ਯੂਕਰੇਨ ਪੜ੍ਹਦੇ ਪੰਜਾਬ ਦੇ ਵਿਦਿਆਰਥੀ ਦੀ ਮੌਤ, ਭਾਰਤ ਸਰਕਾਰ ਨੂੰ ਪਰਿਵਾਰ ਦੀ ਅਪੀਲ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਸਹਿਯੋਗੀ

ਯੂਕਰੇਨ ਵਿੱਚ ਭਾਰਤ ਦੇ ਇੱਕ ਹੋਰ ਵਿਦਿਆਰਥੀ ਦੀ ਮੌਤ ਹੋਈ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਮੰਤਰਾਲੇ ਮੁਤਾਬਕ ਮੌਤ ਦੇ ਕਾਰਨ ਕੁਦਰਤੀ ਹਨ।

ਮ੍ਰਿਤਕ ਦੀ ਪਹਿਚਾਣ ਚੰਦਨ ਜਿੰਦਲ ਵਜੋਂ ਹੋਈ ਹੈ।

ਚੰਦਨ ਪੰਜਾਬ ਦੇ ਬਰਨਾਲਾ ਦੇ ਵਸਨੀਕ ਸਨ ਅਤੇ ਪਿਛਲੇ ਚਾਰ ਸਾਲ ਤੋਂ ਯੂਕਰੇਨ ਦੇ ਵੀਨੀਤਸਿਆ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਸਨ।

ਰੂਸ ਤੇ ਯੂਕਰੇਨ ਦਰਮਿਆਨ ਜੰਗ ਸਮੇਂ ਇਹ ਦੂਜੇ ਭਾਰਤੀ ਵਿਦਿਆਰਥੀ ਦੀ ਮੌਤ ਹੈ। ਮੰਗਲਵਾਰ ਨੂੰ ਕਰਨਾਟਕ ਦੇ ਨਵੀਨ ਦੀ ਖਾਰਕੀਵ ਵਿਖੇ ਹਮਲੇ ਤੋਂ ਬਾਅਦ ਮੌਤ ਹੋਈ ਸੀ।

ਪਹਿਲਾਂ ਤੋਂ ਹੀ ਬਿਮਾਰ ਸਨ ਚੰਦਨ

ਚੰਦਨ ਜਿੰਦਲ ਦੇ ਪਰਿਵਾਰ ਨੇ ਬੀਬੀਸੀ ਨੂੰ ਦੱਸਿਆ ਕਿ 2 ਫਰਵਰੀ ਨੂੰ ਚੰਦਨ ਦੀ ਯੂਕਰੇਨ ਵਿਖੇ ਹਾਲਤ ਵਿਗੜ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।

ਪਰਿਵਾਰ ਦੀ ਸਹਿਮਤੀ ਤੋਂ ਬਾਅਦ ਚੰਦਨ ਦਾ ਯੂਕਰੇਨ ਵਿਖੇ ਆਪ੍ਰੇਸ਼ਨ ਹੋਇਆ।

ਚੰਦਨ ਦੇ ਪਿਤਾ ਸਿਸ਼ਨ ਜਿੰਦਲ ਅਤੇ ਤਾਇਆ ਕ੍ਰਿਸ਼ਨ ਜਿੰਦਲ 7 ਫਰਵਰੀ ਨੂੰ ਯੂਕਰੇਨ ਗਏ ਸਨ। ਇਸੇ ਦੌਰਾਨ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਲੱਗ ਗਈ ਅਤੇ ਕ੍ਰਿਸ਼ਨ ਜਿੰਦਲ ਨੂੰ ਭਾਰਤ ਵਾਪਸ ਆਉਣਾ ਪਿਆ।

ਮੰਗਲਵਾਰ ਹੀ ਭਾਰਤ ਪਰਤੇ ਕ੍ਰਿਸ਼ਨ ਜਿੰਦਲ ਨੂੰ ਬੁੱਧਵਾਰ ਸਵੇਰੇ ਚੰਦਨ ਦੀ ਮੌਤ ਦੀ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ:

ਕ੍ਰਿਸ਼ਨ ਜਿੰਦਲ ਨੇ ਦੱਸਿਆ, "ਚੰਦਨ ਦੀ ਮੌਤ ਬਾਰੇ ਅੱਜ ਪਤਾ ਲੱਗਿਆ ਹੈ। ਅਸੀਂ ਭਾਰਤ ਸਰਕਾਰ ਨੂੰ ਬੱਚੇ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮੰਗ ਕਰਦੇ ਹਾਂ। ਚੰਦਨ ਦੇ ਨਾਲ ਪੜ੍ਹਦੇ ਬੱਚਿਆਂ ਨੇ ਸਾਡੀ ਸਹਾਇਤਾ ਕੀਤੀ ਅਤੇ ਹਸਪਤਾਲ ਲੈ ਕੇ ਗਏ ਸਨ। ਅਸੀਂ ਮਦਦ ਲਈ ਭਾਰਤੀ ਅੰਬੈਸੀ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਪਰ ਉਨ੍ਹਾਂ ਨੇ ਸਾਨੂੰ ਕੋਈ ਬਹੁਤੀ ਮਦਦ ਨਹੀਂ ਕੀਤੀ।"

ਉਨ੍ਹਾਂ ਨੇ ਆਖਿਆ ਕਿ ਹਸਪਤਾਲ ਵਿੱਚ ਹਰ ਤਰ੍ਹਾਂ ਦੀ ਸਹੂਲਤ ਅਤੇ ਸਹਾਇਤਾ ਮਿਲੀ ਹੈ।

'ਰੋਮਾਨੀਆ ਬਾਰਡਰ 'ਤੇ ਹਾਲਾਤ ਭਿਆਨਕ'

ਕ੍ਰਿਸ਼ਨ ਕੁਮਾਰ ਨੇ ਆਪਣੇ ਯੂਕਰੇਨ ਤੋਂ ਭਾਰਤ ਦੇ ਸਫ਼ਰ ਬਾਰੇ ਵੀ ਬੀਬੀਸੀ ਨੂੰ ਦੱਸਿਆ।

ਕ੍ਰਿਸ਼ਨ ਕੁਮਾਰ ਮੁਤਾਬਕ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਤੋਂ ਬਾਅਦ ਭਾਰਤੀ ਬੱਚੇ ਵੀਨੀਤਸਿਆ ਤੋਂ ਨਿਕਲ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ।

ਜੰਗ ਕਾਰਨ ਯੂਕਰੇਨ ਵਿੱਚ ਨਕਦੀ ਦੀ ਕਮੀ ਹੋ ਰਹੀ ਹੈ ਅਤੇ ਡਾਲਰ ਵੀ ਨਹੀਂ ਮਿਲ ਰਹੇ। ਭਾਸ਼ਾ ਵੱਖਰੀ ਹੋਣ ਕਰਕੇ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਨੀਤਸੀਆ ਤੋਂ ਭਾਰਤ ਤਕ ਦੇ ਸਫ਼ਰ ਬਾਰੇ ਉਨ੍ਹਾਂ ਦੱਸਦਿਆਂ ਕਿਹਾ ਕਿ ਉਹ 46 ਵਿਦਿਆਰਥੀਆਂ ਨਾਲ 47 ਹਜ਼ਾਰ ਯੂਕਰੇਨੀ ਮੁਦਰਾ ਦੇ ਕੇ ਗੱਡੀ ਰਾਹੀਂ ਬਾਰਡਰ ਤਕ ਪਹੁੰਚੇ ਸਨ। ਰੋਮਾਨੀਆ ਦੀ ਸਰਹੱਦ ਤੋਂ ਕਈ ਕਿਲੋਮੀਟਰ ਪਹਿਲਾਂ ਹੀ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ 10-12 ਕਿਲੋਮੀਟਰ ਪੈਦਲ ਸਫ਼ਰ ਕਰਨਾ ਪਿਆ।

ਉਨ੍ਹਾਂ ਨੇ ਦੱਸਿਆ, "ਉੱਥੇ ਕਾਫ਼ੀ ਠੰਢ ਹੈ ਅਤੇ ਬੱਚਿਆਂ ਨੂੰ ਠੰਢ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹੱਦ ਤੱਕ ਦਾ ਸਫਰ ਭੁੱਖੇ ਰਹਿ ਕੇ ਹੀ ਕੱਢਿਆ ਗਿਆ ਹੈ। ਕਈ ਜਗ੍ਹਾ ਹਵਾਈ ਫਾਇਰ ਵੀ ਮੇਰੇ ਸਾਹਮਣੇ ਕੀਤੇ ਗਏ।"

ਯੂਕਰੇਨ-ਰੋਮਾਨੀਆ ਦੀ ਸਰਹੱਦ ਪਾਰ ਕਰਨ ਬਾਰੇ ਉਨ੍ਹਾਂ ਨੇ ਆਖਿਆ ਕਿ ਖ਼ਾਲਸਾ ਏਡ ਸੰਸਥਾ ਵੱਲੋਂ ਯੂਕਰੇਨ ਤੋਂ ਆ ਰਹੇ ਭਾਰਤੀਆਂ ਲਈ ਲੰਗਰ ਲਗਾਇਆ ਗਿਆ ਹੈ ਅਤੇ ਉਨ੍ਹਾਂ ਦੀ ਖਾਣ ਪੀਣ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਰੋਮਾਨੀਆ ਤੋਂ ਭਾਰਤ ਤਕ ਪੁੱਜਣ ਲਈ ਭਾਰਤ ਸਰਕਾਰ ਨੇ ਸਹਾਇਤਾ ਕੀਤੀ ਹੈ ਅਤੇ ਦਿੱਲੀ ਤੋਂ ਪੰਜਾਬ ਤਕ ਉਨ੍ਹਾਂ ਦੇ ਸਫ਼ਰ ਬਾਰੇ ਵੀ ਜਾਣਕਾਰੀ ਲਈ।

ਆਪਣੇ ਪਰਿਵਾਰਕ ਮੈਂਬਰ ਦੀ ਮੌਤ ਤੋਂ ਕ੍ਰਿਸ਼ਨ ਜਿੰਦਲ ਕਾਫੀ ਪਰੇਸ਼ਾਨ ਹਨ ਅਤੇ ਉਨ੍ਹਾਂ ਨੇ ਚੰਦਨ ਦੀ ਮ੍ਰਿਤਕ ਦੇਹ ਨੂੰ ਤੀ ਤੋਂ ਛੇਤੀ ਭਾਰਤ ਲੈ ਕੇ ਆਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)