ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਨਤੀਜੇ ਭਾਰਤ ਦੀ ਰਾਜਨੀਤੀ ਨੂੰ ਇੰਝ ਕਰਨਗੇ ਕਈ ਸਾਲਾਂ ਤੱਕ ਪ੍ਰਭਾਵਿਤ

ਤਸਵੀਰ ਸਰੋਤ, AAP media team
- ਲੇਖਕ, ਸਰੋਜ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਸਮੇਤ ਪੰਜਾਂ ਸੂਬਿਆਂ ਵਿੱਚ ਵੋਟਿੰਗ ਤੋਂ ਬਾਅਦ ਹੁਣ 10 ਮਾਰਚ ਨੂੰ ਨਤੀਜਿਆਂ ਦਾ ਦਿਨ ਆ ਗਿਆ ਹੈ।
ਪੰਜਾਬ, ਉੱਤਰ ਪ੍ਰਦੇਸ਼, ਗੋਆ, ਉਤਰਾਖੰਡ ਅਤੇ ਮਨੀਪੁਰ ਦੀ ਅਗਲੀ ਵਿਧਾਨ ਸਭਾ ਦੀ ਤਸਵੀਰ ਸਾਫ਼ ਹੋਣ ਲਈ ਕੁਝ ਘੰਟੇ ਹੀ ਬਚੇ ਹਨ।
ਇਨ੍ਹਾਂ ਚੋਣਾਂ ਵਿੱਚ ਜਿੱਤ ਜਿਸ ਮਰਜ਼ੀ ਪਾਰਟੀ ਦੀ ਹੋਵੇ,ਆਉਣ ਵਾਲੇ ਦਿਨਾਂ ਵਿੱਚ ਭਾਰਤ ਦੀ ਰਾਜਨੀਤੀ ਵਿੱਚ ਕਈ ਅਜਿਹੇ ਘਟਨਾਕ੍ਰਮ ਇਨ੍ਹਾਂ ਚੋਣਾਂ ਦੇ ਨਤੀਜੇ ਨਾਲ ਪ੍ਰਭਾਵਿਤ ਹੋਣਗੇ।
ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਖੇਤਰੀ ਪਾਰਟੀਆਂ ਦੇ ਨਾਲ ਨਾਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਵਰਗੀਆਂ ਕੇਂਦਰੀ ਪਾਰਟੀਆਂ ਉੱਤੇ ਵੀ ਪ੍ਰਭਾਵ ਪਵੇਗਾ।
ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਆਖ਼ਰ ਇਨ੍ਹਾਂ ਨਤੀਜਿਆਂ ਦਾ ਕਿਸ ਤਰ੍ਹਾਂ ਅਤੇ ਕੀ ਅਸਰ ਪਵੇਗਾ।
ਰਾਜ ਸਭਾ ਦੀਆਂ ਸੀਟਾਂ ਦਾ ਸਮੀਕਰਨ
ਇਨ੍ਹਾਂ ਨਤੀਜਿਆਂ ਦਾ ਅਸਰ ਰਾਜ ਸਭਾ ਦੀਆਂ ਸੀਟਾਂ 'ਤੇ ਵੀ ਪਵੇਗਾ।
ਸੀਨੀਅਰ ਪੱਤਰਕਾਰ ਅਨਿਲ ਜੈਨ ਆਖਦੇ ਹਨ,"ਰਾਜ ਸਭਾ ਦੀਆਂ ਸੀਟਾਂ ਵਿੱਚ ਫਿਲਹਾਲ ਅੱਠ ਸੀਟਾਂ ਖਾਲੀ ਹਨ। ਭਾਰਤੀ ਜਨਤਾ ਪਾਰਟੀ ਕੋਲ ਇਸ ਸਮੇਂ 97 ਸੀਟਾਂ ਹਨ ਅਤੇ ਇਨ੍ਹਾਂ ਦੇ ਭਾਈਵਾਲ ਪਾਰਟੀਆਂ ਨੂੰ ਮਿਲਾ ਕੇ ਇਹ ਅੰਕੜਾ 114 ਹੈ।"
"ਇਸ ਸਾਲ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਰਾਜ ਸਭਾ ਦੀਆਂ 70 ਸੀਟਾਂ ਲਈ ਚੋਣਾਂ ਹੋਣੀਆਂ ਹਨ,ਜਿਨ੍ਹਾਂ ਵਿਚ ਅਸਾਮ, ਹਿਮਾਚਲ ਪ੍ਰਦੇਸ਼, ਕੇਰਲ ਦੇ ਨਾਲ ਨਾਲ ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਪੰਜਾਬ ਸ਼ਾਮਲ ਹਨ।"

ਤਸਵੀਰ ਸਰੋਤ, Getty Images
ਉੱਤਰ ਪ੍ਰਦੇਸ਼ ਦੀਆਂ 11 ਸੀਟਾਂ, ਉਤਰਾਖੰਡ ਦੀ ਇੱਕ ਸੀਟ ਤੇ ਪੰਜਾਬ ਦੀਆਂ ਦੋ ਸੀਟਾਂ ਲਈ ਚੋਣਾਂ ਇਸੇ ਸਾਲ ਜੁਲਾਈ ਵਿੱਚ ਹਨ। ਇਸ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿਚ ਚੋਣਾਂ ਦੇ ਨਤੀਜੇ ਰਾਜ ਸਭਾ ਨੂੰ ਸਿੱਧਾ ਪ੍ਰਭਾਵਿਤ ਕਰਨਗੇ।
ਅਨਿਲ ਜੈਨ ਆਖਦੇ ਹਨ,"ਵੈਸੇ ਤਾਂ ਬਹੁਮਤ ਦੇ ਅੰਕੜੇ ਤੋਂ ਰਾਜ ਸਭਾ ਵਿੱਚ ਭਾਜਪਾ ਪਹਿਲਾਂ ਵੀ ਦੂਰ ਸੀ ਪਰ ਪੰਜ ਸੂਬਿਆਂ ਦੇ ਨਤੀਜੇ ਜੇਕਰ ਭਾਜਪਾ ਲਈ ਵਧੀਆ ਨਹੀਂ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਬਹੁਮਤ ਤੋਂ ਹੋਰ ਦੂਰ ਹੋ ਜਾਵੇਗੀ। ਇਸ ਦਾ ਸਿੱਧਾ ਅਸਰ ਰਾਸ਼ਟਰਪਤੀ ਚੋਣਾਂ 'ਤੇ ਵੀ ਪਵੇਗਾ।"
ਰਾਸ਼ਟਰਪਤੀ ਚੋਣਾਂ ਉੱਪਰ ਅਸਰ
ਭਾਰਤ ਵਿੱਚ ਅਗਲੇ ਰਾਸ਼ਟਰਪਤੀ ਦੀ ਚੋਣ ਇਸੇ ਸਾਲ ਜੁਲਾਈ ਵਿੱਚ ਹੋਣੀ ਹੈ।
ਇਹ ਚੋਣ ਇਕ ਅਸਿੱਧੇ ਤਰੀਕੇ ਨਾਲ ਹੁੰਦੀ ਹੈ। ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਰਾਸ਼ਟਰਪਤੀ ਨੂੰ ਚੁਣਦੇ ਹਨ।
ਇਹ ਵੀ ਪੜ੍ਹੋ:
ਰਾਸ਼ਟਰਪਤੀ ਦੀ ਚੋਣ ਇਕ ਇਲੈਕਟੋਰੇਟ( ਵਿਧਾਇਕ ਤੇ ਸੰਸਦ ਮੈਂਬਰ) ਸਿਸਟਮ ਕਰਦਾ ਹੈ। ਇਸ ਵਿੱਚ ਸੰਸਦ ਦੇ ਦੋਵੇਂ ਸਦਨਾਂ ਦੇ ਅਤੇ ਸੂਬੇ ਦੀਆਂ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਸ਼ਾਮਲ ਹੁੰਦੇ ਹਨ।
ਰਾਸ਼ਟਰਪਤੀ ਦੀ ਚੋਣ ਵਿੱਚ ਵਰਤੀ ਜਾਂਦੀ ਪ੍ਰਣਾਲੀ ਦੇ ਮੁਤਾਬਕ ਹਰੇਕ ਵੋਟ ਦੀ ਆਪਣੀ ਮਹੱਤਤਾ ਹੁੰਦੀ ਹੈ।

ਤਸਵੀਰ ਸਰੋਤ, Rashtarpati Bhawan
ਸੰਸਦ ਮੈਂਬਰਾਂ ਦੇ ਵੋਟ ਦੀ ਮਹੱਤਤਾ ਹੈ ਪਰ ਵਿਧਾਇਕਾਂ ਦੇ ਵੋਟ ਦੀ ਮਹੱਤਤਾ ਵੱਖ ਵੱਖ ਸੂਬਿਆਂ ਦੀ ਜਨਸੰਖਿਆ ਉੱਪਰ ਨਿਰਭਰ ਕਰਦੀ ਹੈ।
ਉਦਾਹਰਣ ਵਜੋਂ ਦੇਸ਼ ਦੇ ਸਭ ਤੋਂ ਵੱਧ ਜਨਸੰਖਿਆ ਵਾਲੇ ਸੂਬੇ ਉੱਤਰ ਪ੍ਰਦੇਸ਼ ਦੇ ਇੱਕ ਵਿਧਾਇਕ ਦੀ ਵੋਟ ਦਾ ਵੇਟੇਜ 208 ਹੈ ਜਦੋਂਕਿ ਸਭ ਤੋਂ ਘੱਟ ਜਨਸੰਖਿਆ ਵਾਲੇ ਸਿੱਕਮ ਦਾ ਕੇਵਲ ਸੱਤ ਹੈ।
ਹਰੇਕ ਸੰਸਦ ਮੈਂਬਰ ਦੀ ਵੋਟ ਦਾ ਵੇਟੇਜ 708 ਹੈ। ਇਸ ਲਿਹਾਜ਼ ਨਾਲ ਪੰਜਾਂ ਸੂਬਿਆਂ ਦੇ ਨਤੀਜਿਆਂ ਉੱਪਰ ਹਰ ਪਾਰਟੀ ਦੀ ਨਿਗ੍ਹਾ ਹੈ।
ਕੁੱਲ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਵੋਟ ਕੀ ਆਖਦੇ ਹਨ
ਭਾਰਤ ਵਿਚ ਕੁੱਲ 776 ਸੰਸਦ ਮੈਂਬਰ ( ਲੋਕ ਸਭਾ ਤੇ ਰਾਜ ਸਭਾ ) ਹਨ, ਜਿਨ੍ਹਾਂ ਦੀ ਵੋਟ ਦਾ ਵੇਟੇਜ ਲਗਪਗ ਸਾਢੇ ਪੰਜ ਲੱਖ ਹੈ।
ਭਾਰਤ ਵਿਚ ਵਿਧਾਇਕਾਂ ਦੀ ਸੰਖਿਆ 4120 ਹੈ ਅਤੇ ਇਨ੍ਹਾਂ ਸਾਰੇ ਵਿਧਾਇਕਾਂ ਦਾ ਸਮੂਹਿਕ ਵੋਟ ਵੀ ਲਗਪਗ ਸਾਢੇ ਪੰਜ ਲੱਖ ਹੈ।
ਇਸ ਤਰ੍ਹਾਂ ਰਾਸ਼ਟਰਪਤੀ ਚੋਣ ਵਿੱਚ ਕੁੱਲ ਵੋਟਾਂ 10,98, 882 ( ਲਗਪਗ ਗਿਆਰਾਂ ਲੱਖ) ਹਨ।

ਤਸਵੀਰ ਸਰੋਤ, SAJJAD HUSSAIN
ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਆਖਦੇ ਹਨ ਕਿ ਇਨ੍ਹਾਂ ਪੰਜਾਂ ਸੂਬਿਆਂ ਦੀਆਂ ਚੋਣਾਂ ਦੇ ਨਤੀਜੇ ਤੈਅ ਕਰਨਗੇ ਕਿ ਭਾਜਪਾ ਆਸਾਨੀ ਨਾਲ ਆਪਣੇ ਉਮੀਦਵਾਰ ਨੂੰ ਜਿਤਾ ਸਕਦੀ ਹੈ ਜਾਂ ਨਹੀਂ।
ਜੇਕਰ ਉੱਤਰ ਪ੍ਰਦੇਸ਼ ਵਿੱਚ ਭਾਜਪਾ ਪਿਛਲੇ ਵਿਧਾਨ ਸਭਾ ਚੋਣਾਂ ਦੀ ਤੁਲਨਾ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰਦੀ ਤੇ ਰਾਸ਼ਟਰਪਤੀ ਚੋਣਾਂ ਦਾ ਗਣਿਤ ਵਿਗੜ ਜਾਵੇਗਾ।
ਅਨਿਲ ਜੈਨ ਆਖਦੇ ਹਨ ਕਿ ਰਾਸ਼ਟਰਪਤੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਘੱਟ ਵੋਟਾਂ ਜ਼ਰੂਰ ਮਿਲ ਸਕਦੀਆਂ ਹਨ ਪਰ ਉਨ੍ਹਾਂ ਦੇ ਉਮੀਦਵਾਰ ਨੂੰ ਜਿੱਤਣ ਵਿੱਚ ਕੋਈ ਤੰਗੀ ਨਹੀਂ ਹੋਵੇਗੀ।
ਉਨ੍ਹਾਂ ਮੁਤਾਬਕ ਭਾਜਪਾ ਕੋਲ ਹੁਣ ਵੀ 398 ਸੰਸਦ ਮੈਂਬਰ ਹਨ ਅਤੇ ਜੇਕਰ ਸਾਰੇ ਸੂਬਿਆਂ ਵਿੱਚ ਵਿਧਾਇਕਾਂ ਦੀ ਸੰਖਿਆ ਮਲਾਹ ਦੇ ਦਿੱਤੀ ਜਾਵੇ ਤਾਂ ਤਕਰੀਬਨ ਇਹ 1500 ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਧਾਇਕ ਉਨ੍ਹਾਂ ਸੂਬਿਆਂ ਦੇ ਹਨ ਜਿਨ੍ਹਾਂ ਦੀ ਵੋਟ ਦਾ ਮੁੱਲ ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾ ਹੁੰਦਾ ਹੈ।
ਰਾਸ਼ਟਰਪਤੀ ਚੋਣਾਂ ਜਿੱਤਣ ਲਈ ਸਾਢੇ ਪੰਜ ਲੱਖ ਤੋਂ ਕੁਝ ਜ਼ਿਆਦਾ ਵੋਟਾਂ ਦੀ ਲੋੜ ਪੈਂਦੀ ਹੈ। ਭਾਰਤੀ ਜਨਤਾ ਪਾਰਟੀ ਕੋਲ ਤਕਰੀਬਨ ਸਾਢੇ ਚਾਰ ਲੱਖ ਵੋਟ ਆਪਣੇ ਹਨ ਅਤੇ ਬਾਕੀ ਵੋਟ ਆਪਣੀ ਸਹਿਯੋਗੀ ਪਾਰਟੀਆਂ ਦੀ ਸਹਾਇਤਾ ਨਾਲ ਹਾਸਿਲ ਕਰ ਸਕਦੇ ਹਨ। ਕੁਝ ਹੋਰ ਸੂਬੇ ਅਤੇ ਸੰਸਦ ਮੈਂਬਰਾਂ ਦੇ ਵੋਟ ਵੀ ਉਨ੍ਹਾਂ ਨੂੰ ਮਿਲ ਸਕਦੇ ਹਨ ਜੋ ਮੁੱਦਿਆਂ ਦੇ ਆਧਾਰ ਤੇ ਭਾਜਪਾ ਦਾ ਸਮਰਥਨ ਕਰਦੇ ਹਨ।
ਇਸ ਤਰ੍ਹਾਂ ਰਾਸ਼ਟਰਪਤੀ ਚੋਣਾਂ ਜਿੱਤਣਾ ਭਾਜਪਾ ਲਈ ਔਖਾ ਨਹੀਂ ਹੋਵੇਗਾ।
ਮੋਦੀ ਅਤੇ ਯੋਗੀ ਦੀ ਜੋੜੀ ਉੱਤੇ ਅਸਰ
ਪੰਜ ਸੂਬਿਆਂ ਵਿੱਚੋਂ ਸਭ ਤੋਂ ਵੱਧ ਚਰਚਾ ਉੱਤਰ ਪ੍ਰਦੇਸ਼ ਦੀ ਹੈ ਅਤੇ ਉਥੋਂ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਾਖ ਵੀ ਦਾਅ 'ਤੇ ਹੈ।
ਨੀਰਜਾ ਚੌਧਰੀ ਮੁਤਾਬਕ ਉੱਤਰ ਪ੍ਰਦੇਸ਼ ਦੇ ਨਤੀਜੇ ਇਹ ਤੈਅ ਕਰਨਗੇ ਕਿ ਭਵਿੱਖ ਵਿੱਚ ਯੋਗੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਾਅਵੇਦਾਰ ਬਣਦੇ ਹਨ ਜਾਂ ਨਹੀਂ।
ਜੇਕਰ ਯੋਗੀ ਵਧੇਰੇ ਵੋਟਾਂ ਦੇ ਫ਼ਰਕ ਨਾਲ ਜਿੱਤਦੇ ਹਨ ਤਾਂ ਭਵਿੱਖ ਵਿੱਚ ਉਨ੍ਹਾਂ ਦੀ ਦਾਅਵੇਦਾਰੀ ਮਜ਼ਬੂਤ ਹੋਵੇਗੀ।ਜੇਕਰ ਵੋਟਾਂ ਦਾ ਫਰਕ ਘੱਟ ਜਾਂਦਾ ਹੈ ਤਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣ ਸਕਣਗੇ,ਇਹ ਵੀ ਵੇਖਣ ਵਾਲੀ ਗੱਲ ਹੋਵੇਗੀ।

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਨੀਰਜਾ ਆਖਦੇ ਹਨ,"ਜੇਕਰ ਭਾਰਤ ਜਨਤਾ ਪਾਰਟੀ ਉੱਤਰ ਪ੍ਰਦੇਸ਼ ਵਿੱਚ ਜਿੱਤ ਗਏ ਤਾਂ ਇਹ ਸਾਬਤ ਹੋ ਜਾਵੇਗਾ ਕਿ ਨਰਿੰਦਰ ਮੋਦੀ ਹੁਣ ਵੀ ਲੋਕਪ੍ਰਿਅ ਹਨ। ਇਸ ਦਾ ਮਤਲਬ ਹੋਵੇਗਾ ਕਿ ਲੋਕ ਉਨ੍ਹਾਂ ਦੀਆਂ ਯੋਜਨਾਵਾਂ ਦੇ ਨਾਲ ਖਡ਼੍ਹੇ ਹਨ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬ੍ਰੈਂਡ ਮੋਦੀ ਉੱਤੇ ਵੀ ਅਸਰ ਪਵੇਗਾ।
ਇਸ ਦੇ ਨਾਲ ਹੀ ਸੀਨੀਅਰ ਪੱਤਰਕਾਰ ਅਦਿੱਤੀ ਫੜਨੀਸ ਮੁਤਾਬਕ,"ਨਤੀਜੇ ਜੋ ਵੀ ਰਹਿਣ ਦੋਨਾਂ ਹਾਲਾਤਾਂ ਵਿਚ ਅਸਰ ਯੋਗੀ ਅਤੇ ਮੋਦੀ ਦੇ ਬ੍ਰੈਂਡ 'ਤੇ ਪਵੇਗਾ ਹੀ।"
"ਬਹੁਤ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਮਨਾਂ ਵਿੱਚ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਯੋਗੀ ਪੰਜਵੇਂ ਨੰਬਰ 'ਤੇ ਹਨ।ਜੇਕਰ ਉਹ ਜਿੱਤ ਜਾਂਦੇ ਹਨ ਤਾਂ ਨੰਬਰ ਦੋ ਬਣ ਸਕਦੇ ਹਨ। ਜੇਕਰ ਉਹ ਹਾਰ ਜਾਂਦੇ ਹਨ ਤਾਂ ਸਵਾਲ ਪੁੱਛੇ ਜਾਣਗੇ ਕੀ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਕਿਉਂ ਬਣਾਇਆ ਗਿਆ। ਪੰਜ ਸਾਲ ਤੋਂ ਬਾਅਦ ਇਹ ਨਤੀਜਾ ਹੈ ਤਾਂ ਦੂਜੇ ਨੇਤਾ ਵੀ ਸਵਾਲ ਚੁੱਕ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜੇਕਰ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦਿਤੀ ਤਾਂ ਬ੍ਰੈਂਡ ਯੋਗੀ ਮੋਦੀ ਹੋਰ ਮਜ਼ਬੂਤ ਹੋਵੇਗਾ ਅਤੇ ਜੇਕਰ ਸੀਟਾਂ ਘਟੀਆਂ ਤਾਂ ਇਸ ਦੀ ਲੋਕਪ੍ਰਿਅਤਾ ਘਟੇਗੀ।"
ਅਦਿਤੀ ਮੁਤਾਬਕ ਇਸ ਦਾ ਸਿੱਧਾ ਅਸਰ ਭਾਰਤੀ ਜਨਤਾ ਪਾਰਟੀ ਦੇ ਉਹ ਕੇਂਦਰ ਨਾਲ ਸਬੰਧਿਤ ਫ਼ੈਸਲਿਆਂ ਉੱਪਰ ਵੀ ਪਵੇਗਾ। ਜੇਕਰ ਪਾਰਟੀ ਦਾ ਪ੍ਰਦਰਸ਼ਨ ਵਧੀਆ ਨਹੀਂ ਰਹਿੰਦਾ ਤਾਂ ਸਰਕਾਰ ਨੂੰ ਧਿਆਨ ਰੱਖਣਾ ਪਵੇਗਾ।
ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਪਾਸ ਤਾਂ ਕਰ ਦਿੱਤੇ ਸਨ ਪਰ ਕਿਸਾਨ ਅਤੇ ਜਨਤਾ ਦੇ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ।
ਪੰਜਾਬ ਦੇ ਹਾਲਾਤ ਅਤੇ ਆਮ ਆਦਮੀ ਪਾਰਟੀ ਚ' ਭਵਿੱਖ
ਨੀਰਜਾ ਚੌਧਰੀ ਉੱਤਰ ਪ੍ਰਦੇਸ਼ ਤੋਂ ਬਾਅਦ ਪੰਜਾਬ ਦੇ ਨਤੀਜਿਆਂ ਨੂੰ ਅਹਿਮ ਮੰਨਦੇ ਹਨ।
ਉਨ੍ਹਾਂ ਮੁਤਾਬਕ,"ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਬਣਾ ਲੈਂਦੀ ਹੈ ਤਾਂ ਰਾਤੋ ਰਾਤ ਭਾਰਤੀ ਰਾਜਨੀਤੀ ਵਿੱਚ ਉਨ੍ਹਾਂ ਦਾ ਦਮਖ਼ਮ ਬਦਲ ਸਕਦਾ ਹੈ। ਪਾਰਟੀ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਵੀ ਵਧ ਸਕਦੀ ਹੈ।"

ਤਸਵੀਰ ਸਰੋਤ, Getty Images
"ਹੁਣ ਤਕ ਤੀਜੇ ਮੋਰਚੇ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਨਹੀਂ ਦੇਖਿਆ ਗਿਆ ਪਰ ਪੰਜਾਬ ਵਿੱਚ ਜੇਕਰ ਉਹ ਚੋਣਾਂ ਜਿੱਤ ਜਾਂਦੀ ਹੈ ਤਾਂ ਇਕ ਵੱਡੀ ਜਿੱਤ ਹੋਵੇਗੀ।
ਵਿਰੋਧੀ ਧਿਰ ਦੇ ਤੌਰ 'ਤੇ ਵੱਖ ਵੱਖ ਸੂਬਿਆਂ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਹੱਤਵ ਮਿਲੇਗਾ।ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਰਕਾਰ ਨਹੀਂ ਬਣਾ ਸਕੀ ਤਾਂ ਉਨ੍ਹਾਂ ਕੋਲੋਂ ਗਵਾਉਣ ਨੂੰ ਕੁਝ ਨਹੀਂ ਹੈ।"
ਕਾਂਗਰਸ ਉੱਤੇ ਅਸਰ
ਇਨ੍ਹਾਂ ਪੰਜ ਸੂਬਿਆਂ ਦੇ ਨਤੀਜੇ ਪ੍ਰਿਯੰਕਾ ਗਾਂਧੀ ਲਈ ਵੀ ਕਾਫੀ ਅਹਿਮੀਅਤ ਰੱਖਦੇ ਹਨ।
ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਆਖਦੇ ਹਨ,"ਕਾਂਗਰਸ ਵਾਸਤੇ ਉਤਰਾਖੰਡ ਅਤੇ ਪੰਜਾਬ ਦੋ ਸਭ ਤੋਂ ਮਹੱਤਵਪੂਰਨ ਸੂਬੇ ਹਨ। ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਦੇ ਚਿਹਰੇ ਨਾਲ ਮੈਦਾਨ ਵਿੱਚ ਉਤਰੀ ਕਾਂਗਰਸ ਜੇਕਰ ਹਾਰਦੀ ਹੈ ਤਾਂ ਰਾਹੁਲ ਗਾਂਧੀ ਦੀ ਕਿਰਕਰੀ ਹੋਵੇਗੀ। ਇਹ ਇਕ ਅਜਿਹਾ ਸੂਬਾ ਸੀ ਜਿੱਥੇ ਸਿੱਧੇ ਤੌਰ ਤੇ ਭਾਜਪਾ ਨਾਲ ਮੁਕਾਬਲਾ ਨਹੀਂ ਸੀ। ਇਸ ਦਾ ਅਸਰ ਕੌਮੀ ਪੱਧਰ ਤੇ ਕਾਂਗਰਸ ਦੀ ਵਿਰੋਧੀ ਧਿਰ ਦੀ ਛਵੀ ਉੱਤੇ ਵੀ ਪਵੇਗਾ।"
ਤੀਜੇ ਮੋਰਚੇ ਦੇ ਤੌਰ 'ਤੇ ਕਾਂਗਰਸ
ਆਪਣੀ ਗੱਲ ਨੂੰ ਅੱਗੇ ਦੱਸਦੇ ਹੋਏ ਰਾਸ਼ਿਦ ਆਖਦੇ ਹਨ,"ਕਿਸੇ ਮੋਰਚੇ ਵਿੱਚ ਕਿਸੇ ਵੀ ਰਾਜਨੀਤਕ ਦਲ ਦੀ ਅਹਿਮੀਅਤ ਉਸ ਦੀ ਮਜ਼ਬੂਤੀ ਦੇ ਆਧਾਰ "ਤੇ ਤੈਅ ਹੁੰਦੀ ਹੈ ਨਾ ਕਿ ਕਮਜ਼ੋਰੀ ਦੇ ਆਧਾਰ ਤੇ। ਕਾਂਗਰਸ ਕੁਝ ਸੂਬਿਆਂ ਵਿਚ ਆਪਣੀ ਸਰਕਾਰ ਬਣਾਉਣੀ ਆਖ਼ਿਰ ਸਰਕਾਰ ਬਚਾਉਣ ਵਿੱਚ ਕਾਮਯਾਬ ਹੋਵੇਗੀ ਤਾਂ ਇਸ ਦਾ ਅਸਰ ਕਾਂਗਰਸ ਦੀ ਭੂਮਿਕਾ 'ਤੇ ਪਵੇਗਾ। ਭਾਰਤ ਵਿੱਚ ਦੋ 200 ਲੋਕ ਸਭਾ ਸੀਟਾਂ ਅਜਿਹੀਆਂ ਹਨ ਜਿਸ ਵਿੱਚ ਕਾਂਗਰਸ ਤੇ ਬੀਜੇਪੀ ਨਾਲ ਸਿੱਧੀ ਟੱਕਰ ਹੈ।"

ਤਸਵੀਰ ਸਰੋਤ, Rahul Gandhi/Twitter
ਪੰਜ ਸੂਬਿਆਂ ਵਿੱਚ ਕਾਂਗਰਸ ਦੇ ਸਾਹਮਣੇ ਚੁਣੌਤੀ ਪੰਜਾਬ ਵਿਚ ਆਪਣਾ ਕਿਲ੍ਹਾ ਬਚਾਉਣ ਦੀ ਹੈ। ਉੱਤਰਾਖੰਡ ਵਿਚ ਜਿੱਥੇ ਬੀਜੇਪੀ ਨੇ ਚੋਣਾਂ ਤੋਂ ਪਹਿਲਾਂ ਆਪਣਾ ਮੁੱਖਮੰਤਰੀ ਬਦਲਿਆ ਉੱਥੇ ਕਾਂਗਰਸ ਨੇ ਇਹ ਫੇਰਬਦਲ ਨਹੀਂ ਕੀਤੀ।
ਪ੍ਰਿਯੰਕਾ ਗਾਂਧੀ ਦੀ ਅਗਵਾਈ ਉੱਤੇ ਅਸਰ
ਰਾਸ਼ਿਦ ਮੁਤਾਬਕ ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਦੀ ਅੰਦਰੂਨੀ ਰਾਜਨੀਤੀ ਉੱਤੇ ਵੀ ਅਸਰ ਪਾਉਣਗੇ। ਪੰਜਾਬ ਅਤੇ ਉਤਰਾਖੰਡ ਜਿੱਤਣ ਵਿੱਚ ਜੇਕਰ ਕਾਂਗਰਸ ਸਫਲ ਹੋਈ ਤਾਂ ਰਾਹੁਲ ਅਤੇ ਪ੍ਰਿਯੰਕਾ ਦੀ ਜੋੜੀ ਨੂੰ ਚੁਣੌਤੀ ਦੇਣ ਵਾਲਾ ਪਾਰਟੀ ਵਿੱਚ ਕੋਈ ਨਹੀਂ ਹੋਵੇਗਾ।
ਪਾਰਟੀ ਵਿੱਚ ਇਨ੍ਹਾਂ ਦੋਹਾਂ ਦਾ ਦਬਦਬਾ ਵਧ ਜਾਵੇਗਾ।

ਤਸਵੀਰ ਸਰੋਤ, AICC/Twitter
ਇਹ ਵੀ ਸੰਭਵ ਹੈ ਕੁਝ ਵੱਡੇ ਨੇਤਾ ਪਾਰਟੀ ਛੱਡ ਦੇਣ।
ਜੇਕਰ ਕਾਂਗਰਸ ਪੰਜਾਂ ਸੂਬਿਆਂ ਵਿੱਚ ਕਿਤੇ ਵੀ ਸਰਕਾਰ ਬਣਾਉਣ ਵਿੱਚ ਕਾਮਯਾਬ ਨਹੀਂ ਹੁੰਦੀ ਤਾਂ ਕਾਂਗਰਸ ਦੇ ਕਈ ਹਿੱਸੇ ਵੀ ਹੋ ਸਕਦੇ ਹਨ ਅਤੇ ਕਈ ਖੇਤਰੀ ਦਲ ਵੀ ਬਣ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












