ਪੰਜਾਬ ਚੋਣਾਂ 2022: ਮੁੱਖ ਮੰਤਰੀ ਦੇ ਇਨ੍ਹਾਂ ਚਿਹਰਿਆਂ ਦੀ ਕੀ ਹੈ ਖਾਸੀਅਤ ਤੇ ਕੀ ਹਨ ਖਾਮੀਆਂ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਸਿਆਸੀ ਪਾਰਟੀਆਂ ਨੇ ਮੁੱਖ ਮੰਤਰੀ ਦੇ ਚਿਹਰੇ ਐਲਾਨੇ ਹੋਏ ਹਨ।
ਸੱਤਾਧਾਰੀ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੋਇਆ ਹੈ।
ਉੱਥੇ ਹੀ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਸੀ।
ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਸਿੰਘ ਬਾਦਲ ਹਨ। ਇਸ ਦਾ ਖੁਲਾਸਾ ਖੁਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰ ਚੁੱਕੇ ਹਨ।
ਕਿਸਾਨਾਂ ਦੀ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਆਪਣਾ ਆਗੂ ਚੁਣਿਆ ਹੋਇਆ ਹੈ।
ਜਦਕਿ ਭਾਰਤੀ ਜਨਤਾ ਪਾਰਟੀ, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਗਠਜੋੜ ਨੇ ਇਸ ਉੱਤੇ ਕੋਈ ਫੈਸਲਾ ਨਹੀਂ ਲਿਆ ਹੈ।
ਇਸ ਰਿਪੋਰਟ ਵਿੱਚ ਅਸੀਂ ਮੁੱਖ ਮੰਤਰੀ ਲਈ ਪਾਰਟੀਆਂ ਦੇ ਸੰਭਾਵੀਂ ਉਮੀਦਵਾਰਾਂ ਦੇ ਹਾਂ ਤੇ ਨਾਂਹ ਪੱਖਾਂ ਦਾ ਵੇਰਵਾ ਦੇ ਰਹੇ ਹਾਂ।
ਚਰਨਜੀਤ ਸਿੰਘ ਚੰਨੀ- ਕਾਂਗਰਸ
ਪੌਜ਼ੀਟਿਵ ਪੱਖ :
ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਹਨ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਇਸ ਵਰਗ ਵਿੱਚ ਚੰਗੀ ਧਾਕ ਜਮਾ ਲਈ ਹੈ।
ਮੁੱਖ ਮੰਤਰੀ ਵਜੋਂ ਬਾਕੀ ਸਾਰੇ ਉਮੀਦਵਾਰ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ ਹਨ, ਇਸ ਲਈ ਜੱਟ ਸਿੱਖ ਵੋਟਾਂ ਦੀ ਵੰਡ ਦੇ ਮੁਕਾਬਲੇ ਦਲਿਤ ਭਾਈਚਾਰੇ ਦੇ ਇਕਲੌਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਹੋਣ ਦਾ ਚੰਨੀ ਨੂੰ ਲਾਹਾ ਮਿਲ ਸਕਦਾ ਹੈ।

ਤਸਵੀਰ ਸਰੋਤ, Punjab Congress
ਕਿਸਾਨਾਂ ਦੀਆਂ ਕੁਝ ਮੰਗਾਂ ਮੰਨਣ, ਬਿਜਲੀ ਤੇ ਪੈਟਰੋਲ -ਡੀਜ਼ਲ ਸਸਤੇ ਕਰਨ ਵਰਗੇ ਫ਼ੈਸਲਿਆਂ ਦਾ ਚੰਨੀ ਨੂੰ ਫਾਇਦਾ ਮਿਲ ਸਕਦਾ ਹੈ।
ਆਮ ਲੋਕਾਂ ਦੀ ਮੁੱਖ ਮੰਤਰੀ ਤੱਕ ਪਹੁੰਚ ਬਣਾਉਣ ਅਤੇ ਮੁੱਖ ਮੰਤਰੀ ਦੀ ਆਮ ਆਦਮੀ ਵਾਲੀ ਦਿੱਖ ਬਣਾ ਕੇ ਚੰਨੀ 'ਆਪ' ਦੇ ਏਜੰਡੇ ਨੂੰ ਟੱਕਰ ਦੇਣ ਦੇ ਸਮਰੱਥ ਹੋ ਸਕਦੇ ਹਨ।
ਮੋਦੀ ਦੀ ਫੇਰੀ ਦੌਰਾਨ ਪੰਜਾਬ ਪੱਖ਼ੀ ਸਟੈਂਡ ਲੈਣ ਅਤੇ ਚੋਣਾਂ ਦੌਰਾਨ ਆਪਣੇ ਰਿਸ਼ਤੇਦਾਰਾਂ ਖ਼ਿਲਾਫ਼ ਕੇਂਦਰੀ ਏਜੰਸੀ ਈਡੀ ਦੇ ਛਾਪਿਆਂ ਨੇ ਚੰਨੀ ਦੇ ਕੱਦ ਨੂੰ ਹੋਰ ਉਭਾਰਿਆ ਹੈ।
ਨੈਗੇਟਿਵ ਪੱਖ਼
ਨਵਜੋਤ ਸਿੱਧੂ, ਸੁਨੀਲ ਜਾਖ਼ੜ ਅਤੇ ਮਨੀਸ਼ ਤਿਵਾੜੀ ਵਰਗੇ ਕਾਂਗਰਸੀ ਆਗੂਆਂ ਦੇ ਵਿਰੋਧ ਦਾ ਮਾੜਾ ਅਸਰ ਪੈ ਸਕਦਾ ਹੈ। ਰਵਾਇਤੀ ਆਗੂਆਂ ਦਾ ਕਾਟੋ-ਕਲੇਸ਼ ਵੀ ਵੱਡੀ ਸਮੱਸਿਆ ਹੈ।
ਆਮ ਆਦਮੀ ਬਣਨ ਦੇ ਚੱਕਰ ਵਿੱਚ ਕਈ ਵਾਰ ਓਵਰ ਹੋ ਜਾਣਾ ਅਤੇ ਹਰ ਆਮ ਕੰਮ ਨੂੰ ਕਰਦੇ ਹੋਣ ਦਾ ਚੰਨੀ ਦਾ ਦਾਅਵਾ ਵਿਰੋਧੀਆਂ ਦੇ ਮਜ਼ਾਕ ਦਾ ਪਾਤਰ ਵੀ ਬਣਦਾ ਹੈ।
ਬੇਅਦਬੀ ਅਤੇ ਡਰੱਗਜ਼ ਕੇਸਾਂ ਦੇ ਮਾਮਲਿਆਂ ਵਿੱਚ ਠੋਸ ਕਾਰਵਾਈ ਨਾ ਕਰ ਪਾਉਣਾ ਚੰਨੀ ਲਈ ਮਹਿੰਗਾ ਸਾਬਤ ਹੋ ਸਕਦਾ ਹੈ।
ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦੇ ਚੰਗੇ ਮਾੜੇ ਕੰਮਾਂ ਦਾ ਹਿਸਾਬ ਦੇਣ ਦੀ ਜ਼ਿੰਮੇਵਾਰੀ ਵੀ ਚੰਨੀ ਦੇ ਮੋਢਿਆਂ ਉੱਤੇ ਭਾਰ ਵਧਾ ਸਕਦੀ ਹੈ।
ਭਗਵੰਤ ਮਾਨ - ਆਮ ਆਦਮੀ ਪਾਰਟੀ
ਪੌਜ਼ੀਟਿਵ ਪੱਖ
ਭਗਵੰਤ ਮਾਨ ਇੱਕ ਸਟਾਰ ਕਲਾਕਾਰ ਰਹੇ ਹਨ। ਉਹ ਤੇਜ਼ ਤਰਾਰ ਕੰਪਨੇਰ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਤੇ ਖਾਸਕਰ ਨੌਜਵਾਨਾਂ ਵਿੱਚ ਚੰਗੀ ਅਪੀਲ ਹੈ।
ਭਗਵੰਤ ਮਾਨ ਦੀ ਦਿੱਖ ਇੱਕ ਇਮਾਨਦਾਰ ਆਗੂ ਵਾਲੀ ਹੈ, ਉਹ ਕਰੀਬ ਦੋ ਦਹਾਕੇ ਤੋਂ ਸਿਆਸਤ ਵਿੱਚ ਹਨ, ਉਨ੍ਹਾਂ ਉੱਤੇ ਭ੍ਰਿਸ਼ਟਾਚਾਰ ਦਾ ਕੋਈ ਦਾਗ ਨਹੀਂ ਹੈ।

ਤਸਵੀਰ ਸਰੋਤ, AAP
ਭਗਵੰਤ ਮਾਨ ਮਾਲਵੇ ਖਿੱਤੇ ਦੇ ਆਮ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਹਨ, ਜਿਸ ਖਿੱਤੇ ਤੇ ਭਾਈਚਾਰੇ ਦਾ ਪੰਜਾਬ ਦੀ ਸੱਤਾ ਉੱਤੇ ਹਮੇਸ਼ਾ ਹੀ ਕਬਜ਼ਾ ਰਿਹਾ ਹੈ।
ਕੇਜਰੀਵਾਲ ਦੇ ਦਿੱਲੀ ਮਾਡਲ ਦੀ ਪੰਜਾਬ ਵਿੱਚ ਚੰਗੀ ਅਪੀਲ ਹੋਣਾ ਭਗਵੰਤ ਲਈ ਸਾਰਥਕ ਗੱਲ ਹੈ।
ਨੈਗੇਟਿਵ ਪੱਖ਼
ਸ਼ਰਾਬ ਪੀਕੇ ਜਨਤਕ ਸਮਾਗਮਾਂ ਵਿੱਚ ਚਲੇ ਜਾਣ ਦੇ ਇਲਜ਼ਾਮਾਂ ਕਾਰਨ ਵਿਰੋਧੀ ਆਗੂ ਉਨ੍ਹਾਂ ਨੂੰ ਇੱਕ ਨਸ਼ੇੜੀ ਵਾਂਗ ਭੰਡਦੇ ਹਨ।
ਕਾਂਗਰਸ ਅਤੇ ਅਕਾਲੀ ਦਲ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚਾ ਓਨਾ ਮਜ਼ਬੂਤ ਨਾ ਹੋਣਾ ਵੀ ਉਨ੍ਹਾਂ ਲਈ ਦਿੱਕਤ ਪੈਦਾ ਕਰ ਸਕਦਾ ਹੈ।
ਪਾਰਟੀ ਦਾ ਅਧਾਰ ਕੇਵਲ ਮਾਲਵੇ ਵਿੱਚ ਹੋਣਾ, ਮਾਝੇ ਅਤੇ ਦੁਆਬੇ ਦੀ ਹਾਰ ਕਾਰਨ ਹੀ ਪਿਛਲੀ ਵਾਰ 20 ਸੀਟਾਂ ਉੱਤੇ ਸਿਮਟ ਗਏ ਸਨ
ਕਾਮੇਡੀਅਨ ਹੋਣ ਕਾਰਨ ਸਿਆਸਤ ਵਿੱਚ ਗੈਰ-ਗੰਭੀਰ ਤੇ ਹਾਸੇ-ਮਜ਼ਾਕ ਵਾਲੀ ਵਿਰੋਧੀਆਂ ਵਲੋਂ ਬਣਾਈ ਦਿੱਖ ਦਾ ਨੁਕਸਾਨ ਹੋ ਸਕਦਾ ਹੈ।
ਸੁਖਬੀਰ ਬਾਦਲ - ਅਕਾਲੀ ਦਲ-ਬਸਪਾ
ਪੌਜ਼ੀਟਿਵ ਪੱਖ਼
ਸੁਖ਼ਬੀਰ ਬਾਦਲ ਇੱਕ ਸਿਆਸੀ ਆਗੂ ਦੇ ਨਾਲ ਨਾਲ ਚੋਣ ਅਮਲ ਦੇ ਸਮਰੱਥ ਮੈਨੇਜਰ ਵਜੋਂ ਜਾਣੇ ਜਾਂਦੇ ਹਨ। ਸਿਆਸੀ ਹਲਕਿਆਂ ਵਿੱਚ ਕਿਹਾ ਜਾਂਦਾ ਹੈ ਕਿ ਸੁਖਬੀਰ ਦੀ ਇਸ ਸਮਰੱਥਾ ਦਾ ਕੋਈ ਤੋੜ ਨਹੀਂ।
ਉਨ੍ਹਾਂ ਦੀ ਲੀਡਰਿਸ਼ਪ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਹੁਣ ਕੋਈ ਚੁਣੌਤੀ ਵੀ ਨਹੀਂ ਹੈ।

ਤਸਵੀਰ ਸਰੋਤ, Getty Images
ਅਕਾਲੀ ਦਲ ਦਾ ਸਮੁੱਚੇ ਪੰਜਾਬ ਵਿੱਚ ਮਜ਼ਬੂਤ ਢਾਂਚਾ ਅਤੇ ਜ਼ਾਬਤਾਬੱਧ ਕਾਡਰ ਹੋਣਾ, ਬਹੁਕੌਣੀ ਮੁਕਾਬਲੇ ਵਿੱਚ ਲਾਹੇਵੰਦ ਹੋ ਸਕਦਾ ਹੈ।
ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਜੱਟ ਸਿੱਖ ਤੇ ਦਲਿਤ ਵੋਟ ਬੈਂਕ ਦਾ ਕੌਂਬੀਨੇਸ਼ਨ ਬਣਾ ਸਕਦਾ ਹੈ।
ਸੰਯੁਕਤ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਵਰਗੇ ਅਕਾਲੀਆਂ ਦਾ ਮੁੜ ਅਕਾਲੀ ਦਲ ਵਿਚ ਵਾਪਸ ਆਉਣਾ ਤੇ ਟਿਕਟਾਂ ਦੀ ਵੰਡ ਵੇਲੇ ਬਗਾਵਤ ਨਾ ਹੋਣਾ ਸਾਰਥਕ ਪੱਖ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੰਜਾਬ ਵਿੱਚ ਇੱਕ ਸਮਾਂਤਰ ਸੱਤਾ ਅਤੇ ਢਾਂਚਾ ਹੈ, ਇਸ ਉੱਤੇ ਅਕਾਲੀ ਦਲ ਦੇ ਕਬਜ਼ੇ ਦਾ ਵੀ ਫਾਇਦਾ ਹੋ ਸਕਦਾ ਹੈ।
ਨੈਗੇਟਿਵ ਪੱਖ਼
ਸੁਖਬੀਰ ਬਾਦਲ, ਅਕਾਲੀ ਦਲ ਨੂੰ ਨਿੱਜੀ ਕੰਪਨੀ ਵਾਂਗ ਚਲਾਉਣ ਅਤੇ ਸੱਤਾ ਦੇ ਜ਼ੋਰ ਨਾਲ ਆਪਣੇ ਕਾਰੋਬਾਰ ਵਧਾਉਣ ਦੇ ਇਲਜ਼ਾਮਾਂ ਤੋਂ ਖਹਿੜਾ ਨਾ ਛੁਡਾ ਪਾ ਰਹੇ।
ਅਕਾਲੀ ਦਲ ਦੀ ਸੱਤਾ ਦੌਰਾਨ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਨਾ ਹੋਣਾ ਅਤੇ ਰੇਤ, ਡਰੱਗਜ਼, ਕੇਬਲ ਤੇ ਟਰਾਂਸਪੋਰਟ ਮਾਫ਼ੀਆ ਦੀ ਸਰਗਰਮੀ ਦੇ ਇਲਜ਼ਾਮ ਵੀ ਪਿੱਛਾ ਕਰਨ ਤੋਂ ਨਹੀਂ ਹਟੇ।
ਸਬਸਿਡੀਆਂ ਵਾਲੇ ਐਲਾਨਾਂ ਤੋਂ ਬਿਨਾਂ ਏਜੰਡੇ ਵਿੱਚ ਕੁਝ ਖਾਸ ਨਵਾਂ ਪ੍ਰੋਗਰਾਮ ਨਾ ਦੇ ਸਕਣਾ ਅਤੇ ਪੰਜਾਬ ਦੇ ਰਵਾਇਤੀ ਤੇ ਪੰਥਕ ਮੁੱਦਿਆਂ ਨੂੰ ਚੋਣ ਮੁੱਦੇ ਨਾ ਬਣਾ ਸਕਣਾ ਉਨ੍ਹਾਂ ਦੇ ਖਿਲਾਫ਼ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਸਿੰਘ - ਪੰਜਾਬ ਲੋਕ ਕਾਂਗਰਸ
ਭਾਜਪਾ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਵੱਲੋਂ ਇਕੱਠੇ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ । ਭਾਵੇਂ ਇਨ੍ਹਾਂ ਪਾਰਟੀਆਂ ਨੇ ਕੋਈ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਹੈ। ਭਾਜਪਾ ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰਨ ਦਾ ਦਾਅਵਾ ਕਰ ਰਹੀ ਹੈ।
ਫਿਲਹਾਲ ਇਨ੍ਹਾਂ ਤਿੰਨੇ ਪਾਰਟੀਆਂ ਵਿੱਚ ਸਿਰਫ਼ ਕੈਪਟਨ ਅਮਰਿੰਦਰ ਹੀ ਉਹ ਪ੍ਰਮੁੱਖ ਚਿਹਰਾ ਨਜ਼ਰ ਆਉਂਦੇ ਹਨ ਜੋ ਮੁੱਖ ਮੰਤਰੀ ਦੀ ਕੁਰਸੀ ਦਾ ਦਾਅਵੇਦਾਰ ਹੋ ਸਕਦਾ ਹੈ।

ਤਸਵੀਰ ਸਰੋਤ, NARINDER NANU/AFP/GETTY IMAGES
ਪੌਜ਼ਿਟਿਵ ਪੱਖ
ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਹਨ। ਭਾਵੇਂ 2004 ਵਿੱਚ ਪੰਜਾਬ ਦੇ ਪਾਣੀਆਂ ਦੇ ਮਸਲੇ ਵਿੱਚ ਪੰਜਾਬ ਵਿਧਾਨ ਸਭਾ ਤੋਂ ਮਤਾ ਪਾਸ ਕਰਵਾਉਣਾ ਹੋਵੇ ਜਾਂ ਫਿਰ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਦਾ ਵਿਰੋਧ ਕਰਦੇ ਹੋਏ ਸੰਸਦ ਤੇ ਆਪਣੀ ਹੀ ਪਾਰਟੀ ਤੋਂ ਅਸਤੀਫਾ ਦੇਣ ਹੋਵੇ, ਉਹ ਆਪਣੇ ਬੇਬਾਕ ਅੰਦਾਜ਼ ਤੇ ਵਿਚਾਰਾਂ ਲਈ ਜਾਣੇ ਜਾਂਦੇ ਹਨ।
ਰਾਸ਼ਟਰਵਾਦ ਅਤੇ ਪਾਕਿਸਤਾਨ ਨੂੰ ਘੇਰਨ ਦੇ ਮੁੱਦੇ 'ਤੇ ਉਹ ਭਾਰਤੀ ਜਨਤਾ ਪਾਰਟੀ ਤੋਂ ਇੱਕ ਕਦਮ ਅੱਗੇ ਨਜ਼ਰ ਆਉੰਦੇ ਰਹੇ ਹਨ ਜੋ ਉਨ੍ਹਾਂ ਨੂੰ ਹਿੰਦੂ ਭਾਈਚਾਰੇ ਵਿੱਚ ਪੋਪੁਲਰ ਬਣਾਉਂਦਾ ਹੈ।
ਨੈਗੇਟਿਵ ਪੱਖ
ਉਨ੍ਹਾਂ ਦੀ ਸਭ ਤੋ ਵੱਡੀ ਖਾਮੀ ਉਨ੍ਹਾਂ ਦਾ ਪਿਛਲੇ ਸਾਢੇ ਚਾਰ ਸਾਲ ਦਾ ਕਾਰਜਕਾਲ ਹੈ ਜਿਸ ਬਾਰੇ ਜ਼ਿਆਦਾਤਰ ਲੋਕਾਂ ਵਿੱਚ ਇਹ ਧਾਰਨਾ ਬਣ ਗਈ ਹੈ ਕਿ ਕੈਪਟਨ ਅਮਰਿੰਦਰ ਕੋਲ ਲੋਕਾਂ ਦੀ ਪਹੁੰਚ ਨਹੀਂ ਸੀ ਅਤੇ ਉਨ੍ਹਾਂ ਨੇ ਆਮ ਲੋਕਾਂ ਦੇ ਕੰਮਾਂ ਨੂੰ ਤਰਜੀਹ ਨਹੀਂ ਦਿੱਤੀ।
ਭਾਜਪਾ ਨੂੰ ਤਿੰਨ ਖੇਤੀ ਕਾਨੂੰਨਾਂ ਸੰਸਦ ਵਿੱਚ ਪਾਸ ਕਰਨ ਕਾਰਨ ਜ਼ਿਆਦਾਤਰ ਪੇਂਡੂ ਇਲਾਕਿਆਂ ਵਿੱਚ ਪਸੰਦ ਨਹੀਂ ਕੀਤਾ ਜਾਂਦਾ ਹੈ।
ਕਾਂਗਰਸ ਵਿੱਚ ਕੈਪਟਨ ਖਿਲਾਫ ਬਗਾਵਤ ਤੋਂ ਬਾਅਦ ਜਦੋਂ ਉਨ੍ਹਾਂ ਨੇ ਭਾਜਪਾ ਦੇ ਨਾਲ ਹੱਥ ਮਿਲਾਇਆ ਤੇ ਸਾਢੇ ਚਾਰ ਸਾਲ ਦੀ 'ਮਾੜੀ' ਕਾਰਗੁਜ਼ਾਰੀ ਦੇ ਨਾਲ-ਨਾਲ ਉਨ੍ਹਾਂ 'ਤੇ 'ਕਿਸਾਨ ਵਿਰੋਧੀਆਂ' ਨਾਲ ਯਾਰੀ ਪਾਉਣ ਦੀ ਤੋਹਮਤ ਵੀ ਲਗ ਗਈ।
ਬਲਬੀਰ ਸਿੰਘ ਰਾਜੇਵਾਲ - ਸੰਯੁਕਤ ਸਮਾਜ ਮੋਰਚਾ
ਪੌਜ਼ੀਟਿਵ ਪੱਖ
ਤਿੰਨ ਖੇਤੀ ਕਾਨੂਨਾਂ ਖ਼ਿਲਾਫ਼ ਲੜੇ ਗਏ ਸੰਘਰਸ਼ ਦੇ ਪ੍ਰਮੁੱਖ ਆਗੂ ਹੋਣ ਕਾਰਨ ਉਹ ਰਵਾਇਤੀ ਸਿਆਸਤ ਤੇ ਸਥਾਪਤੀ ਖ਼ਿਲਾਫ਼ ਚਿਹਰੇ ਬਣੇ ਹਨ।
ਰਾਜੇਵਾਲ ਤੱਥਾਂ ਉੱਤੇ ਅਧਾਰਿਤ ਸਰਲ ਤੇ ਸਧਾਰਨ ਬੋਲੀ ਵਿੱਚ ਭਾਸ਼ਣ ਕਰਨ ਦੀ ਕਲਾ ਦੇ ਮਾਹਰ ਹਨ।

ਰਾਜੇਵਾਲ ਨੂੰ ਕਿਸਾਨ ਅੰਦੋਨਲ ਨੂੰ ਅਥਾਹ ਸਮਰਥਨ ਦੇਣ ਵਾਲੀਆਂ ਧਿਰਾਂ ਅਤੇ ਕਿਸਾਨਾਂ ਨਾਲ ਹਮਦਰਦੀ ਰੱਖਣ ਵਾਲੀਆਂ ਧਿਰਾਂ ਦਾ ਫਾਇਦਾ ਮਿਲ ਸਕਦਾ ਹੈ।
ਉਹ ਪਹਿਲੀ ਵਾਰ ਚੋਣ ਲੜ ਰਹੇ ਹਨ, ਉਨ੍ਹਾਂ ਖ਼ਿਲਾਫ਼ ਕੋਈ ਵੀ ਇਲਜ਼ਾਮ, ਦਾਗ ਜਾਂ ਮੁੱਦਾ ਨਹੀਂ ਹੈ, ਜੋ ਵੱਡਾ ਸਿਆਸੀ ਸਿਰਦਰਦੀ ਦਾ ਕਾਰਨ ਬਣ ਸਕੇ।
ਨੈਗੇਟਿਵ ਪੱਖ਼
ਕਿਸਾਨ ਅੰਦੋਲਨ ਵਿੱਚ ਸ਼ਾਮਲ ਪੰਜਾਬ ਦੀ ਵੱਡੇ ਕਾਡਰ ਵਾਲੀਆਂ ਜਥੇਬੰਦੀਆਂ ਦਾ ਚੋਣਾਂ ਤੋਂ ਬਾਹਰ ਰਹਿਣਾ ਨੁਕਸਾਨ ਕਰ ਸਕਦਾ ਹੈ।
ਮੋਰਚੇ ਕੋਲ ਜ਼ਾਬਤਾਬੱਧ ਕਾਡਰ, ਚੋਣਾਂ ਲਈ ਲੋੜੀਂਦਾ ਫੰਡ ਅਤੇ ਢਾਂਚਾ ਨਾ ਹੋਣਾ ਮੋਰਚੇ ਦੀ ਕਮਜ਼ੋਰੀ ਸਾਬਿਤ ਹੋ ਸਕਦਾ ਹੈ।
ਰਵਾਇਤੀ ਪਾਰਟੀਆਂ ਨਾਲ ਜੁੜੀ ਕਿਸਾਨੀ ਦੀ ਵੋਟ ਵੰਡੇ ਜਾਣ ਦਾ ਖ਼ਦਸ਼ਾ ਅਤੇ ਸ਼ਹਿਰੀ ਖੇਤਰਾਂ ਅਤੇ ਸਮਾਜ ਦੇ ਗੈਰ ਕਿਸਾਨੀ ਵਰਗ ਤੋਂ ਸਮਰਥਨ ਮਿਲਣ ਵਿੱਚ ਮੁਸ਼ਕਲ ਹੈ।
ਰਾਜੇਵਾਲ ਦੀ ਉਮਰ 80 ਸਾਲ ਹੈ, ਕਿਸਾਨ ਅੰਦੋਨਲ ਵਿੱਚ ਉਹ ਸਮਰੱਥਾ ਦਿਖਾਉਣ ਦੇ ਬਾਵਜੂਦ ਚੋਣਾਂ ਨੂੰ ਮੈਨੇਜ ਕਰਨ ਦਾ ਪ੍ਰਬੰਧ ਸੰਭਾਲ ਸਕਣਗੇ ਇਹ ਵੀ ਇੱਕ ਸਵਾਲ ਹੈ।

ਤਸਵੀਰ ਸਰੋਤ, facebook
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













