ਕੈਪਟਨ ਅਮਰਿੰਦਰ ਸਿੰਘ: ਭਾਜਪਾ ਦਾ ਚਿਹਰਾ ਬਣੇ ਕੈਪਟਨ ਨੂੰ ਕਾਂਗਰਸ ਦਾ 'ਪੰਥਕ ਜਥੇਦਾਰ' ਕਿਉਂ ਕਿਹਾ ਜਾਂਦਾ ਸੀ

ਕੈਪਟਨ ਅਮਰਿੰਦਰ ਸਿੰਘ

ਤਸਵੀਰ ਸਰੋਤ, Capt Amarinder Singh/FB

ਤਸਵੀਰ ਕੈਪਸ਼ਨ, ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਾਬਕਾ ਸੀਨੀਅਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਪਿਛਲੇ ਸਮੇਂ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਾਬਕਾ ਸੀਨੀਅਰ ਕਾਂਗਰਸ ਆਗੂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭਾਜਪਾ ਦੀ ਟਿੱਕਟ ਤੋਂ ਪਟਿਆਲਾ ਲੋਕ ਸਭਾ ਸੀਟ ਲੜ ਰਹੇ ਹਨ।

ਪਿਛਲੇ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਸੂਬੇ ਦੇ ਮੁੱਖ ਮੰਤਰੀ ਵਜੋਂ ਕਾਂਗਰਸ ਪਾਰਟੀ ਨੇ ਸਿਤੰਬਰ 2021 ਵਿਚ ਉਨ੍ਹਾਂ ਤੋਂ ਅਸਤੀਫ਼ਾ ਲੈ ਲਿਆ ਸੀ।

ਉਹ ਆਪਣੇ ਦੂਜੇ ਕਾਰਜ ਕਾਲ ਦੇ ਪੰਜ ਸਾਲ ਪੂਰੇ ਨਹੀਂ ਕਰ ਸਕੇ ਸਨ। ਇਸ ਤੋਂ ਪਹਿਲਾਂ ਉਹ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ।

ਕਾਰਜਕਾਲ ਪੂਰਾ ਹੋਣ ਦੇ ਕਰੀਬ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕਰਨ ਨਾਲ ਉਨ੍ਹਾਂ ਦੀ ਸਿਆਸੀ ਸਾਖ਼ ਹਿੱਲ ਗਈ ਸੀ ਅਤੇ ਉਨ੍ਹਾਂ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦਾ ਗਠਨ ਕੀਤਾ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh/Fb

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਸਿੱਖ ਰੈਜੀਮੈਂਟ ਵਿਚ ਭਰਤੀ ਹੋਣ ਵਾਲੇ ਪਟਿਆਲਾ ਸ਼ਾਹੀ ਖਾਨਦਾਨ ਦੀ ਲਗਾਤਾਰ ਤੀਜੀ ਪੀੜ੍ਹੀ ਸੀ

ਭਾਰਤੀ ਜਨਤਾ ਪਾਰਟੀ ਨਾਲ ਮਿਲਕੇ ਉਨ੍ਹਾਂ 2022 ਦੀਆਂ ਪੰਜਾਬ ਚੋਣਾਂ ਲੜੀਆਂ ਪਰ ਉਹ ਆਪਣੀ ਜੱਦੀ ਸੀਟ, ਪਟਿਆਲ਼ਾ ਸ਼ਹਿਰੀ ਵੀ ਨਹੀਂ ਬਚਾ ਸਕੇ ਸਨ।

ਕੈਪਟਨ ਅਮਰਿੰਦਰ ਸਿੰਘ ਦਾ ਸਬੰਧ ਪਟਿਆਲਾ ਦੇ ਸ਼ਾਹੀ ਘਰਾਣੇ ਨਾਲ ਹੈ। ਇਸ ਲਈ ਕੁਝ ਲੋਕ ਉਨ੍ਹਾਂ ਨੂੰ ''ਮਹਾਰਾਜਾ'' ਅਮਰਿੰਦਰ ਸਿੰਘ ਵੀ ਕਹਿੰਦੇ ਹਨ।

ਉਨ੍ਹਾਂ ਭਾਰਤੀ ਫੌਜ ਵਿੱਚ ਬਤੌਰ ਅਫ਼ਸਰ ਨੌਕਰੀ ਕੀਤੀ ਹੈ ਅਤੇ ਕੈਪਟਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ, ਇਸ ਲਈ ਉਨ੍ਹਾਂ ਦੇ ਨਾਂ ਅੱਗੇ ਕੈਪਟਨ ਲੱਗਦਾ ਹੈ।

ਸਿਆਸਤ ਵਿੱਚ ਭਾਰਤੀ ਫੌਜ ਦਾ ਇਹ ਅਹੁਦਾ ਉਨ੍ਹਾਂ ਲਈ ਇੱਕ ਉੱਪਨਾਮ ਬਣ ਗਿਆ ਅਤੇ ਉਹ ਸਿਆਸਤ ਵਿਚ ''ਕੈਪਟਨ'' ਦੇ ਨਾਂ ਨਾਲ ਵੀ ਮਸ਼ਹੂਰ ਹਨ।

ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਤਿੰਨ ਵਾਰੀ ਲੋਕ ਸਭਾ ਦੇ ਮੈਂਬਰ ਰਹਿ ਚੁੱਕੇ ਹਨ।

ਵੀਡੀਓ ਕੈਪਸ਼ਨ, ਬੇਅਦਬੀ,ਨਸ਼ਿਆਂ ਅਤੇ ਹੋਰ ਅਹਿਮ ਮੁੱਦਿਆਂ 'ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਕੈਪਟਨ ਦੀ ਨਿੱਜੀ ਜ਼ਿੰਦਗੀ

11 ਮਾਰਚ 1942 ਨੂੰ ਜਨਮੇ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਆਖ਼ਰੀ ਮਹਾਰਾਜਾ ਯਾਦਵਿੰਦਰ ਸਿੰਘ ਅਤੇ ਮਹਾਰਾਣੀ ਮਹਿੰਦਰ ਕੌਰ ਦੇ ਪੁੱਤਰ ਹਨ।

ਅਮਰਿੰਦਰ ਸਿੰਘ ਦੀ ਜ਼ਿੰਦਗੀ ਉੱਤੇ ਲਿਖੀ ਕਿਤਾਬ ''ਪੀਪਲਜ਼ ਮਹਾਰਾਜਾ'' ਦੇ ਲੇਖਕ ਖੁਸ਼ਵੰਤ ਸਿੰਘ ਲਿਖਦੇ ਹਨ, ''ਅਮਰਿੰਦਰ ਸਿੰਘ ਤੇ ਉਨ੍ਹਾਂ ਦੀਆਂ 2 ਹੋਰ ਭੈਣਾਂ ਅਤੇ ਇੱਕ ਭਰਾ ਲਈ ਮੋਤੀ ਮਹਿਲ ਵਿੱਚ ਇੱਕ ਖਾਸ ਸਕੂਲ ਖੋਲ੍ਹਿਆ ਗਿਆ ਸੀ।''

ਉਹ ਲਿਖਦੇ ਹਨ, ''ਯੁਵਰਾਜ ਅਮਰਿੰਦਰ ਦੂਜੇ ਭੈਣ-ਭਰਾ ਦੇ ਮੁਕਾਬਲੇ ਪੜ੍ਹਾਈ ਵਿੱਚ ਸਲੋਅ ਲਰਨਰ ਸਨ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh/Fb

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਮਾਤਾ ਮਹਿੰਦਰ ਕੌਰ ਦੀ ਇਹ ਤਸਵੀਰ ਮਾਂ ਦਿਵਸ ਉੱਤੇ ਆਪ ਸਾਂਝੀ ਕੀਤੀ ਸੀ।

''ਇਸ ਦਾ ਕਾਰਨ ਇਹ ਕਿ ਕਲਾਸ ਰੂਮ ਦੇ ਬਾਹਰੋਂ ਆਉਣ ਵਾਲੀਆਂ ਆਵਾਜ਼ਾਂ ਤੋਂ ਉਨ੍ਹਾਂ ਦਾ ਦਿਮਾਗ ਹੋਣ ਵਾਲੀਆਂ ਘਟਨਾਵਾਂ ਦਾ ਅੰਦਾਜ਼ਾ ਲਗਾਉਣ ਲੱਗਾ ਪੈਂਦਾ ਸੀ।''

''ਜਿਵੇਂ ਪਾਪਾ ਦੀ ਸ਼ਾਹੀ ਸਵਾਰੀ ਪਹੁੰਚ ਰਹੀ ਹੋਵੇਗੀ, ਸੁਰੱਖਿਆ ਕਰਮੀ ਸਲਾਮੀ ਦੇ ਰਹੇ ਹੋਣਗੇ, ਦੋ ਰਾਉਂਡ ਫਾਇਰ ਹੋ ਰਹੇ ਹੋਣਗੇ, ਇਹ ਕਿਸ ਨੇ ਕੀਤੇ ਹੋਣਗੇ।''

''ਅਜਿਹੇ ਕਾਲਪਨਿਕ ਦ੍ਰਿਸ਼ ਕਲਾਸ ਦੌਰਾਨ ਉਨ੍ਹਾਂ ਦੇ ਧਿਆਨ ਨੂੰ ਪੜ੍ਹਾਈ ਤੋਂ ਭਟਕਾਉਂਦੇ ਸਨ।''

ਨਿਸ਼ਾਨੇਬਾਜ਼ੀ ਅਤੇ ਫੌਜ ਵਿੱਚ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਰਹੀ ਹੈ। ਕੁਦਰਤ, ਜੰਗਲੀ-ਜੀਵਾਂ ਅਤੇ ਬਾਗਬਾਨੀ ਵਿੱਚ ਵੀ ਅਮਰਿੰਦਰ ਸਿੰਘ ਦੀ ਖਾਸ ਰੁਚੀ ਰਹੀ ਹੈ।

ਅਮਰਿੰਦਰ ਸਿੰਘ ਨੇ ਆਪਣੀ ਸਕੂਲੀ ਸਿੱਖਿਆ ਦੇਹਰਾਦੂਨ ਦੇ ਦੂਨ ਸਕੂਲ ਵਿੱਚ ਮੁਕੰਮਲ ਕੀਤੀ, ਹਾਲਾਂਕਿ ਉਹ ਦੋ ਸਾਲ ਲਾਰੈਂਸ ਸਕੂਲ ਵਿੱਚ ਵੀ ਪੜ੍ਹੇ ਹਨ।

ਬੀਬੀਸੀ
  • 11 ਮਾਰਚ 1942 ਨੂੰ ਜਨਮੇ ਅਮਰਿੰਦਰ ਸਿੰਘ ਪਟਿਆਲਾ ਰਿਆਸਤ ਦੇ ਆਖ਼ਰੀ ਮਹਾਰਾਜਾ ਯਾਦਵਿੰਦਰ ਸਿੰਘ ਦੇ ਪੁੱਤਰ ਹਨ
  • ਫੌਜੀ ਅਫ਼ਸਰ ਵਜੋਂ ਟ੍ਰੇਨਿੰਗ ਨੈਸ਼ਨਲ ਡਿਫੈਂਸ ਅਕੈਡਮੀ ਦੇਹਰਾਦੂਨ ਅਤੇ ਭਾਰਤੀ ਮਿਲਟਰੀ ਅਕੈਡਮੀ ਤੋਂ ਲਈ।
  • ਅਮਰਿੰਦਰ ਸਿੰਘ 1963 ਵਿੱਚ ਭਾਰਤੀ ਫੌਜ ਦੀ 2 ਸਿੱਖ ਰੈਜਮੈਂਟ ਵਿੱਚ ਬਤੌਰ ਅਫ਼ਸਰ ਭਰਤੀ ਹੋਏ।
  • ਉਹ 1963 ਵਿੱਚ ਭਰਤੀ ਹੋਏ ਅਤੇ 1965 ਵਿੱਚ ਘਰੇਲੂ ਜ਼ਿੰਮੇਵਾਰੀਆਂ ਦਾ ਹਵਾਲਾ ਦੇ ਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।
  • ਪਰ 1965 ਵਿੱਚ ਹੀ ਭਾਰਤ-ਪਾਕਿਸਤਾਨ ਜੰਗ ਲੱਗਣ ਦੌਰਾਨ ਉਹ ਮੁੜ ਫੌਜ ਵਿੱਚ ਸ਼ਾਮਲ ਹੋ ਗਏ।
  • 1965 ਦੀ ਜੰਗ ਦੌਰਾਨ ਉਹ ਪੱਛਮੀ ਕਮਾਂਡ ਦੇ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਹਰਬਖ਼ਸ ਸਿੰਘ ਦੇ ਏਡੀਸੀ ਸਨ।
  • 1980 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ਉੱਤੋ ਲੋਕ ਸਭਾ ਦੀ ਚੋਣ ਲੜੀ।
  • 1984 ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਅਕਾਲ ਤਖ਼ਤ ਉੱਤੇ ਭਾਰਤੀ ਫੌਜ ਦੇ ਹਮਲੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ।
  • ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ 1985 ਵਿੱਚ ਤਲਵੰਡੀ ਸਾਬੋ ਤੋਂ ਚੋਣ ਲੜਾਈ ਗਈ।
  • ਅਕਾਲੀ ਦਲ ਦੇ ਆਗੂਆਂ ਨਾਲ ਮਤਭੇਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਇਸ ਨੂੰ ਅਕਾਲੀ ਦਲ ਪੰਥਕ ਕਿਹਾ ਜਾਂਦਾ ਸੀ।
  • 1997 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਅਕਾਲੀ ਦਲ ਪੰਥਕ ਦਾ ਵੀ ਕਾਂਗਰਸ ਵਿੱਚ ਰਲੇਵਾ ਹੋ ਗਿਆ।
  • 1998 ਦੀਆਂ ਲੋਕ ਸਭਾ ਚੋਣਾਂ ਕੈਪਟਨ ਅਮਰਿੰਦਰ ਨੇ ਮੁੜ ਕਾਂਗਰਸ ਦੀ ਟਿਕਟ ਉੱਤੇ ਲੜੀਆਂ ਪਰ ਉਹ ਹਾਰ ਗਏ।
  • 1999 ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਅਤੇ ਉਹ 2002 ਤੱਕ ਇਸ ਅਹੁਦੇ ਉੱਤੇ ਰਹੇ।
  • ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਕਾਂਗਰਸ ਨੇ ਫਰਵਰੀ 2002, 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਸਰਕਾਰ ਬਣਾਈ।
  • ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।
ਬੀਬੀਸੀ

ਇਸ ਤੋਂ ਬਾਅਦ ਉਨ੍ਹਾਂ ਫੌਜੀ ਅਫ਼ਸਰ ਵਜੋਂ ਟ੍ਰੇਨਿੰਗ ਨੈਸ਼ਨਲ ਡਿਫੈਂਸ ਅਕੈਡਮੀ ਦੇਹਰਾਦੂਨ ਅਤੇ ਭਾਰਤੀ ਮਿਲਟਰੀ ਅਕੈਡਮੀ ਤੋਂ ਲਈ।

ਉਹ 1963 ਵਿੱਚ ਭਾਰਤੀ ਫੌਜ ਦੀ 2 ਸਿੱਖ ਰੈਜਮੈਂਟ ਵਿੱਚ ਬਤੌਰ ਅਫ਼ਸਰ ਭਰਤੀ ਹੋਏ।

ਇਸੇ ਰੈਜਮੈਂਟ ਵਿੱਚ ਉਨ੍ਹਾਂ ਦੇ ਪਿਤਾ ਯਾਦਵਿੰਦਰ ਸਿੰਘ ਅਤੇ ਦਾਦਾ ਭੁਪਿੰਦਰ ਸਿੰਘ ਨੇ ਵੀ ਨੌਕਰੀ ਕੀਤੀ ਸੀ।

ਖੁਸ਼ਵੰਤ ਸਿੰਘ ਲਿਖਦੇ ਹਨ ਕੈਪਟਨ ਅਮਰਿੰਦਰ ਨੇ ਦੱਸਿਆ, ''ਮੇਰੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨੇ 1912 ਤੋਂ ਸੈਕਿੰਡ ਸਿੱਖ ਰੈਜਮੈਂਟ ਵਿੱਚ ਸਰਵਿਸ ਸ਼ੁਰੂ ਕੀਤੀ, 1918 ਵਿੱਚ ਉਹ ਕਰਨਲ ਬਣੇ ਅਤੇ ਆਪਣੀ ਮੌਤ ਹੋਣ ਤੱਕ 1938 ਤੱਕ ਸਰਵਿਸ ਵਿੱਚ ਰਹੇ।''

''ਮੇਰੇ ਪਿਤਾ ਯਾਦਵਿੰਦਰ ਸਿੰਘ ਵੀ ਆਨਰੇਰੀ ਕਰਨਲ ਸਨ, ਅਤੇ 1971 ਵਿੱਚ ਜਦੋਂ ਇੰਦਰਾ ਗਾਂਧੀ ਨੇ ਸਾਰੇ ਆਨਰੇਰੀ ਅਹੁਦੇ ਖ਼ਤਮ ਕੀਤੇ, ਉਦੋਂ ਤੱਕ ਉਹ ਇਸ ਅਹੁਦੇ ਉੱਤੇ ਰਹੇ।''

ਕੈਪਟਨ ਨੇ ਫੌਜ ਵਿੱਚ ਸਿਰਫ਼ ਦੋ ਸਾਲ ਹੀ ਸਰਵਿਸ ਕੀਤੀ। ਉਹ 1963 ਵਿੱਚ ਭਰਤੀ ਹੋਏ ਅਤੇ 1965 ਵਿੱਚ ਘਰੇਲੂ ਜ਼ਿੰਮੇਵਾਰੀਆਂ ਦਾ ਹਵਾਲਾ ਦੇ ਕੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ।

ਪਰ 1965 ਵਿੱਚ ਹੀ ਭਾਰਤ-ਪਾਕਿਸਤਾਨ ਜੰਗ ਲੱਗਣ ਦੌਰਾਨ ਉਹ ਮੁੜ ਫੌਜ ਵਿੱਚ ਸ਼ਾਮਲ ਹੋ ਗਏ। 1965 ਦੀ ਜੰਗ ਦੌਰਾਨ ਉਹ ਪੱਛਮੀ ਕਮਾਂਡ ਦੇ ਕਮਾਂਡਿੰਗ ਇਨ ਚੀਫ਼ ਲੈਫਟੀਨੈਂਟ ਜਨਰਲ ਹਰਬਖ਼ਸ ਸਿੰਘ ਦੇ ਏਡੀਸੀ ਸਨ।

ਇਹ ਜੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਆਪਣੇ ਅਹੁਦੇ ਤੋਂ ਮੁੜ ਅਸਤੀਫ਼ਾ ਦੇ ਦਿੱਤਾ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ (ਖੱਬੇ ਤੋਂ ਤੀਜੇ) ਦੀ ਇਹ ਤਸਵੀਰ ਨੈਸ਼ਨਲ ਡਿਫ਼ੈਸ ਅਕੈਡਮੀ ਦੇਹਰਾਦੂਨ ਦੀ ਹੈ।

ਕੈਪਟਨ ਅਮਰਿੰਦਰ ਦਾ ਸਿਆਸੀ ਸਫ਼ਰ

ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਸਮੇਂ ਜੁਲਾਈ 2021 ਨੂੰ ਆਪਣੇ ਸੰਬੋਧਨ ਵਿੱਚ ਕੈਪਟਨ ਨੇ ਕਿਹਾ ਸੀ, ''ਫੌਜ ਵਿੱਚ ਸੇਵਾਮੁਕਤੀ ਤੋਂ ਬਾਅਦ ਮੇਰੇ ਕੁਝ ਦੋਸਤਾਂ ਨੇ ਸਲਾਹ ਦਿੱਤੀ ਕਿ ਮੈਂ ਸਿਆਸਤ ਵਿੱਚ ਆਵਾਂ।''

''ਪਰ ਮੈਂ ਕਿਹਾ ਕਿ ਮੈਨੂੰ ਸਿਆਸਤ ਬਾਰੇ ਕੁਝ ਤਜਰਬਾ ਨਹੀਂ ਹੈ, ਤਾਂ ਉਨ੍ਹਾਂ ਮੈਨੂੰ ਸਰਦਾਰ ਭਗਵਾਨ ਸਿੰਘ (ਨਵਜੋਤ ਸਿੱਧੂ ਦੇ ਪਿਤਾ) ਨੂੰ ਮਿਲ ਕੇ ਸਲਾਹ ਲੈਣ ਲਈ ਕਿਹਾ ਸੀ, ਮੈਂ ਉਨ੍ਹਾਂ ਤੋਂ ਸਲਾਹ ਲੈਂਦਾ ਰਿਹਾ ਹਾਂ।''

ਅਸਲ ਵਿੱਚ ਰਾਜੀਵ ਗਾਂਧੀ, ਕੈਪਟਨ ਅਮਰਿੰਦਰ ਸਿੰਘ ਦੇ ਦੂਨ ਸਕੂਲ ਦੇ ਸਹਿਪਾਠੀ ਸਨ। ਇਸ ਲਈ ਰਾਜੀਵ ਗਾਂਧੀ ਨਾਲ ਨੇੜਲੇ ਰਿਸ਼ਤਿਆਂ ਕਾਰਨ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਪਟਿਆਲਾ ਦਾ ਸ਼ਾਹੀ ਪਰਿਵਾਰ ਪਹਿਲਾਂ ਤੋਂ ਹੀ ਕਾਂਗਰਸ ਦਾ ਸਮਰਥਕ ਸੀ। ਕੈਪਟਨ ਦੀ ਮਾਤਾ ਮਹਿੰਦਰ ਕੌਰ ਕਾਂਗਰਸ ਦੀ ਰਾਜ ਸਭਾ ਮੈਂਬਰ ਵੀ ਰਹੀ ਹੈ।

1980 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੀ ਵਾਰ ਕਾਂਗਰਸ ਦੀ ਟਿਕਟ ਉੱਤੋ ਲੋਕ ਸਭਾ ਦੀ ਚੋਣ ਲੜੀ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amrinder Singh

ਤਸਵੀਰ ਕੈਪਸ਼ਨ, ਰਾਜੀਵ ਗਾਂਧੀ ਨਾਲ ਦੋਸਤੀ ਕੈਪਟਨ ਨੂੰ ਕਾਂਗਰਸ ਵਿੱਚ ਲੈ ਗਈ ਅਤੇ ਸੋਨੀਆਂ ਗਾਂਧੀ ਨੇ ਉਨ੍ਹਾਂ ਦਾ ਸਿਆਸਤ ਦੇ ਹਰ ਮੋੜ ਉੱਤੇ ਸਾਥ ਦਿੱਤਾ

1984 ਵਿੱਚ ਸਿੱਖਾਂ ਦੇ ਧਾਰਮਿਕ ਅਸਥਾਨ ਅਕਾਲ ਤਖ਼ਤ ਉੱਤੇ ਭਾਰਤੀ ਫੌਜ ਦੇ ਹਮਲੇ ਖ਼ਿਲਾਫ਼ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫ਼ਾ ਦੇ ਦਿੱਤਾ ।

ਜਰਨੈਲ ਸਿੰਘ ਭਿੰਡਰਾਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਦੇ ਨਾਂ ਉੱਤੇ ਕੀਤੀ ਗਈ ਇਸ ਫੌਜੀ ਕਾਰਵਾਈ ਨੂੰ ਆਪਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ।

ਇਸ ਨੇ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਪੈਦਾ ਕਰ ਦਿੱਤੀ, ਇਸੇ ਰੋਹ ਵਿੱਚ ਆ ਕੇ ਕੈਪਟਨ ਅਮਰਿੰਦਰ ਨੇ ਕਾਂਗਰਸ ਨਾਲੋਂ ਵੀ ਨਾਤਾ ਤੋੜ ਲਿਆ ਸੀ।

ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੂੰ 1985 ਵਿੱਚ ਤਲਵੰਡੀ ਸਾਬੋ ਤੋਂ ਚੋਣ ਲੜਾਈ ਗਈ।

ਅਕਾਲੀ ਦਲ ਦੀ ਇਸ ਸਰਕਾਰ ਵਿੱਚ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਅਤੇ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਬਣੇ, ਪਰ ਇਹ ਸਰਕਾਰ 1987 ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਰਨ ਭੰਗ ਕਰ ਦਿੱਤੀ ਗਈ।

1980ਵਿਆਂ ਦੌਰਾਨ ਖਾਲਿਤਸਤਾਨੀ ਲਹਿਰ ਦਾ ਦੌਰ ਸੀ ਅਤੇ ਸੂਬੇ ਵਿੱਚ ਜ਼ਿਆਦਾ ਸਮਾਂ ਰਾਸ਼ਟਰਪਤੀ ਰਾਜ ਹੀ ਰਿਹਾ।

ਅਕਾਲੀ ਦਲ ਦੇ ਆਗੂਆਂ ਨਾਲ ਮਤਭੇਦ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੱਖਰਾ ਅਕਾਲੀ ਦਲ ਬਣਾ ਲਿਆ, ਇਸ ਨੂੰ ਅਕਾਲੀ ਦਲ ਪੰਥਕ ਕਿਹਾ ਜਾਂਦਾ ਸੀ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ, ਕੈਪਟਨ ਅਮਰਿੰਦਰ ਸਿੰਘ ਦੇ ਸਹਿਪਾਠੀ ਸਨ

1997 ਵਿੱਚ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਦੇ ਅਕਾਲੀ ਦਲ ਪੰਥਕ ਦਾ ਵੀ ਕਾਂਗਰਸ ਵਿੱਚ ਰਲੇਵਾ ਹੋ ਗਿਆ।

1998 ਦੀਆਂ ਲੋਕ ਸਭਾ ਚੋਣਾਂ ਕੈਪਟਨ ਅਮਰਿੰਦਰ ਨੇ ਮੁੜ ਕਾਂਗਰਸ ਦੀ ਟਿਕਟ ਉੱਤੇ ਲੜੀਆਂ ਪਰ ਉਹ ਹਾਰ ਗਏ।

1999 ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਇਕਾਈ ਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਦੇ ਹੱਥਾਂ ਵਿੱਚ ਸੌਂਪ ਦਿੱਤੀ ਅਤੇ ਉਹ 2002 ਤੱਕ ਇਸ ਅਹੁਦੇ ਉੱਤੇ ਰਹੇ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਕਾਂਗਰਸ ਨੇ ਫਰਵਰੀ 2002 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਤੇ ਸਰਕਾਰ ਬਣਾਈ।

ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸੇ ਸ਼ਾਹੀ ਘਰਾਣੇ ਵਿੱਚੋਂ ਮੁੱਖ ਮੰਤਰੀ ਬਣਨ ਵਾਲੇ ਪਹਿਲੇ ਆਗੂ ਬਣੇ।

ਕਾਂਗਰਸ ਦਾ ਪੰਥਕ ਜਥੇਦਾਰ

1984 ਵਿੱਚ ਦਰਬਾਰ ਸਾਹਿਬ ਉੱਤੇ ਫੌਜੀ ਕਾਰਵਾਈ ਅਤੇ ਦਿੱਲੀ ਸਣੇ ਦੇਸ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਕਾਰਨ ਪੰਜਾਬ ਦੀ ਬਹੁਗਿਣਤੀ ਸਿੱਖ ਕੌਮ ਵਿੱਚ ਕਾਂਗਰਸ ਦੀ ਦਿੱਖ ਨੂੰ ਢਾਹ ਲੱਗੀ।

ਪੰਜਾਬ ਵਿੱਚ ਅਕਾਲੀ ਦਲ ਦੇ ਬਾਈਕਾਟ ਕਾਰਨ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤ ਕੇ ਕਾਂਗਰਸ ਨੇ ਸੱਤਾ ਹਾਸਲ ਕਰ ਲਈ ਸੀ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਪੰਥਕ ਮਾਮਲਿਆਂ ਵਿੱਚ ਮੁਹਾਰਤ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਨੂੰ ਇੱਕ ਵਾਰ ਖੂਜੇ ਲਾ ਦਿੱਤਾ ਸੀ

ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਜਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਰਿਪੋਰਟਾਂ ਆਈਆਂ ਉਸ ਨੇ ਪੰਜਾਬ ਦੇ ਆਮ ਲੋਕਾਂ ਦੇ ਮਨਾਂ ਵਿੱਚ ਕਾਂਗਰਸ ਦੀ ਹੋਰ ਨਾਂਹ-ਪੱਖੀ ਤਸਵੀਰ ਬਣਾ ਦਿੱਤੀ।

1997 ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਸੀ। ਅਕਾਲੀ ਦਲ ਨੇ ਲੋਕਾਂ ਵਿੱਚ ਕਾਂਗਰਸ ਖ਼ਿਲਾਫ਼ ਭਾਵਨਾਵਾਂ ਨੂੰ ਚੋਣ ਮੁੱਦਾ ਬਣਾ ਕੇ ਇਹ ਚੋਣ ਲੜੀ ਸੀ।

ਇਸੇ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਮੁੜ ਕਾਂਗਰਸ ਵਿੱਚ ਸ਼ਾਮਲ ਹੁੰਦੇ ਹਨ।

1984 ਵਿੱਚ ਲੋਕ ਸਭਾ ਤੋਂ ਅਸਤੀਫ਼ਾ ਦੇਣ ਕਾਰਨ ਆਮ ਲੋਕਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਦਿੱਖ ਇੱਕ ਚੰਗੇ ਸਿੱਖ ਵਜੋਂ ਬਣ ਗਈ ਸੀ।

1984 ਤੋਂ 1997 ਤੱਕ ਉਨ੍ਹਾਂ ਦੀ ਅਕਾਲੀ ਦਲ ਦੇ ਆਗੂ ਵਜੋਂ ਹੋਈ ਸਕੂਲਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਥਕ ਮੁੱਦਿਆਂ ਦੀ ਮੁਹਾਰਤ ਵਾਲਾ ਆਗੂ ਬਣਾ ਦਿੱਤਾ ਸੀ।

ਪੰਜਾਬ ਦੀ ਸਿਆਸਤ ਦੇ ਮਾਹਿਰ ਮੰਨਦੇ ਹਨ ਕਿ ਕੈਪਟਨ ਨੇ ਜਿਵੇਂ ਪੰਥਕ ਮੁੱਦਿਆਂ ਨੂੰ ਚੁੱਕਿਆ ਅਤੇ ਬਾਦਲ ਵਿਰੋਧੀ ਪੰਥਕ ਦਲਾਂ ਨਾਲ ਰਾਬਤਾ ਬਣਾਇਆ, ਉਸ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫੇਰ ਕਾਂਗਰਸ ਦੇ ਪੰਜਾਬ ਵਿੱਚ ਪੈਰ ਲੁਆ ਦਿੱਤੇ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਤੋਂ ਸਿਰੋਪਾਓ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ

2002 ਵਿੱਚ ਕਾਂਗਰਸ ਨੇ ਚੋਣ ਜਿੱਤੀ ਅਤੇ ਕੈਪਟਨ ਨੇ ਇਹੀ ਪੰਥਕ ਏਜੰਡਾ ਜਾਰੀ ਰੱਖਿਆ।

ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਸਰਕਾਰ ਅਕਾਲੀ ਦਲ ਤੋਂ ਬਾਗੀ ਹੋਏ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੀ ਸਾਲਾਨਾ ਚੋਣ ਜਿੱਤਣ ਲ਼ਈ ਅੰਦਰਖਾਤੇ ਪੱਖ ਵੀ ਪੂਰਦੀ ਰਹੀ।

ਦਰਿਆਈ ਪਾਣੀਆਂ ਦੇ ਮੁੱਦੇ ਉਤੇ ਵਿਧਾਨ ਸਭਾ ਵਿੱਚ ਸਾਰੇ ਸਮਝੌਤੇ ਰੱਦ ਕਰਵਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਮੁੱਖ ਏਜੰਡਿਆਂ ਵਿੱਚੋਂ ਇੱਕ ਹਾਈਜੈਕ ਕਰ ਲਿਆ।

ਪੰਜਾਬ ਵਿਧਾਨ ਸਭਾ ਵਿੱਚ ਖਾੜਕੂਵਾਦ ਵਰਗੇ ਮੁੱਦਿਆਂ ਉੱਤੇ ਬਹਿਸ ਕਰਵਾ ਕੇ ਅਕਾਲੀ ਦਲ ਨੂੰ ਘੇਰਨਾ ਕੈਪਟਨ ਅਮਰਿੰਦਰ ਦਾ 'ਪੰਥਕ ਏਜੰਡਾ' ਹੀ ਸੰਭਵ ਕਰ ਸਕਦਾ ਸੀ।

ਧਾਕੜ ਆਗੂ ਤੋਂ ਮਜਬੂਰ ਮੁੱਖ ਮੰਤਰੀ ਤੱਕ

ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੀ ਸਿਆਸਤ ਵਿੱਚ ਦਿੱਖ ਇੱਕ ਧਾਕੜ ਆਗੂ ਵਾਲੀ ਸੀ। ਉਨ੍ਹਾਂ ਜਦੋਂ 2002 ਦੀਆਂ ਚੋਣਾਂ ਦੇ ਪ੍ਰਚਾਰ ਦੀ ਕਮਾਂਡ ਸੰਭਾਲੀ ਤਾਂ ਉਹ ਹਰ ਸਟੇਜ ਤੋਂ ਭ੍ਰਿਸ਼ਟਾਚਾਰ ਖਿਲਾਫ਼ ''ਖੁੰਡਾ ਖੜਕਾਉਣ'' ਦੇ ਬਿਆਨ ਦਿੰਦੇ ਰਹੇ।

ਉਨ੍ਹਾਂ ਸ਼ਰ੍ਹੇਆਮ ਪ੍ਰਕਾਸ਼ ਸਿੰਘ ਬਾਦਲ ਵਰਗੇ ਸੀਨੀਅਰ ਆਗੂ ਨੂੰ ਜੇਲ੍ਹ ਵਿੱਚ ਡੱਕਣ ਦੀ ਧਮਕੀ ਦਿੱਤੀ। ਅਕਾਲੀ ਦਲ ਦੇ ਤੇਜ ਤਰਾਰ ਆਗੂਆਂ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰਦੇ ਰਹੇ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਦੂਜੇ ਕਾਰਜਕਾਲ ਦੇ ਅੰਤ ਤੱਕ ਧਾਕੜ ਤੋਂ ਮਜਬੂਰ ਮੁੱਖ ਮੰਤਰੀ ਵਾਂਗ ਦਿਖਣ ਲੱਗ ਪਏ ਸਨ

ਮੁੱਖ ਮੰਤਰੀ ਅਤੇ ਮੰਤਰੀਆਂ ਨੂੰ ਸਟੇਜਾਂ ਤੋਂ ਇੰਝ ਲਲਕਾਰਨ ਦੀ ਕੈਪਟਨ ਦੀ ਪ੍ਰਚਾਰ ਸ਼ੈਲੀ ਨੇ ਉਨ੍ਹਾਂ ਨੂੰ ਇੱਕ ਧਾਕੜ ਆਗੂ ਵਜੋਂ ਉਭਾਰਿਆ।

ਸਰਕਾਰ ਬਣਦਿਆਂ ਹੀ ਬਾਦਲ ਪਰਿਵਾਰ ਖਿਲਾਫ਼ ਕਾਰਵਾਈ ਅਤੇ ਦਰਿਆਈ ਪਾਣੀਆਂ ਉੱਤੇ ਸਮਝੌਤੇ ਰੱਦ ਕਰਨ ਵਰਗੇ ਫੈਸਲਿਆਂ ਨੇ ਕੈਪਟਨ ਦੀ ਧਾਕੜ ਦਿੱਖ ਨੂੰ ਹੋਰ ਮਜ਼ਬੂਤ ਕੀਤਾ।

ਪਰ ਇਹ ਵੀ ਸੱਚ ਹੈ ਕਿ ਅਗਲੇ 10 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਕਾਸ਼ ਸਿੰਘ ਬਾਦਲ ਦੀ ਕੂਟਨੀਤੀ ਅੱਗੇ ਕੋਈ ਪੇਸ਼ ਨਾ ਚੱਲੀ। ਪ੍ਰਕਾਸ਼ ਸਿੰਘ ਬਾਦਲ ਨੇ 2007 ਅਤੇ 2012 ਦੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਨੂੰ ਧੋਬੀ ਪਟਕਾ ਮਾਰਿਆ।

ਪੰਜਾਬ ਵਿੱਚ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਹੀ ਬਣਾਇਆ ਸੀ।

2015 ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਆਮ ਆਦਮੀ ਪਾਰਟੀ ਦੇ ਉਭਰਣ ਤੋਂ ਬਣੇ ਹਾਲਾਤ ਨੇ ਇੱਕ ਵਾਰ ਫੇਰ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਦਿੱਤਾ।

ਉਨ੍ਹਾਂ ਨੇ ਪ੍ਰਸ਼ਾਤ ਕਿਸ਼ੋਰ ਵਰਗੇ ਰਣਨੀਤੀਕਾਰ ਦੀ ਮਦਦ ਨਾਲ ਚੋਣ ਲੜੀ ਅਤੇ ਦੂਜੀ ਵਾਰ ਮੁੱਖ ਮੰਤਰੀ ਬਣ ਗਏ।

ਇਸ ਵਾਰ ਉਹ ਪਹਿਲਾਂ ਨਾਲੋਂ ਸਾਂਤ ਨਜ਼ਰ ਆਏ, ਉਹ ਨਾ ਸਿਆਸੀ ਵਿਰੋਧੀਆਂ ਖ਼ਿਲਾਫ਼ ਕੋਈ ਕਾਰਵਾਈ ਕਰਦੇ ਨਜ਼ਰ ਆਏ ਅਤੇ ਨਾ ਹੀ ਉਸ ਤਰ੍ਹਾਂ ਦਾ ਹਮਲਾਵਰ ਰੁਖ ਅਪਣਾਇਆ ਜਿਵੇਂ ਪਹਿਲੇ ਕਾਰਜਕਾਲ ਦੌਰਾਨ ਸੀ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉਨ੍ਹਾਂ ਦੇ ਮੰਤਰੀਆਂ, ਦਰਜਨਾਂ ਵਿਦਾਇਕਾਂ ਅਤੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹਿਆ ਸੀ

ਉਨ੍ਹਾਂ ਉੱਤੇ ਆਪਣੀ ਹੀ ਪਾਰਟੀ ਦੇ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਬਾਦਲਾਂ ਨਾਲ ਅੰਦਰਖਾਤੇ ਮਿਲਣ ਦੇ ਇਲਜ਼ਾਮ ਲਾਉਂਦੇ ਰਹੇ, ਉਨ੍ਹਾਂ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਇਨਸਾਫ਼ ਨਾ ਦੇਣ ਲਈ ਜ਼ਿੰਮੇਵਾਰ ਦੱਸਦੇ ਰਹੇ।

ਜਿਸ ਕੇਬਲ, ਸ਼ਰਾਬ, ਡਰੱਗ ਅਤੇ ਮਾਇਨਿੰਗ ਮਾਫ਼ੀਆ ਨੂੰ ਮੁੱਦਾ ਬਣਾਇਆ ਗਿਆ ਸੀ, ਉਨ੍ਹਾਂ ਖ਼ਿਲਾਫ਼ ਵੀ ਕੋਈ ਠੋਸ ਕਾਰਵਾਈ ਨਾ ਕਰਨ ਦੇ ਇਲਜ਼ਾਮ ਕਾਂਗਰਸੀ ਆਗੂ ਹੀ ਲਗਾਉਂਦੇ ਰਹੇ।

ਇਹੀ ਕਾਰਨ ਹੈ ਕਿ ਉਨ੍ਹਾਂ ਦੇ ਆਪਣੇ ਹੀ ਮੰਤਰੀਆਂ, ਵਿਧਾਇਕਾਂ ਅਤੇ ਸੂਬਾ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੋਰਚਾ ਖੋਲ੍ਹਿਆ।

ਕੈਪਟਨ ਅਮਰਿੰਦਰ ਸਿੰਘ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦੇ ਰਹੇ ਹਨ, ਪਰ ਉਨ੍ਹਾਂ ਦੀ ਕਾਰਜ ਸ਼ੈਲੀ ਤੋਂ ਉਹ ਇੱਕ ਮਜਬੂਰ ਮੁੱਖ ਮੰਤਰੀ ਵਜੋਂ ਕੰਮ ਕਰਦੇ ਨਜ਼ਰ ਆ ਰਹੇ ਸਨ।

ਮਿਸਾਲ ਵਜੋਂ ਨਵਜੋਤ ਸਿੰਘ ਸਿੱਧੂ ਉਨ੍ਹਾਂ ਖ਼ਿਲਾਫ਼ ਸਖ਼ਤ ਬਿਆਨਬਾਜ਼ੀ ਕਰਦੇ ਰਹੇ ਹਨ, ਪਰ ਉਹ ਉਨ੍ਹਾਂ ਨੂੰ ਪ੍ਰਧਾਨ ਬਣਨ ਤੋਂ ਨਹੀਂ ਰੋਕ ਸਕੇ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਧੂ ਉਨ੍ਹਾਂ ਤੋਂ ਦਿੱਤੇ ਬਿਆਨਾਂ ਲਈ ਮਾਫ਼ੀ ਨਹੀਂ ਮੰਗਦਾ, ਉਹ ਸਿੱਧੂ ਨਾਲ ਗੱਲ ਨਹੀਂ ਕਰਨਗੇ, ਪਰ ਉਹ ਸਿੱਧੂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ।

ਇੱਥੇ ਸਿੱਧੂ ਨੇ ਉਨ੍ਹਾਂ ਦਾ ਮੰਚ ਤੋਂ ਨਾਂ ਤੱਕ ਨਹੀਂ ਲਿਆ, ਉਲਟਾ ਗੱਲਾਂ-ਗੱਲਾਂ ਵਿੱਚ ਹੀ ਉਨ੍ਹਾਂ ਦੀ ਲਾਹ-ਪਾਹ ਕਰਦੇ ਦਿਖੇ, ਤੇ ਉਹ ਚੁੱਪਚਾਪ ਸੁਣਦੇ ਰਹੇ।

ਕਾਂਗਰਸ ਛੱਡ ਕੇ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਜੋ ਭਾਜਪਾ ਨਾਲ ਗਠਜੋੜ ਵਿੱਚ ਚੋਣ ਲੜੀ।ਪਰ ਉਹ ਆਪਣੀ ਸੀਟ ਵੀ ਨਹੀਂ ਬਚਾ ਸਕੇ।

ਕੈਪਟਨ ਦੀ ਸਿਆਸਤ ਦੇ ਨਾਲ ਇਤਿਹਾਸਕਾਰੀ

ਕੈਪਟਨ ਅਮਰਿੰਦਰ ਸਿੰਘ ਸਿਆਸਤਦਾਨ ਦੇ ਨਾਲ-ਨਾਲ ਸਿੱਖ ਅਤੇ ਮਿਲਟਰੀ ਇਤਿਹਾਸਕਾਰ ਵੀ ਹਨ।

ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਉੱਤੇ ਅਧਾਰਿਤ ''ਦਿ ਲਾਸਟ ਸਨਸੈੱਟ: ਰਾਇਜ਼ ਐਂਡ ਫਾਲ ਆਫ਼ ਲਾਹੌਰ ਦਰਬਾਰ ਅਤੇ ''ਦਿ ਸਿੱਖ ਇਨ ਬ੍ਰਿਟੇਨ'' 150 ਯੀਅਰ ਆਫ ਫੋਟੋਗ੍ਰਾਫ਼ਸ ਦੋ ਚਰਚਿਤ ਕਿਤਾਬਾਂ ਲਿਖੀਆਂ ਹਨ।

ਭਾਰਤੀ ਮਿਲਟਰੀ ਹਿਸਟਰੀ ਉੱਤੇ ਲਿਖੀ ਅਮਰਿੰਦਰ ਸਿੰਘ ਦੀ ਕਿਤਾਬ, 1914-1918 ਦੀ ਵਿਸ਼ਵ ਜੰਗ ਵਿੱਚ ਭਾਰਤੀ ਫੌਜ ਦਾ ਯੋਗਦਾਨ 6 ਦਸੰਬਰ 2014 ਨੂੰ ਚੰਡੀਗੜ੍ਹ ਮਿਲਟਰੀ ਫੈਸਟੀਵਲ ਵਿੱਚ ਰਿਲੀਜ਼ ਕੀਤੀ ਗਈ ਸੀ।

ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ

ਤਸਵੀਰ ਸਰੋਤ, Amarinder Singh

ਤਸਵੀਰ ਕੈਪਸ਼ਨ, ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਉੱਤੇ ਅਧਾਰਿਤ ਕਿਤਾਬ 'ਦਿ ਲਾਸਟ ਸਨਸੈੱਟ: ਰਾਇਜ਼ ਐਂਡ ਫਾਲ ਆਫ਼ ਲਾਹੌਰ ਦਰਬਾਰ' ਕਾਫ਼ੀ ਚਰਚਿਤ ਹੈ।

ਉਨ੍ਹਾਂ ਨੇ 1965 ਦੀ ਭਾਰਤ-ਪਾਕਿਸਤਾਨ ਜੰਗ ਨਾਲ ਜੁੜੀਆਂ ਆਪਣੀਆਂ ਯਾਦਾਂ ਉੱਤੇ ਵੀ ਇੱਕ ਕਿਤਾਬ ਲਿਖੀ ਹੈ।

ਕਈ ਖੋਜ ਭਰਪੂਰ ਕਿਤਾਬਾਂ ਲਿਖਣ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਕਿਹਾ ਕਿ ਸੀ ਉਹ ਮਿਲਟਰੀ ਹਿਸਟਰੀ ਉੱਤੇ ਹੀ ਇੱਕ ਹੋਰ ਕਿਤਾਬ ਲਿਖਣ ਦੀ ਤਿਆਰੀ ਕਰ ਰਹੇ ਹਨ।

ਇਤਿਹਾਸ ਨਾਲ ਸਬੰਧਤ ਕਿਤਾਬਾਂ ਪੜ੍ਹਨ ਵਿੱਚ ਉਨ੍ਹਾਂ ਦੀ ਖਾਸ ਰੁਚੀ ਹੈ। ਮੁੱਖ ਮੰਤਰੀ ਰਹਿੰਦਿਆਂ ਵੀ ਉਹ ਸਮਾਂ ਕੱਢਦੇ ਹਨ ਅਤੇ ਲੇਖਨ ਦਾ ਕਾਰਜ ਕਾਫ਼ੀ ਗੰਭੀਰਤਾ ਨਾਲ ਕਰਦੇ ਹਨ।

ਕੈਪਟਨ ਤੇ ਆਰੂਸਾ ਆਲਮ ਦੀ ਦੋਸਤੀ

ਆਰੂਸਾ ਆਲਮ ਪਾਕਿਸਤਾਨੀ ਪੱਤਰਕਾਰ ਹੈ। ਉਨ੍ਹਾਂ ਦੀ ਕੈਪਟਨ ਅਮਰਿੰਦਰ ਨਾਲ ਦੋਸਤੀ 2007 ਤੋਂ ਸ਼ੁਰੂ ਹੋਈ।

ਇਹ ਦੋਸਤੀ ਪਿਛਲੇ ਕਰੀਬ ਡੇਢ ਦਹਾਕੇ ਦੌਰਾਨ ਸ਼ਾਇਦ ਅਜਿਹਾ ਮਸਲਾ ਬਣੀ, ਜਿਹੜੀ ਪੰਜਾਬ ਦੀ ਸਿਆਸਤ ਵਿਚ ਕਿਸੇ ਨਾ ਕਿਸੇ ਤਰੀਕੇ ਚਰਚਾ ਦਾ ਮੁੱਦਾ ਬਣਦੀ ਰਹੀ।

ਕੈਪਟਨ ਅਮਰਿੰਦਰ ਸਿੰਘ ਤੇ ਆਰੂਸਾ ਆਲਮ ਜਲੰਧਰ ਵਿੱਚ ਪਹਿਲੀ ਵਾਰ ਇੱਕ ਖੇਡ ਸਮਾਗਮ ਵਿੱਚ ਮਿਲੇ ਸਨ।

ਉਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਲਾਹੌਰ ਗਏ ਤਾਂ ਆਰੂਸਾ ਤੇ ਕੈਪਟਨ ਦੀ ਮਿਲਣੀ ਦੀਆਂ ਖ਼ਬਰਾਂ ਪਾਕਿਸਤਾਨੀ ਮੀਡੀਆ ਵਿੱਚ ਨਸ਼ਰ ਹੋਈਆਂ।

ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਨਾਲ ਬਤੌਰ ਪੱਤਰਕਾਰ ਆਰੂਸਾ ਭਾਰਤ ਦੇ ਦੌਰੇ ਉੱਤੇ ਆਈ ਤਾਂ ਵੀ ਉਨ੍ਹਾਂ ਦੀ ਖਾਸ ਮਹਿਮਾਨ-ਨਿਵਾਜ਼ੀ ਕੀਤੀ ਗਈ।

ਕੈਪਟਨ ਅਮਰਿੰਦਰ ਤੇ ਅਰੂਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਰੂਸਾ ਆਲਮ ਤੇ ਕੈਪਟਨ ਅਮਰਿੰਦਰ ਦੀ ਦੋਸਤੀ ਡੇਢ ਦਹਾਕੇ ਤੋਂ ਲਗਾਤਾਰ ਸੁਰਖੀਂਆਂ ਵਿਚ ਰਹੀ ਹੈ।

2007 ਵਿੱਚ ਦੋਵਾਂ ਦੇ ਵਿਆਹ ਕਰਵਾਉਣ ਦੀਆਂ ਖ਼ਬਰਾਂ ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਆਈਆਂ ਤਾਂ ਆਰੂਸਾ ਆਲਮ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੈਪਟਨ ਉਨ੍ਹਾਂ ਦੇ ਸਿਰਫ਼ ਦੋਸਤ ਹਨ।

ਕੈਪਟਨ ਸੱਤਾ ਤੋਂ ਬਾਹਰ ਸਨ ਤਾਂ ਵੀ ਆਰੂਸਾ ਦੇ ਉਨ੍ਹਾਂ ਨਾਲ ਕਦੇ ਚੰਡੀਗੜ੍ਹ ਵਿੱਚ ਹੋਣ, ਕਦੇ ਚੈਲ (ਹਿਮਾਚਲ ਪ੍ਰਦੇਸ਼) ਵਿੱਚ ਅਤੇ ਕਦੇ ਦਿੱਲੀ ਵਿੱਚ, ਇਹ ਜਾਣਕਾਰੀ ਮੀਡੀਆ ਦੀਆਂ ਸੁਰਖੀਆਂ ਬਣਦੀ ਰਹੀ।

2017 ਵਿੱਚ ਜਦੋਂ ਕੈਪਟਨ ਅਮਰਿੰਦਰ ਮੁੜ ਮੁੱਖ ਮੰਤਰੀ ਬਣੇ ਤਾਂ ਆਰੂਸਾ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿੱਚ ਹੀ ਰਹਿਣ ਲੱਗ ਪਈ।

ਉਦੋਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਤਤਕਾਲੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਆਰੂਸਾ ਨੂੰ ਮੁੱਖ ਮੰਤਰੀ ਰਿਹਾਇਸ਼ ਤੋਂ ਬਾਹਰ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਸੀ।

ਅਰੂਸਾ ਆਲਮ , ਪਾਕਿਸਤਾਨੀ ਪੱਤਰਕਾਰ

ਤਸਵੀਰ ਸਰੋਤ, Getty Images

ਉਨ੍ਹਾਂ ਇਸ ਨੂੰ ਦੇਸ ਦੀ ਸੁਰੱਖਿਆ ਲਈ ਖ਼ਤਰਾ ਵੀ ਕਰਾਰ ਦਿੱਤਾ ਸੀ।

ਅਕਾਲੀ ਅਤੇ ਭਾਜਪਾ ਦੇ ਆਗੂ ਵੀ ਕੈਪਟਨ ਅਮਰਿੰਦਰ ਅਤੇ ਆਰੂਸਾ ਦੇ ਰਿਸ਼ਤਿਆਂ ਨੂੰ ਸਿਆਸੀ ਬਿਆਨਬਾਜ਼ੀ ਦਾ ਮਸਾਲਾ ਬਣਾਉਦੇਂ ਰਹੇ।

ਪਰ ਕਦੇ ਅਜਿਹੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਉਨ੍ਹਾਂ ਆਪਣੀ ਪਾਰਟੀ ਦੀ ਕੇਂਦਰ ਸਰਕਾਰ ਨੂੰ ਆਰੂਸਾ ਦਾ ਭਾਰਤ ਵੀਜ਼ਾ ਰੱਦ ਕਰਨ ਲਈ ਦਬਾਅ ਪਾਇਆ ਹੋਵੇ।

ਕਈ ਕਾਂਗਰਸੀ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਜਰੂਰ ਆਉਂਦੀਆਂ ਰਹੀਆਂ ਕਿ ਇਸ ਮਾਮਲੇ ਵਿੱਚ ਕੈਪਟਨ ਅਮਰਿੰਦਰ ਨੇ ਸੋਨੀਆਂ ਗਾਂਧੀ ਦੀ ਵੀ ਨਹੀਂ ਸੁਣੀ।

ਇਹ ਵੀ ਪੜ੍ਹੋ :

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)