ਲਖੀਮਪੁਰ ਖੀਰੀ ਹਿੰਸਾ: ਮਾਰੇ ਗਏ ਪੱਤਰਕਾਰ ਦੇ ਪਰਿਵਾਰ ਵਾਲੇ ਕਿਉਂ ਕਹਿ ਰਹੇ ਕਿ ਉਨ੍ਹਾਂ ਨੂੰ ਕਿਸਾਨਾਂ ਨਾਲ ਨਾ ਜੋੜਿਆ ਜਾਵੇ

    • ਲੇਖਕ, ਨੀਤੂ ਸਿੰਘ
    • ਰੋਲ, ਬੀਬੀਸੀ ਹਿੰਦੀ ਲਈ

4 ਅਕਤੂਬਰ ਦੀ ਸਵੇਰ ਨੂੰ, ਸੈਂਕੜੇ ਲੋਕ ਪੱਤਰਕਾਰ ਰਮਨ ਦੀ ਲਾਸ਼ ਦੇ ਆਲੇ-ਦੁਆਲੇ ਨਿਗਾਸਨ ਚੌਰਾਹੇ 'ਤੇ ਖੜ੍ਹੇ ਸਨ। ਲੋਕਾਂ ਵਿੱਚ ਗੁੱਸਾ ਅਤੇ ਦੁੱਖ ਸੀ। ਲੋਕ ਅਸਾਨੀ ਨਾਲ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਤਿਆਰ ਨਹੀਂ ਸਨ।

ਲੋਕ ਇਸ ਮਾਮਲੇ 'ਚ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੰਸਕਾਰ ਕਰਨਾ ਚਾਹੁੰਦੇ ਸਨ, ਪਰ ਸੂਰਜ ਡੁੱਬਣ ਦੇ ਨਾਲ ਹੀ ਰਮਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਪੈਂਤੀ ਸਾਲਾ ਰਮਨ ਆਪਣੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦੀ ਇੱਕ ਭੈਣ ਵੀ ਹੈ।

ਅੰਤਿਮ ਸੰਸਕਾਰ ਤੋਂ ਵਾਪਸ ਆ ਰਹੇ ਰਮਨ ਦੇ ਪਿਤਾ ਨੇ ਕਿਹਾ, "ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਮੇਰਾ ਪੁੱਤਰ ਤਾਂ ਹੁਣ ਵਾਪਸ ਨਹੀਂ ਆ ਸਕਦਾ ਪਰ ਜੇ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ ਤਾਂ ਮੈਨੂੰ ਦਿਲਾਸਾ ਜ਼ਰੂਰ ਮਿਲੇਗਾ।"

ਦੂਜੇ ਪਾਸੇ ਰਮਨ ਦੇ ਭਰਾ ਪਵਨ ਕਸ਼ਯਪ ਪ੍ਰਸ਼ਾਸਨ ਦੇ ਫੈਸਲੇ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ।

ਉਨ੍ਹਾਂ ਨੇ ਕਿਹਾ, "ਸਾਡੇ ਭਰਾ ਨੂੰ ਕਿਸਾਨਾਂ ਨਾਲ ਜੋੜ ਕੇ ਨਾ ਵੇਖਿਆ ਜਾਵੇ, ਉਹ ਇੱਕ ਪੱਤਰਕਾਰ ਸਨ, ਉਨ੍ਹਾਂ ਨੂੰ ਕਿਸਾਨਾਂ ਤੋਂ ਵੱਖ ਰੱਖਿਆ ਜਾਵੇ। ਕੁਝ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਇਹ ਲੱਗੇ ਕਿ ਸਾਡਾ ਭਰਾ ਇੱਕ ਪੱਤਰਕਾਰ ਸੀ ਅਤੇ ਖ਼ਬਰ ਕਰਦੇ ਸਮੇਂ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।"

ਲੋਕ ਬਹੁਤ ਖੁੱਲ੍ਹ ਕੇ ਤਾਂ ਗੱਲ ਨਹੀਂ ਕਰ ਰਹੇ ਸਨ, ਪਰ ਉੱਥੇ ਲੋਕਾਂ ਦੀ ਆਪਸੀ ਗੱਲਬਾਤ ਸੁਣ ਕੇ ਅਜਿਹਾ ਲੱਗ ਰਿਹਾ ਸੀ ਕਿ ਸਰਕਾਰ ਨੇ ਕਿਸੇ ਦੇ ਕਤਲ ਦੇ ਮਾਮਲੇ ਨੂੰ ਬਹੁਤ ਹੀ ਅਸਾਨੀ ਨਾਲ ਨਿਪਟਾ ਦਿੱਤਾ ਹੈ।

ਲੋਕਾਂ ਦਾ ਮੰਨਣਾ ਸੀ ਕਿ ਸਰਕਾਰ ਨੇ ਲਖੀਮਪੁਰ ਖੀਰੀ ਵਿੱਚ ਹੋਈ ਹਰ ਕਿਸੇ ਦੀ ਮੌਤ ਦੀ ਇੱਕ ਕੀਮਤ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:

ਰਮਨ ਦੇ ਘਰ ਦੇ ਵਿਹੜੇ ਵਿੱਚ ਸੈਂਕੜੇ ਔਰਤਾਂ ਬੈਠੀਆਂ ਸਨ। ਰਮਨ ਦੀ ਮਾਂ ਅਤੇ ਪਤਨੀ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਰਮਨ ਦਾ ਢਾਈ ਸਾਲ ਦਾ ਪੁੱਤਰ ਅਭਿਨਵ ਕਸ਼ਯਪ ਘਟਨਾ ਦੇ ਦਿਨ ਤੋਂ ਹੁਣ ਤੱਕ ਕਈ ਵਾਰ ਆਪਣੀ ਦਾਦੀ ਨੂੰ ਪੁੱਛ ਚੁੱਕਿਆ ਹੈ ਕਿ "ਪਾਪਾ ਘਰ ਕਦੋਂ ਆਉਣਗੇ"।

ਰਮਨ ਦੇ ਪਤਨੀ ਆਰਾਧਨਾ ਰੌਂਦੇ ਹੋਏ ਦੱਸ ਰਹੇ ਸਨ, "ਘਰੋਂ ਸਵੇਰੇ 11 ਵਜੇ ਚਲੇ ਗਏ ਸਨ। ਕਹਿ ਕੇ ਗਏ ਸਨ ਜਲਦੀ ਆਵਾਂਗਾ। ਰਾਤ ਤੱਕ ਜਦੋਂ ਵਾਪਸ ਨਹੀਂ ਮੁੜੇ ਤਾਂ ਸਾਰੇ ਉਨ੍ਹਾਂ ਨੂੰ ਲੱਭਣ ਲੱਗੇ। ਸਵੇਰੇ ਪਤਾ ਲੱਗਾ ਕਿ ਉਹ ਨਹੀਂ ਰਹੇ।" ਆਰਾਧਨਾ ਇਸ ਤੋਂ ਜ਼ਿਆਦਾ ਬੋਲਣ ਜਾਂ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸਨ।

ਰਮਨ ਦੀ 12 ਸਾਲਾ ਧੀ ਵੈਸ਼ਣਵੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਬੜੀ ਮਾਸੂਮੀਅਤ ਨਾਲ ਕਹਿੰਦੀ ਹੈ, "ਮੇਰੇ ਪਿਤਾ ਇੱਕ ਅਧਿਆਪਕ ਸਨ, ਉਹ ਬੱਚਿਆਂ ਨੂੰ ਕੰਪਿਊਟਰ ਸਿਖਾਉਂਦੇ ਸਨ। ਨਾਲ ਹੀ ਇਹ ਕੰਮ (ਪੱਤਰਕਾਰੀ) ਵੀ ਕਰਦੇ ਸਨ। ਜੇ ਮੈਨੂੰ ਪਤਾ ਹੁੰਦਾ ਕਿ ਇਸ ਕੰਮ ਵਿੱਚ ਇੰਨਾ ਖ਼ਤਰਾ ਹੈ ਕਿ ਲੋਕ ਮਰ ਵੀ ਸਕਦੇ ਹਨ ਤਾਂ ਅਸੀਂ ਆਪਣੇ ਪਾਪਾ ਨੂੰ ਇਹ ਕੰਮ ਕਰਨ ਤੋਂ ਮਨ੍ਹਾਂ ਕਰ ਦਿੰਦੇ।"

ਬੱਚੀ ਦੀ ਗੱਲ ਸੁਣ ਕੇ ਨੇੜੇ ਖੜ੍ਹੀ ਗੁਆਂਢ ਦੀ ਇੱਕ ਕੁੜੀ ਨੇ ਕਿਹਾ, "ਉਨ੍ਹਾਂ ਦਾ ਸੁਭਾਅ ਬਹੁਤ ਚੰਗਾ ਸੀ। ਪਹਿਲਾਂ ਉਹ ਸਿਰਫ ਪੜ੍ਹਾਉਂਦੇ ਸਨ ਪਰ ਦੋ ਜਾਂ ਤਿੰਨ ਸਾਲਾਂ ਤੋਂ ਉਹ ਪੱਤਰਕਾਰ ਬਣ ਗਏ ਸਨ। ਘਰਦਿਆਂ ਨੇ ਘਟਨਾ ਵਾਲੇ ਦਿਨ, ਰਾਤ ਤੱਕ ਲੱਭਿਆ, ਜਦੋਂ ਉਹ ਨਹੀਂ ਮਿਲੇ ਤਾਂ ਥਾਣੇ ਵਿੱਚ ਅਰਜ਼ੀ ਲਿਖਵਾਈ। ਸਵੇਰੇ ਪਤਾ ਲੱਗਾ ਕਿ ਮਰ ਗਏ।"

ਗੁਆਂਢ ਦੀ ਕੁੜੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਅੱਗੇ ਕਿਹਾ, "ਬਹੁਤ ਪੱਤਰਕਾਰ ਗਏ ਸਨ ਪਰ ਸਾਰੇ ਸੁਰੱਖਿਅਤ ਵਾਪਸ ਆ ਗਏ ਕਿਉਂਕਿ ਇਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)