ਪੰਜਾਬ ਚੋਣਾਂ 2024: ਜਦੋਂ ਗੁਰਦੁਆਰਾ ਸੁਧਾਰ ਲਹਿਰ ਦੇ ਵੱਡੇ ਆਗੂ ਬਾਬਾ ਖੜਕ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਸਨ

ਤਸਵੀਰ ਸਰੋਤ, Getty Images
ਆਲ ਇੰਡੀਆ ਕਾਂਗਰਸ ਕਮੇਟੀ ਭਾਰਤ ਦੀ ਕੌਮੀ ਪੱਧਰ ਦੀ ਸਿਆਸੀ ਪਾਰਟੀ ਕਰੀਬ ਡੇਢ ਸਦੀ ਪੁਰਾਣੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਂ ਹੇਠ ਇਸ ਜਥੇਬੰਦੀ (ਕਾਂਗਰਸ) ਦਾ ਮੁੱਢ 28 ਦਸੰਬਰ 1885 ਨੂੰ ਬੱਝਿਆ ਸੀ।
ਇਸ ਜਥੇਬੰਦੀ ਦੀ ਸ਼ੁਰੂਆਤ ਨਾ ਸਿਆਸੀ ਪਾਰਟੀ ਵਜੋਂ ਹੋਈ ਸੀ ਅਤੇ ਨਾ ਹੀ ਬ੍ਰਿਟਿਸ਼ ਹਕੂਮਤ ਤੋਂ ਭਾਰਤ ਨੂੰ ਆਜ਼ਾਦੀ ਦੁਆਉਣ ਲਈ।
ਕਾਂਗਰਸ ਦੀ ਨੀਂਹ ਸੇਵਾਮੁਕਤ ਬਰਤਾਨਵੀ ਨੌਕਰਸ਼ਾਹ ਏ. ਓ. ਹਿਊਮ ਨੇ ਕੁਝ ਨੌਕਰਸ਼ਾਹਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਮੱਧ ਵਰਗੀ ਅਧਿਆਪਕਾਂ ਦੇ ਇੱਕ ਧੜੇ ਨਾਲ ਮਿਲ ਕੇ ਰੱਖੀ ਸੀ।
ਇੱਕ ਅਜਿਹਾ ਧੜਾ ਜਿਹੜਾ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰ ਸਕੇ। ਇਸ ਵਿਚ ਏ.ਓ ਹਿਊਮ ਨਾਲ ਸਰ ਡਬਲਿਯੂ ਵੈੱਡਰ, ਸਰ ਡੇਵਿਡ ਯੂਲੇ ਅਤੇ ਸਰ ਹੈਨਰੀ ਕਾਟਨ ਸਣੇ 70 ਜਣੇ ਚੰਦਾ ਭਰ ਕੇ ਮੁੱਢਲੇ ਮੈਂਬਰ ਬਣੇ।
ਡਬਲਿਯੂ ਸੀ ਬੌਨਰਜੀ ਨੇ ਕਾਂਗਰਸ ਦੇ ਪਹਿਲੇ ਇਜਲਾਸ ਦੀ ਪ੍ਰਧਾਨਗੀ ਕੀਤੀ। ਦਾਦਾਭਾਈ ਨਾਰੋਜੀ ਅਤੇ ਬਦਰਉਦੀਨ ਤਿਆਬਜੀ ਕਾਂਗਰਸ ਦੇ ਮੋਹਰੀ ਬਾਨੀ ਆਗੂਆਂ ਵਿੱਚੋਂ ਸਨ।
ਕਾਂਗਰਸ ਦਾ ਪਹਿਲਾ ਇਜਲਾਸ ਮਹਾਰਾਸ਼ਟਰ ਦੇ ਪੁਣੇ ਵਿੱਚ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਇਹ ਥਾਂ ਬਦਲੇ ਜਾਣ ਕਾਰਨ ਬੰਬੇ ਵਿੱਚ ਹੋਇਆ।
ਬੰਬੇ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਕਾਲਜ ਵਿੱਚ 28 ਦਸੰਬਰ ਤੋਂ 31 ਦਸਬੰਰ (1885) ਦੌਰਾਨ ਕਾਂਗਰਸ ਦਾ ਪਲੇਠਾ ਇਜਲਾਸ ਹੋਇਆ, ਦੂਜੇ ਇਜਲਾਸ ਵਿੱਚ ਇਸ ਦੇ ਮੈਂਬਰਾਂ ਦੀ ਗਿਣਤੀ 245 ਹੋ ਗਈ।
ਹੌਲੀ ਹੌਲੀ ਇਸ ਦਾ ਸਾਲਾਨਾ ਇਜਲਾਸ ਕਾਨਫਰੰਸ ਦਾ ਰੂਪ ਧਾਰਨ ਕਰ ਗਿਆ।

ਤਸਵੀਰ ਸਰੋਤ, Getty Images
ਗਾਂਧੀ ਅਗਵਾਈ ਤੇ ਕਾਂਗਰਸ ਦਾ ਸਿਆਸੀ ਲਹਿਰ ਵਜੋਂ ਉਭਾਰ
1920 ਤੋਂ ਬਾਅਦ ਮੋਹਨਦਾਸ ਕਰਮ ਚੰਦ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਲੜਾਈ ਛੇੜੀ ਤੇ ਇਹ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀ ਪ੍ਰਮੁੱਖ ਸਿਆਸੀ ਧਿਰ ਬਣ ਗਈ।
ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਭਾਰਤ ਵਿੱਚ ਕਈ ਦਹਾਕੇ ਰਾਜ ਕੀਤਾ, ਇਸ ਵੇਲੇ ਵੀ ਇਹ ਸੰਸਦ ਵਿੱਚ ਮੁੱਖ ਵਿਰੋਧੀ ਪਾਰਟੀ ਹੈ ਅਤੇ ਦੇਸ ਦੇ ਕਈ ਸੂਬਿਆਂ ਵਿੱਚ ਇਸ ਦੀਆਂ ਜਾਂ ਇਸ ਨਾਲ ਗਠਜੋੜ ਵਾਲੀਆਂ ਸਿਆਸੀ ਧਿਰਾਂ ਦੀਆਂ ਸਰਕਾਰਾਂ ਹਨ।
ਗਠਨ ਤੋਂ ਅਗਲੇ ਕੁਝ ਸਮੇਂ ਦੌਰਾਨ ਕਾਂਗਰਸ ਲੋਕ ਭਾਵਨਾਵਾਂ ਦੀ ਤਰਜਮਾਨੀ ਕਰਨ ਲੱਗੀ ਅਤੇ ਅਗਲੇ 15 ਸਾਲ ਵਿੱਚ ਕਾਂਗਰਸ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਲਈ।
ਇਸ ਦੇ ਬਾਵਜੂਦ ਮੱਧਵਰਗ ਦੇ ਬੁੱਧੀਜੀਵੀਆਂ ਵਿਚ ਕੌਮੀ ਭਾਵਨਾ ਇੱਕ ਰਵਾਇਤ ਹੀ ਸੀ , ਨਾ ਕਿ ਇੱਕ ਸਿਆਸ ਲਹਿਰ। ਕਾਂਗਰਸ ਪ੍ਰਚਾਰ ਦਾ ਸਾਧਨ ਹੀ ਸੀ ਅਤੇ ਇਸਦੇ ਆਗੂ ਬਿਨਾਂ ਫੌਜ ਤੋਂ ਜਰਨੈਲ ਵਰਗੇ ਸਨ।
1919 ਦੇ ਅਰਾਜਕ ਅਤੇ ਕ੍ਰਾਂਤੀਕਾਰੀ ਅਪਰਾਧ ਕਾਨੂੰਨ, ਜਿਸ ਨੂੰ ਰੌਲਟ ਐਕਟ ਕਿਹਾ ਗਿਆ ਖ਼ਿਲਾਫ਼ ਮੁਹਿੰਮ ਅਤੇ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਨੇ ਸਿਆਸੀ ਲਹਿਰ ਦਾ ਰੂਪ ਅਖ਼ਤਿਆਰ ਕਰ ਲਿਆ।
ਇਸ ਪਿੱਛੇ ਮੁੱਖ ਕਾਰਨ ਗਾਂਧੀ ਦਾ ਬੁੱਧੀਜੀਵੀਆਂ ਦੀ ਥਾਂ ਆਮ ਲੋਕਾਂ ਨੂੰ ਮੁਖਾਤਿਬ ਹੋਣਾ ਸੀ।
ਪੰਜਾਬ ਨਾਲ ਕੀਤੇ ਧੱਕੇ ਅਤੇ ਅਕਾਲੀਆਂ ਤੇ ਖ਼ਿਲਾਫ਼ਤ ਲਹਿਰ ਕਾਰਨ ਜ਼ਮੀਨ ਤਿਆਰ ਹੋ ਚੁੱਕੀ ਸੀ, ਜੋ ਕਾਂਗਰਸ ਦੇ ਸਿਆਸੀ ਲਹਿਰ ਬਣ ਕੇ ਉੱਭਰਣ ਦਾ ਅਧਾਰ ਬਣ ਗਈ।
ਇਹ ਵੀ ਪੜ੍ਹੋ :
ਲਾਲਾ ਲਾਜਪਤ ਰਾਏ ਤੇ ਪੰਜਾਬ ਕਾਂਗਰਸ
ਕਾਂਗਰਸ ਦੇ ਸ਼ੁਰੂਆਤੀ ਦੌਰ ਦੌਰਾਨ ਜਿਹੜੇ ਆਗੂਆਂ ਨੇ ਕਾਂਗਰਸ ਦੀ ਅਗਵਾਈ ਕੀਤੀ, ਉਨ੍ਹਾਂ ਵਿੱਚ ਪੰਜਾਬ ਤੋਂ ਲਾਲਾ ਲਾਜਪਤ ਰਾਏ ਪ੍ਰਮੁੱਖ ਸਨ।
'ਦਿ ਇੰਡੀਅਨ ਐਕਸਪ੍ਰੈਸ' ਵਿੱਚ 5 ਦਸੰਬਰ 2017 ਨੂੰ ਕਨਿਸ਼ਕਾ ਸਿੰਘ ਦੇ ਛਪੇ ਇੱਕ ਲੇਖ ਮੁਤਾਬਕ, ''ਲਾਲਾ ਲਾਜਪਤ ਰਾਏ ਨੇ 1920 ਵਿੱਚ ਹੋਏ ਕਾਂਗਰਸ ਦੇ ਕੋਲਕਾਤਾ ਇਜਲਾਸ ਦੀ ਪ੍ਰਧਾਨਗੀ ਕੀਤੀ ਸੀ।''
''ਲਾਲਾ ਲਾਜਪਤ ਰਾਏ ਪੰਜਾਬ ਵਿੱਚ ਆਰੀਆ ਸਮਾਜ ਲਹਿਰ ਦੇ ਆਗੂ ਅਤੇ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਵੱਡੇ ਆਗੂ ਸਨ।''

ਤਸਵੀਰ ਸਰੋਤ, Getty Images
ਕਨਿਸ਼ਕਾ ਸਿੰਘ ਲਿਖਦੇ ਹਨ, ''ਪੰਜਾਬ ਕੇਸਰੀ ਦੇ ਨਾਂ ਨਾਲ ਜਾਣੇ ਜਾਂਦੇ ਲਾਲਾ ਲਾਜਪਤ ਰਾਏ ਨੇ 1923 ਵਿੱਚ ਭਾਰਤ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵੰਡਣ ਦਾ ਵਿਵਾਦਤ ਬਿਆਨ ਦਿੱਤਾ ਸੀ।''
ਪੰਜਾਬ ਦੇ ਡੈਲੀਗੇਟਸ ਨੇ ਕੋਲਕਾਤਾ ਇਜਲਾਸ ਵਿੱਚ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਨਾਮਿਲਵਰਤਨ ਦਾ ਮਤਾ ਪਾਸ ਕਰਵਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਸੀ।
ਇਸ ਦੌਰ ਦੇ ਵੱਡੇ ਕਾਂਗਰਸੀ ਆਗੂਆਂ ਵਿਚ ਸੈਫ਼-ਉਦ-ਦੀਨ ਕਿਚਲੂ, ਗੋਪੀ ਚੰਦ ਭਾਰਗਵ, ਸੰਤਾਨਮ , ਰਾਮ ਭਜ ਦੱਤ, ਰੂਚੀ ਰਾਮ ਸਾਹਨੀ. ਫ਼ਿਰੋਜ-ਉਦ-ਦੀਨ , ਡਾ, ਪਰਸ਼ੂ ਰਾਮ ਸ਼ਰਮਾ ਅਤੇ ਸਰਦੂਲ ਸਿੰਘ ਕਵੀਸ਼ਰ ਦਾ ਨਾਂ ਸ਼ਾਮਲ ਸੀ।
ਇਸ ਤੋਂ ਇਲਾਵਾ ਆਗਾ ਸਫ਼ਦਰ, ਲਾਲਾ ਦੁਨੀ ਚੰਦ, ਹੰਸ ਰਾਜ, ਕੁਮਾਰੀ ਲੱਜਿਆਵਤੀ, ਮੌਲਾਨਾ ਅਬਦੁਲ ਕਾਦਰ, ਅਤੇ ਸੁਆਮੀ ਰਾਮਾਨੰਦ ਦਾ ਨਾਮ ਜ਼ਿਕਰਯੋਗ ਸੀ।
ਪੰਜਾਬ ਦੀਆਂ ਸੁਧਾਰਵਾਦੀ ਲਹਿਰਾਂ
1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇੱਕ ਦਹਾਕੇ ਵਿੱਚ ਪੰਜਾਬ ਉੱਤੇ ਵੀ ਅੰਗਰੇਜ਼ਾਂ ਨੇ 1849 ਵਿੱਚ ਕਬਜ਼ਾ ਕਰ ਲਿਆ।

ਤਸਵੀਰ ਸਰੋਤ, Lok Sabha website
ਪੰਜਾਬ ਉੱਤੇ ਕਬਜ਼ੇ ਨਾਲ ਬਰਤਾਨਵੀ ਹਕੂਮਤ ਨੇ ਪੂਰੀ ਤਰ੍ਹਾਂ ਭਾਰਤ ਨੂੰ ਆਪਣਾ ਗੁਲਾਮ ਬਣਾ ਲਿਆ ਸੀ।
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਮਹਾਰਾਜ ਦਲੀਪ ਸਿੰਘ, ਮਹਾਰਾਣੀ ਜ਼ਿੰਦਾ, ਭਾਈ ਮਹਾਰਾਜ ਸਿੰਘ ਤੇ ਕਈ ਸਿੱਖ ਜਰਨੈਲਾਂ ਨੇ ਅੰਗਰੇਜ਼ਾਂ ਦੇ ਜੂਲੇ ਵਿੱਚੋਂ ਨਿਕਲਣ ਦੇ ਕਈ ਯਤਨ ਕੀਤੇ ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ।
ਇਸ ਦੌਰਾਨ ਪੰਜਾਬ ਵਿੱਚ ਉੱਠੀ ਨਾਮਧਾਰੀ ਕੂਕਾ ਲਹਿਰ ਨੇ ਲੋਕਾਂ ਦਾ ਧਿਆਨ ਖਿੱਚਿਆ, ਕਾਂਗਰਸ ਦੇ ਨਾਮਿਲਵਤਨ ਲਹਿਰ ਦਾ ਤਜਰਬਾ ਪੰਜਾਬ ਵਿੱਚ ਕੂਕਿਆਂ ਨੇ ਅਜ਼ਮਾ ਲਿਆ ਸੀ।
ਕੂਕਾ ਲਹਿਰ ਦੇ ਆਗੂ ਭਾਈ ਰਾਮ ਸਿੰਘ ਦੀ ਅਗਵਾਈ ਵਿੱਚ ਉੱਠੀ ਕੂਕ ਲਹਿਰ ਦੇ 66 ਕਾਰਕੁਨਾਂ ਨੂੰ 1872 ਵਿੱਚ ਮਲੇਰਕੋਟਲਾ ਵਿੱਚ ਅੰਗਰੇਜ਼ਾ ਵਲੋਂ ਤੋਪਾਂ ਅੱਗੇ ਬੰਨ੍ਹ ਕੇ ਉਡਾਉਣ ਦੀ ਘਟਨਾ ਨੇ ਲੋਕਾਂ ਵਿੱਚ ਰੋਹ ਭਰ ਦਿੱਤਾ।
ਭਾਈ ਰਾਮ ਸਿੰਘ ਨੇ ਆਪਣੇ ਪੈਰੋਕਾਰਾਂ ਨੂੰ ਬਰਤਾਨਵੀਂ ਸਾਮਰਾਜ ਅਤੇ ਚੀਜਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ।
ਇਸੇ ਸਮੇਂ ਦੌਰਾਨ ਪੰਜਾਬ ਵਿੱਚ ਕਈ ਸੁਧਾਰਵਾਦੀ ਲਹਿਰਾਂ ਚੱਲੀਆਂ, ਸਿੱਖਾਂ ਵਿੱਚ ਨਿਰੰਕਾਰੀ ਤੇ ਸਿੰਘ ਸਭਾ ਨੇ ਜਨਮ ਲਿਆ, ਹਿੰਦੂਆਂ ਵਿੱਚ ਬ੍ਰਹਮੋ ਸਮਾਜ ਤੇ ਆਰਿਆ ਸਮਾਜੀ ਲਹਿਰਾਂ ਸ਼ੁਰੂ ਹੋਈਆਂ।
ਮੁਸਲਮਾਨਾਂ ਦੀ ਜਿਸ ਲਹਿਰ ਦੀ ਕਾਫੀ ਚਰਚਾ ਹੋਈ, ਉਹ ਸੀ ਗੁਰਦਾਸਪੁਰ ਦੇ ਕਾਦੀਆਂ ਵਿੱਚ ਸ਼ੁਰੂ ਹੋਈ ਅਹਿਮਦੀਆ ਲਹਿਰ। ਪਰ ਇਹ ਸੁਧਾਰਵਾਦੀ ਲਹਿਰਾਂ ਅੰਗਰੇਜ਼ਾਂ ਖ਼ਿਲਾਫ਼ ਲੋਕ ਲਹਿਰ ਵਾਲੀ ਵਿਸ਼ਾਲ ਲਾਮਬੰਦੀ ਨਹੀਂ ਕਰ ਸਕੀਆਂ।
ਅੰਬੇਡਕਰ ਗਾਂਧੀ ਨੂੰ ‘ਮਹਾਤਮਾ’ ਕਿਉਂ ਨਹੀਂ ਕਹਿੰਦੇ ਸੀ - ਵੀਡੀਓ
ਪੰਜਾਬ ਵਿੱਚ ਕਾਂਗਰਸ ਦਾ ਪਹਿਲਾ ਇਜਲਾਸ ਦਿਆਲ ਸਿੰਘ ਮਜੀਠੀਆ ਦੀ ਪਹਿਲਕਦਮੀ ਉੱਤੇ 1893 ਦੌਰਾਨ ਲਾਹੌਰ ਵਿੱਚ ਹੋਇਆ ਸੀ, ਪਰ ਪੰਜਾਬ ਦੇ ਹਾਲਾਤ ਨੂੰ ਸਮਝਦਿਆਂ 7 ਸਾਲ ਬਾਅਦ ਹੀ 1900 ਵਿਚ ਚੰਦਰਵਾਰਕਰ ਦੀ ਪ੍ਰਧਾਨਗੀ ਹੇਠ ਲਾਹੌਰ ਵਿੱਚ ਇੱਕ ਹੋਰ ਇਜਲਾਸ ਕੀਤਾ ਗਿਆ।
ਪੰਜਾਬ ਵਿੱਚ ਭਗਤ ਸਿੰਘ ਦੇ ਅਤੇ ਕਾਂਗਰਸ ਆਗੂ ਚਾਚਾ ਅਜੀਤ ਸਿੰਘ ਦੀ ਅਗਵਾਈ ਵਿੱਚ 1907 ਵਿੱਚ ਕਿਸਾਨੀ ਅੰਦੋਲਨ ਹੋਇਆ ਸੀ।
ਕਿਸਾਨੀ ਅੰਦੋਲਨ ਤੋਂ ਬਾਅਦ 1912 - 1914 ਦੌਰਾਨ ਅਮਰੀਕਾ, ਕੈਨੇਡਾ ਦੇ ਪਰਵਾਸੀ ਪੰਜਾਬੀ ਭਾਰਤ ਨੂੰ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਵਾਉਣ ਦੇ ਮਕਸਦ ਨਾਲ ''ਗਦਰ'' ਕਰਨ ਲਈ ਸਵਦੇਸ਼ ਆਏ।
ਉਨ੍ਹਾਂ ਵੀ 1857 ਦੀ ਤਰਜ਼ ਉੱਤੇ ਪੰਜਾਬੀ ਫੌਜੀਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਦੂਜੀ ਵਾਰ ਹਥਿਆਬੰਦ ਸੰਘਰਸ਼ ਦੀ ਕੋਸ਼ਿਸ਼ ਕੀਤੀ ਸੀ।
ਇਸ ਨੂੰ ਗਦਰ ਲਹਿਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਵੇਂ ਇਹ ਲਹਿਰ ਅਸਫ਼ਲ ਹੋ ਗਈ ਪਰ ਇਸ ਨੇ ਪੰਜਾਬ ਦੇ ਆਮ ਲੋਕਾਂ ਵਿੱਚ ਰਾਜਸੀ ਚੇਤਨਾ ਨੂੰ ਹੋਰ ਪ੍ਰਚੰਡ ਕਰ ਦਿੱਤਾ।
ਸੋ, ਜਦੋਂ ਮਹਾਤਮਾ ਗਾਂਧੀ 1915 ਵਿੱਚ ਦੱਖਣੀ ਅਫ਼ਰੀਕਾ ਤੋਂ ਆ ਕੇ ਕਾਂਗਰਸ ਦੀ ਪ੍ਰਧਾਨਗੀ ਸੰਭਾਲਦੇ ਹਨ, ਉਦੋਂ ਪੰਜਾਬ ਵਿੱਚ ਮਾਹੌਲ ਪਹਿਲਾਂ ਹੀ ਗਰਮ ਹੋ ਰਿਹਾ ਸੀ।
ਬਾਲ ਗੰਗਾਧਰ ਤਿਲਕ ਜਿਹੜੇ ਬਾਅਦ ਵਿੱਚ ਕਾਂਗਰਸ ਦੇ ਵੱਡੇ ਤੇ ਸਰਗਰਮ ਆਗੂ ਬਣੇ ਨੇ ਇੱਥੋਂ ਹੀ ''ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ'', ਦਾ ਨਾਅਰਾ ਬੁਲੰਦ ਕੀਤਾ ਸੀ।

ਤਸਵੀਰ ਸਰੋਤ, Getty Images
ਪੰਜਾਬ ਵਿਚ ਕਾਂਗਰਸ ਦੀਆਂ ਜੜ੍ਹਾਂ ਲਾਉਣ ਵਾਲਾ ਅੰਦੋਲਨ
ਪ੍ਰਿਥੀਪਾਲ ਸਿੰਘ ਕਪੂਰ ਆਪਣੀ ਕਿਤਾਬ ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਲਹਿਰਾਂ ਵਿੱਚ ਲਿਖਦੇ ਹਨ, ''ਸਮਝਿਆ ਜਾਂਦਾ ਹੈ ਕਿ ਗਾਂਧੀ ਨੇ ਸਵਰਾਜ ਦੀ ਮੰਗ ਨਾ-ਮਿਲਵਰਤਨ ਲਹਿਰ ਦੀ ਸੂਚੀ ਵਿੱਚ ਲਾਲਾ ਲਾਜਪਤ ਰਾਏ ਦੇ ਕਹਿਣ ਉੱਤੇ ਸ਼ਾਮਿਲ ਕੀਤੀ ਸੀ।''
ਕਪੂਰ ਅੱਗੇ ਲਿਖਦੇ ਹਨ, ''ਨਾ ਮਿਲਵਰਤਨ ਲਹਿਰ ਵਿੱਚ ਸਿੱਖਾਂ ਦੀਆਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਮੰਗਾਂ ਵੀ ਸ਼ਾਮਲ ਕੀਤੀਆਂ ਗਈਆਂ।''
ਇਸ ਨਾਲ ਗੁਰਦੁਆਰਾ ਸੁਧਾਰ ਲਹਿਰ ਦਾ ਘੇਰਾ ਕੌਮੀ ਪੱਧਰ ਦਾ ਬਣਦਾ ਸੀ ਅਤੇ ਇਸੇ ਲਈ ਸੈਂਟਰਲ ਸਿੱਖ ਲੀਗ ਨੇ ਆਪਣੇ ਲਾਹੌਰ ਵਿੱਚ ਹੋਏ ਸਾਲਾਨਾ ਸਮਾਗਮ ਦੌਰਾਨ ਨਾ-ਮਿਲਵਰਤਨ ਦੀ ਹਮਾਇਤ ਦਾ ਮਤਾ ਪਾਸ ਕੀਤਾ।
ਨਾ ਮਿਲਵਰਤਨ ਲਹਿਰ ਦੌਰਾਨ ਪੰਜਾਬ ਵਿੱਚ ਸਾਰੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਕਾਂਗਰਸ ਕਮੇਟੀਆਂ ਬਣਾਉਣ ਦਾ ਮਿਸ਼ਨ ਪੰਜਾਬ ਦੇ ਆਗੂਆਂ ਅੱਗੇ ਰੱਖਿਆ ਗਿਆ।
ਇਸ ਲਈ ਡਾ. ਸੈਫ-ਉ-ਦੀਨ ਕਿਚਲੂ ਨੇ 5 ਲੱਖ ਰੁਪਏ ਇਕੱਠੇ ਕਰਕੇ ਕਾਂਗਰਸ ਦੀਆਂ ਜੜ੍ਹਾਂ ਲਾਉਣ ਦੀ ਮੁਹਿੰਮ ਵਿੱਢ ਦਿੱਤੀ।
ਇਸ ਤਹਿਤ ਥਾਂ-ਥਾਂ ਜਲਸੇ, ਵਿਦੇਸ਼ੀ ਚੀਜ਼ਾਂ ਦਾ ਬਾਈਕਾਟ, ਸ਼ਰਾਬ ਦੇ ਠੇਕਿਆਂ ਅੱਗੇ ਧਰਨੇ, ਸਨਮਾਨ ਮੋੜਨ ਵਰਗੇ ਪ੍ਰੋਗਰਾਮ ਕੀਤੇ ਗਏ।
ਅਦਾਲਤਾਂ ਵਿੱਚ ਲਾਲਾ ਲਾਜਪਤ ਰਾਏ, ਦੁਨੀ ਚੰਦ ਲਾਹੌਰ, ਆਗਾ ਸਫ਼ਦਰ, ਕੇ ਸੰਤਾਨਮ ਸਣੇ 50 ਵਕੀਲਾਂ ਨੇ ਵਕਾਲਤ ਛੱਡ ਦਿੱਤੀ।
ਇਹ ਲਹਿਰ ਸਕੂਲਾਂ ਕਾਲਜਾਂ ਤੱਕ ਵੀ ਪਹੁੰਚੀ। ਇੱਕ ਕਰੋੜ ਦੀ ਭਰਤੀ ਅਤੇ 5 ਲੱਖ ਚਰਖੇ ਵੰਡਣ ਦਾ ਸਿਲਸਿਲਾ ਜੋਸ਼-ਓ-ਖਰੋਸ਼ ਨਾਲ ਚੱਲਿਆ।
ਪੰਜਾਬ ਸਰਕਾਰ ਨੇ ਇਸ ਲਹਿਰ ਨੂੰ ਦੇਸ਼ ਧ੍ਰੋਹੀ ਲਹਿਰ ਦੱਸ ਕੇ ਜ਼ਬਰ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਧੱਕੇ ਨਾਲ ਦਬਾਉਣ ਦੀ ਕੋਸਿਸ਼ ਕੀਤੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਤਕਾਲੀ ਪ੍ਰਮੁੱਖ ਆਗੂ ਲਾਲਾ ਲਾਜਪਤ ਰਾਏ, ਗੋਪੀ ਚੰਦ ਭਾਰਗਵ, ਰਾਮਭਜ ਦੱਤ, ਡਾ. ਸੈਫ-ਉ-ਦੀਨ ਕਿਚਲੂ, ਸੰਤਾਨਮ ਅਤੇ ਸਰਦੂਲ ਸਿੰਘ ਕਵੀਸ਼ਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵੰਦੇ ਮਾਤਰਮ ਕਹਿਣ ਉੱਤੇ 2000 ਹਜ਼ਾਰ ਰੁਪਏ ਜੁਰਮਾਨਾ ਅਤੇ ਜਲਸਿਆਂ ਉੱਤੇ ਪੰਬਾਦੀਆਂ ਲਾ ਦਿੱਤੀਆਂ ਗਈਆਂ।
1922 ਵਿੱਚ ਜਦੋਂ ਮਹਾਤਮਾਂ ਗਾਂਧੀ ਨੇ ਨਾ-ਮਿਲਵਰਤਨ ਅੰਦੋਲਨ ਵਾਪਸ ਲੈ ਲਿਆ ਤਾਂ ਵੀ ਪੰਜਾਬੀਆਂ ਦਾ ਜੋਸ਼ ਠੰਡਾ ਨਾ ਪਿਆ, ਭਾਵੇਂ ਕਿ ਇਸ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਨਿਰਾਸ਼ ਜਰੂਰ ਕੀਤਾ ਸੀ।
ਇਹ ਵੀ ਪੜ੍ਹੋ :
ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਸਿਖ਼ਰ ਤੋਂ ਡਿੱਗੀ ਲਹਿਰ ਕਾਰਨ ਲੋਕਾਂ ਨੂੰ ਨਿਰਾਸ਼ ਹੋਣ ਤੋਂ ਬਚਾਉਣ ਲਈ ਪੰਜਾਬ ਦਾ ਆਪਣਾ ਨਵ-ਸਿਰਜਤ ਖਾਦੀ ਪ੍ਰੋਗਰਾਮ ਸ਼ੁਰੂ ਕਰ ਦਿੱਤਾ।
ਅਗਲੇ ਦੋ ਸਾਲਾਂ ਵਿੱਚ ਹੀ ਭਾਰਤ ਦੇ 32 ਫੀਸਦ ਖਾਦੀ ਉਤਪਾਦਨ ਦੇ ਮੁਕਾਬਲੇ ਪੰਜਾਬ ਵਿੱਚ 66 ਫੀਸਦ ਹੋ ਗਿਆ।
ਨਸ਼ਾਬੰਦੀ ਕਮੇਟੀ ਦੇ ਮੁਜ਼ਾਹਰੇ ਕਾਫ਼ੀ ਤਿੱਖਾ ਐਕਸ਼ਨ ਬਣ ਗਏ, ਛੂਤ-ਛਾਤ ਦੇ ਖ਼ਿਲਾਫ਼ ਵੀ ਮੁਹਿੰਮ ਵਿੱਢੀ ਗਈ। ਅਜਿਹੇ ਪ੍ਰੋਗਰਾਮਾਂ ਨੇ ਪੰਜਾਬ ਵਿੱਚ ਕਾਂਗਰਸ ਦੀਆਂ ਜੜ੍ਹਾਂ ਲਾ ਦਿੱਤੀਆਂ।
1929 ਵਿੱਚ ਕਾਂਗਰਸ ਦਾ ਕੌਮੀ ਟੀਚਾ 51718 ਮੈਂਬਰ ਭਰਤੀ ਕਰਨ ਦਾ ਸੀ, ਪਰ ਇਕੱਲੇ ਪੰਜਾਬ ਵਿੱਚ ਹੀ ਇੱਕ ਸਾਲ ਦੌਰਾਨ 28122 ਜਣੇ ਕਾਂਗਰਸ ਵਿੱਚ ਸ਼ਾਮਲ ਹੋਏ।

ਤਸਵੀਰ ਸਰੋਤ, Getty Images
ਜਦੋਂ ਕਾਂਗਰਸੀ ਅਕਾਲੀ ਇੱਕ ਹੀ ਸਨ
ਪ੍ਰਿਥੀਪਾਲ ਸਿੰਘ ਕਪੂਰ ਲਿਖਦੇ ਹਨ ਕਿ ਅਕਾਲੀਆਂ ਨੇ ਕਾਂਗਰਸ ਦੀ ਮੈਂਬਰਸ਼ਿਪ ਵਧਾਉਣ ਲਈ ਕਾਫ਼ੀ ਮਦਦ ਕੀਤੀ। ਇਸ ਤੱਥ ਦੇ ਸਬੂਤ ਵਜੋਂ ਉਹ ਲਾਲਾ ਲਾਜਪਤ ਰਾਏ ਦੀ ਮਾਸਟਰ ਤਾਰਾ ਸਿੰਘ ਨੂੰ ਲਿਖੀ ਇੱਕ ਚਿੱਠੀ ਦਾ ਹਵਾਲਾ ਦਿੰਦੇ ਹਨ।
ਉਹ ਲਿਖਦੇ ਹਨ, ''ਮੈਂ ਇਹ ਪੱਤਰ ਖਾਲਸਾ ਕਾਲਜ, ਅੰਮ੍ਰਿਤਸਰ ਲਾਇਬਰੇਰੀ ਵਿੱਚ ਸੁਰੱਖਿਅਤ ਦਸਤਾਵੇਜ਼ਾਂ ਵਿੱਚ ਦੇਖਿਆ ਸੀ।''
ਭਾਵੇਂ ਅਕਾਲੀ ਦਲ 1920 ਵਿੱਚ ਬਣ ਗਿਆ ਸੀ, ਪਰ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਅਕਾਲੀ ਆਗੂਆਂ ਨੇ ਕਾਂਗਰਸ ਦੀ ਕੌਮੀ ਲਹਿਰ ਵਿੱਚ ਅੱਗੇ ਵਧ ਕੇ ਰੋਲ ਅਦਾ ਕੀਤਾ ਸੀ।
ਬਾਬਾ ਖੜਕ ਸਿੰਘ ਅਕਾਲੀ ਲਹਿਰ ਦੇ ਸਿਰਮੌਰ ਆਗੂ ਸਨ, ਉਹ ਅੰਗਰੇਜ਼ ਪੱਖ਼ੀ ਜਗੀਰਦਾਰਾਂ ਅਤੇ ਅਖੌਤੀ ਮਹਾਨ ਸਿੱਖਾਂ ਦੀ ਅੰਗਰੇਜ਼ ਖੁਸ਼ਾਮਦ ਦੇ ਸਖ਼ਤ ਆਲੋਚਕ ਸਨ।
ਬਾਬਾ ਖੜਕ ਸਿੰਘ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੋਹਰੀ ਆਗੂ ਸਨ, ਸ੍ਰੀ ਦਰਬਾਰ ਸਾਹਿਬ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਵਾਉਣ ਲਈ ਲੱਗੇ ਚਾਬੀਆਂ ਦੇ ਮੋਰਚੇ ਸਮੇਂ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ।
ਉਦੋਂ ਗਾਂਧੀ ਨੇ ਬਾਬਾ ਖੜਕ ਸਿੰਘ ਨੂੰ ਟੈਲੀਗਰਾਮ ਭੇਜਕੇ ਮੁਬਾਰਕਵਾਦ ਦਿੱਤੀ ਸੀ ਅਤੇ ਕਿਹਾ ਸੀ, ''ਅਜ਼ਾਦੀ ਦੇ ਯੁੱਧ ਵਿਚ ਪਹਿਲੀ ਜੰਗ ਫਤਿਹ ਹੋ ਗਈ।''
ਡਾਕਟਰ ਕਿਚਲੂ ਨੇ ਇੱਕ ਵਾਰ ਕਿਹਾ ਸੀ, ''ਸਿੱਖਾਂ ਨੂੰ ਕੌਮੀ ਮੁੱਖਧਾਰਾ ਵਿੱਚ ਲਿਆਉਣ ਦਾ ਸਿਹਰਾ ਬਾਬਾ ਖੜਕ ਸਿੰਘ ਸਿਰ ਬੱਝਦਾ ਹੈ।''
1922 ਵਿੱਚ ਲਾਲਾ ਲਾਜਪਤ ਰਾਏ ਦੀ ਗ੍ਰਿਫ਼ਤਾਰੀ ਮਗਰੋਂ ਬਾਬਾ ਖੜਕ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਮਹਾਤਮਾ ਗਾਂਧੀ ਨੇ ਬਕਾਇਦਾ ਚਿੱਠੀ ਲਿਖ ਕੇ ਪੰਜਾਬ ਕਾਂਗਰਸ ਨੂੰ ਵਧਾਈ ਭੇਜੀ ਸੀ।
ਬਾਬਾ ਖੜਕ ਸਿੰਘ ਦੇ ਮੋਤੀ ਲਾਲ ਨਾਲ ਮਤਭੇਦ
1929 ਵਿੱਚ ਬਾਬਾ ਖੜਕ ਸਿੰਘ ਦੇ ਮੋਤੀ ਲਾਲ ਨਹਿਰੂ ਰਿਪੋਰਟ ਕਾਰਨ ਕਾਂਗਰਸ ਨਾਲ ਤਿੱਖੇ ਮਤਭੇਦ ਹੋ ਗਏ, ਉਹ ਕਾਂਗਰਸ ਨੂੰ ਪੂਰਨ ਸਵਰਾਜ ਦਾ ਮਤਾ ਪਾਸ ਕਰਨ ਲਈ ਕਹਿ ਰਹੇ ਸਨ।
ਗਾਂਧੀ ਨੇ ਘੱਟ ਗਿਣਤੀਆਂ ਦੇ ਹੱਕਾਂ ਲਈ ਕਈ ਤਰ੍ਹਾਂ ਦੇ ਭਰੋਸੇ ਦਿੱਤੇ ਪਰ ਬਾਬਾ ਖੜਕ ਸਿੰਘ ਨੇ ਕਾਂਗਰਸ ਦੇ ਸਿਵਲ ਨਾਫੁਰਮਾਨੀ ਅੰਦੋਲਨ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ।
ਉਦੋਂ ਅਕਾਲੀ ਆਗੂ ਮਾਸਟਰ ਤਾਰਾ ਸਿੰਘ ਨੇ ਗਾਂਧੀ ਦੇ ਭਰੋਸੇ ਨੂੰ "ਦਾਨਸ਼ਮੰਦੀ'' ਵਾਲਾ ਕਦਮ ਆਖ ਕੇ ਵਿਸ਼ਵਾਸ਼ ਕਰ ਲਿਆ।
ਉਨ੍ਹਾਂ ਸਿਵਲ ਨਾਫੁਰਮਾਨੀ ਲਹਿਰ ਦਾ ਸਮਰਥਨ ਕਰ ਦਿੱਤਾ। ਸਿੱਟੇ ਵਜੋਂ ਉਹ ਸਿੱਖਾਂ ਦੇ ਵੱਡੇ ਆਗੂ ਬਣ ਕੇ ਉੱਭਰ ਆਏ।
ਜਿਸ ਕਾਰਨ ਬਾਬਾ ਖੜਕ ਸਿੰਘ ਦੀ ਥਾਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ, ਖੁਦ ਨੂੰ ਧਰਮ ਨਿਰਪੱਖ ਦੱਸਣ ਵਾਲੀ ਕਾਂਗਰਸ ਨੇ ਇਸ ਬਦਲੀ ਦਾ ਸਵਾਗਤ ਕੀਤਾ।

ਤਸਵੀਰ ਸਰੋਤ, Getty Images
ਜਦੋਂ ਬਾਦਲ ਨੇ ਕਾਂਗਰਸ ਦੀ ਟਿਕਟ ਉੱਤੇ ਚੋਣ ਲੜੀ
ਇਸ ਤੋਂ ਬਾਅਦ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਦੋਵੇਂ ਹੀ ਕਾਂਗਰਸ ਦੇ ਸੱਤਿਆਗ੍ਰਿਹਾਂ ਵਿੱਚ ਹਿੱਸਾ ਲੈਂਦੇ ਰਹੇ ਅਤੇ 1946 ਦੀਆਂ ਚੋਣਾਂ ਵਿੱਚ ਵੀ ਉਨ੍ਹਾਂ ਕਾਂਗਰਸ ਦੀ ਹਮਾਇਤ ਕੀਤੀ।
ਦੋਵੇਂ ਹੀ ਪਾਕਿਸਤਾਨ ਬਣਾਉਣ ਅਤੇ ਮੁਲਕ ਦੀ ਵੰਡ ਦੇ ਕੱਟੜ ਵਿਰੋਧੀ ਸਨ।
1947 ਵਿੱਚ ਦੇਸ ਦੀ ਵੰਡ ਦੌਰਾਨ ਅਕਾਲੀ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਸਿੱਖ ਭਾਰਤ ਨਾਲ ਰਹਿਣਗੇ।
1950ਵਿਆਂ ਦੇ ਅੱਧ ਤੱਕ ਅਕਾਲੀਆਂ ਤੇ ਕਾਂਗਰਸ ਵਿਚਾਲੇ ਸਾਂਝ ਬਣੀ ਰਹੀ। 1956 ਵਿੱਚ ਪੈਪਸੂ ਸਟੇਟ ਦੇ ਪੰਜਾਬ ਵਿੱਚ ਸ਼ਾਮਲ ਹੋਣ ਮੌਕੇ ਅਕਾਲੀਆਂ ਨੇ ਕਾਂਗਰਸ ਨਾਲ ਸਿਆਸੀ ਸਾਂਝ ਪਾਈ।

ਤਸਵੀਰ ਸਰੋਤ, SAD
ਅਕਾਲੀਆਂ ਨੇ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਨਾਲ ਮਿਲ ਕੇ ਲੜੀਆਂ ਸਨ। ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਂਗਰਸ ਦੇ ਚੋਣ ਨਿਸ਼ਾਨ ਉੱਤੇ ਹੀ ਚੋਣਾਂ ਲੜੀਆਂ ਸਨ।
ਅਕਾਲੀ ਆਗੂ ਗਿਆਨ ਸਿੰਘ ਰਾੜੇਵਾਲਾ ਅਤੇ ਗਿਆਨੀ ਕਰਤਾਰ ਸਿੰਘ ਕਾਂਗਰਸ ਸਰਕਾਰ ਵਿੱਚ ਮੰਤਰੀ ਬਣੇ ਸਨ। ਪ੍ਰਕਾਸ਼ ਸਿੰਘ ਬਾਦਲ ਵੀ ਉਦੋਂ ਕਾਂਗਰਸ ਦੀ ਟਿਕਟ ਉੱਤੇ ਪਹਿਲੀ ਵਾਰ ਵਿਧਾਇਕ ਬਣੇ ਸਨ।
ਇਸ ਤੋਂ ਬਾਅਦ ਪੰਜਾਬ ਵਿੱਚ ਅਕਾਲੀ ਦਲ ਨੇ ਖੇਤਰੀ ਪਾਰਟੀਆਂ ਦੇ ਉਭਾਰ ਅਤੇ ਸੂਬਿਆਂ ਨੂੰ ਵੱਧ ਅਧਿਕਾਰਾਂ ਦਾ ਏਜੰਡਾ ਅੱਗੇ ਵਧਾਇਆ ਤੇ ਖੁਦ ਨੂੰ ਪੰਥਕ ਪਾਰਟੀ ਬਣਾ ਕੇ ਕਾਂਗਰਸ ਤੋਂ ਰਾਹਾਂ ਵੱਖ ਕਰ ਲਈਆਂ।
ਪੰਜਾਬ ਦੀ ਸੱਤਾ ਤੇ ਕਾਂਗਰਸ ਦੇ ਮੁੱਖ ਮੰਤਰੀ
ਆਜ਼ਾਦੀ ਤੋਂ ਬਾਅਦ ਭਾਰਤ ਦੀ ਸੱਤਾ ਉੱਤੇ ਜਿਵੇਂ ਕਾਂਗਰਸ ਦਾ ਕਬਜ਼ਾ ਹੋਇਆ, ਪੰਜਾਬ ਵੀ ਅਛੂਤਾ ਨਹੀਂ ਸੀ।
15 ਅਗਸਤ 1947 ਨੂੰ ਪੰਜਾਬ ਦੀ ਪਹਿਲੀ ਅੰਤ੍ਰਿਮ ਸਰਕਾਰ ਦਾ ਮੁੱਖ ਮੰਤਰੀ ਗੋਪੀ ਚੰਦ ਭਾਗਰਵ ਨੂੰ ਬਣਾਇਆ (ਗਿਆ) ਸੀ। ਉਹ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਆਜ਼ਾਦੀ ਲਹਿਰ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ ਸੀ।
ਉਨ੍ਹਾਂ ਤੋਂ ਬਾਅਦ ਭੀਮ ਸੈਨ ਸੱਚਰ ਨੇ ਪੰਜਾਬ ਦੀ ਵਾਗਡੋਰ ਸੰਭਾਲੀ, ਇਹ ਦੋਵੇਂ ਆਗੂ 1956 ਤੱਕ ਬਤੌਰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਅਗਵਾਈ ਕਰਦੇ ਰਹੇ।
1956 ਵਿੱਚ ਤੀਜੇ ਚਿਹਰੇ ਪ੍ਰਤਾਪ ਸਿੰਘ ਕੈਰੋਂ ਦੀ ਐਂਟਰੀ ਹੁੰਦੀ ਹੈ, ਉਹ ਪੰਜਾਬ ਦੇ ਤੀਜੇ ਮੁੱਖ ਮੰਤਰੀ ਬਣੇ। ਉਨ੍ਹਾਂ ਨੂੰ ਭਾਰਤੀ ਪੰਜਾਬ ਦਾ ਆਜ਼ਾਦੀ ਤੋਂ ਬਾਅਦ ਦਾ ਸਿਰਜਣਹਾਰ ਕਿਹਾ ਜਾਂਦਾ ਹੈ।
ਉਹ ਪੰਜਾਬ ਦੇ ਤਰਨ ਤਾਰਨ ਦੇ ਪਿੰਡ ਕੈਰੋਂ ਦੇ ਰਹਿਣ ਵਾਲੇ ਸਨ ਅਤੇ ਭਾਰਤ ਦੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਸਨ।

ਤਸਵੀਰ ਸਰੋਤ, Getty Images
1965 ਵਿੱਚ ਕੈਰੋਂ ਦਾ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਕਤਲ ਕਰ ਦਿੱਤਾ ਗਿਆ ਅਤੇ ਫਿਰ ਆਜ਼ਾਦੀ ਘੁਲਾਟੀਏ ਅਤੇ ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਰਾਮ ਕਿਸ਼ਨ ਪੰਜਾਬ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੂੰ 'ਕਾਮਰੇਡ' ਵੀ ਕਿਹਾ ਜਾਂਦਾ ਸੀ।
ਕਾਮਰੇਡ ਰਾਮ ਕਿਸ਼ਾਨ ਤੋਂ ਬਾਅਦ ਕੁਝ ਮਹੀਨਿਆਂ ਲਈ ਪੰਜਾਬ ਦੀ ਵਾਗਡੋਰ ਲੇਖਕ ਤੇ ਆਜ਼ਾਦੀ ਘੁਲਾਟੀਏ ਗੁਰਮੁਖ ਸਿੰਘ ਮੁਸਾਫ਼ਰ ਹੱਥ ਆਈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਵੀ ਰਹਿ ਚੁੱਕੇ ਸਨ।
ਗੁਰਮੁਖ ਸਿੰਘ ਮੁਸਾਫ਼ਰ 1949 ਤੋਂ 1961 ਤੱਕ ਕਰੀਬ 12 ਸਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ ਸਨ।
ਉਨ੍ਹਾਂ ਤੋਂ ਬਾਅਦ ਗਿਆਨੀ ਜ਼ੈਲ ਸਿੰਘ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ, ਉਹ ਭਾਰਤ ਦੇ ਗ੍ਰਹਿ ਮੰਤਰੀ ਤੇ ਫਿਰ ਰਾਸ਼ਟਰਪਤੀ ਵੀ ਰਹੇ।
ਉਨ੍ਹਾਂ ਦੇ ਕੇਂਦਰ ਦੀ ਸਿਆਸਤ ਵਿੱਚ ਜਾਣ ਮਗਰੋਂ ਪੰਜਾਬ ਵਿੱਚ ਸੱਤਾ ਉੱਤੇ ਕਾਂਗਰਸ ਦੀ ਅਗਵਾਈ ਦਰਬਾਰਾ ਸਿੰਘ ਨੇ ਕੀਤੀ।
ਦਰਬਾਰਾ ਸਿੰਘ ਮਗਰੋਂ ਪੰਜਾਬ ਵਿਚ ਖਾਲਿਸਤਾਨ ਲਹਿਰ ਦੌਰਾਨ ਮੁੜ ਕਾਂਗਰਸ 1992 ਵਿਚ ਸੱਤਾ ਵਿਚ ਆਈ ਤੇ ਬੇਅੰਤ ਸਿੰਘ ਮੁੱਖ ਮੰਤਰੀ ਬਣ ਗਏ।

ਤਸਵੀਰ ਸਰੋਤ, Getty Images
ਬੇਅੰਤ ਸਿੰਘ ਉੱਤੇ ਆਪਣੇ ਕਾਰਜਕਾਲ ਦੌਰਾਨ ਹਥਿਆਰਬੰਦ ਖਾਲਿਸਤਾਨੀ ਲਹਿਰ ਨੂੰ ਜ਼ਬਰੀ ਖਤਮ ਕਰਨ ਅਤੇ ਇਸ ਦੇ ਉੱਤੇ ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਉਣ ਦੇ ਇਲਜ਼ਾਮ ਲੱਗੇ।
ਖਾਲਿਸਤਾਨੀ ਖਾੜਕੂਆਂ ਨੇ ਚੰਡੀਗੜ੍ਹ ਸਿਵਲ ਸਕੱਤਰੇਤ ਦੇ ਬਾਹਰ ਆਤਮਘਾਤੀ ਬੰਬ ਧਮਾਕੇ ਵਿੱਚ ਬੇਅੰਤ ਸਿੰਘ ਦਾ ਕਤਲ ਕਰ ਦਿੱਤਾ।
ਇਸ ਮਗਰੋਂ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਬਣਾ ਦਿੱਤਾ ਗਿਆ। ਪਰ ਕਰੀਬ ਡੇਢ ਕੂ ਸਾਲ ਬਾਅਦ ਅਗਲੀਆਂ ਚੋਣਾਂ ਨੂੰ ਦੇਖਦਿਆਂ ਬੀਬੀ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ।
2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇੱਕ ਵਾਰ ਮੁੜ ਪੰਜਾਬ ਦੀ ਸੱਤਾ ਵਿਚ ਆਈ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ।
2007 ਦੀਆਂ ਚੋਣਾਂ ਹਾਰਨ ਮਗਰੋਂ ਅਕਾਲੀ ਦਲ ਲਗਾਤਾਰ 10 ਸਾਲ ਸੱਤਾ ਵਿੱਚ ਰਿਹਾ ਪਰ 2017 ਵਿੱਚ ਕਾਂਗਰਸ ਨੇ ਮੁੜ ਸੱਤਾ ਹਾਸਲ ਕਰਕੇ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਮੁੱਖ ਮੰਤਰੀ ਬਣ ਗਏ।

ਤਸਵੀਰ ਸਰੋਤ, Amarinder Singh/Fb
ਪੰਜਾਬ 'ਚ ਸੱਤਾ ਲਈ ਧੜ੍ਹੇਬੰਦੀ
ਪੰਜਾਬ ਕਾਂਗਰਸ ਵਿੱਚੋਂ ਕਈ ਆਗੂਆਂ ਨੇ ਕੇਂਦਰੀ ਸਿਆਸਤ ਵਿੱਚ ਆਪਣੀ ਥਾਂ ਬਣਾਈ। ਸਵਰਨ ਸਿੰਘ ਮੁਲਕ ਦੇ ਰੱਖਿਆ ਤੇ ਵਿਦੇਸ਼ ਮੰਤਰੀ ਰਹੇ, ਇਸੇ ਤਰ੍ਹਾਂ ਬਲਦੇਵ ਸਿੰਘ ਨੇ ਵੀ ਰੱਖਿਆ ਮੰਤਰੀ ਸਣੇ ਕਈ ਅਹਿਮ ਅਹੁਦਿਆਂ ਉੱਤੇ ਕੰਮ ਕੀਤਾ।
ਗਿਆਨੀ ਜ਼ੈਲ ਸਿੰਘ ਤਾਂ ਮੁੱਖ ਮੰਤਰੀ, ਰੱਖਿਆ ਮੰਤਰੀ ਅਤੇ ਫਿਰ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਕੇ ਸੇਵਾਮੁਕਤ ਹੋਏ। ਪਰ ਪੰਜਾਬ ਕਾਂਗਰਸ ਵਿੱਚ ਧੜ੍ਹੇਬੰਦੀ ਵੀ ਲਗਾਤਾਰ ਚੱਲਦੀ ਰਹੀ।
ਜੁਲਾਈ ਮਹੀਨੇ ਵਿੱਚ ਪੰਜਾਬ ਕਾਂਗਰਸ ਦੇ ਮੁੱਖ ਮੰਤਰੀਆਂ ਦੇ ਪਰ ਕੁਤਰੇ ਜਾਣਾ ਇੱਕ ਅਨੋਖੀ ਮਿਸਾਲ ਹੈ। ਕੁਝ ਹੋਰ ਵੀ ਦਿਲਚਸਪ ਮਿਸਾਲਾਂ ਇਤਿਹਾਸ ਦੇ ਗਰਭ ਵਿੱਚ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪਾਰਟੀ ਵਿੱਚ ਆਲੋਚਕ ਪੰਡਿਤ ਭਗਵਤ ਦਿਆਲ ਨੂੰ ਹਾਈ ਕਮਾਂਡ ਨੇ ਜੁਲਾਈ 1963 ਵਿੱਚ ਕਾਮਰਾਜ ਪਲਾਨ ਤਹਿਤ ਪਾਰਟੀ ਪ੍ਰਧਾਨ ਲਾਇਆ ਸੀ।
ਪੰਡਿਤ ਭਾਗਵਤ ਜਿਨ੍ਹਾਂ ਨੂੰ ਕੈਰੋਂ ਨੇ ਲਗਾਤਾਰ ਤਿੰਨ ਵਾਰ ਵਿਧਾਇਕ ਬਣਨ ਉੱਤੇ ਵੀ ਮੰਤਰੀ ਨਹੀਂ ਬਣਾਇਆ ਸੀ, ਉਹੀ 1966 ਵਿੱਚ ਹਰਿਆਣਾ ਦੇ ਪਹਿਲੇ ਮੁੱਖ ਮੰਤਰੀ ਬਣੇ ਅਤੇ 1964 ਵਿੱਚ ਕੈਰੋਂ ਦੀ ਛੁੱਟੀ ਕਰ ਦਿੱਤੀ ਗਈ ਸੀ।
ਇਸ ਤਰ੍ਹਾਂ ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਪਾਰਟੀ ਹਾਈਕਮਾਂਡ ਨੇ ਮਹਿੰਦਰ ਸਿੰਘ ਗਿੱਲ ਨੂੰ ਜੁਲਾਈ 1975 ਵਿੱਚ ਪ੍ਰਧਾਨ ਬਣਾਇਆ ਸੀ ਤੇ ਉਸ ਤੋਂ ਇੱਕ ਸਾਲ ਬਾਅਦ ਗਿਆਨੀ ਜ਼ੈਲ ਸਿੰਘ ਦੀ ਪੰਜਾਬ ਦੀ ਸੱਤਾ ਤੋਂ ਰੁਖਸਤੀ ਹੋ ਗਈ ਸੀ।
ਮੌਜੂਦਾ ਮਿਸਾਲ ਕੈਪਟਨ ਅਮਰਿੰਦਰ ਸਿੰਘ ਦੀ ਹੈ, ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਨ ਤੋਂ ਰੋਕਣ ਲਈ ਹਰ ਹਰਬਾ-ਜਰਬਾ ਵਰਤਿਆ ਪਰ ਹਾਈਕਮਾਂਡ ਨੇ ਸਿੱਧੂ ਨੂੰ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ।
ਸਿੱਧੂ ਦੇ ਪ੍ਰਧਾਨ ਬਣਦੇ ਹੀ 72 ਪਾਰਟੀ ਵਿਧਾਇਕਾਂ ਵਿੱਚੋਂ 62 ਸਿੱਧੂ ਵਾਲੇ ਖੇਮੇ ਵਿੱਚ ਚਲੇ ਗਏ, ਕੈਪਟਨ ਨੂੰ ਨਾ ਚਾਹੁੰਦੇ ਹੋਏ ਵੀ ਸਿੱਧੂ ਦੀ ਪ੍ਰਧਾਨਗੀ ਵਾਲੇ ਤਾਜਪੋਸ਼ੀ ਸਮਾਗਮ ਵਿੱਚ ਜਾਣਾ ਪਿਆ।
ਕੈਪਟਨ ਅਤੇ ਸਿੱਧੂ ਵਿਚਾਲੇ ਲਗਾਤਾਰ ਖਾਨਾਜੰਗ ਚੱਲ ਰਹੀ। ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਤੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਬਣਾ ਲਈ।
ਹੁਣ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੇ ਭਾਜਪਾ ਤੇ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਕਰ ਲਿਆ ਹੈ।
ਕਾਂਗਰਸ ਵਿਚ ਬੁਨਿਆਦੀ ਤਬਦੀਲੀ
ਸਾਲ 2021 ਦੇ ਆਖ਼ਰੀ 6 ਮਹੀਨੇ ਪੰਜਾਬ ਕਾਂਗਰਸ ਵਿਚ ਬੁਨਿਆਦੀ ਤਬਦੀਲੀ ਲਈ ਜਾਣੇ ਜਾਣਗੇ।
ਇਹ ਤਬਦੀਲੀ ਕੈਪਟਨ ਅਮਰਿੰਦਰ ਸਿੰਘ ਤੇ ਉਸ ਤੋਂ ਪਹਿਲੇ ਜੱਟ ਸਿੱਖ ਮੁੱਖ ਮੰਤਰੀਆਂ ਤੋਂ ਸਧਾਰਨ ਵਰਕਰ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨਾ ਸੀ।
ਇਸ ਦੇ ਨਾਲ ਹੀ ਬਜ਼ੁਰਗ ਕਾਂਗਰਸੀ ਪੀੜ੍ਹੀ ਤੋਂ ਕਮਾਂਡ ਅਗਲੀ ਪੀੜ੍ਹੀ ਨੂੰ ਸੌਪਣ ਵਰਗਾ ਵੀ ਸੀ। ਭਾਵੇਂ ਕਿ ਇਸ ਨਾਲ ਵੱਡੀ ਸਿਆਸੀ ਉਥਲ-ਪੁਥਲ ਵੀ ਹੋਈ।
ਪਰ ਚਰਨਜੀਤ ਸਿੰਘ ਚੰਨੀ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਇਸ ਤਬਦੀਲੀ ਉੱਤੇ ਪੱਕੀ ਮੋਹਰ ਲਾ ਦਿੱਤੀ।
ਨਵਜੋਤ ਸਿੰਘ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣੇ ਰਹਿਣਾ ਵੀ ਕਾਂਗਰਸ ਦੀ ਨਵੀਂ ਲੀਡਰਸ਼ਿਪ ਹੱਥ ਕਮਾਂਡ ਦਾ ਹੀ ਸੰਕੇਤ ਹੈ।
( ਇਹ ਰਿਪੋਰਟ ਬੀਬੀਸੀ ਪੱਤਰਕਾਰ ਖੁਸ਼ਹਾਲੀ ਲਾਲੀ ਦੇ ਅਧਿਐਨ ਉੱਤੇ ਅਧਾਰਿਤ ਹੈ। ਰਿਪੋਰਟ ਵਿਚ ਇਤਿਹਾਸਕਾਰ ਪ੍ਰਿਥੀਪਾਲ ਸਿੰਘ ਕਪੂਰ, ਗਣੇਸ਼ੀ ਮਹਾਜਨ ਦੇ ਲੇਖਾਂ ਅਤੇ ਪੰਜਾਬ ਸਰਕਾਰ ਵਲੋਂ ਪ੍ਰਕਾਸ਼ਿਤ ਕਿਤਾਬ ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆ ਪ੍ਰਮੁੱਖ ਧਾਰਾਵਾਂ ਵਿਚੋਂ ਧੰਨਵਾਦ ਸਹਿਤ ਲਈਆਂ ਜਾਣਕਾਰੀਆਂ ਸ਼ਾਮਲ ਕੀਤੀਆਂ ਗਈਆਂ ਹਨ। )

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post
















