ਲਖੀਮਪੁਰ ਖੀਰੀ: ਆਪਣਾ ਮੁਆਵਜ਼ਾ ਭਾਵੇਂ ਵਾਪਸ ਲੈ ਲਵੇ ਸਰਕਾਰ ਪਰ ਸਾਨੂੰ ਇਨਸਾਫ ਦੇਵੇ - ਗਰਾਊਂਡ ਰਿਪੋਰਟ

    • ਲੇਖਕ, ਰਾਘਵੇਂਦਰ ਰਾਓ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਸਾਲ 3 ਅਕਤੂਬਰ ਦੀ ਸਵੇਰ 55 ਸਾਲ ਦੇ ਨਛੱਤਰ ਸਿੰਘ ਆਪਣੇ ਪਿੰਡ ਨਾਮਦਾਰ ਪੁਰਵਾ ਤੋਂ ਲਗਭਗ 70 ਕਿਲੋਮੀਟਰ ਦੂਰ ਤਿਕੋਨੀਆਂ ਵਿੱਚ ਕਿਸਾਨ ਅੰਦੋਲਨ ਤਹਿਤ ਹੋਣ ਵਾਲੇ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲੇ ਸਨ।

ਘਰੋਂ ਜਾਂਦੇ ਵੇਲੇ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਆਖਿਆ ਸੀ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਉਹ ਦਿੱਲੀ ਨਹੀਂ ਜਾ ਸਕੇ, ਇਸ ਲਈ ਤਿਕੋਨੀਆਂ ਜਾ ਰਹੇ ਹਨ ਅਤੇ ਕੁਝ ਘੰਟਿਆਂ ਵਿੱਚ ਵਾਪਸ ਘਰ ਆ ਜਾਣਗੇ।

ਨਛੱਤਰ ਸਿੰਘ ਘਰ ਤਾਂ ਆਏ ਪਰ ਜਿਊਂਦੇ ਨਹੀਂ।

ਉਸ ਦਿਨ ਲਖੀਮਪੁਰ ਖੀਰੀ ਦੇ ਤਿਕੋਨੀਆਂ ਵਿੱਚ ਜਿਹੜੇ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਜੀਪ ਥੱਲੇ ਕੁਚਲੇ ਗਏ ਸਨ ਉਨ੍ਹਾਂ ਵਿੱਚ ਨਛੱਤਰ ਸਿੰਘ ਵੀ ਸ਼ਾਮਿਲ ਸਨ।

ਦੋ ਪਰਿਵਾਰਾਂ ਦਾ ਇੱਕੋ ਜਿਹਾ ਦਰਦ

ਨਛੱਤਰ ਸਿੰਘ ਦਾ ਪਰਿਵਾਰ ਅੱਜ ਵੀ ਇਹ ਦਰਦ ਝੱਲ ਰਿਹਾ ਹੈ।

ਉਨ੍ਹਾਂ ਦੀ ਧਰਮ ਪਤਨੀ ਜਸਵੰਤ ਕੌਰ ਮੁਤਾਬਕ, "ਉਹ ਪਹਿਲੀ ਵਾਰ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਘਰੋਂ ਨਿਕਲੇ ਸਨ। ਉਹ ਦੇਖਣ ਗਏ ਸੀ ਨਾ ਕਿ ਕੋਈ ਲੜਾਈ ਝਗੜਾ ਕਰਨ। ਅਸੀਂ ਤਾਂ ਇਹ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਜਾਣਗੇ ਅਤੇ ਫਿਰ ਮੁੜ ਕੇ ਨਹੀਂ ਆਉਣਗੇ। ਅਸੀਂ ਉਨ੍ਹਾਂ ਨੂੰ ਹੱਸਦੇ ਖੇਡਦੇ ਵਿਦਾ ਕੀਤਾ ਸੀ ਅਤੇ ਸੋਚਿਆ ਸੀ ਕਿ ਹੁਣ ਜਾ ਰਹੇ ਨੇ ਤੇ ਘੰਟੇ, ਦੋ ਘੰਟੇ ਤੱਕ ਵਾਪਿਸ ਆ ਜਾਣਗੇ।"

ਉਸੇ ਦਿਨ ਜੈਪੁਰਾ ਪਿੰਡ ਵਿੱਚ ਰਹਿਣ ਵਾਲੇ ਭਾਜਪਾ ਦੇ ਸਮਰਥਕ ਸ਼ਾਮ ਸੁੰਦਰ ਨਿਸ਼ਾਦ ਵੀ ਆਪਣੇ ਘਰੋਂ ਇਹੀ ਕਹਿ ਕੇ ਨਿਕਲੇ ਸਨ ਕਿ ਉਹ ਬਨਬੀਰ ਪੁਰ ਵਿੱਚ ਹਰ ਸਾਲ ਹੋਣ ਵਾਲੇ ਦੰਗਲ ਦੇਖਣ ਜਾ ਰਹੇ ਹਨ।

ਉਨ੍ਹਾਂ ਦੇ ਪਰਿਵਾਰ ਨੂੰ ਵੀ ਕੁਝ ਘੰਟਿਆਂ ਬਾਅਦ ਪਤਾ ਲੱਗਿਆ ਕਿ ਤਿਕੋਨੀਆਂ ਵਿੱਚ ਉਨ੍ਹਾਂ ਨੂੰ ਸੱਟਾਂ ਵੱਜੀਆਂ ਹਨ। ਉਸ ਦਿਨ ਘਰੋਂ ਨਿਕਲਦੇ ਵੇਲੇ ਸ਼ਾਮ ਸੁੰਦਰ ਨਿਸ਼ਾਦ ਨੇ ਆਪਣੇ ਪਰਿਵਾਰਕ ਮੈਂਬਰਾਂ ਤੋਂ ਜੋ ਵਿਦਾਈ ਲਈ ਉਹੀ ਆਖ਼ਰੀ ਸਾਬਤ ਹੋਈ।

ਸ਼ਾਮ ਸੁੰਦਰ ਨਿਸ਼ਾਦ ਦੀ ਮਾਂ ਫੂਲਮਤੀ ਅੱਜ ਵੀ ਉਸ ਦਿਨ ਨੂੰ ਯਾਦ ਕਰਕੇ ਰੋ ਪੈਂਦੇ ਹਨ।

ਇਨ੍ਹਾਂ ਪਰਿਵਾਰਾਂ ਦੇ ਘਰਾਂ ਵਿੱਚ ਭਾਵੇਂ ਫ਼ਾਸਲਾ ਕਾਫ਼ੀ ਜ਼ਿਆਦਾ ਹੈ ਪਰ ਉਨ੍ਹਾਂ ਦਾ ਦੁੱਖ ਇੱਕੋ ਜਿਹਾ ਹੀ ਹੈ ਅਤੇ ਦੋਹਾਂ ਪਰਿਵਾਰਾਂ ਨੂੰ ਸਿਰਫ਼ ਇਨਸਾਫ਼ ਦਾ ਇੰਤਜ਼ਾਰ ਹੈ।

ਪਰਿਵਾਰਾਂ ਦਾ ਕਹਿਣਾ ਹੈ ਕਿ 'ਡਰ ਤਾਂ ਹੈ ਹੀ'

ਇਸ ਮਾਮਲੇ ਵਿੱਚ ਕੇਂਦਰ ਸਰਕਾਰ ਵਿੱਚ ਗ੍ਰਹਿ ਰਾਜ ਮੰਤਰੀ ਅਤੇ ਲਖੀਮਪੁਰ ਖੀਰੀ ਦੇ ਸਾਂਸਦ ਅਜੇ ਮਿਸ਼ਰਾ ਟੇਨੀ ਦੇ ਬੇਟੇ ਅਸ਼ੀਸ਼ ਮਿਸ਼ਰ ਮੁੱਖ ਆਰੋਪੀ ਹੈ।

ਤਕਰੀਬਨ ਚਾਰ ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਅਸ਼ੀਸ਼ ਮਿਸ਼ਰ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲੀ ਹੈ।

ਇਸ ਗੱਲ ਨੇ ਨਛੱਤਰ ਸਿੰਘ ਦੇ ਪਰਿਵਾਰ ਦੀ ਚਿੰਤਾ ਵਧਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਮਹਿਸੂਸ ਹੁੰਦਾ ਹੈ।

ਉਹ ਵੀ ਆਖਦੇ ਹਨ ਕਿ ਹੱਤਿਆ ਦੇ ਮਾਮਲੇ ਵਿੱਚ ਅਸ਼ੀਸ਼ ਨੂੰ ਜ਼ਮਾਨਤ ਮਿਲ ਜਾਣਾ ਉਸ ਦੇ ਪਿਤਾ ਦੇ ਰਾਜਨੀਤਕ ਪ੍ਰਭਾਵ ਦਾ ਨਤੀਜਾ ਹੈ।

ਇਸ ਪਰਿਵਾਰ ਦੇ ਘਰ ਦੇ ਬਾਹਰ ਉੱਤਰ ਪ੍ਰਦੇਸ਼ ਪੁਲਿਸ ਦਾ ਪਹਿਰਾ ਲੱਗਿਆ ਹੈ ਪਰ ਇਨਸਾਫ਼ ਮਿਲਣ ਦੀ ਉਨ੍ਹਾਂ ਦੀ ਉਮੀਦ ਘਟਦੀ ਜਾ ਰਹੀ ਹੈ।

ਨਛੱਤਰ ਸਿੰਘ ਦੇ ਪੁੱਤਰ ਜਗਦੀਪ ਸਿੰਘ ਆਖਦੇ ਹਨ, "ਸਰਕਾਰ ਤੋਂ ਕੋਈ ਉਮੀਦ ਰੱਖੀ ਹੀ ਨਹੀਂ ਜਾ ਸਕਦੀ। ਸਰਕਾਰ ਅੰਨ੍ਹੀ, ਗੂੰਗੀ ਅਤੇ ਬਹਿਰੀ ਹੋ ਚੁੱਕੀ ਹੈ। ਨਾ ਇਹ ਕੁਝ ਦੇਖਣਾ ਚਾਹੁੰਦੀ ਹੈ ਨਾ ਹੀ ਕੁਝ ਸੁਣਨਾ।"

ਨਛੱਤਰ ਸਿੰਘ ਦੀ ਪਤਨੀ ਜਸਵੰਤ ਕੌਰ ਆਖਦੇ ਹਨ, "ਪੰਜ ਮਹੀਨੇ ਹੋ ਗਏ ਹੁਣ ਤੱਕ ਇਨਸਾਫ਼ ਨਹੀਂ ਮਿਲਿਆ। ਇਨਸਾਫ ਮਿਲਿਆ ਹੁੰਦਾ ਤਾਂ ਫਿਰ ਜ਼ਮਾਨਤ ਕਿਉਂ ਹੋਈ ਉਸਦੀ।"

'ਆਜ਼ਾਦ ਭਾਰਤ ਦਾ ਜਲ੍ਹਿਆਂਵਾਲਾ ਬਾਗ਼'

ਲਖੀਮਪੁਰ ਖੀਰੀ ਵਿੱਚ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ 23 ਫਰਵਰੀ ਨੂੰ ਮਤਦਾਨ ਹੈ ਅਤੇ ਇੱਥੇ ਚੋਣ ਪ੍ਰਚਾਰ ਵਿੱਚ ਇਹ ਮੁੱਦਾ ਗਰਮਾਇਆ ਹੋਇਆ ਹੈ।

19 ਫਰਵਰੀ ਨੂੰ ਲਖੀਮਪੁਰ ਖੀਰੀ ਦੇ ਜੀਆਈਸੀ ਮੈਦਾਨ ਵਿੱਚ ਹੋਈ ਇੱਕ ਜਨਸਭਾ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਆਖਿਆ, "ਜੀਪ ਨਾਲ ਕਿਸਾਨਾਂ ਨੂੰ ਕੁਚਲ ਦਿੱਤਾ ਗਿਆ, ਕਿਸਾਨਾਂ ਦੀ ਜਾਨ ਚਲੀ ਗਈ। ਆਜ਼ਾਦ ਭਾਰਤ ਵਿੱਚ ਜਲ੍ਹਿਆਂਵਾਲਾ ਬਾਗ ਦੀ ਯਾਦ ਦੁਹਰਾਉਂਦੀ ਹੈ ਇਹ ਘਟਨਾ।"

20 ਫਰਵਰੀ ਨੂੰ ਇਸ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਜਨਸਭਾ ਹੋਣੀ ਸੀ ਪਰ ਗੜਬੜੀ ਹੋਣ ਦੇ ਸ਼ੱਕ ਨਾਲ ਇਸ ਨੂੰ ਰੱਦ ਕਰ ਦਿੱਤਾ ਗਿਆ।

ਸਥਾਨਕ ਭਾਜਪਾ ਨੇਤਾਵਾਂ ਨੇ ਮੰਨਿਆ ਕਿ ਪ੍ਰਸ਼ਾਸਨ ਵੱਲੋਂ ਇਹ ਚਿੰਤਾ ਜਤਾਈ ਗਈ ਕਿ ਪ੍ਰਧਾਨਮੰਤਰੀ ਦੀ ਜਨਸਭਾ ਦੌਰਾਨ ਕਿਸਾਨ ਅੰਦੋਲਨ ਨਾਲ ਜੁੜੇ ਲੋਕ ਰੋਸ ਪ੍ਰਦਰਸ਼ਨ ਕਰ ਸਕਦੇ ਹਨ ਅਤੇ ਕਾਲੇ ਝੰਡੇ ਵਿਖਾ ਸਕਦੇ ਹਨ। ਇਸ ਜਨਸਭਾ ਨੂੰ ਵਰਚੂਅਲ ਜਨਸਭਾ ਵਿੱਚ ਬਦਲਿਆ ਗਿਆ।

ਲਖੀਮਪੁਰ ਖੀਰੀ ਵਿੱਚ ਸਮਾਜਵਾਦੀ ਪਾਰਟੀ ਦੇ ਨੇਤਾ ਰਾਮਪਾਲ ਸਿੰਘ ਯਾਦਵ ਆਖਦੇ ਹਨ, "ਕਿਸਾਨ ਇਸ ਗੱਲ ਤੋਂ ਨਾਰਾਜ਼ ਹਨ। ਉਹ ਨਾਰਾਜ਼ ਹਨ ਕਿ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਅਸ਼ੀਸ਼ ਮਿਸ਼ਰ ਨੂੰ ਚਾਰ ਮਹੀਨੇ ਬਾਅਦ ਹੀ ਜ਼ਮਾਨਤ ਮਿਲ ਜਾਂਦੀ ਹੈ। ਇਹ ਪੱਖਪਾਤ ਹੋ ਰਿਹਾ ਹੈ ਅਤੇ ਕਿਸਾਨ ਇਹ ਗੱਲ ਸਮਝ ਰਿਹਾ ਹੈ।"

ਭਾਜਪਾ ਦੇ ਆਗੂਆਂ ਦਾ ਕੀ ਕਹਿਣਾ ਹੈ

ਜਿੱਥੇ ਵਿਰੋਧੀ ਰਾਜਨੀਤਿਕ ਦਲ ਪਿਛਲੇ ਸਾਲ ਅਕਤੂਬਰ 'ਚ ਇਸ ਘਟਨਾ ਦਾ ਜ਼ਿਕਰ ਚੋਣ ਪ੍ਰਚਾਰ ਦੌਰਾਨ ਵਾਰ ਵਾਰ ਕਰਦੇ ਹਨ ਉੱਥੇ ਹੀ ਭਾਜਪਾ ਦੇ ਸਥਾਨਕ ਆਗੂ ਕੁਝ ਹੋਰ ਹੀ ਆਖਦੇ ਹਨ।

ਲਖੀਮਪੁਰ ਖੀਰੀ ਵਿੱਚ ਭਾਜਪਾ ਨੇਤਾ ਆਸ਼ੂ ਮਿਸ਼ਰ ਅਕਤੂਬਰ ਦੀ ਇਸ ਘਟਨਾ ਬਾਰੇ ਆਖਦੇ ਹਨ, "ਉਹ ਲੋਕ ਬਾਹਰੋਂ ਆਏ ਸਨ। ਉਨ੍ਹਾਂ ਨੇ ਇੱਕ ਸੋਚੇ ਸਮਝੇ ਤਰੀਕੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼ਾਸਨ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਲਾਪ੍ਰਵਾਹੀ ਰਹੀ ਨਹੀਂ ਤਾਂ ਇਹ ਘਟਨਾ ਜ਼ਿਲ੍ਹੇ ਵਿੱਚ ਹੁੰਦੀ ਹੀ ਨਹੀਂ।"

ਨਛੱਤਰ ਸਿੰਘ ਦਾ ਪਰਿਵਾਰ ਇਸ ਗੱਲ ਨਾਲ ਪਰੇਸ਼ਾਨ ਮਹਿਸੂਸ ਹੁੰਦਾ ਹੈ।

ਜਸਵੰਤ ਕੌਰ ਆਖਦੇ ਹਨ, "ਜਿਨ੍ਹਾਂ ਦੇ ਪਰਿਵਾਰ ਦੇ ਲੋਕ ਮਾਰੇ ਗਏ ਅਤੇ ਸੱਟਾਂ ਵੱਜੀਆਂ ਉਨ੍ਹਾਂ ਨੂੰ ਪੁੱਛ ਕੇ ਵੇਖੋ ਕਿ ਉਹ ਕਿਸਾਨ ਸੀ ਜਾਂ ਨਹੀਂ।"

'ਉਨ੍ਹਾਂ ਨੂੰ ਸਾਡਾ ਕੋਈ ਦੁੱਖ ਹੈ ਹੀ ਨਹੀਂ'

ਇਸ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਕਦੇ ਵੀ ਉਨ੍ਹਾਂ ਦੇ ਦੁੱਖ ਵਿੱਚ ਸ਼ਰੀਕ ਹੋਣਾ ਜ਼ਰੂਰੀ ਨਹੀਂ ਸਮਝਿਆ ਅਤੇ ਇਹ ਦੱਸਦਾ ਹੈ ਕਿ ਸਰਕਾਰਾਂ ਨੂੰ ਉਨ੍ਹਾਂ ਦੇ ਦੁੱਖ ਨਾਲ ਕੋਈ ਲੈਣਾ ਦੇਣਾ ਹੀ ਨਹੀਂ।

ਜਸਵੰਤ ਕੌਰ ਆਖਦੇ ਹਨ, "ਜਿਨ੍ਹਾਂ ਨੇ ਸਾਡੇ ਦਰਦ ਨੂੰ ਸਮਝਿਆ ਉਹ ਸਾਰੇ ਸਾਡੇ ਘਰ ਆਏ। ਪਰ ਇਹ ਦੋ ਸਰਕਾਰਾਂ-ਕੇਂਦਰ ਅਤੇ ਉੱਤਰ ਪ੍ਰਦੇਸ਼ ਸਰਕਾਰ, ਇਹ ਕਦੇ ਸਾਡੇ ਨਹੀਂ ਆਏ। ਜੇਕਰ ਇਨ੍ਹਾਂ ਨੂੰ ਦੁੱਖ ਹੁੰਦਾ ਤੇ ਸਾਡੇ ਘਰ ਜ਼ਰੂਰ ਆਉਂਦੇ। ਜੇ ਇਹ ਲੋਕ ਸਾਡੇ ਆਉਂਦੇ, ਸਾਨੂੰ ਤਸੱਲੀ ਹੁੰਦੀ ਹੈ ਕਿ ਸਾਨੂੰ ਇਨਸਾਫ ਮਿਲੇਗਾ।"

ਉਧਰ ਸ਼ਾਮ ਸੁੰਦਰ ਨਿਸ਼ਾਦ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਿਆ ਪਰ ਇੱਕ ਪਰਿਵਾਰਕ ਵਿਵਾਦ ਦੇ ਕਾਰਨ ਉਹ ਇਸ ਦੀ ਵਰਤੋਂ ਨਹੀਂ ਕਰ ਪਾ ਰਹੇ।

ਇਹ ਪਰਿਵਾਰ ਨਹੀਂ ਜਾਣਦਾ ਕਿ ਅੱਗੇ ਕੀ ਹੋਣਾ ਹੈ। ਸ਼ਾਮ ਸੁੰਦਰ ਨਿਸ਼ਾਦ ਦੇ ਭਰਾ ਸੰਜੇ ਨਿਸ਼ਾਦ ਆਖਦੇ ਹਨ, "ਹੁਣ ਪਤਾ ਨਹੀਂ ਇਨਸਾਫ਼ ਮਿਲੇਗਾ ਜਾਂ ਨਹੀਂ। ਸਾਡਾ ਭਰਾ ਤਾਂ ਹੁਣ ਜਿਊਂਦਾ ਨਹੀਂ ਹੋਵੇਗਾ।"

ਉਧਰ ਨਛੱਤਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਆਵਜ਼ਾ ਤਾਂ ਮਿਲਿਆ ਪਰ ਇਨਸਾਫ ਨਹੀਂ।

ਜਸਵੰਤ ਕੌਰ ਆਖਦੇ ਹਨ, "ਸਾਨੂੰ ਇਨਸਾਫ ਚਾਹੀਦਾ ਹੈ। ਸਰਕਾਰ ਚਾਹੇ ਤਾਂ ਆਪਣਾ ਪੈਸਾ ਵਾਪਸ ਲੈ ਲਵੇ ਸਾਨੂੰ ਇਨਸਾਫ਼ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ।"

ਲਖੀਮਪੁਰ ਖੀਰੀ ਦੇ ਇਹ ਇਲਾਕਾ ਗੰਨੇ ਦੀ ਖੇਤੀ ਅਤੇ ਗੁੜ ਦੇ ਮਿੱਠੇਪਣ ਕਰਕੇ ਜਾਣੇ ਜਾਂਦੇ ਰਹੇ ਹਨ। ਪਿਛਲੇ ਸਾਲ ਹੋਈ ਇਸ ਘਟਨਾ ਦਾ ਕੌੜਾਪਨ ਇੱਥੋਂ ਦੇ ਲੋਕਾਂ ਦੇ ਜ਼ਿਹਨ ਵਿੱਚ ਹੁਣ ਵੀ ਮਹਿਸੂਸ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)