ਪਾਕਿਸਤਾਨ ਅਤੇ ਸ਼੍ਰੀਲੰਕਾ ਵਿੱਚ ਸਿਆਸੀ ਅਸਥਿਰਤਾ, ਭਾਰਤ ਲਈ ਕਿੰਨੀ ਵੱਡੀ ਚਿੰਤਾ

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਕਹਿੰਦੇ ਹਨ ਕਿ ਜੇਕਰ ਗੁਆਂਢ ਵਿੱਚ ਸਭ ਠੀਕ ਚੱਲ ਰਿਹਾ ਹੋਵੇ ਤਾਂ ਆਪਣੇ ਘਰ ਵਿੱਚ ਵੀ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਜੇਕਰ ਗੁਆਂਢ ਵਿੱਚ ਅਸ਼ਾਂਤੀ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੋਵੇ ਤਾਂ ਘਰ ਵਿੱਚ ਚਿੰਤਾਵਾਂ ਵਧ ਜਾਂਦੀਆਂ ਹਨ।

ਤਾਂ ਕੀ ਪਾਕਿਸਤਾਨ ਵਿੱਚ ਜਾਰੀ ਸਿਆਸੀ ਸੰਕਟ ਅਤੇ ਸ਼੍ਰੀਲੰਕਾ ਵਿੱਚ ਚੱਲ ਰਹੇ ਭਿਆਨਕ ਆਰਥਿਕ ਸੰਕਟ ਨਾਲ ਭਾਰਤ ਨੂੰ ਚਿੰਤਾ ਹੋਣੀ ਚਾਹੀਦੀ ਹੈ?

ਮਾਹਿਰ ਕਹਿੰਦੇ ਹਨ ਕਿ ਸ਼੍ਰੀਲੰਕਾ ਅਤੇ ਪਾਕਿਸਤਾਨ ਵਿੱਚ ਜਾਰੀ ਸੰਕਟ ਦਾ ਭਾਰਤ 'ਤੇ ਅਸਰ ਪੈਣਾ ਲਾਜ਼ਮੀ ਹੈ।

ਸ਼੍ਰੀਲੰਕਾ ਦਾ ਸੰਕਟ ਅਤੇ ਭਾਰਤ

ਅਜਿਹਾ ਦੇਖਿਆ ਗਿਆ ਹੈ ਕਿ ਸ਼੍ਰੀਲੰਕਾ ਵਿੱਚ ਜਦੋਂ ਵੀ ਕੋਈ ਸੰਕਟ ਪੈਦਾ ਹੁੰਦਾ ਹੈ ਜਾਂ ਹਿੰਸਾ ਹੁੰਦੀ ਹੈ ਤਾਂ ਉਥੋਂ ਦੀ ਤਾਮਿਲ ਆਬਾਦੀ ਦੀ ਤਾਮਿਲਨਾਡੂ ਵੱਲ ਹਿਜਰਤ ਹੁੰਦੀ ਹੈ।

ਸ਼੍ਰੀਲੰਕਾ ਵਿੱਚ ਦਹਾਕਿਆਂ ਤੱਕ ਜਾਰੀ ਰਹੇ ਗ੍ਰਹਿ ਯੁੱਧ ਦੌਰਾਨ ਅਸੀਂ ਦੇਖਿਆ ਹੈ ਕਿ ਸ਼੍ਰੀਲੰਕਾ ਦੇ ਲੱਖਾਂ ਤਾਮਿਲ ਭਾਸ਼ਾਈ ਲੋਕਾਂ ਨੇ ਭਾਰਤ ਆ ਕੇ ਸ਼ਰਨ ਲਈ।

ਸ਼੍ਰੀਲੰਕਾ ਵਿੱਚ ਭਾਰੀ ਬੇਰੁਜ਼ਗਾਰੀ ਅਤੇ ਆਰਥਿਕ ਸੰਕਟ ਗੰਭੀਰ ਹੋਣ ਤੋਂ ਬਾਅਦ ਉੱਥੋਂ ਦੇ ਤਾਮਿਲ ਨਾਗਰਿਕ ਇੱਕ ਵਾਰ ਮੁੜ ਭਾਰਤ ਵੱਲ ਹਿਜਰਤ ਕਰ ਰਹੇ ਹਨ।

ਤਾਮਿਲਨਾਡੂ ਲਈ ਚਿੰਤਾ ਦਾ ਕਾਰਨ

ਇਹ ਤਾਮਿਲਨਾਡੂ ਲਈ ਇੱਕ ਚਿੰਤਾ ਦਾ ਵਿਸ਼ਾ ਹੈ। 22 ਮਾਰਚ ਨੂੰ ਰਾਮਏਸ਼ਵਰਮ ਤਟ 'ਤੇ ਦੋ ਜਥਿਆਂ ਵਿੱਚ ਆਏ 16 ਸ਼੍ਰੀਲੰਕਾਈ ਤਾਮਿਲ ਇਸ ਦਾ ਉਦਾਹਰਨ ਹਨ।

ਭਾਰਤ ਸਰਕਾਰ ਨੇ ਹਾਲ ਹੀ ਵਿੱਚ ਸ਼੍ਰੀਲੰਕਾ ਤੋਂ ਭਾਰਤ ਆਉਣ ਵਾਲੇ ਸ਼ਰਨਾਰਤੀਆਂ ਦੀ ਗਿਣਤੀ ਬਾਰੇ ਅਧਿਕਾਰਤ ਤੌਰ ਉੱਤੇ ਕੁਝ ਨਹੀਂ ਕਿਹਾ।

ਪਰ ਸਰਕਾਰੀ ਸੂਤਰਾਂ ਮੁਤਾਬਕ, ਸ਼੍ਰੀਲੰਕੇ ਦੇ ਹਾਲਾਤ ਨੂੰ ਦੇਖਦਿਆਂ ਹੋਇਆ ਭਾਰਤ ਆਉਣ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਧੇਗੀ।

ਸ਼੍ਰੀਲੰਕਾ ਦੇ ਕੋਲ ਵਿਦੇਸ਼ੀ ਮੁਦਰਾ ਦੀ ਵੱਡੀ ਕਮੀ ਹੈ। ਉਸ ਨੂੰ 51 ਅਰਬ ਡਾਲਰ ਦੇ ਵਿਦੇਸ਼ੀ ਕਰਜ਼ ਨੂੰ ਚੁਕਾਉਣ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।

ਇਹ ਵੀ ਪੜ੍ਹੋ-

ਲੱਕਤੋੜ ਮਹਿੰਗਾਈ ਅਤੇ ਬਿਜਲੀ ਕਟੌਤੀ ਦੇ ਨਾਲ-ਨਾਲ ਸ਼੍ਰੀਲੰਕਾ ਭੋਜਨ, ਈਂਧਨ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵੱਡੀ ਘਾਟ ਦਾ ਸਾਹਮਣਾ ਕਰ ਰਿਹਾ ਹੈ।

ਲੋਕਾਂ ਵਿੱਚ ਅਸ਼ਾਂਤੀ ਅਤੇ ਵੱਡੇ ਪੈਮਾਨੇ 'ਤੇ ਵਿਰੋਧ ਨੂੰ ਦੇਖਦਿਆਂ ਹੋਇਆ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ।

ਭਾਰਤ ਵੱਲੋਂ ਮਦਦ ਦਾ ਵਾਅਦਾ

ਭਾਰਤ ਨੇ ਸ਼੍ਰੀਲੰਕਾ ਨੂੰ ਆਰਥਿਕ ਤੇ ਊਰਜਾ ਸੰਕਟ ਨਾਲ ਨਜਿੱਠਣ ਲਈ ਈਂਧਨ, ਭੋਜਨ ਅਤੇ ਦਵਾਈਆਂ ਦੀ ਖਰੀਦ ਲਈ 1.5 ਅਰਬ ਡਾਲਰ ਨਾਲ ਵਿੱਤੀ ਸਹਾਇਤਾ ਦਿੱਤੀ ਹੈ।

ਪਿਛਲੇ ਹਫ਼ਤੇ ਆਪਣੀ ਤਿੰਨ ਦਿਨਾਂ ਦੀ ਸ਼੍ਰੀਲੰਕਾ ਯਾਤਰਾ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼੍ਰੀਲੰਕਾ ਦੀ ਸਰਕਾਰ ਨੂੰ ਭਾਰਤ ਵੱਲੋਂ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ।

ਉਨ੍ਹਾਂ ਨੇ ਟਵੀਟ ਵਿੱਚ ਭਾਰਤ ਦੇ ਨਿਰੰਤਰ ਸਹਿਯੋਗ ਦਾ ਭਰੋਸਾ ਦਿੱਤਾ।

ਜੈਸ਼ੰਕਰ ਨੇ ਆਪਣੀ ਯਾਤਰਾ ਦੌਰਾਨ ਸ਼੍ਰੀਲੰਕਾ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਦੇ ਨਾਲ ਵੀ ਗੱਲਬਾਤ ਕੀਤੀ ਸੀ।

ਬਾਸਿਲ ਰਾਜਪਕਸ਼ੇ ਆਰਥਿਕ ਸੰਕਟ ਨਾਲ ਨਜਿੱਠਣ ਦੇ ਉਪਾਵਾਂ 'ਤੇ ਭਾਰਤੀ ਪੱਖ ਦੇ ਨਾਲ ਕੋਆਰਡੀਨੇਟ ਕਰ ਰਹੇ ਸਨ।

ਪਰ ਚਾਰ ਅਪ੍ਰੈਲ ਨੂੰ ਖ਼ਬਰ ਆਈ ਕਿ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਆਪਣੇ ਭਰਾ ਅਤੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਨੂੰ ਬਰਖ਼ਸਤ ਕਰ ਦਿੱਤਾ ਹੈ।

ਸ਼੍ਰੀਲੰਕਾ ਤੋਂ ਆਈਆਂ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਨੇ ਇੱਕ ਅਰਬ ਡਾਲਰ ਦੇ ਇੱਕ ਹੋਰ ਕ੍ਰੇਡਿਟ ਦੀ ਮੰਗ ਕੀਤੀ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਸ਼੍ਰੀਲੰਕਾ ਦੀ ਤਾਜ਼ਾ ਸਥਿਤੀ

ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਨੇ ਵਿੱਤ ਮੰਤਰੀ ਦੇ ਅਹੁਦੇ 'ਤੇ ਅਲੀ ਸਾਬਰੀ ਨੂੰ ਨਿਯੁਕਤ ਕੀਤਾ ਹੈ। ਐਤਵਾਰ ਤੱਕ ਅਲੀ ਸਾਬਰੀ ਕੋਲ ਦੇਸ਼ ਦੇ ਨਿਆਂ ਮੰਤਰਾਲੇ ਦੀ ਜ਼ਿੰਮੇਵਾਰੀ ਸੀ।

ਅਹੁਦੇ ਤੋਂ ਹਟਾਏ ਜਾਣ ਤੋਂ ਪਹਿਲਾ ਬਾਸਿਲ ਰਾਜਪਕਸ਼ੇ ਕੌਮਾਂਤਰੀ ਮੁਦਰਾ ਕੋਸ਼ ਤੋਂ ਰਾਹਤ ਪੈਕੇਜ ਹਾਸਿਲ ਕਰਨ ਲਈ ਅਮਰੀਕਾ ਦੌਰੇ 'ਤੇ ਜਾਣ ਵਾਲੇ ਸਨ।

ਦੇਸ਼ ਦੇ ਸੱਤਾਧਾਰੀ ਗਠਜੋੜ ਸ਼੍ਰੀਲੰਕਾ ਪਾਦੁਜਨਾ ਪੈਰਾਮੁਨਾ (ਐੱਸਐੱਲਪੀਪੀ) ਗਠਜੋੜ ਵਿੱਚ ਬਾਸਿਲ ਦੀ ਭੂਮਿਕਾ ਨੂੰ ਲੈ ਕੇ ਨਰਾਜ਼ਗੀ ਦੀ ਭਾਵਨਾ ਸੀ।

ਪਿਛਲੇ ਮਹੀਨੇ ਬਾਸਿਲ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ ਕਾਰਨ ਮਹਿੰਦਾ ਰਾਜਪਕਸ਼ੇ ਦੀ ਕੈਬਨਿਟ ਦੇ ਘੱਟੋ-ਘੱਟ ਦੋ ਮੰਤਰੀਆਂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

ਐਤਵਾਰ ਦੀ ਰਾਤ ਮਹਿੰਦਾ ਰਾਜਪਕਸ਼ੇ ਕੈਬਨਿਟ ਦੇ ਸਾਰੇ 26 ਮੰਤਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਸ ਵਿਚਾਲੇ ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੇ ਗਵਰਨਰ ਅਜੀਤ ਨਿਵਾਰਡ ਨੇ ਵੀ ਆਪਣੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ।

ਆਈਐੱਮਐੱਫ ਤੋਂ ਰਾਹਤ ਪੈਕੇਜ ਹਾਸਿਲ ਕਰਨ ਦੇ ਮੁੱਦੇ 'ਤੇ ਅਜੀਤ ਨਿਵਾਰਡ ਨੂੰ ਆਪਣੇ ਅੜੀਅਲ ਰਵੱਈਏ ਕਾਰਨ ਸਖ਼ਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਭਾਰਤ-ਸ਼੍ਰੀਲੰਕਾ ਵਪਾਰ

ਭਾਰਤ ਨੇ ਸ਼੍ਰੀਲੰਕਾ ਵਿੱਚ ਬਿਜਲੀ ਕਟੌਤੀ ਦੇ ਸੰਕਟ ਨੂੰ ਘੱਟ ਕਰਨ ਲਈ 40 ਹਜ਼ਾਰ ਮੀਟ੍ਰਿਕ ਟਨ ਡੀਜ਼ਲ ਦੀਆਂ ਕਰੀਬ ਚਾਰ ਖੇਪਾਂ ਵੀ ਭੇਜੀਆਂ ਹਨ। ਇਸ ਤੋਂ ਇਲਾਵਾ ਭਾਰਤ ਛੇਤੀ ਹੀ 40 ਹਜ਼ਾਰ ਟਨ ਚੌਲ ਵੀ ਭੇਜ ਰਿਹਾ ਹੈ।

ਭਾਰਤ ਆਪਣੇ ਗਲੋਬਲ ਵਪਾਰ ਲਈ ਕੋਲੰਬੋ ਬੰਦਰਗਾਹ 'ਤੇ ਵੀ ਨਿਰਭਰ ਹੈ ਕਿਉਂਕਿ ਭਾਰਤ ਦੇ ਟ੍ਰਾਂਸ-ਸ਼ਿਪਮੈਂਟ ਦਾ 60 ਫੀਸਦ ਇਸੇ ਬੰਦਰਗਾਹ ਵੱਲੋਂ ਕੰਟ੍ਰੋਲ ਕੀਤਾ ਜਾਂਦਾ ਹੈ।

ਭਾਰਤ ਸ਼੍ਰੀਲੰਕਾ ਦੇ ਸਭ ਤੋਂ ਵੱਡੇ ਵਪਾਰਕ ਭਾਗੀਦਾਰਾਂ ਵਿੱਚੋਂ ਇੱਕ ਹੈ। ਸ਼੍ਰੀਲੰਕਾ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਭਾਰਤ ਵੀ ਆਉਂਦੇ ਹਨ।

ਭਾਰਤ ਸ਼੍ਰੀਲੰਕਾ ਨੂੰ ਸਾਲਾਨਾ ਕਰੀਬ 5 ਅਰਬ ਡਾਲਰ ਦਾ ਬਰਾਮਦਗੀ ਕਰਦਾ ਹੈ, ਜੋ ਉਸ ਦੇ ਕੁੱਲ ਬਰਮਾਦਗੀ ਦਾ 1.3 ਫੀਸਦ ਹੈ।

ਭਾਰਤ ਨੇ ਦੇਸ਼ ਵਿੱਚ ਸੈਰ-ਸਪਾਟੇ, ਰਿਅਲ ਅਸਟੇਟ, ਉਤਪਾਦਨ, ਸੰਚਾਰ, ਪੈਟ੍ਰੋਲੀਅਮ ਖੁਦਰਾ ਆਦਿ ਦੇ ਖੇਤਰਾਂ ਵਿੱਚ ਵੀ ਨਿਵੇਸ਼ ਕੀਤਾ ਹੈ।

ਭਾਰਤ ਸ਼੍ਰੀਲੰਕਾ ਵਿੱਚ ਵਿਦੇਸ਼ੀ ਨਿਵੇਸ਼ ਦੇ ਸਭ ਤੋਂ ਵੱਡੇ ਸਰੋਤਾਂ ਵਿੱਚੋਂ ਇੱਕ ਹੈ। ਦੇਸ਼ ਦੀਆਂ ਕੁਝ ਵੱਡੀਆਂ ਕੰਪਨੀਆਂ ਨੇ ਸ਼੍ਰੀਲੰਕਾ ਵਿੱਚ ਨਿਵੇਸ਼ ਵੀ ਕੀਤਾ ਹੋਇਆ ਹੈ।

ਹਾਲ ਦੇ ਸਾਲਾਂ ਵਿੱਚ ਸ਼੍ਰੀਲੰਕਾ ਅਤੇ ਚੀਨ ਵਿਚਾਲੇ ਸਹਿਯੋਗ ਵਧਿਆ ਹੈ ਅਤੇ ਚੀਨ ਨੇ ਸ਼੍ਰੀਲੰਕਾ ਵਿੱਚ ਕਾਫੀ ਵੱਡੇ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਹੈ। ਪਰ ਸ਼੍ਰੀਲੰਕਾ ਦੇ ਤਾਜ਼ਾ ਸੰਕਟ ਵਿੱਚ ਚੀਨ ਦੀ ਮਦਦ ਨਜ਼ਰ ਨਹੀਂ ਆ ਰਹੀ ਹੈ।

ਪਾਕਿਸਤਾਨ ਦਾ ਸੰਕਟ ਅਤੇ ਭਾਰਤ 'ਤੇ ਇਸ ਦਾ ਅਸਰ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਜ਼ੋਰਦਾਰ ਆਲੋਚਕ ਰਹੇ ਹਨ।

ਪਰ ਇਹ ਵੀ ਸੱਚ ਹੈ ਕਿ ਅਸਲ ਸੀਮਾ 'ਤੇ ਤਣਾਅ 2021 ਤੋਂ ਬਾਅਦ ਤੋਂ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ।

ਭਾਰਤੀ ਸਿਆਸੀ ਵਿਸ਼ਲੇਸ਼ਕਾਂ ਮੁਤਾਬਕ, ਪਾਕਿਸਤਾਨ ਫੌਜ ਇਸਲਾਮਾਬਾਦ ਵਿੱਚ ਇੱਕ ਨਵੀਂ ਸਰਕਾਰ 'ਤੇ ਕਸ਼ਮੀਰ ਵਿੱਚ ਸਫ਼ਲ ਸੰਘਰਸ਼ ਵਿਰਾਮ ਲਈ ਦਬਾਅ ਬਣਾ ਸਕਦੀ ਹੈ।

ਪਾਕਿਸਤਾਨ ਇਸ ਵੇਲੇ ਸਿਆਸੀ ਉਥਲ-ਪੁਥਲ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਪੀਐੱਮ ਇਮਰਾਨ ਖ਼ਾਨ ਨੇ ਸੰਸਦ ਭੰਗ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਨੇ ਇਸ ਕਦਮ ਨੂੰ ਦੇਸ਼ਧ੍ਰੋਹ ਦੱਸਿਆ ਹੈ।

ਪੀਐੱਮ ਇਮਰਾਨ ਖ਼ਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਹਟਾਉਣ ਲਈ ਵਿਰੋਧੀ ਧਿਰ ਅਮਰੀਕਾ ਦੇ ਨਾਲ ਮਿਲ ਕੇ ਸਾਜ਼ਿਸ਼ ਕਰ ਰਹੀ ਹੈ।

ਇਮਰਾਨ ਖ਼ਾਨ ਨੇ ਰੂਸ ਦੇ ਯੂਕਰੇਨ 'ਤੇ ਹਮਲੇ ਦੀ ਨਿੰਦਾ ਨਹੀਂ ਕੀਤੀ ਜਦ ਕਿ ਪਾਕਿਸਤਾਨ ਫੌਜ ਚਾਹੁੰਦੀ ਹੈ ਕਿ ਉਹ ਯੂਕਰੇਨ ਜੰਗ ਵਿੱਚ ਅਮਰੀਕਾ ਦਾ ਪੱਖ ਲੈਣ।

ਵਿਸ਼ਲੇਸ਼ਕਾਂ ਮੁਤਾਬਕ, ਇਸ ਨਾਲ ਨਾ ਸਿਰਫ਼ ਪਾਕਿਸਤਾਨ ਅਤੇ ਅਮਰੀਕਾ ਦੇ ਰਿਸ਼ਤਿਆਂ 'ਤੇ ਅਸਰ ਹੋਇਆ ਬਲਕਿ ਪਾਕਿਸਤਾਨ ਕੂਟਨੀਤਕ ਤੌਰ 'ਤੇ ਪੱਛਮੀ ਦੇਸ਼ਾਂ ਤੋਂ ਵੀ ਅਲਗ-ਥਲਗ ਹੁੰਦਾ ਨਜ਼ਰ ਆ ਰਿਹਾ ਹੈ।

ਬੀਬੀਸੀ ਹਿੰਦੀ ਦੇ ਟਵਿਟਰ ਸਪੇਸੇਜ਼ ਪ੍ਰੋਗਰਾਮ ਵਿੱਚ ਵਿਸ਼ਲੇਸ਼ਕ ਸਵਸਤੀ ਰਾਓ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਕੂਟਨੀਤਕ ਤੌਰ 'ਤੇ ਦੁਨੀਆਂ ਤੋਂ ਅਲਗ-ਥਲਗ ਕਰਨ ਲਈ ਭਾਰਤ ਨੂੰ ਕੁਝ ਮਿਹਨਤ ਨਹੀਂ ਕਰਨੀ ਪਈ। ਇਹ ਕੰਮ ਖ਼ੁਦ ਪਾਕਿਸਤਾਨ ਨੇ ਆਪਣੇ ਲਈ ਕਰ ਲਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)