ਨਰਿੰਦਰ ਮੋਦੀ ਦੀ ਸਿਆਸੀ ਘੇਰਾਬੰਦੀ ਲਈ ਕੌਣ ਅਤੇ ਕਿੱਥੇ ਬਣਾ ਰਿਹਾ ਹੈ ਨਵਾਂ ਮੋਰਚਾ -ਪ੍ਰੈੱਸ ਰਿਵੀਊ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉੱਧਵ ਠਾਕਰੇ ਨੇ ਆਪਣਾ ਸਮਰਥਨ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੂੰ ਭਾਜਪਾ-ਵਿਰੋਧੀ ਮੋਰਚਾ ਸਥਾਪਿਤ ਕਰਨ ਲਈ ਦਿੱਤਾ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ ਠਾਕਰੇ ਨੇ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਭਾਜਪਾ ਨੇ ਨੁਕਸਾਨਿਆ ਹੈ ਅਤੇ 'ਹੇਠਲੇ ਦਰਜੇ ਦੀ ਸਿਆਸਤ ਹਿੰਦੁਤਵ ਨਹੀਂ' ਹੈ।

ਐਤਵਾਰ ਨੂੰ ਤੇਲੰਗਾਨਾ ਦੇ ਮੁੱਖ ਮੰਤਰੀ ਰਾਓ ਮੁੰਬਈ ਐਨਸੀਪੀ ਦੇ ਸ਼ਰਦ ਪਵਾਰ ਅਤੇ ਉੱਧਵ ਠਾਕਰੇ ਨੂੰ ਇੱਕੋ ਮੇਜ ਉੱਤੇ ਇਕੱਠੇ ਹੋਣ ਲਈ ਆਏ ਸਨ।

ਇਸ ਦੌਰਾਨ ਉਨ੍ਹਾਂ ਨੇ ਕਿਹਾ, 'ਅਸੀਂ ਆਉਣ ਵਾਲੇ ਦਿਨਾਂ ਵਿੱਚ ਹੈਦਰਾਬਾਦ 'ਚ ਜਾਂ ਕਿਤੇ ਹੋਰ ਬੈਠਾਂਗੇ ਅਤੇ ਇਸ ਬਾਰੇ ਹੋਰ ਚਰਚਾ ਕਰਾਂਗੇ।'

ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਅੱਜ ਦੇਸ ਚੱਲ ਰਿਹਾ ਹੈ, ਇਸ ਵਿੱਚ ਬਦਲਾਅ ਆਉਣਾ ਚਾਹੀਦਾ ਹੈ ਅਤੇ ਅਸੀਂ ਦੇਸ ਦੇ ਦੂਜੇ ਨੇਤਾਵਾਂ ਨਾਲ ਵੀ ਗੱਲ ਕਰਾਂਗੇ।

ਠਾਕਰੇ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਮੁਲਕ ਵਿੱਚ ਬਣ ਰਹੇ ਹਨ ਅਤੇ ਜਿਸ ਤਰ੍ਹਾਂ ਹੇਠਲੇ ਦਰਜੇ ਦੀ ਸਿਆਸਤ ਹੋ ਰਹੀ ਹੈ, ਇਹ ਹਿੰਦੁਤਵ ਨਹੀਂ ਹੈ।

ਇਹ ਵੀ ਪੜ੍ਹੋ:

ਠਾਕਰੇ ਨੇ ਅੱਗੇ ਕਿਹਾ, ''ਹਿੰਦੁਤਵ ਹਿੰਸਾ ਜਾਂ ਬਦਲੇ ਬਾਰੇ ਨਹੀਂ ਹੈ। ਜੇ ਚੀਜ਼ਾਂ ਇਸੇ ਤਰ੍ਹਾਂ ਚੱਲਦੀਆਂ ਰਹੀਆਂ ਤਾਂ ਦੇਸ਼ ਦਾ ਭਵਿੱਖ ਕੀ ਹੋਵੇਗਾ?''

ਮੁੰਬਈ ਵਿੱਚ ਤੀਜੇ ਫਰੰਟ ਲਈ ਇਹ ਸਾਰੇ ਸਿਆਸਤਦਾਨ ਇਕੱਠੇ ਹੋਏ ਸਨ।

ਯੂਕਰੇਨ ਸੰਕਟ ਦਰਮਿਆਨ ਭਾਰਤੀਆਂ ਨੂੰ ਦੇਸ਼ ਤੋਂ ਜਾਣ ਦੀ ਐਡਵਾਇਜ਼ਰੀ ਜਾਰੀ

ਯੂਕਰੇਨ ਵਿੱਚ ਭਾਰਤੀ ਸਫ਼ਾਰਖ਼ਾਨੇ ਨੇ ਇੱਕ ਤਾਜ਼ਾ ਐਡਵਾਇਜ਼ਰੀ ਜਾਰੀ ਕਰਦਿਆਂ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਨੂੰ ਕਿਹਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਹ ਸਲਾਹ ਯੂਕਰੇਨ ਅਤੇ ਰੂਸ ਦਰਮਿਆਨ ਵੱਧਦੇ ਤਣਾਅ ਨੂੰ ਦੇਖਦਿਆਂ ਜਾਰੀ ਕੀਤੀ ਗਈ ਹੈ।

ਕੀਵ ਸਥਿਤ ਭਾਰਤੀ ਦੂਤਾਵਾਸ ਨੇ ਨਵੀਂ ਐਡਵਾਇਜ਼ਰੀ ਵਿੱਚ ਲਿਖੀਆ ਹੈ, ''ਯੂਕਰੇਨ 'ਚ ਵੱਧਦੇ ਤਣਾਅ ਅਤੇ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਸਾਰੇ ਭਾਰਤੀ ਨਾਗਰਿਕ ਜਿਨ੍ਹਾਂ ਦਾ ਇੱਥੇ ਰੁਕਣਾ ਬਹੁਤ ਜ਼ਰੂਰੀ ਨਹੀਂ ਹੈ ਅਤੇ ਸਾਰੇ ਭਾਰਤੀ ਵਿਦਿਆਰਥੀ ਯੂਕਰੇਨ ਆਰਜ਼ੀ ਤੌਰ 'ਤੇ ਛੱਡ ਦੇਣ। ਉਪਲਬਧ ਕਮਰਸ਼ੀਅਲ ਫਲਾਈਟਾਂ ਅਤੇ ਚਾਰਟਰ ਫਲਾਈਟਾਂ ਦਾ ਇਸਤੇਮਾਲ ਸਮਾਂ ਰਹਿੰਦੇ ਨਿਕਲ ਜਾਣ ਲਈ ਕੀਤਾ ਜਾ ਸਕਦਾ ਹੈ।''

ਐਡਵਾਇਜ਼ਰੀ ਵਿੱਚ ਅੱਗੇ ਵਿਦਿਆਰਥੀਆਂ ਲਈ ਨਿਰਦੇਸ਼ ਵੀ ਲਿਖੇ ਗਏ ਹਨ ਕਿ ਚਾਰਟ ਫਲਾਈਟਾਂ ਲਈ ਸਾਰੇ ਭਾਰਤੀ ਵਿਦਿਆਰਥੀ ਸੰਬੰਧਿਤ ਲੋਕਾਂ ਨਾਲ ਸੰਪਰਕ ਕਰਨ।

ਅਖ਼ਬਾਰ ਮੁਤਾਬਕ 2020 ਦੇ ਇੱਕ ਅਧਿਕਾਰਤ ਦਸਤਾਵੇਜ਼ ਅਨੁਸਾਰ ਯੂਕਰੇਨ ਵਿੱਚ ਘੱਟ ਗਿਣਤੀ ਵਿੱਚ ਭਾਰਤੀ ਭਾਈਚਾਰਾ ਮੌਜੂਦ ਹੈ ਅਤੇ ਲਗਭਗ 18,000 ਵਿਦਿਆਰਥੀ ਇੱਥੇ ਪੜ੍ਹਾਈ ਕਰ ਰਹੇ ਹਨ।

ਭਾਰਤ-ਚੀਨ ਰਿਸ਼ਤੇ ਮੁਸ਼ਕਲ ਦੌਰ 'ਚ - ਵਿਦੇਸ਼ ਮੰਤਰੀ

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਭਾਰਤ ਅਤੇ ਚੀਨ ਦੇ ਰਿਸ਼ਤਿਆਂ ਉੱਤੇ ਕਿਹਾ ਹੈ ਕਿ ਫ਼ਿਲਹਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਬੇਹੱਦ ਮੁਸ਼ਕਲ ਦੌਰ ਵਿੱਚੋਂ ਲੰਘ ਰਹੇ ਹਨ।

ਫਾਈਨੈਂਸ਼ਲ ਐਸਕਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਫ਼ਿਲਹਾਲ ਭਾਰਤ-ਚੀਨ ਦੇ ਰਿਸ਼ਤੇ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ, ਜਦਕਿ 1975 ਤੋਂ ਲੈ ਕੇ 2020 ਤੱਕ ਦੇ 45 ਸਾਲਾਂ ਦੌਰਾਨ ਹਾਲਾਤ ਅਜਿਹੇ ਨਹੀਂ ਸਨ।

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ 45 ਸਾਲਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਸ਼ਾਂਤੀ ਕਾਇਮ ਰਹੀ ਅਤੇ ਫੌਜਾਂ ਨੂੰ ਕੋਈ ਨੁਕਸਾਨ ਨਹੀਂ ਝੱਲਣਾ ਪਿਆ।

ਐਸ ਜੈਸ਼ੰਕਰ ਨੇ ਇਹ ਗੱਲ ਜਰਮਨੀ ਦੇ ਮਿਊਨਿਖ ਵਿੱਚ ਇੱਕ ਅੰਤਰਰਾਸ਼ਟਰੀ ਸੰਮੇਲਨ ਦੌਰਾਨ ਕਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਚੀਨ ਨੇ 2020 ਵਿੱਚ LAC ਉੱਤੇ ਫੌਜੀਆਂ ਦਾ ਇਕੱਠ ਨਾ ਕਰਨ ਦੇ ਲਿਖਤੀ ਸਮਝੌਤੇ ਨੂੰ ਤੋੜ ਦਿੱਤਾ, ਜਿਸ ਕਾਰਨ ਹਾਲਾਤ ਵਿਗੜ ਗਏ। ਚੀਨ ਦੀ ਸਰਕਾਰ ਦੀਆਂ ਹਰਕਤਾਂ ਪੂਰੇ ਅੰਤਰਰਾਸ਼ਟਰੀ ਭਾਈਚਾਰੇ ਲਈ ਚਿੰਤਾ ਦਾ ਸਬੱਬ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)