You’re viewing a text-only version of this website that uses less data. View the main version of the website including all images and videos.
ਲਖੀਮਪੁਰ ਖੀਰੀ ਹਿੰਸਾ: ਚਰਨਜੀਤ ਚੰਨੀ ਨੇ ਅਮਿਤ ਸ਼ਾਹ ਅੱਗੇ ਰੱਖੀਆਂ ਤਿੰਨ ਮੰਗਾਂ ਨੇ ਨਾਲ ਹੀ ਦਿੱਤੀ ਚੇਤਾਵਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਨਾਲ ਮੰਗਲਵਾਲ ਸ਼ਾਮ ਨੂੰ ਨਿੱਜੀ ਮੁਲਾਕਾਤ ਕਰਕੇ ਪੰਜਾਬ ਨਾਲ ਲੱਗਦੇ ਕੌਮਾਂਤਰੀ ਬਾਰਡਰ ਉੱਤੇ ਤਸਕਰੀ ਰੋਕਣ ਲਈ ਸਿੱਧੇ ਦਖ਼ਲ ਦੀ ਮੰਗ ਕੀਤੀ।
ਪੰਜਾਬ ਸਰਕਾਰ ਵਲੋਂ ਜਾਰੀ ਬਿਆਨ ਮੁਤਾਬਕ ਚਰਨਜੀਤ ਚੰਨੀ ਨੇ ਕੇਂਦਰ ਸਰਕਾਰ ਨੂੰ ਕਰਤਾਰਪੁਰ ਸਾਹਿਬ ਲਾਂਘਾ ਤੁਰੰਤ ਖੋਲ੍ਹਣ ਦੀ ਮੰਗ ਕੀਤੀ।
ਮੁੱਖ ਮੰਤਰੀ ਨੇ ਲਖੀਮਪੁਰ ਖ਼ੀਰੀ ਦੇ ਮਾਮਲੇ ਨੂੰ ਵੀ ਚੁੱਕਿਆ ਅਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਲਈ ਕਿਹਾ।
ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਕੇਂਦਰ ਨੂੰ ਕਿਹਾ ਕਿ ਲਖ਼ੀਮਪੁਰ ਖੀਰੀ ਵਰਗੇ ਘਿਨਾਉਣੇ ਕਾਂਡ ਸਹਿਣ ਨਹੀਂ ਕੀਤੇ ਜਾ ਸਕਦੇ।
ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਪਾਰਟੀ ਪਾਰਟੀ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੇ ਤਰੀਕੇ ਉੱਤੇ ਵਿਰੋਧ ਪ੍ਰਗਟਾਇਆ ਤੇ ਅਜਿਹਾ ਸਿਸਟਮ ਬੰਦ ਕਰਨ ਲਈ ਕਿਹਾ।
ਚੰਡੀਗੜ੍ਹ ਵਿਚ ਮੁੱਖ ਮੰਤਰੀ ਦਾ ਧਰਨਾ
"ਮਜਬੂਰ ਨਾ ਕਰੋ ਕਿ ਉਹ ਭਗਤ ਸਿੰਘ ਵੱਲ ਦੇਖਣ, ਮਜਬੂਰ ਨਾ ਕਰੋ ਕਿ ਉਹ ਰਾਜਗੁਰੂ ਤੇ ਸੁਖਦੇਵ ਵੱਲ ਦੇਖਣ। ਮਜਬੂਰ ਨਾ ਕਰੋ ਕਿ ਉਨ੍ਹਾਂ ਨੂੰ ਫਿਰ ਤੋਂ ਸ਼ਹੀਦ ਉੱਧਮ ਸਿੰਘ ਦੇ ਰਾਹ 'ਤੇ ਤੁਰਨਾ ਪਵੇ।''
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਸ਼ਬਦ ਚੰਡੀਗੜ੍ਹ ਦੇ ਗਾਂਧੀ ਭਵਨ ਵਿੱਚ ਲਖੀਮਪੁਰ ਖੀਰੀ ਹਿੰਸਾ ਦੇ ਵਿਰੋਧ ਵਿੱਚ ਰੱਖੇ ਇੱਕ ਪ੍ਰਦਰਸ਼ਨ ਦੌਰਾਨ ਕਹੇ।
ਉਨ੍ਹਾਂ ਨੇ ਇਸ ਮੌਕੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੂੰ ਯੂਪੀ ਪੁਲਿਸ ਵੱਲੋਂ ਕਈ ਘੰਟਿਆਂ ਤੱਕ ਹਿਰਾਸਤ ਵਿੱਚ ਰੱਖੇ ਜਾਣ ਪ੍ਰਤੀ ਵੀ ਵਿਰੋਧ ਜਾਹਰ ਕੀਤਾ।
ਐਤਵਾਰ ਨੂੰ ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹੋਈ ਹਿੰਸਾ ਦੌਰਾਨ ਕਿਸਾਨਾਂ ’ਤੇ ਗੱਡੀ ਚੜ੍ਹ ਗਈ ਤੇ ਹੋਰ ਹਿੰਸਕ ਘਟਨਾਵਾਂ ਹੋਈਆਂ । ਇਸ ਵਿੱਚ 4 ਕਿਸਾਨ ਤੇ 4 ਹੋਰ ਲੋਕਾਂ ਦੀ ਮੌਤ ਹੋਈ ਸੀ।
ਪੰਜਾਬ ਦੇ ਮੁੱਖ ਮੰਤਰੀ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਚਾਹੇ ਸੀਐੱਮ ਕਿਤੋਂ ਦਾ ਵੀ ਹੋਵੇ, ਚਾਹੇ ਪੰਜਾਬ ਦਾ ਹੋਵੇ ਚਾਹੇ ਹਰਿਆਣੇ ਦਾ ਹੋਵੇ ਰਾਜਸਥਾਨ ਦਾ ਹੋਵੇ ਜਾਂ ਕਿਸੇ ਵੀ ਸੂਬੇ ਦਾ ਚਾਹੇ ਪ੍ਰਧਾਨ ਮੰਤਰੀ ਹੋਵੇ। ਲੋਕਤੰਤਰ ਦਾ ਰਾਜ ਚੱਲੇਗਾ।"
"ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਡੀ ਥੱਲੇ ਕੁਚਲਿਆ ਗਿਆ ਹੈ। ਮਾਰਿਆ ਗਿਆ ਹੈ। ਇਹ ਸਭ ਕੁਝ ਸੋਚ ਸਮਝ ਕੇ ਹੋਇਆ ਹੈ। ਜਲਿਆਂਵਾਲੇ ਬਾਗ ਦੀ ਯਾਦ ਕਰਵਾ ਦਿੱਤੀ ਹੈ ਕਿ ਕਿਸ ਤਰੀਕੇ ਨਾਲ ਜਨਰਲ ਡਾਇਰ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਨਾਲ ਮਾਰਿਆ ਸੀ।"
''ਇਸ ਤਰ੍ਹਾਂ ਦਾ ਨਿਜਾਮ ਦੇਸ਼ ਵਿੱਚ ਨਹੀਂ ਚੱਲੇਗਾ। ਸਾਡੀ ਨੇਤਾ ਪ੍ਰਿਅੰਕਾ ਗਾਂਧੀ ਜੀ ਨੂੰ ਅਰੈਸਟ ਕੀਤਾ ਗਿਆ ਹੈ। ਇਹ ਤਾਂ ਅਤੀ ਹੈ। ਇਹ ਬਰਦਾਸ਼ਤ ਨਹੀਂ ਹੈ।''
''ਅੱਜ ਸਾਰੇ ਦੇਸ਼ ਵਾਸੀਆਂ ਦਾ ਖੂਨ ਖੌਲ ਰਿਹਾ ਹੈ। ਇਸੇ ਲਈ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਮਹਾਤਮਾ ਗਾਂਧੀ ਜੀ ਦੇ ਚਰਨਾਂ ਵਿੱਚ ਆ ਕੇ ਬੈਠਾ ਹਾਂ। (ਕਿ) ਸਾਨੂੰ ਸ਼ਕਤੀ ਦਿਓ ਕਿ ਅਸੀਂ ਸ਼ਾਂਤਮੀ ਢੰਗ ਨਾਲ ਅਹਿੰਸਾ ਦੇ ਰਾਹ 'ਤੇ ਚੱਲ ਸਕੀਏ।''
''ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ, ਦੇਸ਼ ਦੇ ਨੌਜਵਾਨਾਂ ਨੂੰ ਦੇਸ਼ ਵਿੱਚ ਲੋਕਤੰਤਰ ਮੁੜ ਬਹਾਲ ਕਰਨ ਲਈ ਮਜਬੂਰ ਨਾ ਕਰੋ।''
ਲਖੀਮਪੁਰ ਖੀਰੀ ਦੇ ਰਾਹ ਵਿੱਚ ਆਪ ਦਾ ਵਫ਼ਦ ਯੂਪੀ ਪੁਲਿਸ ਨੇ ਰੋਕਿਆ
ਪੰਜਾਬ ਆਮ ਆਦਮੀ ਪਾਰਟੀ ਦੇ ਆਗੂ, ਰਾਘਵ ਚੱਢਾ, ਹਰਪਾਲ ਸਿੰਘ ਚੀਮਾ, ਪ੍ਰੋਫ਼ੈਸਰ ਬਲਜਿੰਦਰ ਕੌਰ, ਅਮਰਜੀਤ ਸਨਦੋਆ ਨੂੰ ਨਿਘਾਸਨ ਪੁਲਿਸ ਅਤੇ ਕੁਲਤਾਰ ਸੰਧਵਾਂ ਨੂੰ ਸਿਧਾਉਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਆਮ ਆਦਮੀ ਪਾਰਟੀ ਦਾ ਇਹ ਵਫ਼ਦ ਲਖੀਮਪੁਰ ਹਿੰਸਾ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਸਨ। ਜਦੋਂ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਨਿਘਾਸਨ ਪੁਲਿਸ ਨਾਕੇ ਉੱਪਰ ਰੋਕ ਲਿਆ ਗਿਆ।
ਇਸ ਵਫ਼ਦ ਦੀ ਅਗਵਾਈ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇਨਚਾਰਜ ਰਾਘਵ ਚੱਢਾ ਅਤੇ ਹਰਪਾਲ ਸਿੰਘ ਚੀਮਾ ਕਰ ਰਹੇ ਸਨ।
ਰਾਘਵ ਚੱਢਾ ਨੇ ਕਿਹਾ ਕਿ ਲਖੀਮਪੁਰ ਖੀਰੀ ਦੀ ਘਟਨਾ ਨੇ ਭਾਜਪਾ ਦੀ ਗੁੰਡਾਗਰਦੀ ਬਾਰੇ ਸਾਰੇ ਵਹਿਮਾਂ ਨੂੰ ਖ਼ਤਮ ਕਰਨ ਲਈ ਕਾਫ਼ੀ ਹੈ।
ਆਪ ਦੇ ਵਫ਼ਦ ਨੇ ਪਹਿਲਾਂ ਬਨਵਾਰੀਪੁਰ ਦੇ ਮਰਹੂਮ ਕਿਸਾਨ ਦੇ ਘਰ ਜਾਣਾ ਸੀ। ਜਦੋਂ ਉਨ੍ਹਾਂ ਨੂੰ ਪਿੰਡ ਤੋਂ ਦਸ ਕਿੱਲੋਮੀਟਰ ਦੂਰ ਹਿਰਾਸਤ ਵਿੱਚ ਲੈ ਲਿਆ।
ਮੋਦੀ ਜੀ ਲਖੀਮਪੁਰ ਆਓ, ਅੰਨਦਾਤਾ ਦੇ ਦਰਦ ਨੂੰ ਸਮਝੋ - ਪ੍ਰਿਅੰਕਾ ਗਾਂਧੀ
ਲਖੀਮਪੁਰ ਖੀਰੀ ਜਾਣ ਦੀ ਕੋਸ਼ਿਸ਼ ਵਿੱਚ ਸੋਮਵਾਰ ਨੂੰ ਹਿਰਾਸਤ ਵਿੱਚ ਲਏ ਗਏ ਪ੍ਰਿਅੰਕਾ ਗਾਂਧੀ ਨੂੰ ਅਜੇ ਵੀ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਸੀਤਾਪੁਰ ਵਿੱਚ ਜਿੱਥੇ ਉਨ੍ਹਾਂ ਨੂੰ ਠਹਿਰਾਇਆ ਹੋਇਆ ਹੈ ਉੱਥੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਹਨ।
ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਤੋਂ ਬਾਅਦ ਸੂਬੇ ਦੀ ਯੋਗੀ ਅਦਿੱਤਿਆਨਾਥ ਸਰਕਾਰ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਘਟਨਾ ਦੀ ਜਾਂਚ ਕਰਵਾਉਣ ਦਾ ਵੀ ਵਾਅਦਾ ਕੀਤਾ ਹੈ।
ਮ੍ਰਿਤਕ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੇ ਅਜੇ ਅੰਤਿਮ ਸਸਕਾਰ ਨਹੀਂ ਕੀਤਾ ਹੈ। ਉਹ ਪ੍ਰਸ਼ਾਸਨ ਤੋਂ ਪੋਸਟਮਾਰਟਮ ਦੀ ਰਿਪੋਰਟ ਮੰਗ ਰਹੇ ਹਨ।
ਕਿਸਾਨਾਂ ਵੱਲੋਂ ਧਰਨਾ ਲਗਾ ਕੇ ਮੁਆਵਜ਼ੇ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ। ਲੰਬੀਆਂ ਮੀਟਿੰਗਾਂ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਾਂ ਨੂੰ 45-45 ਲੱਖ ਰੁਪਏ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਜ਼ਖ਼ਮੀਆਂ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ।
ਪ੍ਰਿਯੰਕਾ ਗਾਂਧੀ ਵਾਡਰਾ ਅਜੇ ਵੀ ਸੀਤਾਪੁਰ ਦੇ ਪੀਏਸੀ ਗੈਸਟ ਹਾਊਸ ਵਿੱਚ ਹਨ ਜਿੱਥੇ ਕਾਂਗਰਸੀ ਵਰਕਰ ਬਾਹਰ ਧਰਨੇ ਉੱਤੇ ਬੈਠੇ ਹਨ ਅਤੇ ਪ੍ਰਿਯੰਕਾ ਗਾਂਧੀ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।
ਸੋਮਵਾਰ ਨੂੰ ਵਿਰੋਧੀ ਧਿਰ ਦੇ ਆਗੂਆਂ ਨੂੰ ਮੌਕੇ 'ਤੇ ਪਹੁੰਚਣ ਤੋਂ ਰੋਕ ਦਿੱਤਾ ਗਿਆ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੂੰ ਸੋਮਵਾਰ ਸਵੇਰੇ ਲਖੀਮਪੁਰ ਖੀਰੀ ਜਾਂਦੇ ਸਮੇਂ ਸੀਤਾਪੁਰ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਇੱਕ ਵੀਡੀਓ ਪੋਸਟ ਕਰਦਿਆਂ ਟਵੀਟ ਕੀਤਾ, "ਨਰਿੰਦਰ ਮੋਦੀ ਜੀ, ਤੁਹਾਡੀ ਸਰਕਾਰ ਨੇ ਬਿਨਾ ਕਿਸੇ ਆਰਡਰ ਅਤੇ ਐੱਫ਼ਆਈਆਰ ਦੇ ਪਿਛਲੇ 28 ਘੰਟਿਆਂ ਤੋਂ ਮੈਨੂੰ ਹਿਰਾਸਤ ਵਿੱਚ ਰੱਖਿਆ ਹੈ। ਅੰਨਦਾਤਾ ਨੂੰ ਕੁਚਲ ਦੇਣ ਵਾਲਾ ਇਹ ਵਿਅਕਤੀ ਹੁਣ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਹੋਇਆ?"
ਲਖੀਮਪੁਰ ਖੇਰੀ ਘਟਨਾ 'ਤੇ ਸਿਆਸੀ ਪ੍ਰਤੀਕਰਮ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਕਾਰਨ ਦੇਸ਼ ਦਾ ਮਹੌਲ ਖ਼ਰਾਬ ਹੋ ਰਿਹਾ ਹੈ ਤੇ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲਵੇ।'
ਉਨ੍ਹਾਂ ਨੇ ਕਿਹਾ, ''ਦੇਸ਼ ਦੇ ਵਿੱਚ ਜੋ ਹਾਲਤ ਬਣ ਰਹੇ ਹਨ ਇਹ ਕਾਲੇ ਕਾਨੂੰਨ ਲਾਗੂ ਹੋਣ ਤੇ ਜਿਵੇਂ ਦੇਸ਼ ਦੇ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਜਿਵੇਂ ਲਖੀਮਪੁਰ ਖੇੜੀ ਵਿੱਚ ਕਿਸਾਨਾਂ ਦੀ ਹੱਤਿਆ ਕੀਤੀ ਜਾਂਦੀ ਹੈ। ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਨੂੰ ਠੁਕਰਾਇਆ ਜਾ ਰਿਹਾ ਹੈ। ''
''ਅਸੀਂ ਸਾਰੀ ਪਾਰਟੀ ਨੇ ਲਖੀਮਪੁਰ ਖੇੜੀ ਵਿੱਚ ਜੋ ਕੁਝ ਹੋਇਆ ਹੈ ਉਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਕੇਂਦਰ ਸਰਕਾਰ ਹੁਣ ਦੇਰ ਨਾ ਲਾਵੇ ਦੇਸ਼ ਦੇ ਪ੍ਰਧਾਨ ਮੰਤਰੀ ਕਾਨੂੰਨਾਂ ਨੂੰ ਵਾਪਸ ਲੈਣ, ਨਹੀਂ ਤਾਂ ਹੋਰ ਪਤਾ ਨਹੀਂ ਕਿੰਨੀਆਂ ਜਾਨਾਂ ਜਾ ਸਕਦੀਆਂ ਹਨ, ਹਰੇਕ ਜਾਨ ਕੀਮਤੀ ਹੈ ਇਨਸਾਨ ਦੀ।''
ਉਨ੍ਹਾਂ ਨੇ ਕਿਹਾ ਕਿ ਜਦੋਂ ਦੇ ਇਹ ਕਾਨੂੰਨ ਬਣੇ ਹੱਲ ਤਕਰੀਬਨ ਇੱਕ ਸਾਲ ਦੇ ਅੰਦਰ ਲਗਭਗ ਸੱਤ ਸੌ ਕਿਸਾਨ ਆਪਣੀ ਜਾਨ ਦੇ ਚੁੱਕੇ ਹਨ। ਇਸ ਤੋਂ ਵੱਡੀ ਕੁਰਬਾਨੀਵ ਹੋਰ ਕੀ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਹਾਲੇ ਵੀ ਹਿੱਲ ਨਹੀਂ ਰਹੀ।''
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੀ ਉਸ ਨੀਤੀ ਦੀ ਨਿਖੇਦੀ ਕਰਦਾ ਹੈ ਜਿਸ ਦੇ ਤਹਿਤ ਇਹ ਕਾਲੇ ਕਾਨੂੰਨ ਬਣੇ ਹਨ।
ਸ਼ਰਧ ਪਵਾਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਜਾਂ ਯੂਪੀ ਦੀ ਸੰਵੇਦਨਸ਼ੀਲਤਾ ਹੀ ਨਹੀਂ ਹੈ। ਜਿਸ ਤਰ੍ਹਾਂ ਪ੍ਰਦਰਸ਼ਨਕਾਰੀ ਕਿਸਾਨਾਂ ਉੱਪਰ ਗੱਡੀ ਚੜ੍ਹਾਈ ਗਈ ਹੈ ''ਉਹ ਜਲਿਆਂਵਾਲੇ ਬਾਗ ਦੀ ਯਾਦ ਦਵਾਉਂਦਾ ਹੈ।''
ਉਹ ਇਸ ਗੱਲ ਤੇ ਪ੍ਰਤਿਕਿਰਿਆ ਦੇ ਰਹੇ ਸਨ ਕਿ ਇੰਨਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਭਾਰਤ ਦੇ ਗ੍ਰਹਿ ਮੰਤਰੀ ਜਾਂ ਪ੍ਰਧਾਨ ਮੰਤਰੀ ਵੱਲੋਂ ਇਸ ਬਾਰੇ ਕੋਈ ਬਿਆਨ ਕਿਉਂ ਜਾਰੀ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਿਅੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਜਾਂ ਹੋਰ ਆਗੂਆਂ ਨੂੰ ਲਖੀਮਪੁਰ ਤੋਂ ਜਾਣ ਤੋਂ ਰੋਕਿਆ ਗਿਆ ਹੈ ''ਇਹ ਲੋਕਤੰਤਰ ਦੇ ਬੁਨਿਆਦੀ ਹੱਕ ਦੀ ਉਲੰਘਣਾ ਹੈ।''
ਉਨ੍ਹਾਂ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੁਰਪਰੀਮ ਕੋਰਟ ਦੇ ਇੱਕ ਮੌਜੂਦਾ ਜੱਜ ਤੋਂ ਕਰਵਾਈ ਜਾਵੇ।
ਸ਼ਿਵ ਸੇਨਾ ਆਗੂ ਸੰਜੇ ਰਾਊਤ ਨੇ ਲਿਖਿਆ, ''ਲਖੀਮਪੁਰ ਦੀ ਹਿੰਸਾ ਨੇ ਪੂਰੇ ਦੇਸ਼ ਨੂੰ ਝੰਜੋੜ ਦਿੱਤਾ ਹੈ, ਪ੍ਰਿਅੰਕਾ ਗਾਂਧੀ ਨੂੰ ਯੂਪੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ, ਵਿਰੋਧੀ ਧਿਰ ਦੇ ਆਗੂਆਂ ਨੂੰ ਕਿਸਾਨਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਾਹ ਹੈ। ਯੂਪੀ ਵਿੱਚ ਸਰਕਾਰ ਦੇ ਅੱਤਿਆਚਾਰ ਖ਼ਿਲਾਫ਼ ਸਾਂਝੇ ਵਿਰੋਧੀ ਧਿਰ ਦੇ ਸਾਂਝੇ ਐਕਸ਼ਨ ਦੀ ਲੋੜ ਹੈ।''
ਉਨ੍ਹਾਂ ਨੇ ਕਿਹਾ ਕਿ ਉਹ ਬੁੱਧਵਾਰ ਸ਼ਾਮ ਨੂੰ ਰਾਹੁਲ ਗਾਂਧੀ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਲਖੀਮਪੁਰ ਦੀ ''ਘਟਨਾ ਨਾਲ ਦੇਸ਼ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਸਦਮਾ ਲੱਗਿਆ ਹੈ।''
ਦੂਜੇ ਪਾਸੇ ਭਾਜਪਾ ਆਗੂ ਵਰੁਣ ਗਾਂਧੀ ਨੇ ਵੀ ਲਖੀਮਪੁਰ ਹਿੰਸਾ ਦਾ ਵਾਇਰਲ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ, ''ਲਖੀਮਪੁਰ ਖੀਰੀ ਵਿੱਚ ਕਿਸਾਨਾਂ ਨੂੰ ਗੱਡੀਆਂ ਨਾਲ ਜਾਣਬੁੱਝ ਕੇ ਕੁਚਲਣ ਦਾ ਇਹ ਵੀਡੀਓ ਕਿਸੇ ਦੀ ਵੀ ਆਤਮਾ ਨੂੰ ਝੰਜੋੜ ਦੇਵੇਗਾ।''
''ਪੁਲਿਸ ਇਸ ਵੀਡੀਓ ਦਾ ਸੰਗਿਆਨ ਲੈ ਕੇ ਇਨ੍ਹਾਂ ਗੱਡੀਆਂ ਦੇ ਮਾਲਕਾਂ, ਇਨ੍ਹਾਂ ਵਿੱਚ ਬੈਠੇ ਲੋਕਾਂ ਅਤੇ ਇਸ ਘਟਨਾਕ੍ਰਮ ਵਿੱਚ ਲਿਪਤ ਹੋਰ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਕੇ ਤਤਕਾਲ ਗ੍ਰਿਫ਼ਤਾਰ ਕਰੇ।''
ਇੱਕ ਵਾਇਰਲ ਹੋਇਆ ਵੀਡੀਓ
29 ਸਕਿੰਟ ਦੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਸਨ। ਇੱਕ ਗੱਡੀ ਪਿੱਛੋਂ ਦੀ ਆਉਂਦੀ ਹੈ ਅਤੇ ਉਨ੍ਹਾਂ ਉੱਤੇ ਚੜ੍ਹ ਜਾਂਦੀ ਹੈ। ਕੁਝ ਕਿਸਾਨ ਡਿੱਗ ਜਾਂਦੇ ਹਨ ਅਤੇ ਕੁਝ ਇੱਧਰ-ਉੱਧਰ ਭੱਜਦੇ ਹਨ।
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ। ਬੀਬੀਸੀ ਇਸ ਵੀਡੀਓ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕਰਦਾ।
ਪ੍ਰਿਅੰਕਾ ਗਾਂਧੀ ਵਾਡਰਾ ਨੇ ਇੱਕ ਵੀਡੀਓ ਟਵੀਟ ਕਰਦਿਆਂ ਕਿਹਾ, "ਨਰਿੰਦਰ ਮੋਦੀ ਜੀ ਤੁਸੀਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਲਈ ਲਖਨਊ ਆ ਰਹੇ ਹੋ ਪਰ ਕੀ ਤੁਸੀਂ ਇਹ ਵੀਡੀਓ ਦੇਖਿਆ ਹੈ?"
ਉਨ੍ਹਾਂ ਨੇ ਉਹ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਇੱਕ ਗੱਡੀ ਪ੍ਰਦਰਸ਼ਨਕਾਰੀਆਂ ਉੱਤੇ ਚੜ੍ਹ ਜਾਂਦੀ ਹੈ।
ਉਨ੍ਹਾਂ ਅੱਗੇ ਇਲਜ਼ਾਮ ਲਾਇਆ, "ਇਹ ਵੀਡੀਓ ਤੁਹਾਡੀ ਸਰਕਾਰ ਦੇ ਇੱਕ ਮੰਤਰੀ ਦੇ ਪੁੱਤ ਨੂੰ ਕਿਸਾਨਾਂ ਨੂੰ ਆਪਣੀ ਗੱਡੀ ਹੇਠਾਂ ਕੁਚਲਦੇ ਹੋਏ ਦਿਖਾਉਂਦਾ ਹੈ। ਇਸ ਵੀਡੀਓ ਨੂੰ ਦੇਖੀਏ ਅਤੇ ਇਸ ਦੇਸ ਨੂੰ ਦੱਸੋ ਕਿ ਇਸ ਮੰਤਰੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ? ਇਸ ਮੁੰਡੇ ਨੂੰ ਹਾਲੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਮੇਰੇ ਵਰਗੇ ਵਿਰੋਧੀ ਆਗੂਆਂ ਨੂੰ ਤਾਂ ਬਿਨਾ ਕਿਸੇ ਆਰਡਰ ਤੇ ਐੱਫ਼ਆਈਆਰ ਦੇ ਹਿਰਾਸਤ ਵਿੱਚ ਰੱਖਿਆ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਵਿਅਕਤੀ ਆਜ਼ਾਦ ਕਿਉਂ ਨਹੀਂ?"
"ਅੱਜ ਜਦੋਂ ਤੁਸੀਂ ਆਜ਼ਾਦੀ ਕਾ ਅੰਮ੍ਰਿਤ ਉਤਸਵ ਵਿੱਚ ਮੰਚ 'ਤੇ ਬੈਠੇ ਹੋਵੋਗੇ, ਯਾਦ ਰੱਖੋ ਆਜ਼ਾਦੀ ਸਾਨੂੰ ਕਿਸਾਨਾਂ ਨੇ ਦਿਵਾਈ ਹੈ। ਅੱਜ ਵੀ ਦੇਸ ਦੀ ਰੱਖਿਆ ਸਰਹੱਦ 'ਤੇ ਕਿਸਾਨਾਂ ਦੇ ਪੁੱਤ ਕਰਦੇ ਹਨ।”
“ਕਿਸਾਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ, ਆਪਣੀ ਆਵਾਜ਼ ਚੁੱਕ ਰਹੇ ਹਨ ਤੇ ਤੁਸੀਂ ਉਸ ਨੂੰ ਨਕਾਰ ਰਹੇ ਹੋ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਲਖੀਮਪੁਰ ਆਓ, ਜੋ ਅੰਨਦਾਤਾ ਹੈ ਦੇਸ ਦਾ ਉਸ ਦੇ ਦਰਦ ਨੂੰ ਸਮਝੋ। ਉਨ੍ਹਾਂ ਦੀ ਸੁਰੱਖਿਆ ਕਰਨਾ ਤੁਹਾਡਾ ਧਰਮ ਹੈ।"
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ, "ਜਿਸ ਨੂੰ ਹਿਰਾਸਤ ਵਿੱਚ ਰੱਖਿਆ ਹੈ, ਉਹ ਕਿਸੇ ਤੋਂ ਡਰਦੀ ਨਹੀਂ ਹੈ- ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ। ਸੱਤਿਆਗ੍ਰਹਿ ਰੁਕੇਗਾ ਨਹੀਂ।"
ਉੱਧਰ ਹਰਪੀਲ ਸਿੰਘ ਚੀਮਾ, ਰਾਘਵ ਚੱਢਾ ਅਤੇ ਬਲਜਿੰਦਰ ਕੌਰ ਸਣੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਅੱਜ ਲਖਨਊ ਤੋਂ ਲਖੀਮਪੁਰ ਖੀਰੀ ਪਹੁੰਚ ਰਹੇ ਹਨ। ਹਰਪਾਲ ਸਿੰਘ ਚੀਮਾ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।
ਭਾਜਪਾ ਵਰਕਰ ਦੀ ਮੌਤ ਬਾਰੇ ਪਰਿਵਾਰ ਨੇ ਕੀ ਦੱਸਿਆ
ਰਿਪੋਰਟ- ਅਨੰਤ ਝਣਾਣੇ: 25 ਸਾਲਾ ਭਾਜਪਾ ਵਰਕਰ ਸ਼ੁਭਮ ਮਿਸ਼ਰਾ ਵੀ ਤਿਕੁਨੀਆ ਵਿੱਚ ਹੋਈ ਹਿੰਸਾ ਵਿੱਚ ਮਾਰਿਆ ਗਿਆ ਸੀ।
ਲਖੀਮਪੁਰ ਖੀਰੀ ਸ਼ਹਿਰ ਦੇ ਸ਼ਿਵਪੁਰੀ ਦੇ ਰਹਿਣ ਵਾਲੇ ਸ਼ੁਭਮ ਉਸ ਤਿੰਨ ਕਾਰਾਂ ਦੇ ਕਾਫ਼ਲੇ ਵਿੱਚ ਸਵਾਰ ਸੀ ਜੋ ਕਿਸਾਨਾਂ ਉੱਤੇ ਚੜ੍ਹਾਉਣ ਦਾ ਇਲਜ਼ਾਮ ਹੈ।
ਬੀਬੀਸੀ ਨਾਲ ਗੱਲ ਕਰਦੇ ਹੋਏ ਸ਼ੁਭਮ ਦੇ ਪਿਤਾ ਵਿਜੇ ਕੁਮਾਰ ਮਿਸ਼ਰਾ ਰੋ ਪਏ। ਉਨ੍ਹਾਂ ਕਿਹਾ ਕਿ ਉਹ ਜ਼ਿਆਦਾ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਹਨ।
ਉਨ੍ਹਾਂ ਕਿਹਾ, 'ਜਿਸ ਬੇਰਹਿਮੀ ਨਾਲ ਸ਼ੁਭਮ ਦਾ ਕਤਲ ਕੀਤਾ ਗਿਆ ਸੀ ਉਹ ਪਲ ਯਾਦ ਨਹੀਂ ਕਰਨਾ ਚਾਹੁੰਦਾ।'
ਸ਼ੁਭਮ ਦੇ ਪਿਤਾ ਵਿਜੇ ਅਨੁਸਾਰ ਸ਼ੁਭਮ ਭਾਜਪਾ ਦੇ ਬੂਥ ਇੰਚਾਰਜ ਸੀ ਅਤੇ ਸਥਾਨਕ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ। ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਵੱਡੀ ਗਿਣਤੀ ਵਿੱਚ ਸ਼ਿਵਪੁਰੀ ਦੇ ਲੋਕ ਸ਼ਾਮਲ ਹੋਏ।
ਸ਼ੁਭਮ ਦੇ ਚਾਚਾ ਅਨੂਪ ਮਿਸ਼ਰਾ ਸੰਸਦ ਮੈਂਬਰ ਅਜੇ ਮਿਸ਼ਰਾ ਟੇਨੀ ਦੇ ਉਸ ਬਨਵਰੀਪੁਰ ਵਿੱਚ ਉਸ ਪ੍ਰੋਗਰਾਮ ਵਿੱਚ ਸਨ, ਜਿਸ ਵਿੱਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਜਾਣਾ ਸੀ।
ਅਨੂਪ ਮਿਸ਼ਰਾ ਦੱਸਦੇ ਹਨ ਕਿ ਉਨ੍ਹਾਂ ਨੂੰ ਸ਼ੁਭਮ ਦਾ ਫੋਨ ਆਇਆ ਸੀ, "ਚਾਚਾ ਪ੍ਰੋਗਰਾਮ 'ਚ ਆਓ।"
ਇਹ ਕਹਿੰਦਿਆਂ ਹੀ ਅਨੂਪ ਰੋਣ ਲੱਗੇ ਪਏ।
ਸ਼ੁਭਮ ਉਸ ਤਿੰਨ ਮੁੱਖ ਗੱਡੀਆਂ ਦੇ ਕਾਫਲੇ ਵਿੱਚ ਸੀ ਜੋ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਸਵਾਗਤ ਲਈ ਤਿਕੁਨਿਆ ਰਾਹੀਂ ਨੇੜਲੇ ਰੇਲਵੇ ਲਾਈਨ ਲਈ ਰਵਾਨਾ ਹੋਇਆ ਸੀ।
ਸ਼ੁਭਮ ਦੀ ਤਕਰੀਬਨ ਇੱਕ ਸਾਲ ਦੀ ਧੀ ਹੈ।
ਹਾਲਾਂਕਿ ਇਸ ਦੌਰਾਨ ਟੀਐੱਮਸੀ ਦੀਆਂ ਦੋ ਸੰਸਦ ਮੈਂਬਰ ਲਖੀਮਪੁਰ ਖੀਰੀ ਪਹੁੰਚਣ ਵਿੱਚ ਕਾਮਯਾਬ ਰਹੇ।
ਸੰਸਦ ਮੈਂਬਰ ਸੁਸ਼ਮਿਤਾ ਦੇਬ ਨੇ ਕਿਹਾ, "ਪੂਰਾ ਦੇਸ ਦੇਖ ਰਿਹਾ ਹੈ ਕਿ ਕੀ ਹੋ ਰਿਹਾ ਹੈ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਿੰਗੂਰ ਦੇ ਸਮੇਂ ਵਿੱਚ ਅੰਦੋਲਨ ਕੀਤਾ ਸੀ।”
“ਉਨ੍ਹਾਂ ਦੇ ਹੁਕਮ ਨਾਲ ਇੱਥੇ ਆਏ ਹਾਂ। ਪਰ ਦੁੱਖ ਇਸ ਗੱਲ ਦਾ ਹੈ ਕਿ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਹੜਬੜੀ ਵਿੱਚ ਉਸ ਨੂੰ ਉਠਾ ਦਿੱਤਾ ਗਿਆ ਹੈ। ਜਿਸ ਤਰ੍ਹਾਂ ਉਨ੍ਹਾਂ ਨੂੰ ਸੜਕ 'ਤੇ ਕੁਚਲਿਆ ਗਿਆ, ਉਸ ਵਿੱਚ ਭਾਰਤ ਸਰਕਾਰ ਦੇ ਇੱਕ ਮੰਤਰੀ ਦੇ ਪੁੱਤਰ ਦਾ ਸਬੰਧ ਹੈ।"
"ਮੁਆਵਜ਼ਾ ਜ਼ਰੂਰ ਦਿੱਤਾ ਹੈ ਪਰ ਉਨ੍ਹਾਂ ਦਾ ਇੰਨੀ ਜਲਦੀ ਪੋਸਟਮਾਰਟਮ ਕਿਉਂ ਕਰਵਾਇਆ ਗਿਆ। ਜਿਸ ਤਰ੍ਹਾਂ ਵਿਰੋਧੀ ਧਿਰ ਦੇ ਹਰ ਆਗੂ ਨੂੰ ਇੱਥੇ ਆਉਣ ਤੋਂ ਰੋਕਿਆ ਗਿਆ।”
ਇੰਨੇ ਬੈਰੀਕੇਡ ਹਨ ਕਿ 100 ਕਿਲੋਮੀਟਰ ਆਉਣ ਲਈ ਵੀ 6-7 ਘੰਟੇ ਲੱਗ ਰਹੇ ਹਨ। ਨਰਿੰਦਰ ਮੋਦੀ ਲਖਨਊ ਆ ਰਹੇ ਹਨ, ਇਸ ਲਈ ਇਸ ਨੂੰ ਇੰਨੀ ਜਲਦੀ ਦਬਾਇਆ ਗਿਆ ਹੈ। ਪਰ ਇਸ ਨੂੰ ਅਸੀਂ ਸਦਨ ਵਿੱਚ ਚੁੱਕਾਂਗੇ।"
ਇਹ ਵੀ ਪੜ੍ਹੋ:
ਸੰਸਦ ਮੈਂਬਰ ਕਾਕੋਲੀ ਘੋਸ਼ ਨੇ ਕਿਹਾ, "ਕਾਨੂੰਨ ਲਿਆ ਕੇ ਕੇਂਦਰ ਸਰਕਾਰ ਨੇ ਗਲਤ ਕੀਤਾ। ਅਸੀਂ ਕਿਸਾਨਾਂ ਦੇ ਨਾਲ ਹਾਂ। ਰਾਤ ਦੇ ਹਨੇਰੇ ਵਿੱਚ ਪੋਸਟਮਾਰਟਮ ਨਹੀਂ ਹੁੰਦਾ। ਗੈਰ-ਕਾਨੂੰਨੀ ਕੰਮ ਹੋ ਰਿਹਾ ਹੈ। ਉਸ ਖਿਲਾਫ਼ ਆਵਾਜ਼ ਚੁੱਕਣ ਲਈ ਆਏ ਹਾਂ। ਅਸੀਂ ਕੋਲਕਾਤਾ ਤੋਂ ਇੱਥੇ ਮਜ਼ਾਕ ਕਰਨ ਨਹੀਂ ਆਏ। ਖੇਲਾ ਹੋਬੇ, ਇਸ ਲਈ ਹੀ ਇੱਥੇ ਆਏ ਹਾਂ।"
ਹਿਰਾਸਤ ਵਿੱਚ ਆਗੂ
ਲਖੀਮਪੁਰ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਾਂਗਰਸ ਆਗੂ ਕੁਲਜੀਤ ਨਾਗਰਾ ਸਣੇ ਹੋਰਨਾਂ ਆਗੂਆਂ ਨੂੰ ਸਹਾਰਨਪੁਰ ਵਿੱਚ ਯੂਪੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਹਾਲਾਂਕਿ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਮੁਖੀ ਗੁਰਨਾਮ ਸਿੰਘ ਚਢੂਨੀ ਨੂੰ ਰਿਹਾ ਕਰ ਦਿੱਤਾ ਗਿਆ ਹੈ।
ਮੇਰਠ ਦੇ ਐੱਸਐੱਸਪੀ ਪ੍ਰਭਾਕਰ ਚੌਧਰੀ ਨੇ ਕਿਹਾ, "ਓਥੇ (ਲਖੀਮਪੁਰ ਖੀਰੀ) ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਉਨ੍ਹਾਂ ਦੇ ਦੌਰੇ ਕਾਰਨ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਸੀ। ਇਸ ਕਾਰਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਅਸੀਂ ਉਨ੍ਹਾਂ ਨੂੰ ਰਿਹਾ ਕਰ ਦਿੱਤਾ ਹੈ।"
ਓਧਰ ਦੇਰ ਰਾਤ ਗੁਰਨਾਮ ਸਿੰਘ ਚਢੂਨੀ ਨੂੰ ਹਿਰਾਸਤ ਵਿੱਚ ਲਏ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਸ਼ੰਭੂ ਟੋਲ ਪਲਾਜ਼ਾ ਬਲਾਕ ਕਰ ਦਿੱਤਾ। ਚਢੂਨੀ ਲਖੀਮਪੁਰ ਖੀਰੀ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।
ਸੋਮਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਖਿਲਾਫ਼ ਪੰਜਾਬ ਭਵਨ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਨਵਜੋਤ ਸਿੰਘ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਇਸ ਮੁਜ਼ਾਹਰੇ ਵਿੱਚ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਸਮਰਥਕ ਮੌਜੂਦ ਸਨ।
ਇਸ ਮੌਕੇ ਕਾਂਗਰਸ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਨੇ ਮੋਦੀ ਸਰਕਾਰ ਨੂੰ ''ਕਾਤਲ ਸਰਕਾਰ'' ਕਹਿ ਦੇ ਭੰਡਿਆ।
ਇਹ ਵੀ ਪੜ੍ਹੋ: