You’re viewing a text-only version of this website that uses less data. View the main version of the website including all images and videos.
ਯੂਕਰੇਨ - ਰੂਸ: ਰੂਸ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਵਿੱਚ ਸਭ ਤੋਂ ਵੱਡੇ ਯੁੱਧ ਦੀ ਤਿਆਰੀ ਵਿੱਚ - ਬੋਰਿਸ ਜਾਨਸਨ; ਇਹ ਹਨ ਰੂਸ ਦੀਆਂ ਮੰਗਾਂ
ਰੂਸ-ਯੂਕਰੇਨ ਸੰਕਟ ਇਨ੍ਹੀਂ ਦਿਨੀਂ ਆਪਣੇ ਸਿਖਰ 'ਤੇ ਹੈ। ਇੱਕ ਪਾਸੇ ਨਾਟੋ ਦੇ ਦੇਸ਼ ਹਨ, ਜੋ ਰੂਸ ਨੂੰ ਹਮਲੇ ਨਾ ਕਰਨ ਦੀ ਚੇਤਾਵਨੀ ਦੇ ਰਹੇ ਹਨ। ਦੂਜੇ ਪਾਸੇ ਰੂਸ ਹੈ, ਜੋ ਕਹਿ ਰਿਹਾ ਹੈ ਕਿ ਉਸ ਦੀ ਯੂਕਰੇਨ 'ਤੇ ਹਮਲੇ ਦੀ ਕੋਈ ਯੋਜਨਾ ਨਹੀਂ ਹੈ।
ਅਮਰੀਕੀ ਸਰਕਾਰ ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅਨੁਮਾਨਾਂ ਅਨੁਸਾਰ, ਯੂਕਰੇਨ ਦੀ ਸਰਹੱਦ 'ਤੇ ਹੁਣ ਲਗਭਗ 1 ਲੱਖ 69 ਹਜ਼ਾਰ ਤੋਂ 1 ਲੱਖ 90 ਹਜ਼ਾਰ ਵਿਚਕਾਰ ਰੂਸੀ ਸੈਨਿਕ ਤੈਨਾਤ ਹਨ। ਇਹ ਸੈਨਿਕ ਰੂਸ ਅਤੇ ਗੁਆਂਢੀ ਦੇਸ਼ ਬੇਲਾਰੂਸ ਵਿੱਚ ਮੌਜੂਦ ਹਨ। ਪਰ ਇਨ੍ਹਾਂ ਵਿੱਚ ਪੂਰਬੀ ਯੂਕਰੇਨ ਦੇ ਬਾਗੀ ਸਮੂਹ ਦੇ ਲੋਕ ਵੀ ਸ਼ਾਮਲ ਹਨ।
ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਨੇ ਹਾਲ ਹੀ ਦੇ ਦਿਨਾਂ 'ਚ ਚਿਤਾਵਨੀ ਦਿੱਤੀ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ ਪਰ ਰੂਸ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਸੈਨਿਕ ਇਸ ਖੇਤਰ 'ਚ ਫੌਜੀ ਅਭਿਆਸ ਕਰ ਰਹੇ ਹਨ।
'1945 ਤੋਂ ਬਾਅਦ ਸਭ ਤੋਂ ਵੱਡੀ ਜੰਗ ਦੀ ਤਿਆਰੀ'
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਬੀਬੀਸੀ ਨੂੰ ਕਿਹਾ ਹੈ ਕਿ ਸਬੂਤ ਸੰਕੇਤ ਦਿੰਦੇ ਹਨ ਕਿ ਰੂਸ ਯੂਰਪ ਵਿੱਚ "1945 ਤੋਂ ਬਾਅਦ ਸਭ ਤੋਂ ਵੱਡੀ ਜੰਗ" ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ:
ਬੀਬੀਸੀ ਪੱਤਰਕਾਰ ਸੋਫੀ ਰਾਵਰਥ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ, "ਸਾਰੇ ਸੰਕੇਤ ਇਹ ਹਨ ਕਿ ਕੁਝ ਮਾਅਨਿਆਂ ਵਿੱਚ ਰੂਸ ਨੇ ਆਪਣੀ ਇਸ ਤਿਆਰੀ ਨੂੰ ਅੰਜਾਮ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ।"
ਪ੍ਰਧਾਨ ਮੰਤਰੀ ਜੌਨਸਨ ਨੇ ਮਿਊਨਿਖ ਵਿੱਚ ਵਿਸ਼ਵ ਦੇ ਸਿਖਰਲੇ ਆਗੂਆਂ ਦੀ ਸਾਲਾਨਾ ਸੁਰੱਖਿਆ ਕਾਨਫਰੰਸ ਵਿੱਚ ਕਿਹਾ, "ਲੋਕਾਂ ਨੂੰ ਸਮਝਣਾ ਹੋਵੇਗਾ ਕਿ ਇਸ ਨਾਲ ਮਨੁੱਖੀ ਜੀਵਨ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ।"
ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ, ''ਜੋ ਤਿਆਰੀਆਂ ਅਸੀਂ ਦੇਖ ਰਹੇ ਹਾਂ ਉਹ ਕੁਝ ਇਸ ਤਰ੍ਹਾਂ ਹਨ ਜੋ 1945 ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੀ ਜੰਗ ਹੋ ਸਕਦੀ ਹੈ। ਸਿਰਫ ਪੂਰਬ ਦੇ ਰਸਤੇ, ਡੋਨਬਾਸ ਖੇਤਰ ਤੋਂ ਹਮਲੇ ਦੀ ਸੰਭਾਵਨਾ ਨੂੰ ਦੇਖਿਆ ਜਾ ਰਿਹਾ ਹੈ, ਸਾਨੂੰ ਮਿਲੀ ਖੁਫੀਆ ਜਾਣਕਾਰੀ ਮੁਤਾਬਕ, ਹਮਲਾ ਬੇਲਾਰੂਸ ਦੇ ਰਸਤੇ ਵੀ ਹੋ ਸਕਦਾ ਹੈ, ਜਿਸ ਨਾਲ ਰਾਜਧਾਨੀ ਕੀਵ ਨੂੰ ਘੇਰਿਆ ਜਾ ਸਕਦਾ ਹੈ।''
''ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਨਾਲ ਨਾ ਸਿਰਫ ਯੂਕਰੇਨ, ਸਗੋਂ ਰੂਸ ਦੇ ਲੋਕਾਂ ਨੂੰ ਵੀ ਭਾਰੀ ਸੰਖਿਆ 'ਚ ਆਪਣੀਆਂ ਜਾਨਾਂ ਗੁਆਉਣੀਆਂ ਪੈ ਸਕਦੀਆਂ ਹਨ।''
ਰੂਸ-ਯੂਕਰੇਨ ਵਿਚਕਾਰ ਵਿਵਾਦ ਦਾ ਕੀ ਹੈ ਅਸਲ ਕਾਰਨ?
ਰੂਸ ਤੇ ਯੂਕਰੇਨ ਵਿਚਾਲੇ ਤਣਾਅ ਦਾ ਇਸ ਵੇਲੇ ਸਭ ਤੋਂ ਅਹਿਮ ਮੁੱਦਾ ਹੈ ਯੂਕਰੇਨ-ਰੂਸ ਦੇ ਬਾਰਡਰ 'ਤੇ ਵੱਡੀ ਗਿਣਤੀ ਵਿੱਚ ਰੂਸੀ ਫੌਜੀਆਂ ਦਾ ਜਮਾਵੜਾ। ਸੈਟਲਾਈਟ ਤਸਵੀਰਾਂ ਤੇ ਖੂਫੀਆ ਰਿਪੋਰਟਾਂ ਅਨੁਸਾਰ ਕਰੀਬ ਇੱਕ ਲੱਖ ਰੂਸੀ ਫੌਜੀ ਇਸ ਵੇਲੇ ਯੂਕਰੇਨ-ਰੂਸ ਬਾਰਡਰ ਉੱਤੇ ਤਾਇਨਾਤ ਹਨ।
ਰੂਸੀ ਰੱਖਿਆ ਮੰਤਰਾਲੇ ਨੇ ਵੀ ਇਸ ਦੀ ਫੁਟੇਜ ਜਾਰੀ ਕੀਤੀ ਹੈ। ਯੂਕਰੇਨ ਨੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਇਸ ਤਾਇਨਾਤੀ ਨਾਲ ਕੋਈ ਖ਼ਤਰਾ ਨਹੀਂ ਹੈ, ਉਹ ਆਪਣੀ ਸਰਹੱਦ ਅੰਦਰ ਤਾਇਨਾਤੀ ਕਰ ਸਕਦਾ ਹੈ।
ਰੂਸ ਨੂੰ ਡਰ ਹੈ ਕਿ ਜੇਕਰ ਸਾਬਕਾ ਸੋਵੀਅਤ ਗਣਰਾਜ ਯੂਕਰੇਨ ਨੇਟੋ ਦਾ ਮੈਂਬਰ ਬਣ ਜਾਂਦਾ ਹੈ, ਤਾਂ ਨੇਟੋ ਦੇ ਅੱਡੇ ਉਸਦੀ ਸਰਹੱਦ ਨੇੜੇ ਖੜ੍ਹੇ ਕਰ ਦਿੱਤੇ ਜਾਣਗੇ। ਹਾਲਾਂਕਿ, ਨੇਟੋ ਨੇ ਰੂਸ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਉਸ ਤੋਂ ਕੋਈ ਖਤਰਾ ਨਹੀਂ ਹੈ। ਯੂਕਰੇਨ, ਰੂਸ ਤੋਂ ਬਚਾਅ ਲਈ ਨੇਟੋ ਦਾ ਮੈਂਬਰ ਬਣਨਾ ਚਾਹੁੰਦਾ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਵਿਵਾਦ ਨੂੰ ਫਿਲਹਾਲ ਨੇਟੋ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਦੋਵਾਂ ਵਿਚਕਾਰ ਕਈ ਮੌਕਿਆਂ 'ਤੇ ਟਕਰਾਅ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ।
ਅਤੀਤ ਵਿੱਚ ਰਾਜਧਾਨੀ ਕੀਵ ਵਿੱਚ ਰੂਸੀ ਸਫਾਰਤਖ਼ਾਨੇ ਦੇ ਬਾਹਰ ਕਈ ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜ਼ਾਹਰੇ ਕੀਤੇ। ਪ੍ਰਦਰਸ਼ਨਕਾਰੀਆਂ ਨੇ ਰੂਸ ਦੇ ਦੂਤਾਵਾਸ ਵਿੱਚ ਅੱਗ ਲਗਾ ਦਿੱਤੀ।
ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵੱਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।
ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦੇ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਏ ਹਨ।
ਇਸ ਵਾਰ ਤਣਾਅ ਬਹੁਤ ਵਧ ਗਿਆ ਹੈ। ਫਿਲਹਾਲ ਨੇਟੋ ਅਤੇ ਰੂਸ ਇਸ ਮਾਮਲੇ ਦਾ ਕੂਟਨੀਤਕ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।
ਹੁਣ ਕੀ ਹੈ ਸਥਿਤੀ
ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਨਸਕੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਬਾਗੀ ਰੂਸ ਸਮਰਥਿਤ ਪੂਰਬੀ ਖੇਤਰਾਂ ਵਿੱਚ ਲੜਾਈ ਵਿੱਚ ਘਾਤਕ ਵਾਧੇ ਦੇ ਵਿਚਕਾਰ ਉਕਸਾਏ ਜਾਣ ਦਾ ਜਵਾਬ ਨਹੀਂ ਦੇਵੇਗਾ।
ਪਰ ਨਾਲ ਹੀ ਰਾਸ਼ਟਰਪਤੀ ਜ਼ੇਲੇਨਸਕੀ ਨੇ ਵਿਸ਼ਵ ਦੇ ਆਗੂਆਂ ਨੂੰ ਇਹ ਵੀ ਕਿਹਾ ਹੈ ਕਿ ਯੂਕਰੇਨ ਰੂਸੀ ਹਮਲੇ ਦੇ ਵਿਰੁੱਧ ਆਪਣਾ ਬਚਾਅ ਕਰੇਗਾ।
ਯੂਕਰੇਨ ਦੀ ਫੌਜ ਅਤੇ ਰੂਸ ਸਮਰਥਿਤ ਬਾਗੀਆਂ ਵਿਚਾਲੇ ਝੜਪ ਦੇ ਤੀਜੇ ਦਿਨ ਦੋ ਯੂਕਰੇਨੀ ਫੌਜੀ ਮਾਰੇ ਗਏ।
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਰੂਸ ਯੂਕਰੇਨ 'ਤੇ ਹਮਲਾ ਕਰੇਗਾ, ਪਰ ਮਾਸਕੋ ਨੇ ਇਸ ਤੋਂ ਇਨਕਾਰ ਕੀਤਾ ਹੈ।
ਪੱਛਮੀ ਦੇਸ਼ਾਂ ਨੇ ਰੂਸ 'ਤੇ ਇਲ਼ਜ਼ਾਮ ਲਗਾਇਆ ਹੈ ਕਿ ਉਹ ਹਮਲਾ ਕਰਨ ਦੇ ਬਹਾਨੇ ਪੂਰਬੀ ਖੇਤਰਾਂ ਵਿੱਚ ਫਰਜ਼ੀ ਸੰਕਟ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪਰ ਮਿਊਨਿਖ ਵਿੱਚ ਇੱਕ ਸੁਰੱਖਿਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ, ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨੀਅਨ "ਘਬਰਾਉਣ ਵਾਲੇ ਨਹੀਂ, ਅਸੀਂ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ।"
ਉਨ੍ਹਾਂ ਨੇ ਪੱਛਮੀ ਆਗੂਆਂ 'ਤੇ ਮਾਸਕੋ ਪ੍ਰਤੀ "ਤੁਸ਼ਟੀਕਰਨ ਦੀ ਨੀਤੀ" ਦਾ ਇਲਜ਼ਾਮ ਲਗਾਇਆ ਅਤੇ ਯੂਕਰੇਨ ਨੂੰ ਨਵੀਂ ਸੁਰੱਖਿਆ ਗਾਰੰਟੀ ਦੇਣ ਦੀ ਮੰਗ ਕੀਤੀ। ਅਮਰੀਕੀ ਅਧਿਕਾਰੀਆਂ ਨੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਮਿਊਨਿਖ ਦੀ ਯਾਤਰਾ ਨਾ ਕਰਨ ਕਿਉਂਕਿ ਉਨ੍ਹਾਂ ਲਈ ਦੇਸ਼ ਛੱਡਣਾ ਅਸੁਰੱਖਿਅਤ ਹੈ।
ਰਾਸ਼ਟਰਪਤੀ ਜ਼ੇਲੇਨਸਕੀ ਦੀਆਂ ਇਹ ਟਿੱਪਣੀਆਂ ਉਦੋਂ ਆਈਆਂ, ਜਦੋਂ ਮਾਨੀਟਰਾਂ ਨੇ ਪੂਰਬੀ ਯੂਕਰੇਨ ਵਿੱਚ ਬਾਗੀ ਅਤੇ ਸਰਕਾਰੀ ਬਲਾਂ ਨੂੰ ਵੰਡਣ ਵਾਲੀ ਰੇਖਾ 'ਤੇ ਹੁੰਦੇ ਹਮਲਿਆਂ ਵਿੱਚ "ਨਾਟਕੀ ਵਾਧਾ" ਦੇਖਿਆ। ਮਾਨੀਟਰਾਂ ਮੁਤਾਬਕ, ਇਕੱਲੇ ਸ਼ਨੀਵਾਰ ਨੂੰ ਹੀ ਡੋਨੇਟਸਕ ਅਤੇ ਲੁਹਾਨਸਕ ਖੇਤਰਾਂ ਵਿੱਚ 1,400 ਤੋਂ ਵੱਧ ਧਮਾਕੇ ਹੋਏ।
ਯੂਕਰੇਨ ਦੇ ਗ੍ਰਹਿ ਮੰਤਰੀ, ਡੇਨਿਸ ਮੋਨਾਸਟਿਰਸਕੀ, ਜਦੋਂ ਫਰੰਟਲਾਈਨਜ਼ ਦਾ ਦੌਰਾ ਕਰ ਰਹੇ ਸਨ ਤਾਂ ਗੋਲੀਬਾਰੀ ਕਾਰਨ ਉਨ੍ਹਾਂ ਨੂੰ ਬੰਬ ਸ਼ੈਲਟਰ ਵਿੱਚ ਜਾਣਾ ਪਿਆ।
ਇੱਕ ਪਾਸੇ ਜਿੱਥੇ ਪੱਛਮੀ ਦੇਸ਼ਾਂ ਦੇ ਆਗੂਆਂ ਨੇ ਮਿਊਨਿਖ ਵਿੱਚ ਮੁਲਾਕਾਤ ਕੀਤੀ, ਦੂਜੇ ਪਾਸੇ ਰੂਸ ਆਪਣੀ ਫੌਜੀ ਸਮਰੱਥਾ ਦਾ ਇੱਕ ਹੋਰ ਪ੍ਰਦਰਸ਼ਨ ਕਰ ਰਿਹਾ ਸੀ। ਰੂਸ ਦਾ ਕਹਿਣਾ ਹੈ ਕਿ ਉਸਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਨਿਗਰਾਨੀ ਵਿੱਚ ਰਣਨੀਤਕ ਪ੍ਰਮਾਣੂ ਅਭਿਆਸਾਂ ਦੇ ਹਿੱਸੇ ਵਜੋਂ ਉੱਨਤ ਹਾਈਪਰਸੋਨਿਕ ਮਿਜ਼ਾਈਲਾਂ ਲਾਂਚ ਕੀਤੀਆਂ।
ਰੂਸ, ਯੂਕਰੇਨ ਨਾਲ ਲੱਗਦੀ ਸਰਹੱਦ ਦੇ ਨੇੜੇ ਬੇਲਾਰੂਸ ਵਿੱਚ ਫੌਜੀ ਅਭਿਆਸ ਕਰ ਰਿਹਾ ਹੈ।
'ਅਸੀਂ ਹਰ ਰੋਜ਼ ਅਤੇ ਸਾਲ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ'- ਜ਼ੇਲੇਨਸਕੀ
ਬੀਬੀਸੀ ਪੱਤਰਕਾਰ ਨਾਲ ਗੱਲ ਕਰਦਿਆਂ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ, "ਅਸੀਂ ਹਰ ਰੋਜ਼ ਅਤੇ ਸਾਲ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ ਅਤੇ (ਨਹੀਂ) ਕਹਿ ਸਕਦੇ ਕਿ ਸਿਰਫ ਰੂਸ ਹੈ ਜੋ ਸਾਨੂੰ ਉੱਥੇ ਨਹੀਂ ਦੇਖਣਾ ਚਾਹੁੰਦਾ, ਨੇਟੋ ਦੇ ਮੈਂਬਰ ਵੀ ਹਨ ਜੋ ਇਸ ਵਿੱਚ ਰੂਸ ਦਾ ਸਮਰਥਨ ਕਰ ਰਹੇ ਹਨ।''
ਜਰਮਨ ਚਾਂਸਲਰ ਨੇ ਕਿਹਾ ਹੈ ਕਿ ਕਿਵੇਂ ਯੂਕਰੇਨ ਦੀ ਨੇਟੋ ਦੀ ਮੈਂਬਰਸ਼ਿਪ ਇੱਕ ਮੁੱਦਾ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਇਸ ਵੇਲੇ "ਏਜੰਡੇ 'ਤੇ ਨਹੀਂ ਹੈ"।
ਪਰ ਮਾਸਕੋ ਲਿਖਤੀ ਗਾਰੰਟੀ ਦੀ ਮੰਗ ਕਰ ਰਿਹਾ ਹੈ ਕਿ ਉਸਦੇ ਗੁਆਂਢੀ ਨੂੰ ਹਮੇਸ਼ਾ ਲਈ ਗੱਠਜੋੜ ਤੋਂ ਬਾਹਰ ਰੱਖਿਆ ਜਾਵੇਗਾ। ਕੀਵ ਲਈ, ਇਸ ਨਾਲ ਸਹਿਮਤ ਹੋਣਾ ਅਸੰਭਵ ਹੈ।
ਰਾਸ਼ਟਰਪਤੀ ਜ਼ੇਲੇਨਸਕੀ ਜੋਸ਼ ਨਾਲ ਉਸ ਕੀਮਤ ਬਾਰੇ ਗੱਲ ਕਰਦੇ ਹਨ ਜੋ ਯੂਕਰੇਨ ਨੇ ਪਹਿਲਾਂ ਹੀ ਮਾਸਕੋ ਦੀ ਪਕੜ ਤੋਂ ਆਪਣੇ ਆਪ ਨੂੰ ਛੁਡਾਉਣ ਦੀ ਕੋਸ਼ਿਸ਼ ਲਈ ਅਦਾ ਕੀਤੀ ਹੈ- 14,000 ਤੋਂ ਵੱਧ ਜਾਨਾਂ ਗਈਆਂ ਹਨ ਅਤੇ ਕ੍ਰੀਮੀਆਈ ਪ੍ਰਾਇਦੀਪ ਅਤੇ ਡੋਨਬਾਸ ਵੀ ਚਲੇ ਗਏ ਹਨ। ਦੋ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਪੁਤਿਨ ਕੀ ਚਾਹੁੰਦੇ ਹਨ?
ਰੂਸ ਨੇ ਨੇਟੋ ਨਾਲ ਆਪਣੇ ਸਬੰਧਾਂ ਨੂੰ ਦੁਬਾਰਾ ਬਣਾਉਣ ਦੀ ਗੱਲ ਕੀਤੀ ਹੈ ਅਤੇ ਤਿੰਨ ਮੰਗਾਂ ਰੱਖੀਆਂ ਹਨ।
ਪਹਿਲੀ ਮੰਗ ਵਿੱਚ ਰੂਸ ਕਾਨੂੰਨੀ ਤੌਰ 'ਤੇ ਬੰਧਨ ਵਾਲਾ ਵਾਅਦਾ ਚਾਹੁੰਦਾ ਹੈ ਕਿ ਨੇਟੋ ਹੋਰ ਅੱਗੇ ਨਹੀਂ ਵਧੇਗਾ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨਸ ਕਿਹਾ, "ਸਾਡੇ ਲਈ ਇਹ ਯਕੀਨੀ ਬਣਾਉਣਾ ਪੂਰੀ ਤਰ੍ਹਾਂ ਲਾਜ਼ਮੀ ਹੈ ਕਿ ਯੂਕਰੇਨ ਕਦੇ ਵੀ ਨੇਟੋ ਦਾ ਮੈਂਬਰ ਨਾ ਬਣੇ।"
ਰੂਸ ਦੀਆਂ ਦੋ ਹੋਰ ਮੁੱਖ ਮੰਗਾਂ ਇਹ ਹਨ ਕਿ ਨੇਟੋ "ਰੂਸ ਦੀਆਂ ਸਰਹੱਦਾਂ ਦੇ ਨੇੜੇ ਸਟ੍ਰਾਈਕ ਹਥਿਆਰ" ਤੈਨਾਤ ਨਹੀਂ ਕਰਦਾ ਹੈ, ਅਤੇ ਇਹ ਕਿ ਨੇਟੋ 1997 ਤੋਂ ਗੱਠਜੋੜ ਵਿੱਚ ਸ਼ਾਮਲ ਹੋਏ ਮੈਂਬਰ ਦੇਸ਼ਾਂ ਤੋਂ ਬਲਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਹਟਾਵੇ।
ਇਸਦਾ ਮਤਲਬ ਇਹ ਇਲਾਕਾ ਹੈ ਮੱਧ ਯੂਰਪ, ਪੂਰਬੀ ਯੂਰਪ ਅਤੇ ਬਾਲਟਿਕਸ। ਅਸਲ ਵਿਚ ਰੂਸ ਚਾਹੁੰਦਾ ਹੈ ਕਿ ਨੇਟੋ ਆਪਣੀਆਂ 1997 ਤੋਂ ਪਹਿਲਾਂ ਵਾਲੀਆਂ ਸਰਹੱਦਾਂ 'ਤੇ ਵਾਪਸ ਆ ਜਾਵੇ।
ਇਹ ਵੀ ਪੜ੍ਹੋ:
ਇਹ ਵੀ ਦੇਖੋ: