਰਟੀ ਨੇ ਘਟਨਾਕ੍ਰਮ ਬਾਰੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਪ੍ਰੈੱਸ ਕਾਨਫ਼ਰੰਸ ਨੂੰ ਭਾਰਤੀ ਜਨਤਾ ਯੁਵਾ ਮੋਰਚਾ ਦੇ ਆਗੂ ਤੇਜਸਵੀ ਸੂਰਿਆ ਨੇ ਸੰਬੋਧਨ ਕੀਤਾ ਅਤੇ ਘਟਨਾਕ੍ਰਮ ਨੂੰ ''ਸ਼ਾਨਦਾਰ ਪ੍ਰਦਰਸ਼ਨ'' ਕਿਹਾ।

ਬੈਂਗਲੂਰੂ ਸਾਊਥ ਤੋਂ ਬੀਜੇਪੀ ਦੇ ਸਾਂਸਦ ਤੇਜਸਵੀ ਸੂਰਿਆ ਨੇ ਕਿਹਾ ਕਿ ਯੁਵਾ ਮੋਰਚਾ ਅਰਵਿੰਦ ਕੇਜਰੀਵਾਲ ਜੀ ਅਤੇ ਆਮ ਆਦਮੀ ਪਾਰਟੀ ਤੋਂ ਬੇਸ਼ਰਤ ਮਾਫ਼ੀ ਦੀ ਮੰਗ ਕਰਦਾ ਹੈ ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ ਯੁਵਾ ਮੋਰਚਾ ਦੇ ਪ੍ਰਦਰਸ਼ਨ ਜਾਰੀ ਰਹਿਣਗੇ।

ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਅਤੇ ਹਿੰਦੂ ਵਿਰੋਧੀ ਨੀਤੀਆਂ ਅਨੁਸਾਰ ਚੱਲਦੀ ਹੈ।

''ਅਰਵਿੰਦ ਕੇਜਰੀਵਾਲ ਆਪਣੇ ਹਿੱਤਾਂ ਨੂੰ ਦੇਸ ਦੇ ਹਿੱਤਾਂ ਤੋਂ ਉੱਪਰ ਰੱਖਦੇ ਹਨ।''

''ਕੇਜਰੀਵਾਲ ਨੇ ਕਈ ਵਾਰ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੀਆਂ ਅਤੇ ਉਨ੍ਹਾਂ ਦੀਆਂ ਨੀਤੀਆਂ ਅੱਤਵਾਦ ਪੱਖੀ ਹਨ ਨਾ ਕਿ ਅੱਤਵਾਦ ਪੀੜਤ ਪੱਖੀ।''

''ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਨੂੰ ਝੂਠਾ ਕਹਿ ਕੇ ਉਸ ਨੂੰ ਝੁਠਲਾਉਣ ਦੀ ਕੋਸ਼ਿਸ਼ ਦੀ ਮੋਰਚਾ ਨਿੰਦਾ ਕਰਦਾ ਹੈ।''

''ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਘਟਨਾਕ੍ਰਮ ਨੂੰ ਕੇਜਰੀਵਾਲ ਦੇ ਘਰ ਉੱਪਰ ਹਮਲਾ ਕਿਹਾ ਜਾ ਰਿਹਾ ਹੈ।''

ਆਮ ਆਦਮੀ ਪਾਰਟੀ ਨੇ ਕੀ ਕਿਹਾ ਹੈ

ਆਮ ਆਦਮੀ ਪਾਰਟੀ ਆਗੂ ਰਾਘਵ ਚੱਢਾ ਨੇ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਦੀਆਂ ਤਵਸੀਰਾਂ ਟਵੀਟ ਕੀਤੀਆਂ।

ਰਾਘਵ ਚੱਢਾ ਨੇ ਲਿਖਿਆ, ''ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੇ ਘਰ ਉੱਪਰ ਭਾਜਪਾ ਦੇ ਗੁੰਡਿਆਂ ਵੱਲੋਂ ਕੀਤਾ ਗਿਆ ਹਮਲਾ ਨਿੰਦਣਯੋਗ ਹੈ। ਪੁਲਿਸ ਦੀ ਮੌਜੂਦਗੀ ਵਿੱਚ ਇਨ੍ਹਾਂ ਗੁੰਡਿਆਂ ਨੇ ਬੈਰੀਕੇਡ ਤੋੜੇ, ਸੀਸੀਟੀਵੀ ਕੈਮਰੇ ਤੋੜੇ। ਪੰਜਾਬ ਦੀ ਹਾਰ ਤੋਂ ਘਬਰਾਏ ਭਾਜਪਾ ਵਾਲੇ ਘਟੀਆ ਸਿਆਸਤ 'ਤੇ ਉੱਤਰ ਆਏ ਹਨ।'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਵਾਪਰੇ ਘਟਨਾਕ੍ਰਮ ਬਾਰੇ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, ''ਪੰਜਾਬ ਵਿੱਚ ਆਮ ਆਦਮੀ ਪਾਰਟੀ ਹੱਥੋਂ ਕਰਾਰੀ ਹਾਰ ਮਿਲਣ ਕਾਰਨ ਭਾਜਪਾ ਦੀ ਬੌਖ਼ਲਾਹਟ ਸਾਫ਼ ਦਿਖ ਰਹੀ ਹੈ।''

ਉਨ੍ਹਾਂ ਨੇ ਅੱਗੇ ਲਿਖਿਆ, ਪੁਲਿਸ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦਿੱਲੀ, ਅਰਵਿੰਦ ਕੇਜੀਰਵਾਲ ਜੀ ਦੇ ਘਰ ਉੱਤੇ ਹਮਲਾ ਇੱਕ ਕਾਇਰਤਾ ਵਾਲੀ ਹਰਕਤ ਹੈ। ਹੁਣ ਇਹ ਸਾਫ਼ ਹੋ ਚੁੱਕਿਆ ਹੈ ਕਿ ਭਾਜਪਾ ਨੂੰ ਸਿਰਫ਼ AAP ਅਤੇ ਅਰਵਿੰਦ ਕੇਜਰੀਵਾਲ ਤੋਂ ਡਰ ਲੱਗਦਾ ਹੈ।''

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਬਾਰੇ ਬੋਲਦਿਆਂ ਕਿਹਾ, ''ਅੱਜ ਪੁਲਿਸ ਦੀ ਮੌਜੂਦਗੀ ਵਿੱਚ ਪੁਲਿਸ ਦੀ ਮਦਦ ਨਾਲ ਭਾਜਪਾ ਦੇ ਗੁੰਡੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਰਵਾਲ ਦੇ ਘਰ ਬਾਹਰ ਪਹੁੰਚੇ।''

''ਉਨ੍ਹਾਂ ਦੇ ਸੀਸੀਟੀਵੀ ਤੋੜੇ ਗਏ, ਬੂਮ ਬੈਰੀਅਰ ਤੋੜੇ ਗਏ। ਇਹ ਸਭ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ। ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਕੀਤਾ।''

ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਹ ਸਭ ਕੁਝ ਪੁਲਿਸ ਦੀ ਮੌਜੂਦਗੀ ਵਿੱਚ ਹੋਇਆ, ਭਾਰਤੀ ਜਨਤਾ ਪਾਰਟੀ ਦੇ ਗੁੰਡਿਆਂ ਨੇ ਇਹ ਸਭ ਕੀਤਾ।

''ਜ਼ਾਹਰ ਜਹੀ ਗੱਲ ਹੈ ਕਿ ਸਾਫ਼ ਨਜ਼ਰ ਆ ਰਿਹਾ ਸੀ ਕਿ ਭਾਜਪਾ ਨੇ ਇਹ ਸਭ ਬਹੁਤ ਸੋਚੀ ਸਮਝੀ ਸਾਜਿਸ਼ ਤਹਿਤ ਕੀਤਾ ਹੈ।''

ਭਾਜਪਾ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਵਿੱਚ ਨਹੀਂ ਹਰਾ ਪਾ ਰਹੀ ਹੈ, ਅਰਵਿੰਦ ਕੇਜਰੀਵਾਲ ਨੂੰ ਪਿੱਛੇ ਨਹੀਂ ਧੱਕ ਪਾ ਰਹੇ, ਇਸ ਲਈ ਅਰਵਿੰਦ ਕੇਜਰੀਵਾਲ ਦਾ ਕਤਲ ਕਰਵਾ ਕੇ ਉਨ੍ਹਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ।''

ਅਰਵਿੰਦ ਕੇਜਰੀਵਾਲ ਨੇ ਕਸ਼ਮੀਰ ਫਾਈਲਜ਼ ਬਾਰੇ ਕੀ ਕਿਹਾ ਸੀ

ਵੀਰਵਾਰ 24 ਮਾਰਚ 2022 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਵਿੱਚ ਕਸ਼ਮੀਰ ਫਾਈਲਜ਼ ਬਾਰੇ ਬਾਰੇ ਬਿਆਨ ਦਿੱਤਾ।

''ਅੱਜ ਸਾਰੇ ਦੇਸ ਦੀ ਸਾਰੀ ਭਾਰਤੀ ਜਨਤਾ ਪਾਰਟੀ ਫਿਲਮ ਦਾ ਪੋਸਟਰ ਲਗਾ ਰਹੀ ਹੈ। ਇਸ ਲਈ ਸਿਆਸਤ ਵਿੱਚ ਆਏ ਸੀ। ਘਰ ਗਿਆਂ ਨੂੰ ਬੱਚੇ ਪੁੱਛਣਗੇ ਕੀ ਕੰਮ ਕਰਕੇ ਆਏ ਹੋ, ਕੀ ਦੱਸੋਗੇ ਪਿਕਚਰ ਦਾ ਪੋਸਟਰ ਲਗਾ ਕੇ ਆਏ ਹਾਂ।''

''ਅੱਠ ਸਾਲ ਸਰਕਾਰ ਚਲਾਉਣ ਤੋਂ ਬਾਅਦ ਜੇ ਕਿਸੇ ਦੇਸ ਦੇ ਪ੍ਰਧਾਨ ਮੰਤਰੀ ਨੂੰ ਵਿਵੇਕ ਅਗਨੀਹੋਤਰੀ ਦੇ ਚਰਨਾਂ ਵਿੱਚ ਸ਼ਰਨ ਲੈਣੀ ਪਵੇ ਤਾਂ ਇਸ ਦਾ ਮਤਲਬ ਹੈ। ਉਸ ਪ੍ਰਧਾਨ ਮੰਤਰੀ ਨੇ ਕੋਈ ਕੰਮ ਨਹੀਂ ਕੀਤਾ।''

''ਇੰਨਾ ਹੀ ਤੁਹਾਨੂੰ ਸ਼ੌਕ ਹੈ ਤਾਂ ਵਿਵੇਕ ਅਗਨੀਹੋਤਰੀ ਨੂੰ ਕਹੋ ਯੂਟਿਊਬ 'ਤੇ ਪਾ ਦੇਵੇਗਾ। ਸਾਰੇ ਇੱਕੋ ਦਿਨ ਦੇਖ ਲੈਣਗੇ। ਟੈਕਸ ਫਰੀ ਕਿਉਂ ਕਰਵਾ ਰਹੇ ਹੋ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)