ਆਰਐੱਸਐੱਸ ਵਿਆਹ ਦੀ ਉਮਰ ਵਧਾਉਣ ਦੇ ਮੁੱਦੇ 'ਤੇ ਸਰਕਾਰ ਦੇ ਨਾਲ ਨਹੀਂ, ਕਿਹਾ ਇਹ ਸਮਾਜਿਕ ਮੁੱਦਾ ਹੈ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Getty Images
ਔਰਤਾਂ ਲਈ ਵਿਆਹ ਦੀ ਉਮਰ ਬਾਰੇ ਆਰਐੱਸਐੱਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਦੁਆਰਾ ਪ੍ਰਸਤਾਵਿਤ ਕਾਨੂੰਨ 'ਤੇ ਉਨ੍ਹਾਂ ਦੇ ਵਿਚਾਰ ਵੱਖਰੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹੇ ਮੁੱਦਿਆਂ ਨੂੰ ਸਮਾਜ 'ਤੇ ਛੱਡ ਦੇਣਾ ਚਾਹੀਦਾ ਹੈ।
ਆਰਐੱਸਐੱਸ ਦਾ ਇਹ ਵੀ ਮੰਨਣਾ ਹੈ ਕਿ ਹਿਜਾਬ ਵਿਵਾਦ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ ਅਤੇ ਇਸਨੂੰ ਸਥਾਨਕ ਪੱਧਰ 'ਤੇ ਹੀ ਸੰਭਾਲਿਆ ਜਾਣਾ ਚਾਹੀਦਾ ਸੀ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਆਰਐੱਸਐੱਸ ਦੇ ਇੱਕ ਸੀਨੀਅਰ ਆਗੂ ਨੇ ਕਿਹਾ, "ਵਿਆਹ ਦੀ ਉਮਰ ਦਾ ਮੁੱਦਾ ਚਰਚਾ ਅਧੀਨ ਹੈ। ਬਹੁਤ ਸਾਰੇ ਮਤ ਹਨ।"
ਉਨ੍ਹਾਂ ਕਿਹਾ, "ਆਦਿਵਾਸੀਆਂ ਵਿੱਚ ਜਾਂ ਪੇਂਡੂ ਖੇਤਰਾਂ ਵਿੱਚ ਵਿਆਹ ਜਲਦੀ ਹੋ ਜਾਂਦੇ ਹਨ। ਸਰਕਾਰ ਦੀ ਦਲੀਲ ਹੈ ਇਹ ਸਿੱਖਿਆ (ਰੋਕਦਾ ਹੈ) ਅਤੇ (ਨਤੀਜਾ) ਛੋਟੀ ਉਮਰ 'ਚ ਗਰਭ ਅਵਸਥਾ। ਪਰ ਸਰਕਾਰ ਵੀ ਇਸ ਨੂੰ ਅੱਗੇ ਵਧਾਉਣ ਦੀ ਕਾਹਲੀ ਵਿੱਚ ਦਿਖਾਈ ਨਹੀਂ ਦਿੰਦੀ। ਸਵਾਲ ਇਹ ਹੈ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਕਿੰਨਾ ਕੁ ਦਖਲ ਦੇਣਾ ਚਾਹੀਦਾ ਹੈ। ਕੁਝ ਚੀਜ਼ਾਂ ਸਮਾਜ 'ਤੇ ਛੱਡ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।"
ਆਰਐੱਸਐੱਸ ਦੇ ਸੂਤਰਾਂ ਨੇ ਦੱਸਿਆ ਕਿ ਅਹਿਮਦਾਬਾਦ ਵਿਖੇ 11 ਤੋਂ 13 ਮਾਰਚ ਤੱਕ ਅਖਿਲ ਭਾਰਤੀ ਪ੍ਰਤਿਨਿਧੀ ਸਭਾ (ਏਬੀਪੀਐੱਸ) ਦੀ ਸਲਾਨਾ ਬੈਠਕ ਦੌਰਾਨ ਇਨ੍ਹਾਂ ਦੋ ਮੁੱਦਿਆਂ ਸਮੇਤ ਹੋਰ ਮੁੱਦਿਆਂ 'ਤੇ ਵੀ ਚਰਚਾ ਹੋ ਸਕਦੀ ਹੈ।
ਚੇਤੇ ਰਹੇ ਕਿ ਪਿਛਲੇ ਸਾਲ ਦਸੰਬਰ ਵਿੱਚ ਸਰਕਾਰ ਨੇ ਇੱਕ ਬਿੱਲ ਲਿਆਂਦਾ ਸੀ ਜਿਸ ਵਿੱਚ ਔਰਤਾਂ ਲਈ ਵਿਆਹ ਦੀ ਉਮਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦੀ ਮੰਗ ਕੀਤੀ ਗਈ ਸੀ। ਵਿਰੋਧੀ ਧਿਰ ਦੀ ਆਲੋਚਨਾ ਦੇ ਵਿਚਕਾਰ, ਇਸ ਬਿੱਲ ਨੂੰ ਹੋਰ ਚਰਚਾ ਲਈ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ:
ਰੱਖਿਆ ਖੇਤਰ 'ਚ ਭਾਰਤ ਨਾਲ ਕੰਮ ਜਾਰੀ ਰੱਖਾਂਗੇ: ਰੂਸ
ਰੂਸ ਨੇ ਯੂਕਰੇਨ ਸੰਕਟ 'ਤੇ ਭਾਰਤ ਦੀ "ਸੁਤੰਤਰ ਸਥਿਤੀ" ਦਾ ਸੁਆਗਤ ਕੀਤਾ ਅਤੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਇਸ ਮੁੱਦੇ 'ਤੇ ਭਾਰਤ ਦੇ ਵਿਚਾਰ ਦੋਵਾਂ ਦੇਸ਼ਾਂ ਵਿਚਾਲੇ ਖਾਸ ਅਤੇ ਵਿਸ਼ੇਸ਼ ਅਧਿਕਾਰ ਵਾਲੀ ਰਣਨੀਤਕ ਸਾਂਝੇਦਾਰੀ ਨੂੰ ਦਰਸਾਉਂਦੇ ਹਨ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਰੂਸੀ ਮਿਸ਼ਨ ਦੇ ਡਿਪਟੀ ਚੀਫ਼ ਰੋਮਨ ਬਾਬੂਸ਼ਕਿਨ ਨੇ ਇੱਕ ਔਨਲਾਈਨ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ, "ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸੁਤੰਤਰ ਸਥਿਤੀ ਦਾ ਸਵਾਗਤ ਕਰਦੇ ਹਾਂ।"

ਤਸਵੀਰ ਸਰੋਤ, EPA
ਨਾਲ ਹੀ ਉਨ੍ਹਾਂ ਕਿਹਾ ਕਿ ਮਾਸਕੋ ਰੱਖਿਆ ਖੇਤਰ ਵਿੱਚ ਭਾਰਤੀ ਭਾਈਵਾਲਾਂ ਨਾਲ ਕੰਮ ਕਰਨਾ ਜਾਰੀ ਰੱਖੇਗਾ ਹਾਲਾਂਕਿ ਉਹ ਰੱਖਿਆ ਸਹਿਯੋਗ 'ਤੇ "ਪਾਬੰਦੀਆਂ ਦੇ ਨਕਾਰਾਤਮਕ ਪ੍ਰਭਾਵ" ਦੀ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖਣਗੇ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਡਿਪਟੀ ਚੀਫ਼ ਨੇ ਕਿਹਾ, "ਸਾਡੇ ਕੋਲ ਵੱਡੀਆਂ ਯੋਜਨਾਵਾਂ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਸਾਂਝੇਦਾਰੀ ਉਸੇ ਪੱਧਰ 'ਤੇ ਜਾਰੀ ਰਹੇਗੀ, ਜਿਸ ਤਰ੍ਹਾਂ ਅੱਜ ਹੈ। ਇਸ ਸੰਕਟ ਦਾ ਭਾਰਤ-ਰੂਸ ਸਬੰਧਾਂ 'ਤੇ ਪ੍ਰਭਾਵ ਨਹੀਂ ਪਏਗਾ, ਜਿਸ ਵਿੱਚ ਰੱਖਿਆ ਖੇਤਰ ਵੀ ਸ਼ਾਮਲ ਹਨ ਅਤੇ ਅਗਲੇ ਮਹੀਨੇ ਗੁਜਰਾਤ ਵਿੱਚ ਹੋਣ ਵਾਲੇ ਡੈਫਐਕਸਪੋ ਵਿੱਚ ਰੂਸ ਦੀ "ਵੱਡੀ" ਭਾਗੀਦਾਰੀ ਹੋਵੇਗੀ।"
ਓਮੀਕਰੋਨ ਖਿਲਾਫ ਕੋਵਿਡ-19 ਟੀਕੇ ਹਨ ਘੱਟ ਪ੍ਰਭਾਵਸ਼ਾਲੀ- ਅਧਿਐਨ
ਇੱਕ ਅਧਿਐਨ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹਨ ਅਤੇ ਜਿਹੜੇ ਲੋਕ ਸਾਰਸ-ਕੋਵ-2 ਵਾਇਰਸ ਦੇ ਪਿਛਲੇ ਵੇਰੀਐਂਟਾਂ ਦੀ ਲਾਗ ਤੋਂ ਠੀਕ ਹੋ ਗਏ ਹਨ, ਅਸਲ 'ਚ ਉਨ੍ਹਾਂ ਵਿੱਚ ਓਮੀਕਰੋਨ ਵੇਰੀਐਂਟ ਦੇ ਵਿਰੁੱਧ ਕੋਈ ਐਂਟੀਬਾਡੀ ਸੁਰੱਖਿਆ ਨਹੀਂ ਹੈ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਹ ਖੋਜ ਹਾਲ ਹੀ ਵਿੱਚ ਐਲਰਜੀ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਸ ਵਿੱਚ ਪਾਇਆ ਗਿਆ ਹੈ ਕਿ ਕੋਵਿਡ-19 ਵੈਕਸੀਨ ਦੀ ਤੀਜੀ ਜਾਂ ਬੂਸਟਰ ਡੋਜ਼ ਲੈਣ ਵਾਲੇ ਵਿਅਕਤੀ ਹੀ ਸਿਰਫ ਐਂਟੀਬਾਡੀਜ਼ ਬਣਾਉਂਦੇ ਹਨ ਜੋ ਕਿ ਅੰਸ਼ਕ ਤੌਰ 'ਤੇ ਓਮੀਕਰੋਨ ਨੂੰ ਰੋਕ ਸਕਦੇ ਹਨ।
ਅਧਿਐਨ ਟੀਮ ਦੀ ਅਗਵਾਈ ਕਰਨ ਵਾਲੇ ਰੁਡੋਲਫ ਵੈਲੇਨਟਾ ਨੇ ਕਿਹਾ, "ਤੀਜੇ ਟੀਕੇ ਨੇ ਬਹੁਤ ਸਾਰੇ ਵਿਅਕਤੀਆਂ ਵਿੱਚ ਸੁਰੱਖਿਆ ਵਾਲੇ ਐਂਟੀਬਾਡੀਜ਼ ਬਣਾਏ, ਹਾਲਾਂਕਿ ਉਹ (20 ਪ੍ਰਤੀਸ਼ਤ ਲੋਕ) ਵੀ ਮਹੱਤਵਪੂਰਨ ਹਨ ਜਿਨ੍ਹਾਂ ਵਿੱਚ ਕੋਈ ਸੁਰੱਖਿਆ ਵਿਕਸਿਤ ਨਹੀਂ ਹੋ ਸਕੀ।"
ਖੋਜਕਰਤਾਵਾਂ ਮੁਤਾਬਕ, ਸਭ ਤੋਂ ਵਧੀਆ ਸੁਰੱਖਿਆ ਇਹ ਹੋਵੇਗੀ ਕਿ ਇੱਕ ਵਿਆਪਕ ਤੌਰ 'ਤੇ ਪ੍ਰਭਾਵੀ ਵੈਕਸੀਨ ਤਿਆਰ ਕੀਤੀ ਜਾਵੇ ਜੋ ਪਿਛਲੇ ਰੂਪਾਂ ਅਤੇ ਓਮੀਕਰੋਨ ਦੋਵਾਂ ਤੋਂ ਬਚਾਅ ਕਰੇ।
ਵੈਲੇਨਟਾ ਨੇ ਕਿਹਾ, "ਜਦੋਂ ਤੱਕ ਸਾਡੇ ਕੋਲ ਅਜਿਹੀ ਵੈਕਸੀਨ ਨਹੀਂ ਹੈ, ਮੌਜੂਦਾ ਟੀਕਿਆਂ ਦੀ ਵਾਰ-ਵਾਰ ਡੋਜ਼ ਲਗਾਉਣ ਨਾਲ ਹੀ ਕੁਝ ਸੁਰੱਖਿਆ ਮਿਲੇਗੀ।''
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













