ਯੂਕਰੇਨ ਦੇ ਮੈਡੀਕਲ ਕਾਲਜਾਂ ਦੀ ਵਾਪਸ ਗਏ ਵਿਦਿਆਰਥੀਆਂ ਨੂੰ ਪੇਸ਼ਕਸ਼- ਪ੍ਰੈੱਸ ਰਿਵੀਊ

ਯੂਕਰੇਨ ਦੇ ਜ਼ਿਆਦਾਤਰ ਕਾਲਜ ਔਨਲਾਈਨ ਕਲਾਸਾਂ ਸ਼ੁਰੂ ਕਰਨ ਲਈ ਤਿਆਰ ਹਨ, ਜਿਸ ਨਾਲ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਇੱਕ ਅਸਥਾਈ ਰਾਹਤ ਮਿਲ ਸਕਦੀ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ, ਵਿਦਿਆਰਥੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਯੂਕਰੇਨ ਦੀਆਂ ਯੂਨੀਵਰਸਿਟੀਆਂ ਤੋਂ ਆਈ ਮੇਲ ਰਾਹੀਂ ਇਸ ਬਾਰੇ ਸੂਚਨਾ ਦਿੱਤੀ ਗਈ ਹੈ।

ਹਾਲਾਂਕਿ, ਭਾਰਤੀ ਪੈਨਲ ਔਨਲਾਈਨ ਮੋਡ ਦੁਆਰਾ ਆਯੋਜਿਤ ਕਿਸੇ ਵੀ ਮੈਡੀਕਲ ਕੋਰਸ ਨੂੰ ਮਾਨਤਾ ਜਾਂ ਮਨਜ਼ੂਰੀ ਨਹੀਂ ਦਿੰਦਾ ਹੈ।

ਪੋਲੈਂਡ, ਯੂਏਈ, ਹੰਗਰੀ ਅਤੇ ਭਾਰਤ ਦੀ ਕੇਂਦਰ ਸਰਕਾਰ ਨੇ ਵੀ ਵਿਦਿਆਰਥੀਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ, ਪਰ ਜ਼ਿਆਦਾਤਰ ਵਿਦਿਆਰਥੀ ਯੂਕਰੇਨ ਤੋਂ ਹੀ ਆਪਣੀ ਸਿੱਖਿਆ ਪੂਰੀ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਭਵਿੱਖ ਵਿੱਚ ਉਨ੍ਹਾਂ ਨੂੰ ਕਾਲਜ ਟ੍ਰਾਂਸਫਰ ਵਰਗੀ ਕਿਸੇ ਉਲਝਣ ਨਾਲ ਦੋ-ਚਾਰ ਹੋਣਾ ਪਏ।

ਇਸ ਸਮੇਂ ਭਾਰਤ ਵਿੱਚ ਮੌਜੂਦ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਹਨ ਕਿ ਉਨ੍ਹਾਂ ਦੇ ਮੈਡੀਕਲ ਸਿੱਖਿਆ ਦੇ ਕੋਰਸ ਕਿਵੇਂ ਪੂਰੇ ਹੋਣਗੇ।

ਇਨ੍ਹਾਂ ਵਿੱਚ ਉਹ ਵਿਦਿਆਰਥੀ ਵੀ ਸ਼ਾਮਲ ਹਨ ਜੋ ਚੀਨ ਤੋਂ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਵਾਪਸ ਨਹੀਂ ਜਾ ਸਕੇ।

ਅਜਿਹੇ ਵਿਦਿਆਰਥੀਆਂ ਦੀ ਚਿੰਤਾ ਹੈ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਔਨਲਾਈਨ ਕਰਵਾਏ ਜਾਣ ਵਾਲੇ ਕਿਸੇ ਵੀ ਮੈਡੀਕਲ ਕੋਰਸ ਨੂੰ ਮਾਨਤਾ ਜਾਂ ਮਨਜ਼ੂਰੀ ਨਹੀਂ ਦਿੰਦਾ।

ਇਹ ਵੀ ਪੜ੍ਹੋ:

WHO ਦੀ ਚੇਤਾਵਨੀ: ਕੋਵਿਡ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਡਬਲਯੂਐੱਚਓ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਕੋਵਿਡ -19 ਦੇ ਮਾਮਲਿਆਂ ਵਿੱਚ 8 ਪ੍ਰਤੀਸ਼ਤ ਵਾਧਾ ਜਾਂ 1 ਕਰੋੜ 10 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਹਨ।

ਇੰਡੀਆ ਟੁਡੇ ਦੀ ਖ਼ਬਰ ਮੁਤਾਬਕ, ਡਾ. ਮਾਰੀਆ ਵੈਨ ਕੇਰਖੋਵ ਨੇ ਕਿਹਾ ਕਿ "ਇੱਥੇ ਵੱਡੀ ਮਾਤਰਾ ਵਿੱਚ ਗਲਤ ਜਾਣਕਾਰੀ ਮੌਜੂਦ ਹੈ। ਗਲਤ ਜਾਣਕਾਰੀ ਕਿ ਓਮੀਕਰੋਨ ਗੰਭੀਰ ਨਹੀਂ ਹੈ। ਗਲਤ ਜਾਣਕਾਰੀ ਕਿ ਮਹਾਂਮਾਰੀ ਖਤਮ ਹੋ ਗਈ ਹੈ। ਗਲਤ ਜਾਣਕਾਰੀ ਕਿ ਇਹ ਆਖਰੀ ਵੇਰੀਐਂਟ ਹੈ ਜਿਸ ਨਾਲ ਸਾਨੂੰ ਨਜਿੱਠਣਾ ਪਏਗਾ। ਇਹ ਅਸਲ ਵਿੱਚ ਇਸ ਸਭ ਬਹੁਤ ਉਲਝਣ ਪੈਦਾ ਕਰ ਰਿਹਾ ਹੈ।"

ਡਬਲਯੂਐੱਚਓ ਦੇ ਅਨੁਸਾਰ, ਓਮੀਕਰੋਨ ਵੇਰੀਐਂਟ ਬਹੁਤ ਜ਼ਿਆਦਾ ਫੈਲਣ ਦੀ ਸਮਰੱਥਾ ਰੱਖਦਾ ਹੈ ਅਤੇ ਵੇਰੀਐਂਟ ਦੇ ਨਵੇਂ ਸਟ੍ਰੇਨ ਉਭਰਨ ਨਾਲ ਕੋਵਿਡ-19 ਮਾਮਲਿਆਂ ਦੀ ਵਧਦੀ ਗਿਣਤੀ ਚਿੰਤਾਜਨਕ ਹੈ।

ਕੋਵਿਡ ਸਬੰਧੀ ਪਾਬੰਦੀਆਂ ਨੂੰ ਹਟਾਉਣਾ ਅਤੇ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਨਾ ਕੀਤੇ ਜਾਣ ਵਰਗੇ ਹੋਰ ਕਾਰਕ ਵੀ ਹਨ ਜੋ ਕੋਰੋਨਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਲਈ ਪ੍ਰਮੁੱਖ ਕਾਰਨ ਮੰਨੇ ਜਾ ਰਹੇ ਹਨ।

ਦੂਜੇ ਪਾਸੇ, ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਇਜ਼ੇਸ਼ਨ (NTAGI) ਨੇ ਸੂਝਾਅ ਦਿੱਤਾ ਹੈ ਕਿ ਕੋਵਿਡ -19 ਵੈਕਸੀਨ ਦੀ ਦੂਜੀ ਖੁਰਾਕ ਹੁਣ ਪਹਿਲੀ ਖੁਰਾਕ ਤੋਂ 8 ਤੋਂ 16 ਹਫ਼ਤਿਆਂ ਬਾਅਦ ਲਈ ਜਾ ਸਕਦੀ ਹੈ। ਮੌਜੂਦਾ ਸਮੇਂ ਵਿੱਚ ਇਹ 12 ਤੋਂ 16 ਹਫਤਿਆਂ ਦੇ ਵਿਚਕਾਰ ਦਿੱਤੀ ਜਾਂਦੀ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਇੱਕ ਸਰੋਤ ਦੇ ਹਵਾਲੇ ਨਾਲ ਦੱਸਿਆ ਕਿ ਡੇਟਾ ਦਰਸਾਉਂਦਾ ਹੈ ਕਿ ਕੋਵਿਸ਼ੀਲਡ ਦੀ ਦੂਜੀ ਖੁਰਾਕ ਅੱਠ ਹਫ਼ਤਿਆਂ ਬਾਅਦ ਲਗਭਗ ਓਨੀ ਹੀ ਐਂਟੀਬਾਡੀ ਪ੍ਰਤੀਕਿਰਿਆ ਦਿੰਦੀ ਹੈ ਜਿੰਨੀ 12 ਤੋਂ 16 ਹਫ਼ਤਿਆਂ ਦੇ ਵਕਫ਼ੇ 'ਤੇ ਹੁੰਦੀ ਹੈ।

ਹਿਜਾਬ ਕੇਸ ਦੇ ਜੱਜਾਂ ਨੂੰ ਮਿਲ ਰਹੀਆਂ ਧਮਕੀਆਂ, ਦਿੱਤੀ ਗਈ Y ਸ਼੍ਰੇਣੀ ਦੀ ਸੁਰੱਖਿਆ

ਕਰਨਾਟਕ ਹਾਈ ਕੋਰਟ ਦੇ ਤਿੰਨ ਜੱਜਾਂ, ਜਿਨ੍ਹਾਂ ਨੇ ਹਿਜਾਬ ਮਾਮਲੇ ਵਿੱਚ ਫੈਸਲਾ ਦਿੱਤਾ ਹੈ, ਉਨ੍ਹਾਂ ਨੂੰ 'ਵਾਈ' ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।

ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਐਤਵਾਰ ਨੂੰ ਇਸ ਸਬੰਧੀ ਪੁਲਿਸ ਦੇ ਡਾਇਰੈਕਟਰ ਜਨਰਲ ਨੂੰ ਆਦੇਸ਼ ਦਿੱਤੇ ਹਨ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਮਾਮਲੇ ਦੀ ਸੁਣਵਾਈ ਕਰਨ ਵਾਲੇ ਇਨ੍ਹਾਂ ਜੱਜਾਂ ਨੂੰ ਵਟਸਅੱਪ 'ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ। ਇਨ੍ਹਾਂ ਵਟਸਅੱਪ ਸੰਦੇਸ਼ਾਂ ਦੇ ਸਬੰਧ ਤਾਮਿਲਨਾਡੂ ਨਾਲ ਜੁੜੇ ਦੱਸੇ ਜਾ ਰਹੇ ਹਨ।

ਇਸ ਸਬੰਧੀ ਮੁੱਖ ਮੰਤਰੀ ਬੋਮਈ ਨੇ ਕਿਹਾ ਹੈ ਕਿ ਸਰਕਾਰ ਨੇ ਇਸ ਮੁੱਦੇ ਦਾ ਨੋਟਿਸ ਲਿਆ ਹੈ ਅਤੇ ਪੁਲਿਸ ਨੂੰ ਸ਼ਨੀਵਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਰਨਾਟਕ ਦੀ ਬਾਰ ਐਸੋਸੀਏਸ਼ਨ ਦੁਆਰਾ ਵਿਧਾਨਾ ਸੌਧਾ ਪੁਲਿਸ ਸਟੇਸ਼ਨ ਵਿੱਚ ਦਰਜ ਐੱਫਆਈਆਰ ਦੇ ਅਧਾਰ 'ਤੇ ਜਾਂਚ ਸ਼ੁਰੂ ਕੀਤੀ ਜਾਵੇ।

ਤਾਮਿਲਨਾਡੂ ਪੁਲਿਸ ਨੇ ਧਮਕੀਆਂ ਦੇ ਸਬੰਧ ਵਿੱਚ ਸ਼ਨੀਵਾਰ ਨੂੰ ਤਿਰੂਨੇਲਵੇਲੀ ਅਤੇ ਤੰਜਾਵੁਰ ਤੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਵਾਰੰਟ ਦੀ ਮੰਗ ਲਈ ਬੈਂਗਲੁਰੂ ਦੀ ਇੱਕ ਅਦਾਲਤ ਜਾਵੇਗੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)