ਇਰਾਕ-ਕਵੈਤ ਜੰਗ ਦੌਰਾਨ ਇੰਦਰ ਕੁਮਾਰ ਗੁਜਰਾਲ ਨੇ ਪੌਣੇ ਦੋ ਲੱਖ ਭਾਰਤੀਆਂ ਉੱਥੋਂ ਕਿਵੇਂ ਕੱਢਿਆ ਸੀ

ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ

ਤਸਵੀਰ ਸਰੋਤ, PHOTO DIVISION

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

2 ਅਗਸਤ, 1990 ਨੂੰ ਤਤਕਾਲੀ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਫਿਲੀਪੀਨ ਦੇ ਹਮਰੁਤਬਾ ਅਮਾਰਕਮ ਮੰਗਲਦਾਸ ਦੇ ਸਨਮਾਨ 'ਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕਰ ਰਹੇ ਸਨ।

ਉਸੇ ਸਮੇਂ ਕੁਵੈਤ 'ਚ ਭਾਰਤ ਦੇ ਰਾਜਦੂਤ ਏਕੇ ਬੁੱਧੀਰਾਜ ਦਾ ਫੋਨ ਆਇਆ ਕਿ ਇਰਾਕ ਨੇ ਕੁਵੈਤ 'ਤੇ ਹਮਲਾ ਕਰ ਦਿੱਤਾ ਹੈ। ਉਸੇ ਦਿਨ ਕੁਵੈਤ ਦੇ ਸ਼ਾਸਕ, ਸ਼ੇਖ ਅਲ-ਜ਼ਬਰ ਅਲ-ਸਬਾਹ ਨੇ ਭੱਜ ਕੇ ਸਾਊਦੀ ਅਰਬ 'ਚ ਸ਼ਰਨ ਲੈ ਲਈ ਸੀ।

ਤੁਰੰਤ ਹੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ ਗਈ , ਜਿੱਥੇ ਅਮਰੀਕਾ ਅਤੇ ਸੋਵੀਅਤ ਯੂਨੀਅਨ ਦੋਵਾਂ ਨੇ ਸਰਬਸੰਮਤੀ ਨਾਲ ਇਰਾਕ ਵੱਲੋਂ ਕੀਤੇ ਗਏ ਹਮਲੇ ਦੀ ਸਖ਼ਤ ਨਿੰਦਾ ਕੀਤੀ ਸੀ।

ਉਸ ਸਮੇਂ ਕੁਵੈਤ 'ਚ ਲਗਭਗ 2 ਲੱਖ ਭਾਰਤੀ ਰਹਿ ਰਹੇ ਸਨ।

ਕੁਵੈਤ 'ਚ ਰਹਿ ਰਹੇ ਲੋਕਾਂ ਨਾਲ ਸੰਪਰਕ ਟੁੱਟ ਗਿਆ ਸੀ, ਇਸ ਲਈ ਭਾਰਤ 'ਚ ਰਹਿੰਦੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਹੁਤ ਪਰੇਸ਼ਾਨ ਹੋ ਰਹੇ ਸਨ।

ਤੁਰੰਤ ਹੀ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਬੁਲਾਈ ਗਈ, ਜਿੱਥੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਸੁਝਾਅ ਦਿੱਤਾ ਕਿ ਉਹ ਫੌਰੀ ਤੌਰ 'ਤੇ ਮਾਸਕੋ, ਵਾਸ਼ਿੰਗਟਨ, ਅਮਾਨ ਅਤੇ ਬਗ਼ਦਾਦ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ:

ਇਸ ਸਥਿਤੀ 'ਚ ਉਨ੍ਹਾਂ ਕੋਲ ਦੋ ਬਦਲ ਸਨ। ਪਹਿਲਾ ਇਹ ਕਿ ਉਹ ਅਮਰੀਕੀ ਫੌਜ ਨੂੰ ਮਨਾਉਣ ਕਿ ਉਹ ਕੁਵੈਤ 'ਚੋਂ ਇਰਾਕੀ ਫੌਜ ਨੂੰ ਬਾਹਰ ਕੱਢਣ ਲਈ ਕੁਵੈਤ 'ਤੇ ਹਮਲਾ ਨਾ ਕਰੇ ਤਾਂ ਕਿ ਉੱਥੇ ਰਹਿ ਰਹੇ ਭਾਰਤੀ ਸੁਰੱਖਿਅਤ ਰਹਿਣ।

ਦੂਜਾ ਬਦਲ ਇਹ ਸੀ ਕਿ ਉਹ ਇਰਾਕ ਨੂੰ ਮਨਾਉਣ ਕਿ ਉਹ ਕੁਵੈਤ 'ਚ ਰਹਿ ਰਹੇ ਭਾਰਤੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ 'ਚ ਮਦਦ ਕਰੇ।

ਗੁਜਰਾਲ ਦਾ ਅਮਰੀਕਾ ਮਿਸ਼ਨ ਤਾਂ ਅਸਫਲ ਰਿਹਾ। ਅਮਰੀਕਾ ਨੇ ਗੁਜਰਾਲ ਦੀ ਗੁਜਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।

ਗੁਜਰਾਲ ਮਾਸਕੋ, ਵਾਸ਼ਿਗੰਟਨ ਅਤੇ ਅਮਾਨ ਹੁੰਦੇ ਹੋਏ 19 ਅਗਸਤ ਦੀ ਤੜਕਸਾਰ ਬਗ਼ਦਾਦ ਪਹੁੰਚੇ ਸਨ। ਉਹ ਸਭ ਤੋਂ ਪਹਿਲਾਂ ਭਾਰਤੀ ਸਫ਼ਾਰਤਖਾਨੇ ਗਏ, ਜਿੱਥੇ ਕੁਵੈਤ ਤੋਂ ਭੱਜ ਕੇ ਆਏ ਲਗਭਗ 100 ਭਾਰਤੀ ਮੌਜੂਦ ਸਨ।

ਗੁਜਰਾਲ ਨੇ ਸੱਦਾਮ ਹੁਸੈਨ ਨਾਲ ਕੀਤੀ ਮੁਲਾਕਾਤ

ਇੰਦਰ ਕੁਮਾਰ ਗੁਜਰਾਲ ਆਪਣੀ ਸਵੈ-ਜੀਵਨੀ 'ਮੈਟਰਸ ਆਫ਼ ਡਿਸਕ੍ਰਿਏਸ਼ਨ" 'ਚ ਲਿਖਦੇ ਹਨ, " ਸੱਦਾਮ ਹੁਸੈਨ ਨੇ ਖਾਕੀ ਵਰਦੀ ਪਾਈ ਹੋਈ ਸੀ ਅਤੇ ਉਸ ਦੇ ਲੱਕ 'ਤੇ ਪਿਸਤੌਲ ਲਟਕ ਰਹੀ ਸੀ।

ਮੈਨੂੰ ਵੇਖਦਿਆਂ ਹੀ ਉਨ੍ਹਾਂ ਨੇ ਮੈਨੂੰ ਗਲਵੱਕੜੀ ਪਾਈ। ਇਹ ਤਸਵੀਰ ਦੁਨੀਆ ਭਰ ਦੀਆਂ ਅਖ਼ਬਾਰਾਂ 'ਚ ਛਪੀ ਅਤੇ ਇਸ ਨਾਲ ਸਾਡੀ ਸਥਿਤੀ ਕੁਝ ਅਜੀਬ ਹੋ ਗਈ ਸੀ, ਕਿਉਂਕਿ ਇਸ ਤਸਵੀਰ ਨੇ ਇਹ ਸੁਨੇਹਾ ਦਿੱਤਾ ਸੀ ਕਿ ਜਿਸ ਸੱਦਾਮ ਹੁਸੈਨ ਦੀ ਵਿਸ਼ਵ ਭਰ 'ਚ ਨਿੰਦਾ ਹੋ ਰਹੀ ਸੀ, ਉਸ ਨੂੰ ਭਾਰਤੀ ਵਿਦੇਸ਼ ਮੰਤਰੀ ਗਲੇ ਮਿਲ ਰਹੇ ਸਨ।"

ਇੰਦਰ ਕੁਮਾਰ ਗੁਜਰਾਲ

ਤਸਵੀਰ ਸਰੋਤ, Robert NICKELSBERG

ਤਸਵੀਰ ਕੈਪਸ਼ਨ, ਇੰਦਰ ਕੁਮਾਰ ਗੁਜਰਾਲ

"ਗੱਲਬਾਤ ਦੌਰਾਨ ਹੁਸੈਨ ਨੇ ਮੈਨੂੰ ਕਿਹਾ ਕਿ ਜੇਕਰ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਤਾਂ ਉਹ ਢੁਕਵਾਂ ਜਵਾਬ ਜ਼ਰੂਰ ਦੇਣਗੇ। ਉਨ੍ਹਾਂ ਦੀ ਨਜ਼ਰ 'ਚ ਸੋਵੀਅਤ ਸੰਘ ਹੁਣ ਪਹਿਲਾਂ ਜਿੰਨਾ ਮਜ਼ਬੂਤ ਨਹੀਂ ਸੀ।"

"ਕੁਝ ਦੇਰ ਬਾਅਦ ਮੈਂ ਉੱਥੋਂ ਦੇ ਵਿਦੇਸ਼ ਮੰਤਰੀ ਤਾਰਿਕ ਅਜ਼ੀਜ਼ ਨੂੰ ਮਿਲਿਆ ਅਤੇ ਅਸੀਂ ਕੁਵੈਤ ਅਤੇ ਇਰਾਕ ਤੋਂ ਭਾਰਤੀ ਲੋਕਾਂ ਨੂੰ ਵਾਪਸ ਲਿਜਾਣ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ।"

21 ਅਗਸਤ ਦੀ ਸਵੇਰ ਨੂੰ ਗੁਜਰਾਲ ਨੂੰ ਇਰਾਕ ਦੇ ਰਾਸ਼ਟਰਪਤੀ ਸਦਾਮ ਹੁਸੈਨ ਦਾ ਸੁਨੇਹਾ ਮਿਲਆ ਕਿ ਉਹ ਉਨ੍ਹਾਂ ਨੂੰ ਤੁਰੰਤ ਮਿਲਣਾ ਚਾਹੁੰਦੇ ਹਨ।

ਭਾਰਤ ਲਈ ਧਰਮ ਸੰਕਟ ਦੀ ਸਥਿਤੀ

ਬਾਅਦ 'ਚ ਤਤਕਾਲੀ ਸੰਯੁਕਤ ਸਕੱਤਰ (ਖਾੜੀ ਦੇਸ਼) ਅਤੇ ਫਿਰ ਕਈ ਦੇਸ਼ਾਂ 'ਚ ਭਾਰਤ ਦੇ ਰਾਜਦੂਤ ਵੱਜੋਂ ਸੇਵਾਵਾਂ ਨਿਭਾਉਣ ਵਾਲੇ ਕੇਪੀ ਫ਼ੇਬਿਆਨ ਨੇ 'ਫਾਰੇਨ ਅਫ਼ੇਅਰਜ਼ ਜਨਰਲ' ਨੂੰ ਦਿੱਤੇ ਇੱਕ ਇੰਟਰਵਿਊ 'ਚ ਇਹ ਕਹਿ ਕੇ ਗੁਜਰਾਲ ਦਾ ਬਚਾਅ ਕੀਤਾ ਸੀ ਕਿ "ਜੇਕਰ ਕਿਸੇ ਦੇਸ਼ ਦਾ ਰਾਜ ਮੁਖੀ ਤੁਹਾਨੂੰ ਗਲੇ ਲਗਾਉਣਾ ਚਾਹੇ ਤਾਂ ਤੁਸੀਂ 'ਡੱਕ' ਭਾਵ ਮਨਾ ਤਾਂ ਨਹੀਂ ਕਰ ਸਕਦੇ ਹੋ।''

''ਗੁਜਰਾਲ ਦਾ ਸੱਦਾਮ ਨੂੰ ਗੱਲਵਕੜੀ ਪਾਉਣਾ ਗਲਤ ਜਾਂ ਸਹੀ ਹੋ ਸਕਦਾ ਹੈ ਪਰ ਸੱਦਾਮ ਨੇ ਉੱਥੇ ਫਸੇ ਭਾਰਤੀਆਂ ਨੂੰ ਆਪਣੇ ਵਤਨ ਵਾਪਸ ਭੇਜਣ ਲਈ ਮਦਦ ਮੁਹੱਈਆ ਕਰਵਾਉਣ ਲਈ ਆਪਣੀ ਰਜ਼ਾਮੰਦੀ ਦਿੱਤੀ ਸੀ।"

ਪਰ ਭਾਰਤ ਨੂੰ ਇਸ ਲਈ ਵੱਡੇ ਧਰਮ ਸੰਕਟ 'ਚੋਂ ਵੀ ਲੰਘਣਾ ਪਿਆ ਸੀ। ਭਾਰਤ ਦੇ ਵਧੇਰੇ ਦੋਸਤਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਸੀ।

ਇੰਦਰ ਕੁਮਾਰ ਗੁਜਰਾਲ ਆਪਣੀ ਸਵੈ-ਜੀਵਨੀ 'ਮੈਟਰਸ ਆਫ਼ ਡਿਸਕ੍ਰਿਏਸ਼ਨ" 'ਚ ਲਿਖਦੇ ਹਨ, " ਸੱਦਾਮ ਹੁਸੈਨ ਨੇ ਖਾਕੀ ਵਰਦੀ ਪਾਈ ਹੋਈ ਸੀ ਅਤੇ ਉਸ ਦੇ ਲੱਕ 'ਤੇ ਪਿਸਤੌਲ ਲਟਕ ਰਹੀ ਸੀ।

ਤਸਵੀਰ ਸਰੋਤ, Hay House

ਉਸ ਸਮੇਂ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਚਿਨਮਯ ਗਰੇਖਾਨ ਦਾ ਕਹਿਣਾ ਹੈ, "ਮੈਂ ਵੀ ਸਰਕਾਰ ਨੂੰ ਸਲਾਹ ਦਿੱਤੀ ਸੀ ਕਿ ਪੂਰੀ ਦੁਨੀਆ ਦੀ ਤਰ੍ਹਾਂ ਸਾਨੂੰ ਵੀ ਸੱਦਾਮ ਹੁਸੈਨ ਦੇ ਹਮਲੇ ਦੀ ਨਿੰਦਾ ਕਰਨੀ ਚਾਹੀਦੀ ਹੈ , ਪਰ ਸਲਾਹ 'ਤੇ ਗੌਰ ਨਾ ਫਰਮਾਇਆ ਗਿਆ। ਭਾਰਤ ਨੇ ਸਿਰਫ ਇਸ ਹਮਲੇ 'ਤੇ ਦੁੱਖ ਦਾ ਪ੍ਰਗਟਾਵਾ ਹੀ ਕੀਤਾ ਸੀ।"

" ਮੈਨੂੰ ਯਾਦ ਹੈ ਕਿ ਉਸ ਸਮੇਂ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਨਿਊਯਾਰਕ ਆਏ ਤਾਂ ਉਨ੍ਹਾਂ ਨੇ ਕੁਵੈਤ ਦੇ ਜਲਾਵਤਨ ਵਿਦੇਸ਼ ਮੰਤਰੀ ਸ਼ੇਖ ਸਬਾਹ ਅਲ-ਅਹਿਮਦ ਨੂੰ ਕਿਹਾ ਕਿ ਅਸੀਂ 101% ਕੁਵੈਤ ਦੇ ਨਾਲ ਹਾਂ। ਇਸ 'ਤੇ ਕੁਵੈਤ ਦੇ ਮੰਤਰੀ ਨੇ ਕਿਹਾ 'ਐਕਸਲੈਂਸੀ', ਤੁਹਾਡਾ 100% ਸਮਰਥਨ ਵੀ ਠੀਕ ਰਹੇਗਾ, ਪਰ ਅਸੀਂ ਚਾਹੁੰਦੇ ਹਾਂ ਕਿ ਭਾਰਤ ਵਰਗਾ ਮਹਾਨ ਦੇਸ਼ ਪਹਿਲਾਂ ਇਸ ਹਮਲੇ ਦੀ ਨਿੰਦਾ ਤਾਂ ਕਰੇ।"

ਗੁਜਰਾਲ ਆਪਣੇ ਜਹਾਜ਼ 'ਚ 150 ਭਾਰਤੀਆਂ ਨੂੰ ਵਤਨ ਵਾਪਸ ਲੈ ਕੇ ਆਏ ਸਨ

22 ਅਗਸਤ ਦੀ ਦੁਪਹਿਰ ਨੂੰ ਗੁਜਰਾਲ ਬਗ਼ਦਾਦ ਤੋਂ ਕੁਵੈਤ ਪਹੁੰਚੇ ਸਨ। ਜਦੋਂ ਉਹ ਭਾਰਤੀ ਮਿਸ਼ਨ ਕੋਲ ਗਏ ਤਾਂ ਉੱਥੇ ਪਹਿਲਾਂ ਤੋਂ ਹੀ ਲਗਭਗ ਇੱਕ ਹਜ਼ਾਰ ਭਾਰਤੀ ਇੱਕਠੇ ਹੋ ਚੁੱਕੇ ਸਨ।

ਉੱਥੇ ਕੋਈ ਜਗ੍ਹਾ ਨਹੀਂ ਸੀ, ਇਸ ਲਈ ਗੁਜਰਾਲ ਨੇ ਆਪਣੀ ਕਾਰ ਦੀ ਛੱਤ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਸੰਬੋਧਨ ਕੀਤਾ।

ਸ਼ਰਨਾਰਥੀ

ਤਸਵੀਰ ਸਰੋਤ, PATRICK BAZ

ਜਿਵੇਂ ਹੀ ਲੋਕਾਂ ਨੂੰ ਪਤਾ ਲੱਗਾ ਕਿ ਗੁਜਰਾਲ ਉਨ੍ਹਾਂ ਨੂੰ ਭਾਰਤ ਵਾਪਸ ਲਿਜਾਣ ਲਈ ਉਡਾਣ ਦਾ ਪ੍ਰਬੰਧ ਕਰ ਰਹੇ ਹਨ ਤਾਂ ਉਨ੍ਹਾਂ ਨੇ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ।

ਗੁਜਰਾਲ 23 ਅਗਸਤ ਨੂੰ ਰਾਤ ਦੇ 9 ਵਜੇ ਦਿੱਲੀ ਲਈ ਰਵਾਨਾ ਹੋਏ ਸਨ। ਉਨ੍ਹਾਂ ਦੇ ਜਹਾਜ਼ 'ਚ ਤਕਰੀਬਨ 150 ਲੋਕ ਉਨ੍ਹਾਂ ਦੇ ਨਾਲ ਵਾਪਸ ਭਾਰਤ ਆਏ ਸਨ। ਇੰਨ੍ਹਾਂ 'ਚ ਵਧੇਰੇ ਗਰਭਵਤੀ ਔਰਤਾਂ ਅਤੇ ਬੱਚੇ ਸਨ।

ਗੁਜਰਾਲ ਆਪਣੇ ਨਾਲ ਚਿੱਠੀਆਂ ਦਾ ਇੱਕ ਵੱਡਾ ਬੈਗ ਵੀ ਲਿਆਏ ਸਨ, ਜੋ ਕਿ ਕੁਵੈਤ 'ਚ ਰਹਿਣ ਵਾਲੇ ਭਾਰਤੀਆਂ ਨੇ ਭਾਰਤ 'ਚ ਆਪਣੇ ਸਕੇ ਸਬੰਧੀਆਂ ਲਈ ਲਿਖੇ ਸਨ।

ਜਹਾਜ਼ਾਂ ਨੂੰ ਇਰਾਕ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ

ਮੰਤਰੀ ਮੰਡਲ ਨੇ ਪਹਿਲਾਂ ਫੈਸਲਾ ਲਿਆ ਸੀ ਕਿ ਉਹ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇੱਕ ਸਮੁੰਦਰੀ ਜਹਾਜ਼ ਇਰਾਕ ਭੇਜਣਗੇ, ਪਰ ਇਰਾਕ ਨੇ ਭਾਰਤੀ ਸਮੁੰਦਰੀ ਜਹਾਜ਼ 'ਟਿਪੂ ਸੁਲਤਾਨ' ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ।

ਫਿਰ ਜਦੋਂ ਇਹ ਫੈਸਲਾ ਕੀਤਾ ਗਿਆ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ ਭਾਰਤੀਆਂ ਨੂੰ ਲਿਆਉਣ ਲਈ ਭੇਜੇ ਜਾਣਗੇ ਤਾਂ ਇਰਾਕ ਨੇ ਹਵਾਈ ਜਹਾਜ਼ਾਂ ਨੂੰ ਵੀ ਉਸ ਦੇ ਘੇਰੇ ਅੰਦਰ ਆਉਣ ਦੀ ਇਜਾਜ਼ਤ ਨਾ ਦਿੱਤੀ।

ਸੱਦਾਮ ਹੁਸੈਨ

ਤਸਵੀਰ ਸਰੋਤ, Jacques Pavlovsky

ਤਸਵੀਰ ਕੈਪਸ਼ਨ, ਸੱਦਾਮ ਹੁਸੈਨ

ਉਸ ਦੀ ਸ਼ਰਤ ਸੀ ਕਿ ਭਾਰਤੀ ਹਵਾਈ ਜਹਾਜ਼ਾਂ ਨੂੰ ਉਦੋਂ ਹੀ ਇਰਾਕ ਅੰਦਰ ਦਾਖਲ ਹੋਣ ਦਿੱਤਾ ਜਾਵੇਗਾ , ਜੇਕਰ ਉਹ ਆਪਣੇ ਨਾਲ ਖਾਣ-ਪੀਣ ਦਾ ਸਮਾਨ ਲੈ ਕੇ ਆਉਣ। ਉਦੋਂ ਤੱਕ ਇਰਾਕ 'ਤੇ ਪੂਰੀ ਦੁਨੀਆ ਨੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ, ਇਸ ਲਈ ਉੱਥੇ ਖਾਣ-ਪੀਣ ਦੀਆਂ ਵਸਤੂਆਂ ਲਿਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ।

ਸ਼ੁਰੂ 'ਚ ਇੰਝ ਲੱਗ ਰਿਹਾ ਸੀ ਕਿ ਸ਼ਾਇਦ ਲੋਕਾਂ ਨੂੰ ਕੁਵੈਤ ਤੋਂ ਬਾਹਰ ਕੱਢਣ ਦੀ ਲੋੜ ਨਹੀਂ ਪਵੇਗੀ, ਪਰ ਹੌਲੀ-ਹੌਲੀ ਉੱਥੇ ਹਾਲਾਤ ਵਿਗੜਨ ਲੱਗੇ ਸਨ।

1980 ਤੋਂ ਕੁਵੈਤ 'ਚ ਰਹਿ ਰਹੇ ਇੱਕ ਬਹੁ-ਰਾਸ਼ਟਰੀ ਕੰਪਨੀ ਦੇ ਖੇਤਰੀ ਮੈਨੇਜਰ ਐਗਨੇਲ ਰੇਬੇਲੋ ਨੇ ਦੱਸਿਆ, " ਇਰਾਕੀ ਫੌਜੀਆਂ ਦਾ ਸਾਡੇ ਪ੍ਰਤੀ ਵਿਵਹਾਰ ਸਹੀ ਸੀ, ਪਰ ਉੱਥੇ ਰਹਿ ਰਹੇ ਕੁਝ ਫਲਸਤੀਨੀਆਂ ਨੇ ਲੋਕਾਂ ਨਾਲ ਲੁੱਟ-ਖਸੁੱਟ ਕਰਨੀ ਸ਼ੁਰੂ ਕਰ ਦਿੱਤੀ ਸੀ। ਇੱਕ ਵਾਰ ਇੱਕ ਆਦਮੀ ਨੇ ਮੇਰੇ ਸਿਰ 'ਤੇ ਪਿਸਤੌਲ ਰੱਖ ਕੇ ਮੈਨੂੰ ਆਪਣੀ ਕਾਰ ਦੇਣ ਲਈ ਕਿਹਾ।''

''ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਕਾਰ ਦੇ ਕੁਝ ਪੁਰਜੇ ਕੱਢ ਲਏ ਸਨ, ਜਿਸ ਕਰਕੇ ਉਹ ਕਾਰ ਸਟਾਰਟ ਹੀ ਨਹੀਂ ਕਰ ਪਾਇਆ ਸੀ।"

ਲੋਕਾਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦੇ ਜਹਾਜ਼ ਕੀਤੇ ਗਏ ਤਾਇਨਾਤ

ਅਖੀਰ 'ਚ ਕੁਵੈਤ ਤੋਂ ਭਾਰਤੀਆਂ ਨੂੰ ਬਾਹਰ ਕੱਢਣ ਲਈ ਏਅਰ ਇੰਡੀਆ ਦੇ ਜਹਾਜ਼ਾਂ ਦੀ ਮਦਦ ਲਈ ਗਈ ਸੀ। ਪਰ ਸਵਾਲ ਇਹ ਸੀ ਕਿ ਇੰਨੇ ਜ਼ਿਆਦਾ ਲੋਕਾਂ ਨੂੰ ਲਿਆਉਣ ਲਈ ਜਹਾਜ਼ ਕਿੱਥੋਂ ਲਿਆਂਦੇ ਜਾਣ?

ਫਰਵਰੀ 1990 'ਚ ਇੱਕ ਏ-320 ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਕਰਕੇ ਨਵੇਂ ਖਰੀਦੇ ਗਏ ਏ-320 ਜਹਾਜ਼ਾਂ ਦਾ ਪੂਰਾ ਬੇੜਾ ਹੀ ਗਰਾਉਂਡ ਕਰ ਦਿੱਤਾ ਗਿਆ ਸੀ ਭਾਵ ਉਨ੍ਹਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਨਹੀਂ ਸੀ।

ਉਸ ਸਮੇਂ ਇਨ੍ਹਾਂ ਜਹਾਜ਼ਾਂ ਦੀ ਖਰੀਦ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਵੀ ਖੜ੍ਹਾ ਹੋ ਗਿਆ ਸੀ।

ਏਅਰ ਇੰਡੀਆ ਨੇ ਇੰਨ੍ਹਾਂ ਖੜ੍ਹੇ ਜਹਾਜ਼ਾਂ ਨੂੰ ਭਾਰਤੀਆਂ ਨੂੰ ਕੁਵੈਤ ਤੋਂ ਬਾਹਰ ਕੱਡਣ ਲਈ ਵਰਤਿਆ।

ਤਸਵੀਰ ਸਰੋਤ, HAIDAR HAMDANI/AFP via Getty Images

ਤਸਵੀਰ ਕੈਪਸ਼ਨ, ਸੰਕੇਤਿਕ ਤਸਵੀਰ

ਏਅਰ ਇੰਡੀਆ ਨੇ ਇਨ੍ਹਾਂ ਖੜ੍ਹੇ ਜਹਾਜ਼ਾਂ ਨੂੰ ਭਾਰਤੀਆਂ ਨੂੰ ਕੁਵੈਤ ਤੋਂ ਬਾਹਰ ਕੱਢਣ ਲਈ ਵਰਤਿਆ। ਇਸ ਪੂਰੇ ਮਿਸ਼ਨ 'ਚ ਤਾਲਮੇਲ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਵਿਦੇਸ਼ ਮੰਤਰਾਲੇ 'ਚ ਖਾੜੀ ਦੇਸ਼ਾਂ ਦੇ ਸੰਯੁਕਤ ਸਕੱਤਰ ਕੇਪੀ ਫ਼ੇਬਿਆਨ ਨੂੰ ਦਿੱਤੀ ਗਈ ਸੀ।

ਉਨ੍ਹਾਂ ਨੇ ਬਾਅਦ 'ਚ ਇਕਨਾਮਿਕਸ ਟਾਈਮਜ਼ 'ਚ ਲਿਖਿਆ, "ਮੈਨੂੰ 2 ਅਗਸਤ ਨੂੰ ਲੰਡਨ ਤੋਂ ਕੁਵੈਤ ਦੇ ਸਭ ਤੋਂ ਅਮੀਰ ਭਾਰਤੀ ਮਰਹੂਮ ਕੇਟੀਬੀ ਮੈਨਨ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ ਕਿ ਉਹ ਭਾਰਤੀਆਂ ਨੂੰ ਕੁਵੈਤ ਤੋਂ ਬਾਹਰ ਕੱਢਣ ਦਾ ਖਰਚਾ ਚੁੱਕਣ ਲਈ ਤਿਆਰ ਹਨ।''

''ਮੈਂ ਉਨ੍ਹਾਂ ਦਾ ਧੰਨਵਾਦ ਕੀਤਾ, ਪਰ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਲੋਕਾਂ ਨੂੰ ਉੱਥੋਂ ਕੱਢਣਾ ਜ਼ਰੂਰੀ ਹੋਇਆ ਤਾਂ ਭਾਰਤ ਸਰਕਾਰ ਇਸ ਦਾ ਖਰਚਾ ਚੁੱਕੇਗੀ। ਜੇਕਰ ਹਾਲਾਤ ਮੁਸ਼ਕਲ ਹੁੰਦੇ ਗਏ ਤਾਂ ਅਸੀਂ ਤੁਹਾਡੀ ਪੇਸ਼ਕਸ਼ 'ਤੇ ਜਰੂਰ ਵਿਚਾਰ ਕਰਾਂਗੇ।"

"ਹਰ ਰੋਜ਼ ਅਮਾਨ 'ਚ ਏਅਰ ਇੰਡੀਆ ਦੇ ਮੈਨੇਜਰ ਮੈਨੂੰ ਫੋਨ ਕਰਕੇ ਦੱਸਦੇ ਕਿ ਅਗਲੇ ਦਿਨ ਕਿੰਨੇ ਲੋਕਾਂ ਨੂੰ ਉੱਥੋਂ ਲਿਆਂਦਾ ਜਾਣਾ ਹੈ। ਮੈਂ ਸ਼ਹਿਰੀ ਹਵਾਬਾਜ਼ੀ ਸਕੱਤਰ ਏ ਵੀ ਗਣੇਸ਼ਨ ਨੂੰ ਫੋਨ ਕਰਦਾ ਅਤੇ ਜ਼ਰੂਰਤ ਅਨੁਸਾਰ ਏਅਰ ਇੰਡੀਆ ਦੇ ਜਹਾਜ਼ ਅਮਾਨ ਲਈ ਰਵਾਨਾ ਕੀਤੇ ਜਾਂਦੇ ਸਨ।"

ਕੁਵੈਤ 'ਚ ਫਸੇ ਭਾਰਤੀਆਂ ਦੀ ਮੁਸੀਬਤਾਂ 'ਚ ਹੋਇਆ ਵਾਧਾ

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀਆਂ ਆਰਥਿਕ ਪਾਬੰਦੀਆਂ ਦੇ ਕਾਰਨ ਇਰਾਕ ਅਤੇ ਕੁਵੈਤ 'ਚ ਕਿਸੇ ਵੀ ਨਾਗਰਿਕ ਜਹਾਜ਼ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਇਸ ਲਈ ਲੋਕਾਂ ਨੂੰ ਬੱਸਾਂ 'ਚ ਲੱਦ ਕੇ ਪਹਿਲਾਂ ਇਰਾਕ ਅਤੇ ਫਿਰ ਜਾਰਡਨ ਦੀ ਰਾਜਧਾਨੀ ਅਮਾਨ ਭੇਜਿਆ ਗਿਆ ਸੀ।

ਉਨ੍ਹਾਂ ਨੂੰ ਅਮਾਨ ਤੱਕ ਪਹੁੰਚਾਉਣਾ ਕੋਈ ਸੌਖਾ ਕੰਮ ਨਹੀਂ ਸੀ।

ਪਹਿਲੀ ਗੱਲ ਇਹ ਕਿ ਲੋਕ ਆਪਣੀ ਉਮਰ ਭਰ ਦੀ ਕਮਾਈ ਛੱਡ ਕੇ ਭਾਰਤ ਵਾਪਸ ਆਉਣ ਲਈ ਤਿਆਰ ਨਹੀਂ ਸਨ।

ਦੂਜਾ, ਉੱਥੇ ਰਹਿਣ ਵਾਲੇ ਬਹੁਤੇ ਲੋਕਾਂ ਕੋਲ ਜਾਇਜ਼ ਯਾਤਰਾ ਦਸਤਾਵੇਜ਼ ਨਹੀਂ ਸਨ। ਉਨ੍ਹਾਂ ਨੇ ਆਪਣੇ ਪਾਸਪੋਰਟ ਆਪਣੇ ਮਾਲਕਾਂ ਕੋਲ ਜਮ੍ਹਾ ਕਰਵਾ ਰੱਖੇ ਸਨ। ਉਨ੍ਹਾਂ 'ਚੋਂ ਬਹੁਤ ਸਾਰੇ ਲੋਕ ਜਾਂ ਤਾਂ ਲਾਪਤਾ ਸਨ ਜਾਂ ਫਿਰ ਮਰ ਚੁੱਕੇ ਸਨ।

ਖਾੜੀ ਯੁੱਧ ਦੇ ਸਮੇਂ ਦੀ ਇੱਕ ਤਸਵੀਰ

ਤਸਵੀਰ ਸਰੋਤ, PATRICK BAZ

ਤਸਵੀਰ ਕੈਪਸ਼ਨ, ਖਾੜੀ ਯੁੱਧ ਦੇ ਸਮੇਂ ਦੀ ਇੱਕ ਤਸਵੀਰ

ਪ੍ਰਸਿੱਧ ਪੱਤਰਕਾਰ ਸਲਿਲ ਤ੍ਰਿਪਾਠੀ ਨੇ ਇੰਡੀਆ ਟੂਡੇ ਦੇ 15 ਸਤੰਬਰ, 1990 ਦੇ ਅੰਕ 'ਚ ਲਿਖਿਆ ਸੀ ਕਿ "ਲਗਭਗ ਇੱਕ ਲੱਖ 65 ਹਜ਼ਾਰ ਭਾਰਤੀ ਅਜੇ ਵੀ ਕੁਵੈਤ ਅਤੇ ਇਰਾਕ 'ਚ ਫਸੇ ਹੋਏ ਹਨ, ਜੋ ਕਿ ਪੂਰੀ ਦੁਨੀਆ ਤੋਂ ਕੱਟੇ ਹੋਏ ਹਨ। ਉਨ੍ਹਾਂ ਦੀ ਉਮਰ ਭਰ ਦੀ ਕਮਾਈ ਖ਼ਤਮ ਹੋ ਗਈ ਹੈ ਕਿਉਂਕਿ ਇਰਾਕ ਨੇ ਕੁਵੈਤ ਦੇ ਦੀਨਾਰ ਨੂੰ 12 ਗੁਣਾ ਘਟਾ ਕੇ ਉਸ ਨੂੰ ਇਰਾਕ ਦੇ ਦੀਨਾਰ ਦੇ ਬਰਾਬਰ ਕਰ ਦਿੱਤਾ ਹੈ।"

ਉਨ੍ਹਾਂ ਨੇ ਕਈ ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਹੈ। ਉਨ੍ਹਾਂ ਦੇ ਵਾਲਾਂ 'ਚ ਧੂੜ ਮਿੱਟੀ ਹੈ।

ਪਾਣੀ ਨਾ ਮਿਲਣ ਕਰਕੇ ਉਨ੍ਹਾਂ ਦੇ ਗਲੇ ਸੁੱਕੇ ਪਏ ਹਨ ਅਤੇ ਉਨ੍ਹਾਂ ਦੀ ਆਵਾਜ਼ ਭਾਰੀ ਹੋ ਗਈ ਹੈ। ਰਾਤੋਂ ਰਾਤ ਅਮਾਨ 'ਚ ਇੱਕ ਖੂਬਸੂਰਤ ਪਹਾੜੀ 'ਤੇ ਸਥਿਤ ਭਾਰਤੀ ਦੂਤਾਵਾਸ ਰੇਲਵੇ ਪਲੇਟਫਾਰਮ ਦੀ ਤਰ੍ਹਾਂ ਬਣ ਗਿਆ ਹੈ।

ਭਾਰਤੀ ਦੂਤਾਵਾਸ ਦੇ ਪਹਿਲੇ ਸਕੱਤਰ ਅਰੁਣ ਗੋਇਲ ਦਾ ਕਹਿਣਾ ਹੈ ਕਿ ਇਹ ਬਿਨ੍ਹਾਂ ਕਿਸੇ ਸਾਧਨ ਦੇ ਕੁੰਭ ਮੇਲੇ ਦਾ ਆਯੋਜਨ ਕਰਨ ਵਾਂਗਰ ਹੈ।

ਲੋਕਾਂ ਨੇ ਉੱਥੋਂ ਦੇ ਸਕੂਲਾਂ 'ਚ ਸ਼ਰਨ ਲਈ

ਏਅਰ ਇੰਡੀਆ ਦਾ ਇੱਕ ਚਾਲਕ ਦਲ ਕੁਵੈਤ 'ਚ ਫਸਿਆ ਹੋਇਆ ਸੀ। ਉੱਥੇ ਲੈਂਡ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੁੜ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਏਅਰ ਇੰਡੀਆ ਦੇ ਪਾਇਲਟ ਅਤੇ ਹੋਰ ਅਮਲਾ ਸਰਕਾਰ 'ਤੇ ਜ਼ੋਰ ਪਾ ਰਿਹਾ ਸੀ ਕਿ ਜੇਕਰ ਉਨ੍ਹਾਂ ਦੇ ਸਾਥੀ ਸੁਰੱਖਿਅਤ ਵਾਪਸ ਨਹੀਂ ਆਏ ਤਾਂ ਉਹ ਜਹਾਜ਼ ਨਹੀਂ ਉਡਾਉਣਗੇ।

ਬਹੁਤ ਸਾਰੇ ਭਾਰਤੀ ਲੋਕਾਂ ਨੇ ਅਮਾਨ ਦੇ ਸਕੂਲਾਂ ਅਤੇ ਹੋਰ ਇਮਾਰਤਾਂ 'ਚ ਸ਼ਰਨ ਲੈ ਲਈ ਸੀ।

ਇਹ ਦੱਸਣਾ ਬਹੁਤ ਹੀ ਮੁਸ਼ਕਲ ਸੀ ਕਿ ਇਨ੍ਹਾਂ 'ਚੋਂ ਕਿੰਨੇ ਲੋਕ ਕਿਸ ਸਮੇਂ ਹਵਾਈ ਅੱਡੇ ਪਹੁੰਚਣਗੇ, ਜਿਸ ਕਰਕੇ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਸਨ। ਕੁਵੈਤ 'ਚ ਪਾਕਿਸਤਾਨ ਅੰਤਰਰਾਸ਼ਟਰੀ ਏਅਰ ਲਾਈਨਜ਼ ਦੇ ਮੁਲਾਜ਼ਮ ਵੀ ਫਸੇ ਹੋਏ ਸਨ।

ਸ਼ਰਨਾਰਥੀ

ਤਸਵੀਰ ਸਰੋਤ, Peter Turnley

ਉਨ੍ਹਾਂ ਨੇ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਉਨ੍ਹਾਂ ਨੂੰ ਮਨੁੱਖਤਾ ਦੇ ਅਧਾਰ 'ਤੇ ਭਾਰਤੀ ਜਹਾਜ਼ ਜ਼ਰੀਏ ਇੱਥੋਂ ਬਾਹਰ ਕੱਢਿਆ ਜਾਵੇ। ਏਅਰ ਇੰਡੀਆ ਦੇ ਜਹਾਜ਼ ਉਨ੍ਹਾਂ ਨੂੰ ਵੀ ਸੁਰੱਖਿਅਤ ਲੈ ਕੇ ਆਏ।

ਭਾਰਤ ਕੁਵੈਤ ਤੋਂ ਆਪਣੇ ਨਾਗਰਿਕਾਂ ਨੂੰ ਏਅਰਲਿਫਟ ਕਰਨ ਵਾਲਾ ਪਹਿਲਾ ਦੇਸ਼ ਸੀ। ਪਾਕਿਸਤਾਨ ਅਤੇ ਮਿਸਰ ਤੋਂ ਵੀ ਪਹਿਲਾਂ ਏਅਰ ਇੰਡੀਆ ਦੇ ਜਹਾਜ਼ ਉੱਥੇ ਪਹੁੰਚ ਚੁੱਕੇ ਸਨ।

ਭਾਰਤ ਦੇ ਵਿਦੇਸ਼ ਮੰਤਰੀ ਇੰਦਰ ਕੁਮਾਰ ਗੁਜਰਾਲ ਪਹਿਲੇ ਮੰਤਰੀ ਸਨ, ਜਿਨ੍ਹਾਂ ਨੂੰ ਕੁਵੈਤ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।

ਲੋਕਾਂ ਨੂੰ ਵਾਪਸ ਲਿਆਉਣ ਲਈ 63 ਦਿਨਾਂ ਤੱਕ ਚੱਲੀ ਮੁਹਿੰਮ

ਉਸ ਸਮੇਂ ਭਾਰਤ 'ਚ ਜਨਤਾ ਦਲ ਦੇ ਕਮਜ਼ੋਰ ਗਠਜੋੜ ਦਾ ਸ਼ਾਸਨ ਸੀ, ਜਿਸ ਨੂੰ ਕਮਿਊਨਿਸਟ ਅਤੇ ਭਾਰਤੀ ਜਨਤਾ ਪਾਰਟੀ ਬਾਹਰੋਂ ਸਮਰਥਨ ਦੇ ਰਹੇ ਸਨ।

ਭਾਰਤ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਨਹੀਂ ਕਿਹਾ ਜਾ ਸਕਦਾ ਸੀ। ਏਅਰ ਇੰਡੀਆ ਦਾ ਇਹ ਅਪ੍ਰੇਸ਼ਨ 14 ਅਗਸਤ, 1990 ਨੂੰ ਸ਼ੁਰੂ ਹੋਇਆ ਸੀ ਅਤੇ 11 ਅਕਤੂਬਰ,1990 ਤੱਕ ਚੱਲਿਆ ਸੀ।

ਸ਼ਰਨਾਰਥੀ

ਤਸਵੀਰ ਸਰੋਤ, PATRICK BAZ

63 ਦਿਨਾਂ ਤੱਕ ਚੱਲੀ ਇਸ ਮੁਹਿੰਮ ਦੌਰਾਨ ਏਅਰ ਇੰਡੀਆ ਦੇ ਜਹਾਜ਼ ਰੋਜ਼ਾਨਾ ਅਮਾਨ ਲਈ ਚਾਰ ਉਡਾਣਾਂ ਭਰਦੇ ਸਨ ਅਤੇ ਕੁੱਲ ਇੱਕ ਲੱਖ ਸੱਤਰ ਹਜ਼ਾਰ ਭਾਰਤੀ ਲੋਕਾਂ ਨੂੰ ਭਾਰਤ ਵਾਪਸ ਪਹੁੰਚਾਇਆ ਸੀ।

ਬਾਅਦ 'ਚ ਸਾਲ 2016 'ਚ ਇਸ ਮੁਹਿੰਮ 'ਤੇ ਇੱਕ ਫਿਲਮ 'ਏਅਰਲਿਫਟ' ਵੀ ਬਣੀ ਸੀ। ਇਸ ਮੁਹਿੰਮ ਨੂੰ ਹਵਾਈ ਰਸਤੇ ਲੋਕਾਂ ਨੂੰ ਬਾਹਰ ਕੱਢਣ ਦੇ ਸਭ ਤੋਂ ਵੱਡੇ ਆਪ੍ਰੇਸ਼ਨ ਵੱਜੋਂ ਗਿਨੀਜ਼ ਬੁੱਕ ਆਫ਼ ਰਿਕਾਰਡ 'ਚ ਦਰਜ ਵੀ ਕੀਤਾ ਗਿਆ।

11 ਅਕਤੂਬਰ ਨੂੰ ਇਸ ਮੁਹਿੰਮ ਦੇ ਮੁਕੰਮਲ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਹੀ ਵੀਪੀ ਸਿੰਘ ਦੀ ਸਰਕਾਰ ਡਿੱਗ ਗਈ ਸੀ।

ਅੱਜ ਕੁਵੈਤ 'ਚ ਲਗਭਗ 10 ਲੱਖ ਭਾਰਤੀ ਰਹਿੰਦੇ ਹਨ, ਜੋ ਕਿ ਉੱਥੋਂ ਦੀ ਆਬਾਦੀ ਦਾ 20% ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)