ਦੇਵ ਥਰੀਕੇਵਾਲਾ: ਬੱਚੇ ਦੀ ਕਾਪੀ ਉੱਤੇ ਸਕੂਲ ਵਿਚ ਲਿਖਿਆ ਸੀ ਗੀਤ 'ਯਾਰਾਂ ਦਾ ਟਰੱਕ ਬੱਲੀਏ'

ਤਸਵੀਰ ਸਰੋਤ, Navdeep Gill
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੰਜਾਬੀ
ਜਾਣੇ-ਪਛਾਣੇ ਪੰਜਾਬੀ ਗੀਤਕਾਰ ਦੇਵ ਥਰੀਕੇਵਾਲਾ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲਾਂ ਦੇ ਸਨ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਨੇ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਮੰਗਲਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਵ ਥਰੀਕੇਵਾਲਾ ਸਦੀਵੀ ਵਿਛੋੜਾ ਦੇ ਗਏ।
ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਗੋਰਾਇਆਂ ਨੇੜੇ ਪੈਂਦੇ ਥਰੀਕੇ ਪਿੰਡ ਵਿੱਚ ਦੁਪਹਿਰ 2 ਵਜੇ ਦੇ ਕਰੀਬ ਹੋਵੇਗਾ।
ਦੇਵ ਥਰੀਕੇਵਾਲਾ ਦਾ ਪੂਰਾ ਨਾਂ ਹਰਦੇਵ ਸਿੰਘ ਸੀ। ਉਹ ਪੰਜਾਬੀ ਸੰਗੀਤ ਜਗਤ ਦਾ ਇੱਕ ਵੱਡਾ ਸਤਿਕਾਰਤ ਨਾਂ ਸਨ।
ਥਰੀਕੇਵਾਲਾ ਨੇ ਪੰਜਾਬੀ ਗਾਇਕੀ ਲਈ ਸੈਂਕੜੇ ਦੋਗਾਣੇ, ਕਲੀਆਂ, ਲੋਕ ਗਾਥਾਵਾਂ ਤੇ ਕਿੱਸਿਆਂ ਸਣੇ 4 ਦਰਜਨ ਦੇ ਕਰੀਬ ਕਿਤਾਬਾਂ ਲਿਖੀਆਂ।
ਦੇਵ ਥਰੀਕੇਵਾਲਾ ਦਾ ਜਨਮ ਲੁਧਿਆਣਾ ਸ਼ਹਿਰ ਨੇੜਲੇ ਪਿੰਡ ਥਰੀਕੇ ਵਿੱਚ 19 ਸਤੰਬਰ 1940 ਨੂੰ ਹੋਇਆ ਸੀ।
ਪੇਸ਼ੇ ਵਜੋਂ ਸਕੂਲ ਮਾਸਟਰ ਸਨ ਦੇਵ
ਇੱਕ ਟੀਵੀ ਇਟਰਵਿਊ ਵਿਚ ਦੇਵ ਥਰੀਕੇ ਵਾਲੇ ਦੱਸਿਆ ਸੀ ਕਿ ਉਹ ਆਪਣੇ ਅਧਿਆਪਕ ਗਿਆਨੀ ਹਰੀ ਸਿੰਘ ਦਿਲਬਰ ਤੋਂ ਪ੍ਰਭਾਵਿਤ ਹੋ ਕੇ ਲਿਖਣ ਲੱਗੇ ਸਨ।
ਪਹਿਲਾਂ ਉਹ ਕਹਾਣੀਆਂ ਲਿਖਦੇ ਸਨ, ਉਨ੍ਹਾਂ ਦੀਆਂ ਚਾਰ ਕਹਾਣੀਆਂ ਦੀਆਂ ਕਿਤਾਬਾਂ ਦੀ ਛਪੀਆਂ ਹਨ। ਪਰ ਬਾਅਦ ਵਿਚ ਉਹ ਗੀਤਕਾਰੀ ਕਰਨ ਲੱਗ ਪਏ।

ਤਸਵੀਰ ਸਰੋਤ, Gurbhajan Gill/FB
ਕੁਲਦੀਪ ਮਾਣਕ, ਸੁਰਿੰਦਰ ਕੌਰ, ਸੁਰਿੰਦਰ ਛਿੰਦਾ ਤੋਂ ਲੈ ਕੇ ਜੈਜ਼ੀ ਬੀ ਤੱਕ ਪੰਜਾਬੀਆਂ ਦੇ ਅਨੇਕਾਂ ਗਾਇਕ ਤੇ ਗਾਇਕਾਵਾਂ ਹਨ, ਜਿਨ੍ਹਾਂ ਨੇ ਦੇਵ ਥਰੀਕੇਵਾਲਾ ਦਾ ਲਿਖੇ ਗੀਤ ਗਾਏ ਸਨ।
ਕੁਲਦੀਪ ਮਾਣਕ ਨੂੰ ਕਲ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ, ਉਹ ਕਲੀਆਂ ਦੇਵ ਥਰੀਕੇਵਾਲਾ ਨੇ ਹੀ ਲਿਖੀਆਂ ਸਨ।
ਪੇਸ਼ੇ ਵਜੋਂ ਅਧਿਆਪਕ ਰਹੇ ਦੇਵ ਥਰੀਕੇਵਾਲਾ ਨੇ 37 ਸਾਲ ਸਰਕਾਰੀ ਨੌਕਰੀ ਕੀਤੀ ਅਤੇ ਉਹ ਪੂਰਾ ਸਮਾਂ ਸਾਇਕਲ ਉੱਤੇ ਹੀ ਚੱਲਦੇ ਰਹੇ।
ਦੇਵ ਥਰੀਕੇ ਵਾਲੇ ਕਿਤਾਬਾਂ ਪੜ੍ਹਨ ਰਸੀਏ ਸਨ, ਉਹ ਹਰ ਮਹੀਨੇ ਕਈ-ਕਈ ਕਿਤਾਬਾਂ ਪੜ੍ਹਦੇ ਸਨ।
ਉਨ੍ਹਾਂ ਇੱਕ ਇੰਟਰਵਿਊ ਵਿਚ ਦੱਸਿਆ ਸੀ ਕਿ ਕਸ਼ਮੀਰ ਦੇ ਹਾਲਾਤ ਨੂੰ ਸਮਝਣ ਲਈ ਉਨ੍ਹਾਂ 4 ਕਿਤਾਬਾਂ ਪੜ੍ਹੀਆਂ ਸਨ।
ਉਨ੍ਹਾਂ ਇੱਕ ਵਾਰ ਕਿਹਾ ਸੀ ਕਿ ਮੈਂ ਕਦੇ ਸੋਚਿਆਂ ਨਹੀਂ ਸੀ ਕਿ ਮੈਂ ਮਾਸਟਰ ਹਰਦੇਵ ਸਿੰਘ ਤੋਂ ਦੇਵ ਬਣ ਜਾਵਾਂਗਾ।
''ਮੇਰੇ ਕੋਲ ਨਾ ਆਪਣੇ ਲਿਖੇ ਸਾਰੇ ਗੀਤਾਂ ਦੇ ਰਿਕਾਰਡ ਜਾਂ ਸੀਡੀਜ਼ ਹਨ ਅਤੇ ਨਾ ਹੀ ਸਾਰੀਆਂ ਕਿਤਾਬਾਂ, ਪਰ ਲੋਕ ਜਦੋਂ ਇੰਨਾ ਮਾਣ ਦਿੰਦੇ ਹਨ ਤਾਂ ਮੈਂ ਸੋਚਦਾ ਹਾਂ ਕਿ ਮੈਂ ਸੱਚੀ ਕੁਝ ਚੰਗਾ ਕੀਤਾ ਹੋਵੇਗਾ।''
ਇਹ ਵੀ ਪੜ੍ਹੋ:
ਕਿਸ ਮਾਹੌਲ ਵਿਚ ਲਿਖਦੇ ਸੀ ਗੀਤ
ਦੇਵ ਥਰੀਕੇ ਵਾਲਾ ਇੱਕ ਟੀਵੀ ਇੰਟਰਵਿਊ ਵਿਚ ਦੱਸਿਆ ਸੀ ਕਿ ਉਨ੍ਹਾਂ ਨੂੰ ਲਿਖਣ ਲਈ ਕੋਈ ਖਾਸ ਮਾਹੌਲ ਦੀ ਲੋੜ ਨਹੀਂ ਪੈਂਦੀ, ਉਹ ਸਾਇਕਲ ਉੱਤੇ ਜਾਂਦੇ-ਜਾਂਦੇ ਵੀ ਗੀਤ ਲਿਖ ਦਿੰਦੇ ਹਨ।
ਉਹ ਇੱਕ ਕਿੱਸਾ ਦੱਸਦੇ ਹਨ ਕਿ ਫਿਲਮਕਾਰ ਵਰਿੰਦਰ ਗੁਰਚਨਰ ਪੂਹਲੀ ਤੇ ਕਈ ਹੋਰ ਸਾਥੀ ਉਨ੍ਹਾਂ ਕੋਲ ਸਕੂਲ ਆ ਗਏ, ਉਨ੍ਹਾਂ ਨੂੰ ਕਹਿਣ ਲੱਗੇ ਕਿ ਫਿਲਮ ਲਈ ਦੋ ਗੀਤ ਲਿਖਣੇ ਹਨ।
ਜਿਨ੍ਹਾਂ ਵਿਚੋਂ ਇੱਕ ਟਰੱਕਾਂ ਵਾਲਿਆਂ ਲਈ ਲਿਖਣਾ ਹੈ।
ਦੇਵ ਮੁਤਾਬਕ ਉਨ੍ਹਾਂ ਨੇ ਫਿਲਮ ਵਾਲਿਆਂ ਨੂੰ ਕਿਹਾ ਕਿ ਉਹ ਦੋ ਦਿਨ ਵਿਚ ਲਿਖ ਦੇਣਗੇ, ਪਰ ਉਨ੍ਹਾਂ ਕਿਹਾ ਕਿ ਟਰੱਕਾਂ ਵਾਲਾ ਤਾਂ ਅੱਜ ਹੀ ਲਿਖ ਦਿਓ।

ਤਸਵੀਰ ਸਰੋਤ, PAMMI Bai
ਦੇਵ ਮੁਤਾਬਕ ਉਸ ਨੇ ਇੱਕ ਬੱਚੇ ਦੀ ਕਾਪੀ ਪੈੱਨਸਲ ਲਈ ਅਤੇ ਉਸ ਉੱਤੇ ਹੀ ਗੀਤ ਲਿਖ ਦਿੱਤਾ। ਇਹ ਆਪਣੇ ਜ਼ਮਾਨੇ ਦਾ ਸੁਪਰ-ਡੁਪਰ ਹਿੱਟ ਗੀਤ ਸੀ।
''ਯਾਰਾਂ ਦਾ ਟਰੱਕ ਬੱਲੀਏ. ਜੀਟੀ ਰੋਡ ਉੱਤੇ ਦੁਹਾਈਆਂ ਪਾਵੇ ...''
ਇਸੇ ਤਰ੍ਹਾਂ ਪੰਜਾਬ ਦੀ ਕੋਇਲ ਵਜੋਂ ਜਾਣੀਂ ਬੀਬਾ ਸੁਰਿੰਦਰ ਕੌਰ ਨਾਲ ਉਨ੍ਹਾਂ ਇੱਕ ਕਿੱਸਾ ਸਾਂਝਾ ਕੀਤਾ ਸੀ।
''ਮੈਂ ਤੇ ਮਾਣਕ (ਕੁਲਦੀਪ ਮਾਣਕ), 'ਟਿੱਲੇ ਵਾਲਿਆਂ ਮਿਲਾ ਦੇ ਜੱਟੀ ਹੀਰ ਨੂੰ ਤੇਰਾ ਕਿਹੜਾ ਮੁੱਲ ਲੱਗਦਾ ਰਿਕਾਰਡ' ਕਰਵਾਉਣ ਗਏ ਹੋਏ ਸੀ। ਉਸੇ ਸਟੂਡੀਓ ਵਿਚ ਸੁਰਿੰਦਰ ਕੌਰ ਵੀ ਆ ਗਏ।''
ਉਨ੍ਹਾਂ ਮਾਣਕ ਨੂੰ ਇਹ ਗਾਣਾ ਗਾਉਂਦੇ ਸੁਣਿਆ, ਬਾਅਦ ਵਿਚ ਸ਼ਾਮੀਂ ਸਾਨੂੰ ਦੋਵਾਂ ਨੂੰ ਘਰ ਖਾਣੇ ਉੱਤੇ ਬੁਲਾ ਲਿਆ।
ਆਪਣੇ ਘਰ ਸੁਰਿੰਦਰ ਕੌਰ ਨੇ ਮਾਣਕ ਤੋਂ ਇਹ ਗਾਣਾ 9 ਵਾਰ ਸੁਣਿਆ, ਤੇ ਫੇਰ ਕਹਿਣ ਲੱਗੇ ਇਹ ਗੀਤ ਮੈਨੂੰ ਦੇ ਦਿਓ, ਮੈਂ ਰਿਕਾਰਡ ਕਰਵਾਉਣਾ ਹੈ।
''ਮੈਂ ਕਿਹਾ ਇਹ ਤਾਂ ਜੀ ਰਿਕਾਰਡ ਹੋ ਗਿਆ, ਉਹ ਕਹਿਣ ਲੱਗੇ ਫੇਰ ਇਸ ਦਾ ਦੂਜਾ ਵਰਸ਼ਨ ਲਿਖ ਦਿਓ।''
''ਨਾਲ ਹੀ ਕਹਿਣ ਲੱਗੇ ਸਵੇਰੇ ਮੈਨੂੰ ਇਹ ਗੀਤ ਚਾਹੀਦਾ ਹੈ ਮੈਂ ਰਿਕਾਰਡ ਕਰਵਾਉਣਾ ਹੈ।''

ਤਸਵੀਰ ਸਰੋਤ, Gurbhajan Gill
''ਮੈਂ ਕਿਹਾ ਕਿ ਮੈਂ ਤਾਂ ਕੱਲ ਚਲੇ ਜਾਣਾ ਹੈ, ਤਾਂ ਉਨ੍ਹਾਂ ਕਿਹਾ ਕੁਝ ਵੀ ਕਰੋ ਮੈਂ ਕੱਲ ਗੀਤ ਰਿਕਾਰਡ ਕਰਵਾਉਣਾ ਹੈ।''
..ਤੇ ਮੈਂ ਗਾਣਾ ਲਿਖ ਦਿੱਤਾ - 'ਟਿੱਲੇ ਵਾਲਿਆਂ ਮਿਲਾ ਦੇ ਰਾਂਝੇ ਨੂੰ ਹੀਰ ਤੇਰਾ ਕਿਹਾ ਮੁੱਲ ਲੱਗਦਾ'
ਗੀਤਾਕਾਰੀ ਬਾਰੇ ਰਾਇ
ਦੇਵ ਥਰੀਕੇ ਵਾਲੇ ਕਿਹਾ ਸੀ, ''ਜਦੋਂ ਬੱਚਾ ਜੰਮਦਾ ਹੈ, ਤਾਂ ਉਸਨੂੰ ਮਾਂ ਜਿਹੜੀ ਲੋਰੀ ਸੁਣਾਉਦੀ ਹੈ, ਉਹ ਲੋਕ ਗੀਤ ਹੁੰਦੇ ਹਨ।''
''ਸੰਗੀਤ ਦੀ ਬੁਨਿਆਦ ਲੋਕ ਗੀਤ ਹੁੰਦੇ ਹਨ ਅਤੇ ਫੇਰ ਗੀਤ ਅਤੇ ਉਸ ਤੋਂ ਬਾਦ ਪਰਾ ਗੀਤ ( ਸ਼ਾਇਰੀ )।''
ਗੀਤਕਾਰੀ ਬੜਾ ਹੀ ਮੁਸ਼ਕਲ ਕੰਮ ਹੈ, ਅੱਜ ਕੱਲ ਜ਼ਿਆਦਤਰ ਲੋਕੀਂ ਤੁਕਾ ਹੀ ਜੋੜਦੇ ਹਨ, ਕਾਫ਼ੀਆ ਹੁੰਦਾ ਹੈ, ਨਾ ਸ਼ਾਇਰੀ।
ਦੇਵ ਨੇ ਮੰਨਿਆ ਸੀ ਕਿ ਜਵਾਨੀ ਵਿਚ ਉਨ੍ਹਾਂ ਵੀ ਕਈ ਅਜਿਹੇ ਗੀਤ ਲਿਖੇ ਸਨ, ਜਿਨ੍ਹਾਂ ਦਾ ਉਨ੍ਹਾਂ ਨੂੰ ਅਫ਼ਸੋਸ ਹੈ।
ਉਨ੍ਹਾਂ ਇੱਕ ਮਿਸਾਲ ਦਿੱਤੀ ਸੀ, ''ਮੇਰਾ ਗੀਤ, 'ਜੋੜ ਮੰਜੀਆਂ ਨਾ ਡਾਹੀਆਂ ਜਦੋਂ ਦੀ ਜਗੀਰੋ ਜੰਮ ਪਈ' ਬਾਰੇ ਮੈਨੂੰ ਅਫ਼ਸੋਸ ਰਿਹਾ ਹੈ। ਇਹ ਗੀਤ ਦਿੱਲੀ ਦੀ ਰਾਜ ਕੁਮਾਰੀ ਨੇ ਗਾਇਆ ਸੀ। ਪਰ ਮੈਂ ਸੋਚਦਾ ਹਾਂ ਕਿ ਮੈਂ ਇਹ ਗੀਤ ਕਿਉਂ ਲਿਖਿਆ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












