RRR ਫਿਲਮ ਅੰਗਰੇਜ਼ਾਂ ਖਿਲਾਫ਼ ਬਗਾਵਤ ਕਰਨ ਵਾਲੇ ਜਿਨ੍ਹਾਂ ਲੋਕਾਂ ’ਤੇ ਬਣੀ ਹੈ, ਇਹ ਹੈ ਉਨ੍ਹਾਂ ਦੀ ਕਹਾਣੀ

ਤਸਵੀਰ ਸਰੋਤ, PEN STUDIO
- ਲੇਖਕ, ਬਾਲਾ ਸਤੀਸ਼, ਸ਼ੁਭਮ ਪ੍ਰਵੀਣ ਕੁਮਾਰ ਅਤੇ ਸ਼ੰਕਰ ਵਾਦਿਸੇਟੀ
- ਰੋਲ, ਬੀਬੀਸੀ ਪੱਤਰਕਾਰ
ਹੁਣ ਜਦੋਂ ਐਸਐਸ ਰਾਜਮੌਲੀ ਦੀ ਫ਼ਿਲਮ RRR ਸਿਨਮਿਆਂ ਵਿੱਚ ਦਿਖਾਈ ਜਾ ਰਹੀ ਹੈ ਤਾਂ ਸਾਰੇ ਪਾਸੇ ਕੁਮਾਰਮ ਭੀਮ ਅਤੇ ਅਲੂਰੀ ਸੀਤਾਰਾਮਾ ਰਾਜੂ ਦੀ ਚਰਚਾ ਹੋ ਰਹੀ ਹੈ।
ਦਰਸ਼ਕਾਂ ਨੂੰ ਫਿਲਮ ਦੇ ਇਨ੍ਹਾਂ ਦੋਵਾਂ ਪ੍ਰਮੁੱਖ ਕਿਰਦਾਰਾਂ ਮਤਲਬ ਕਿ ਮਨਯਮ ਦੇ ਨਾਇਕ ਅਤੇ ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ ਅਲੂਰੀ ਸੀਤਾਰਾਮਾ ਰਾਜੂ ਅਤੇ ਤੇਲੰਗਾਨਾ ਦੇ ਕੁਮਾਰਮ ਭੀਮ ਬਾਰੇ ਜਾਣਨ ਵਿੱਚ ਦਿਲਚਸਪੀ ਹੈ।
ਇਨ੍ਹਾਂ ਥਾਵਾਂ ਦੇ ਆਦਿਵਾਸੀ ਇਨ੍ਹਾਂ ਦੋਵਾਂ ਨੂੰ ਰੱਬ ਸਮਾਨ ਸਮਝਦੇ ਹਨ। ਕਿਹਾ ਜਾਂਦਾ ਹੈ ਕਿ ਅਲੂਰੀ ਨੇ ਮਨਯਮ ਇਲਾਕੇ ਦੇ ਆਦੀਵਾਸੀਆਂ ਨੂੰ ਇਕਜੁੱਟ ਕੀਤਾ, ਜਿਸ ਤੋਂ ਅੰਗਰੇਜ਼ਾਂ ਦੇ ਵਿੱਚ ਖੌਫ਼ ਪਸਰ ਗਿਆ ਸੀ।
ਉੱਥੇ ਹੀ, ਕੁਮਾਰਮ ਭੀਮ ਨੇ ਗੌਂਡ ਆਦਿਵਾਸੀਆਂ ਦੇ ਹੱਕਾਂ ਲਈ ਨਿਜ਼ਾਮ ਨਾਲ ਮੱਥਾ ਲਾਇਆ ਸੀ।
ਆਰਆਰਆਰ ਫ਼ਿਲਮ ਦੇ ਨਿਰਦੇਸ਼ਕ ਰਾਜਮੌਲੀ ਨੇ ਦੋਵਾਂ ਨੂੰ ਪੱਕੇ ਦੋਸਤਾਂ ਵਜੋਂ ਦਿਖਾਇਆ ਹੈ। ਰਾਜਮੌਲੀ ਨੇ ਇਨ੍ਹਾਂ ਦੋਵਾਂ ਇਤਿਹਾਸਕ ਕਿਰਦਾਰਾਂ ਦੀ ਮਦਦ ਨਾਲ ਆਪਣੀ ਫ਼ਿਲਮ ਦੇ ਹੋਰ ਕਿਰਦਾਰਾਂ ਦਾ ਕੱਦ ਵਧਾਉਣ ਦੀ ਕੋਸ਼ਿਸ਼ ਕੀਤੀ ਹੈ।
ਹਾਲਾਂਕਿ ਇਹ ਦੋਵੇਂ ਆਗੂ ਕੌਣ ਹਨ? ਇਨ੍ਹਾਂ ਦਾ ਇਤਿਹਾਸ ਕੀ ਰਿਹਾ ਹੈ? ਅਸੀਂ ਇਤਿਹਾਸ ਦੇ ਪੰਨਿਆਂ ਉੱਪਰ ਆਪਣੀ ਮੋਹਰ ਲਾਉਣ ਵਾਲੇ ਇਨ੍ਹਾਂ ਕਿਰਦਾਰਾਂ ਦੀ ਸੱਚੀ ਕਹਾਣੀ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ:
ਕੁਮਾਰਮ ਭੀਮ

ਕੁਮਾਰਮ ਭੀਮ, 22 ਅਕਤੂਬਰ 1902 ਨੂੰ ਸੰਕੇਪੱਲੀ ਪਿੰਡ ਦੇ ਇੱਕ ਗੋਂਡ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਦਾ ਨਾਮ ਕੁਮਾਰਮ ਚਿਮਨਾ ਸੀ।
18ਵੀਂ ਸਦੀ ਅਤੇ 19ਵੀਂ ਸਦੀ ਵਿੱਚ ਆਦਿਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜੰਗਲਾਂ ਦੀ ਰਾਖੀ ਲਈ ਕਾਨੂੰਨ ਦੇ ਨਾਮ ਉੱਪਰ ਉੁਨ੍ਹਾਂ ਦੀਆਂ ਜ਼ਮੀਨਾਂ ਅਤੇ ਖੇਤ ਖੋਹੇ ਜਾ ਰਹੇ ਸਨ।
ਉਸ ਸਮੇਂ ਹੈਦਰਾਬਾਦ ਰਿਆਸਤ ਵਿੱਚ ਨਿਜ਼ਾਮ ਦੀ ਹਕੂਮਤ ਕੁਝ ਅਜਿਹੀ ਸੀ ਕਿ ਇੱਕ ਪਾਸੇ ਤਾਂ ਨਿਜ਼ਾਮ ਦੇ ਰਜ਼ਾਕਾਰ ਜਨਤਾ ਦਾ ਸ਼ੋਸ਼ਣ ਕਰਦੇ ਸਨ ਤੇ ਦੂਜੇ ਪਾਸੇ ਅੰਗਰੇਜ਼।
ਅਜਿਹੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਵਾਲੇ ਗੌਂਡ ਅਦਿਵਾਸੀਆਂ ਵਿੱਚ ਕੁਮਾਰਮ ਭੀਮ ਦਾ ਪਰਿਵਾਰ ਵੀ ਸ਼ਾਮਲ ਸੀ। ਜਦੋਂ ਭੀਮ 15 ਸਾਲਾਂ ਦੇ ਸਨ ਤਾਂ ਸੰਕੇਪੱਲੀ ਪਿੰਡ ਵਿੱਚ ਵਣ ਅਫ਼ਸਰਾਂ ਅਤੇ ਕਾਰੋਬਾਰੀਆਂ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਮੁਸ਼ਕਲਾਂ ਝੱਲਣੀਆਂ ਪਈਆਂ।
ਅੱਲਮ ਅਤੇ ਰਾਜੈਯਾ ਅਤੇ ਸਾਹੂ ਨੇ ਆਪਣੀ ਕਿਤਾਬ ਕੁਮਾਰਮ ਭੀਮ ਵਿੱਚ ਲਿਖਿਆ ਹੈ, ''ਜਦੋਂ ਭੀਮ ਦੇ ਪਿਤਾ ਗੁਜ਼ਰ ਗਏ ਤਾਂ ਉਨ੍ਹਾਂ ਦਾ ਪਰਿਵਾਰ ਸ਼ੂਦਰਪੁਰ ਚਲਿਆ ਗਿਆ ਅਤੇ ਉੱਥੇ ਉਨ੍ਹਾਂ ਨੇ ਖੇਤੀਬਾੜੀ ਸ਼ੁਰੂ ਕਰ ਦਿੱਤੀ। ਫ਼ਸਲ ਤਿਆਰ ਹੋ ਗਈ, ਤਾਂ ਸਾਦਿਕ ਨਾਮ ਦੇ ਇੱਕ ਵਿਅਕਤੀ ਨੇ ਉਸ ਜ਼ਮੀਨ ਉੱਪਰ ਆਪਣਾ ਦਾਅਵਾ ਕੀਤਾ ਜਿਸ ਉੱਪਰ ਕਿ ਭੀਮ ਦਾ ਪਰਿਵਾਰ ਖੇਤੀ ਕਰ ਰਿਹਾ ਸੀ।”
“ਉਸ ਨੇ ਦਾਅਵਾ ਕੀਤਾ ਕਿ ਉਸ ਦੇ ਕੋਲ ਜ਼ਮੀਨ ਦੇ ਕਾਗਜ਼ਾਤ ਹਨ। ਉਸ ਸਮੇਂ ਭੀਮ ਨੇ ਸਾਦਿਕ ਦੇ ਸਿਰ ਉੱਪਰ ਵਾਰ ਕਰ ਦਿੱਤਾ। ਹੰਗਾਮਾ ਮੱਚ ਗਿਆ ਅਤੇ ਭੀਮ ਭੱਜ ਕੇ ਅਸਾਮ ਚਲੇ ਗਏ। ਉਹ ਉੱਥੇ ਦੇ ਚਾਹ ਦੇ ਬਾਗ਼ਾਂ ਵਿੱਚ ਮਜ਼ਦੂਰੀ ਕਰਨ ਲੱਗੇ। ਉੱਥੇ ਹੀ ਭੀਮ ਨੇ ਪੜ੍ਹਨਾ-ਲਿਖਣਾ ਸਿੱਖਿਆ ਅਤੇ ਸਿਆਸਤ ਅਤੇ ਬਗਾਵਤ ਬਾਰੇ ਵੀ ਪੜ੍ਹਿਆ।''
ਭੀਮ ਨੇ ਅਸਾਮ ਦੇ ਮਜ਼ਦੂਰਾਂ ਦੀ ਬਗਾਵਤ ਵਿੱਚ ਵੀ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ ਅਸਾਮ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਭੀਮ ਅਸਾਮ ਪੁਲਿਸ ਨੂੰ ਚਕਮਾ ਦੇਕੇ ਭੱਜ ਗਏ ਅਤੇ ਆਸਿਫ਼ਾਬਾਦ ਦੇ ਕੋਲ ਕੰਕਨਘਾਟ ਜਾ ਪਹੁੰਚੇ।

ਤਸਵੀਰ ਸਰੋਤ, TWITTER/SSRAJAMOULI
ਉੱਥੇ ਉਹ ਲੱਛੂ ਪਟੇਲ ਦੀ ਸ਼ਾਗਿਰਦੀ ਵਿੱਚ ਕੰਮ ਕਰਨ ਲੱਗ ਪਏ। ਬਾਅਦ ਵਿੱਚ ਭੀਮ ਨੇ ਸੋਮ ਬਾਈ ਨਾਲ ਵਿਆਹ ਕਰਵਾ ਲਿਆ।
ਜੰਗਲਾਤ ਅਧਿਕਾਰੀਆਂ ਨਾਲ ਸੰਘਰਸ਼
ਇੱਧਰ ਭੀਮ ਦੇ ਚਾਚਿਆਂ ਨੇ ਆਦਿਵਾਸੀਆਂ ਨਾਲ ਮਿਲ ਕੇ ਬਾਬੇਝਾਰੀ ਦੇ ਕੋਲ ਬਾਰਾਂ ਪਿੰਡਾਂ ਦੇ ਜੰਗਲ ਸਾਫ਼ ਕੀਤੇ ਅਤੇ ਖੇਤੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਉਨ੍ਹਾਂ ਉੱਪਰ ਜ਼ੁਲਮ ਸ਼ੁਰੂ ਹੋ ਗਿਆ। ਪੁਲਿਸ ਨੇ ਉਨ੍ਹਾਂ ਦੇ ਪਿੰਡਾਂ ਨੂੰ ਉਜਾੜ ਦਿੱਤਾ।
ਭੀਮ ਨੇ ਨਾਅਰਾ ਦਿੱਤਾ, ''ਮਾਵਾ ਨਾਤੇ ਮਾਵਾ ਰਾਜ'' ਮਤਲਬ ''ਸਾਡੀ ਜ਼ਮੀਨ 'ਤੇ ਸਾਡੀ ਸਰਕਾਰ''।
ਅਲੱਮ ਰਾਜੈਯਾ ਕਹਿੰਦੇ ਹਨ, ''ਜਦੋਂ ਨਿਜਾਮ ਦੀ ਹਕੂਮਤ ਨੂੰ ਲੱਗਿਆ ਕਿ ਹਾਲਾਤ ਉਨ੍ਹਾਂ ਦੇ ਵੱਸੋਂ ਬਾਹਰ ਜਾ ਰਹੇ ਹਨ ਤਾਂ ਨਿਜ਼ਾਮ ਨੇ ਉਪ-ਜਿਲ੍ਹਾ ਅਧਿਕਾਰੀ ਨੂੰ ਆਦਿਵਾਸੀਆਂ ਨਾਲ ਗੱਲਬਾਤ ਕਰਨ ਲਈ ਭੇਜਿਆ। ਅੰਦੋਲਨਕਾਰੀ 12 ਪਿੰਡਾਂ ਦੇ ਵਾਸੀਆਂ ਨੂੰ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦਿੱਤੇ ਜਾਣਗੇ। ਹਾਲਾਂਕਿ, ਭੀਮ ਨੇ ਇਨ੍ਹਾਂ 12 ਪਿੰਡਾਂ ਦੇ ਆਦਿਵਾਸੀਆਂ ਦੇ ਸਵਰਾਜ ਦੀ ਮੰਗ ਕੀਤੀ। ਉਪ-ਜਿਲ੍ਹਾ ਅਧਿਕਾਰੀ ਅਦਿਵਾਸੀਆਂ ਦੀ ਇਸ ਮੰਗ ਨਾਲ ਸਹਿਮਤ ਨਹੀਂ ਹੋਏ।''
ਜਦੋਂ ਆਦਿਵਾਸੀਆਂ ਦੇ ਨਾਲ ਪ੍ਰਸ਼ਾਸਨ ਦੀ ਗੱਲਬਾਤ ਅਸਫ਼ਲ ਰਹੀ ਤਾਂ ਅੰਦੋਲਨ ਖਤਮ ਕਰਨ ਲਈ ਨਿਜ਼ਾਮ ਨੇ ਪੁਲਿਸ ਦੀ ਇੱਕ ਖ਼ਾਸ ਟੁਕੜੀ ਭੇਜੀ। ਭੀਮ ਦੀ ਅਗਵਾਈ ਵਿੱਚ ਗੌਂਡ ਕਬੀਲੇ ਨੇ ਲਗਭਗ ਸੱਤ ਮਹੀਨੇ ਪੁਲਿਸ ਦਾ ਮੁਕਾਬਲਾ ਕੀਤਾ। ਆਖ਼ਰਕਾਰ ਪਹਿਲੀ ਸਤੰਬਰ 1940 ਨੂੰ ਪੁਲਿਸ ਨੇ ਭੀਮ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਜਿਸ ਥਾਂ ਕੁਮਾਰਮ ਭੀਮ ਨੂੰ ਗੋਲੀ ਮਾਰੀ ਗਈ, ਉਹ ਅਜੇਕੋ ਕੁਮਾਰਮ ਭੀਮ ਆਸਿਫ਼ਾਬਾਦ ਜ਼ਿਲ੍ਹੇ ਦਾ ਜੋਦੇਨਘਾਟ ਪਿੰਡ ਸੀ।
ਉਸ ਦਿਨ ਨਿਜ਼ਾਮ ਦੀ ਪੁਲਿਸ ਦੇ 300 ਤੋਂ ਜ਼ਿਆਦਾ ਲੋਕ ਭਾਰੀ ਗੋਲਾ-ਬਾਰੂਦ ਅਤੇ ਹਥਿਆਰਾਂ ਨਾਲ ਪਿੰਡ ਵਿੱਚ ਦਾਖਲ ਹੋਏ ਸਨ। ਪੁਲਿਸ ਦੀ ਇਹ ਕਾਰਵਾਈ ਅਚਾਨਕ ਹੋਈ ਸੀ, ਤਾਂ ਜੋ ਆਦਿਵਾਸੀਆਂ ਨੂੰ ਤਿਆਰ ਹੋਣ ਦਾ ਮੌਕਾ ਨਾ ਮਿਲ ਸਕੇ।
ਕੁਰਦੂ ਪਟੇਲ ਨਾਮ ਦੇ ਇੱਕ ਵਿਅਕਤੀ ਵੱਲੋਂ ਦਿੱਤੀ ਸੂਹ ਦੇ ਅਧਾਰ 'ਤੇ ਪੁਲਿਸ ਉਸ ਪਹਾੜੀ ਵੱਲ ਵਧੀ ਜਿਸ ਨੂੰ ਭੀਮ ਅਤੇ ਉਸ ਦੇ ਸਾਥੀਆਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ।
ਪੁਲਿਸ ਨੇ ਉਨ੍ਹਾਂ ਉੱਪਰ ਪਿੱਛੇ ਤੋਂ ਹਮਲਾ ਕੀਤਾ। ਭੀਮ ਅਤੇ ਉਨ੍ਹਾਂ ਦੇ 15 ਸਾਥੀਆਂ ਨੂੰ ਮੌਕੇ 'ਤੇ ਹੀ ਗੋਲੀ ਮਾਰ ਦਿੱਤੀ ਗਈ। ਜਦਕਿ ਬਾਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦਿਨ ਭੀਮ ਦੇ ਵਿਦਰੋਹ ਦਾ ਅੰਤ ਹੋ ਗਿਆ।
ਬਾਅਦ ਵਿੱਚ ਭੀਮ ਦੀ ਮੌਤ ਦੇ ਜ਼ਿੰਮੇਵਾਰ ਕੁਰਦੂ ਪਟੇਲ ਨੂੰ ਤੇਲੰਗਾਨਾ ਦੇ ਹਥਿਆਰਬੰਦ ਕਿਸਾਨ ਵਿਦਰੋਹੀਆਂ ਵੱਲੋਂ 1946 ਦੇ ਸੰਘਰਸ਼ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ।
ਨਾਇਕ ਨਹੀਂ... ਉਹ ਆਦਿਵਾਸੀਆਂ ਦੇ ਰੱਬ ਬਣ ਗਏ
ਹੋ ਸਕਦਾ ਹੈ ਕਿ ਬਾਕੀ ਦੁਨੀਆਂ ਲਈ ਭੀਮ ਸਿਰਫ਼ ਇੱਕ ਕ੍ਰਾਂਤੀਕਾਰੀ ਰਹੇ ਹੋਣ ਪਰ ਗੌਂਡ ਕਬੀਲੇ ਲਈ ਉਹ ਰੱਬ ਤੋਂ ਘੱਟ ਨਹੀਂ।

ਕੁਮਾਰਮ ਭੀਮ ਆਸਿਫ਼ਾਬਾਦ ਜ਼ਿਲ੍ਹੇ ਦੇ ਗੌਂਡ ਕਬੀਲੇ ਵਾਲੇ ਅੱਜ ਵੀ ਹਰ ਸਾਲ ਉਨ੍ਹਾਂ ਦੀ ਬਰਸੀ ਮੌਕੇ ਗੀਤ ਗਾਉਂਦੇ ਹਨ।
ਉਹ ਉਨ੍ਹਾਂ ਨੂੰ ਪੂਜਦੇ ਹਨ। ਉਹ ਕਹਿੰਦੇ ਹਨ, ਕੁਮਾਰਮ ਦੇ ਕੋਲ ਦੈਵੀ ਤਾਕਤ ਸੀ। ਕੋਈ ਵੀ ਪੱਥਰ ਜਾਂ ਗੋਲੀ ਉਸ ਦਾ ਵਾਲ ਵੀ ਵੀਂਗਾ ਨਹੀਂ ਕਰ ਸਕਦੀ ਸੀ।''
ਅੱਜ ਵੀ ਬਹੁਤ ਸਾਰੇ ਗੌਂਡ ਇਸ ਗੱਲ ਉੱਪਰ ਯਕੀਨ ਰੱਖਦੇ ਹਨ। ਸਿਦਮ ਆਜਰੂ ਨੇ ਬੀਬੀਸੀ ਨੂੰ ਦੱਸਿਆ, ''ਲੋਕ ਮੰਨਦੇ ਹਨ ਕਿ ਆਮ ਹਾਲਾਤ ਵਿੱਚ ਕੋਈ ਵੀ ਗੋਲੀ ਭੀਮ ਦੇ ਸਰੀਰ ਨੂੰ ਭੇਦ ਨਹੀਂ ਸਕਦੀ ਸੀ। ਉਨ੍ਹਾਂ ਨੂੰ ਡਬੋਇਆ ਨਹੀਂ ਜਾ ਸਕਦਾ ਸੀ। ਉਨ੍ਹਾਂ ਨੂੰ ਚਟਾਨਾਂ ਤੋਂ ਸੱਟ ਨਹੀਂ ਲਗਦੀ ਸੀ। ਇਸ ਲਈ ਉਨ੍ਹਾਂ ਨੂੰ ਔਰਤਾਂ ਵੱਲੋਂ ਮਾਹਵਾਰੀ ਦੌਰਾਨ ਵਰਤੇ ਗਏ ਕੱਪੜੇ ਵਿੱਚ ਬੰਦੂਕ ਲਪੇਟ ਕੇ ਗੋਲੀ ਮਾਰੀ ਗਈ। ਫਿਰ ਹੀ ਗੋਲੀ ਉਨ੍ਹਾਂ ਨੂੰ ਲੱਗ ਸਕੀ।”
ਸਿਦਮ ਅਜਰੂ ਦੀ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਗੌਂਡ ਕਬੀਲੇ ਨੂੰ ਕਿਸ ਹੱਦ ਤੱਕ ਭੀਮ ਦੇ ਭਗਵਾਨ ਹੋਣ ਉੱਪਰ ਯਕੀਨ ਹੈ।

ਅਸਲੀ ਸੀਤਾਰਾਮਾ ਰਾਜੂ
ਅਲੂਰੀ ਸੀਤਾਰਾਮਾ ਰਾਜੂ ਤੇਲੁਗੂ ਪ੍ਰਦੇਸ਼ ਵਿੱਚ ਅੰਗਰੇਜ਼ੀ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਨ ਵਾਲੇ ਇੱਕ ਅਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੇ ਮਨਯਮ ਦੇ ਆਦਿਵਾਸੀਆਂ ਨੂੰ ਇਕਜੁੱਟ ਕੀਤਾ ਅਤੇ ਅੰਗਰੇਜ਼ਾਂ ਖਿਲਾਫ਼ ਬਗਾਵਤ ਕਰ ਦਿੱਤੀ। ਉਨ੍ਹਾਂ ਨੇ ਕਈ ਸਾਲਾਂ ਤੱਕ ਹਥਿਆਰਬੰਦ ਸੰਘਰਸ਼ ਜਾਰੀ ਰੱਖਿਆ। ਆਖਰ ਵਿੱਚ ਉਨ੍ਹਾਂ ਨੂੰ ਅੰਗਰੇਜ਼ਾਂ ਵੱਲੋਂ ਕਤਲ ਕਰ ਦਿੱਤਾ ਗਿਆ।
ਬਾਅਦ ਵਿੱਚ ਗਾਂਧੀ ਨੇ ਆਪਣੇ ਰਸਾਲੇ ਯੰਗ ਇੰਡੀਅਨ ਵਿੱਚ ਅਲੂਰੀ ਸੀਤਾਰਾਮਾ ਰਾਜੂ ਦੀ ਤਾਰੀਫ਼ ਵੀ ਕੀਤੀ ਸੀ।
ਅਲੂਰੀ ਦਾ ਜਨਮ 4 ਜੁਲਾਈ, 1897 ਨੂੰ ਵਿਸ਼ਾਖਾਪਟਨਮ ਦੇ ਪਾਂਡਰੰਗੀ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਜੱਦੀ ਪਿੰਡ ਵੈਸਟ ਗੋਦਾਵਰੀ ਜ਼ਿਲ੍ਹੇ ਜੇ ਮੋਗਲੂ ਵਿੱਚ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਵੈਂਕਾ ਰਾਮਾ ਰਾਜੂ ਸੀ।
ਅਲੂਰੀ ਦੇ ਪਿਤਾ ਇੱਕ ਫ਼ੋਟੋਗ੍ਰਾਫ਼ਰ ਸਨ। ਉਨ੍ਹਾਂ ਦੀ ਮਾਤਾ ਦਾ ਨਾਮ ਸੂਰਿਆ ਨਾਰਾਇਣਾਮਾ ਸੀ। ਉਹ ਇੱਕ ਨਿਮਨ ਮੱਧ ਵਰਗੀ ਪਰਿਵਾਰ ਨਾਲ ਵਾਸਤਾ ਰੱਖਦੇ ਸਨ। ਅਲੂਰੀ ਸੀਤਾਰਾਮਾ ਰਾਜੂ ਨੇ ਆਪਣੀ ਪੜ੍ਹਾਈ ਗੋਦਾਵਰੀ ਖੇਤਰ ਦੇ ਸਾਰੇ ਹਿੱਸਿਆਂ ਤੋਂ ਇਲਾਵਾ ਹੋਰ ਥਾਵਾਂ ਉੱਪਰ ਵੀ ਕੀਤੀ ਸੀ।
ਜਦੋਂ ਅਲੂਰੀ ਛੇਵੀਂ ਕਲਾਸ ਵਿੱਚ ਪੜ੍ਹ ਰਹੇ ਸਨ ਤਾਂ ਗੋਦਾਵਰੀ ਪੁਸ਼ਕਾਰੁਲੂ ਦਾ ਦੌਰ ਸੀ। ਉਸ ਸਮੇਂ ਹੈਜੇ ਦੀ ਬਿਮਾਰੀ ਫ਼ੈਲੀ ਹੋਈ ਸੀ। 1908 ਵਿੱਚ ਅਲੂਰੀ ਦੇ ਪਿਤਾ ਦੀ ਇਸੇ ਬੀਮਾਰੀ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਅਲੂਰੀ ਅੱਗੇ ਨਹੀਂ ਪੜ੍ਹ ਸਕੇ।

ਉਨ੍ਹਾਂ ਨੇ 1916 ਵਿੱਚ ਉੱਤਰ ਭਾਰਤ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਧਿਆਨ ਲਗਾ ਸਕਣ। ਉਸ 1918 ਵਿੱਚ ਉਹ ਆਪਣੀ ਅਧਿਆਤਮਿਕ ਯਾਤਰਾ ਪੂਰੀ ਕਰਕੇ ਆਪਣੇ ਪਿੰਡ ਵਾਪਸ ਆਏ। 1919 ਦੇ ਦੌਰਾਨ ਹੀ ਉਨ੍ਹਾਂ ਨੂੰ ਅੰਦਾਜ਼ਾ ਹੋਣ ਲੱਗ ਪਿਆ ਸੀ ਕਿ ਮਨਯਮ ਇਲਾਕੇ ਦੇ ਅਦਿਵਾਸੀਆਂ ਨਾਲ ਬੇਇਨਸਾਫ਼ੀ ਹੋ ਰਹੀ ਹੈ।
ਉਹ ਆਦਿਵਾਸੀਆਂ ਨੂੰ ਇਨਸਾਫ਼ ਦਵਾਉਣ ਦੀ ਲੜਾਈ ਵਿੱਚ ਉੱਤਰ ਗਏ। ਅਲੂਰੀ ਸੀਤਾਰਾਮਾ ਰਾਜੂ ਨੇ ਉਨ੍ਹਾਂ ਦੀਆਂ ਫ਼ਸਲਾਂ ਉੱਪਰ ਜ਼ਬਰਨ ਕਬਜ਼ੇ, ਉਨ੍ਹਾਂ ਨੂੰ ਕੰਮ ਤੋਂ ਬਾਅਦ ਮਜ਼ਦੂਰੀ ਨਾ ਦੇਣ ਵਰਗੇ ਮੁੱਦਿਆਂ ਉੱਪਰ ਸਰਕਾਰ ਦੀ ਘੇਰਾਬੰਦੀ ਸ਼ੁਰੂ ਕੀਤੀ। ਅਲੂਰੀ ਨੇ ਆਦਿਵਾਸੀਆਂ ਨੂੰ ਸੰਗਠਿਤ ਕਰਕੇ ਅੰਦੋਲਨ ਅੱਗੇ ਵਧਾਇਆ।
ਮਨਯਮ ਏਜੰਸੀ ਵਿੱਚ ਤਿੰਨ ਸਾਲ ਤੱਕ ਹਥਿਆਰਬੰਦ ਸੰਘਰਸ਼
ਅਲੂਰੀ ਬਾਮੁਸ਼ਕਿਲ ਵੀਹ ਸਾਲ ਦੇ ਰਹੇ ਹੋਣਗੇ ਜਦੋਂ ਉਨ੍ਹਾਂ ਨੇ ਅੰਗਰੇਜ਼ਾਂ ਦੇ ਜੁਲਮਾਂ ਖਿਲਾਫ਼ ਬਗਾਵਤ ਕੀਤੀ ਸੀ। ਅਸਲ ਵਿੱਚ ਮਨਯਮ ਇਲਾਕੇ ਵਿੱਚ ਅੰਗਰੇਜ਼ ਸਥਾਨਕ ਜ਼ਿਮੀਂਦਾਰਾਂ ਦੇ ਨਾਲ ਮਿਲ ਕੇ ਆਦਿਵਾਸੀਆਂ ਦਾ ਸ਼ੋਸ਼ਣ ਕਰ ਰਹੇ ਸਨ।
ਇਸ ਗੱਲ ਨਾਲ ਅਲੂਰੀ ਸੀਤਾਰਾਮਾ ਰਾਜੂ ਦਾ ਗੁੱਸਾ ਬਹੁਤ ਭੜਕ ਉੱਠਿਆ ਸੀ।
ਸਥਾਨਕ ਸ਼ਾਹੂਕਾਰਾਂ ਅਤੇ ਠੇਕੇਦਾਰਾਂ ਵੱਲੋਂ ਆਦਿਵਾਸੀਆਂ ਉੱਪਰ ਢਾਹੇ ਜਾ ਰਹੇ ਜ਼ੁਲਮ ਅਤੇ ਹਿੰਸਾ ਤੋਂ ਪਰੇਸ਼ਾਨ ਹੋ ਕੇ, ਅਲੂਰੀ ਨੇ ਬਗਾਵਤ ਦਾ ਝੰਡਾ ਚੁੱਕਿਆ।

ਅਲੂਰੀ ਸੀਤਾਰਾਮਾ ਰਾਜੂ ਦੀ ਅਗਵਾਈ ਵਿੱਚ ਮਨਯਮ ਏਜੰਸੀ ਦੇ ਬਾਗੀਆਂ ਨੇ ਪੁਲਿਸ ਥਾਣਿਆਂ ਉੱਪਰ ਹਮਲਾ ਕਰਕੇ ਹਥਿਆਰ ਲੁੱਟ ਲਏ। ਅਲੂਰੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਈ ਹੋਰ ਥਾਣਿਆਂ ਉੱਪਰ ਵੀ ਹਮਲੇ ਕੀਤੇ।
ਸੈਂਕੜੇ ਕਿੱਲੋਮੀਟਰ ਇਲਾਕੇ ਵਿੱਚ ਫ਼ੈਲੇ ਇਨ੍ਹਾਂ ਥਾਣਿਆਂ ਵਿੱਚ ਇੱਕੋ ਦਿਨ ਆਦਿਵਾਸੀਆਂ ਦੇ ਹਮਲਿਆਂ ਨਾਲ ਹੋ-ਹੱਲਾ ਮੱਚ ਗਿਆ। ਲੋਕਾਂ ਦੇ ਦਰਮਿਆਨ ਅਲੂਰੀ ਦੀ ਪ੍ਰਸਿੱਧੀ ਫੈਲ ਗਈ। ਕੁਝ ਲੋਕਾਂ ਨੂੰ ਲੱਗਣ ਲੱਗਿਆ ਕਿ ਉਹ ਜਾਦੂਈ ਸ਼ਕਤੀਆਂ ਦੇ ਮਾਲਕ ਹਨ।
ਉਸ ਸਮੇਂ ਦੀ ਸਰਕਾਰ ਨੇ ਆਦਿਵਾਸੀਆਂ ਦੀ ਬਗਾਵਤ ਨੂੰ 'ਮਨਯਮ ਪਿਥੂਰੀ' ਦਾ ਨਾਮ ਦਿੱਤਾ। ਇਹ ਹਥਿਆਰਬੰਦ ਬਗਾਵਤ ਲਗਭਗ ਤਿੰਨ ਸਾਲ ਚਲਦੀ ਰਹੀ। ਅਲੂਰੀ ਰਾਜੂ ਦੇ ਅੰਦੋਲਨ ਦਾ ਮੁਕਾਬਲਾ ਕਰਨ ਲਈ ਪਹਿਲਾਂ ਸਰਕਾਰ ਨੇ ਮਾਲਾਬਾਰ ਸਪੈਸ਼ਲ ਪੁਲਿਸ ਦੀ ਟੁਕੜੀ ਭੇਜੀ। ਜਦੋਂ ਇਹ ਪੁਲਿਸ ਦੀ ਟੁਕੜੀ ਅੰਦੋਲਨ ਉੱਪਰ ਕਾਬੂ ਕਰਨ ਵਿੱਚ ਅਸਫ਼ਲ ਰਹੀ ਤਾਂ ਫਿਰ ਇਲਾਕੇ ਵਿੱਚ ਅਸਮ ਰਾਈਫ਼ਲ ਦੀ ਐਂਟਰੀ ਹੋਈ। ਉਨ੍ਹਾਂ ਨੇ ਅਲੂਰੀ ਨੂੰ ਫੜ ਲਿਆ।
ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਜਾਣਕਾਰੀ ਮੁਤਾਬਕ ਜਦੋਂ ਇੱਕ ਮੁਕਾਬਲੇ ਵਿੱਚ ਜ਼ਖਮੀ ਸੀਤਾਰਾਮਾ ਰਾਜੂ, ਕੋਯੂਰੀ ਨਦੀ ਦੇ ਕੋਲ ਮੰਪਾ ਵਿੱਚ ਆਪਣੇ ਜ਼ਖਮ ਧੋ ਰਹੇ ਸਨ, ਉਦੋਂ ਉਨ੍ਹਾਂ ਨੂੰ ਫੜ ਲਿਆ ਗਿਆ।
ਹਾਲਾਂਕਿ ਇਸ ਗ੍ਰਿਫ਼ਤਾਰੀ ਤੋਂ ਬਾਅਦ ਅਲੂਰੀ ਨੂੰ ਜ਼ਿੰਦਾ ਪੁਲਿਸ ਥਾਣੇ ਲਿਜਾਇਆ ਜਾਣਾ ਚਾਹੀਦਾ ਸੀ।
ਇਤਿਹਾਸਕਾਰ ਕਹਿੰਦੇ ਹਨ ਕਿ ਜਦੋਂ ਅਲੂਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।

ਮੇਜਰ ਗੁਡਾਲ ਨਾਮ ਦੇ ਇੱਕ ਅਧਿਕਾਰੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਅਲੂਰੀ ਸੀਤਾਰਾਮਾ ਰਾਜੂ ਨੂੰ 7 ਮਈ 1924 ਨੂੰ ਉਸ ਸਮੇਂ ਗੋਲੀ ਮਾਰੀ ਗਈ, ਜਦੋਂ ਉਹ ਜਵਾਨਾਂ ਨਾਲ ਲੜਨ ਲੱਗੇ ਅਤੇ ਜਵਾਨਾਂ ਦੀ ਜਾਨ ਨੂੰ ਖ਼ਤਰਾ ਪੈਦਾ ਹੋ ਗਿਆ।
ਇਸ ਤੋਂ ਬਾਅਦ ਅਲੂਰੀ ਦੀ ਲਾਸ਼ ਨੂੰ ਕ੍ਰਿਸ਼ਣਾ ਦੇਵੀ ਪੇਟਾ ਲਿਜਾਇਆ ਗਿਆ। ਉੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹੁਣ ਇਸ ਇਲਾਕੇ ਨੂੰ ਅਲੂਰੀ ਯਾਦਗਾਰੀ ਪਾਰਕ ਵਜੋਂ ਵਿਕਸਿਤ ਕੀਤਾ ਗਿਆ ਹੈ।
ਬਹਾਦਰੀ ਨਾਲ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਵਾਲੇ ਅਲੂਰੀ ਦੀ ਮੌਤ ਸਿਰਫ਼ 27 ਸਾਲ ਦੀ ਉਮਰ ਵਿੱਚ ਹੋ ਗਈ। ਉਨ੍ਹਾਂ ਨੂੰ ਮਨਯਮ ਦੇ ਕ੍ਰਾਂਤੀਕਾਰੀ ਵਜੋਂ ਯਾਦ ਕੀਤਾ ਜਾਂਦਾ ਹੈ। ਸਾਲ ਭਰ ਸੈਂਕੜੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਯਾਦਗਾਰੀ ਪਾਰਕ ਵਿੱਚ ਪਹੁੰਚਦੇ ਹਨ।
ਅਲੂਰੀ ਦੀ ਮੌਤ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਉਨ੍ਹਾਂ ਦੇ ਨਾਲ ਬਗਾਵਤ ਕਰਨ ਵਾਲੇ 17 ਹੋਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਦੇ ਕੇ ਅੰਡੇਮਾਨ ਨਿਕੋਬਾਰ ਭੇਜ ਦਿੱਤਾ ਗਿਆ। ਇਸ ਦੌਰਾਨ ਵੀ ਉਨ੍ਹਾਂ ਨੂੰ ਵੱਖ-ਵੱਖ ਰੱਖਿਆ ਗਿਆ। ਇਸ ਅੰਦੋਲਨ ਦੇ ਦੌਰਾਨ ਅਲੂਰੀ ਦੇ ਕਈ ਸਾਥੀਆਂ ਨੇ ਵੀ ਆਪਣੀ ਜਾਨ ਦਿੱਤੀ।
ਉਨ੍ਹਾਂ ਦੀ ਮੌਤ ਦੇ ਨਾਲ ਹੀ ਅੰਦੋਲਨ ਵੀ ਖਤਮ ਹੋ ਗਿਆ ਪਰ ਉਹ ਜਜ਼ਬਾ ਅੱਜ ਵੀ ਜਿਉਂਦਾ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













