ਯੂਕਰੇਨ - ਰੂਸ: ਅਮਰੀਕਾ ਨੇ ਦਿੱਤੀ ਚੇਤਾਵਨੀ, ‘ਰੂਸ ਯੂਕਰੇਨ ’ਤੇ ਕਦੇ ਵੀ ਹਮਲਾ ਕਰ ਸਕਦਾ ਹੈ’, ਇਹ ਹੈ ਤਣਾਅ ਦਾ ਕਾਰਨ

ਅਮਰੀਕਾ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਕੋਲ "ਕਿਸੇ ਵੀ ਸਮੇਂ" ਯੂਕਰੇਨ 'ਤੇ ਹਮਲਾ ਕਰਨ ਲਈ ਫੌਜਾਂ ਮੌਜੂਦ ਹਨ ਅਤੇ ਅਮਰੀਕੀ ਨਾਗਰਿਕਾਂ ਨੂੰ ਅਗਲੇ 48 ਘੰਟਿਆਂ ਦੇ ਅੰਦਰ ਯੂਕਰੇਨ ਨੂੰ ਛੱਡ ਦੇਣਾ ਚਾਹੀਦਾ ਹੈ।

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਮਲਾ ਹਵਾਈ ਬੰਬਾਰੀ ਨਾਲ ਸ਼ੁਰੂ ਹੋ ਸਕਦਾ ਹੈ ਜੋ ਰਵਾਨਗੀ ਨੂੰ ਮੁਸ਼ਕਲ ਬਣਾ ਦੇਵੇਗਾ ਅਤੇ ਨਾਗਰਿਕਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।

ਰੂਸ ਨੇ ਬਾਰਡਰ ਦੇ ਨੇੜੇ 100,000 ਤੋਂ ਵੱਧ ਫੌਜੀਆਂ ਨੂੰ ਇਕੱਠਾ ਕਰਨ ਦੇ ਬਾਵਜੂਦ ਯੂਕਰੇਨ 'ਤੇ ਹਮਲਾ ਕਰਨ ਦੀ ਕਿਸੇ ਵੀ ਯੋਜਨਾ ਤੋਂ ਵਾਰ-ਵਾਰ ਇਨਕਾਰ ਕੀਤਾ ਹੈ।

ਕਈ ਹੋਰ ਦੇਸ਼ਾਂ ਨੇ ਵੀ ਆਪਣੇ ਨਾਗਰਿਕਾਂ ਨੂੰ ਯੂਕਰੇਨ ਛੱਡਣ ਦੀ ਅਪੀਲ ਕੀਤੀ ਹੈ।

ਇਨ੍ਹਾਂ ਵਿੱਚ ਯੂਕੇ, ਕੈਨੇਡਾ, ਨੀਦਰਲੈਂਡ, ਲਾਤਵੀਆ, ਜਪਾਨ ਅਤੇ ਦੱਖਣੀ ਕੋਰੀਆ ਸ਼ਾਮਲ ਹਨ।

ਰੂਸ ਦੇ ਵਿਦੇਸ਼ ਮੰਤਰਾਲੇ ਨੇ ਪੱਛਮੀ ਦੇਸ਼ਾਂ 'ਤੇ ਗਲਤ ਸੂਚਨਾ ਫੈਲਾਉਣ ਦਾ ਇਲਜ਼ਾਮ ਲਗਾਇਆ ਹੈ।

ਇਹ ਵੀ ਪੜ੍ਹੋ:

ਯੂਐੱਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਕਿਹਾ ਕਿ ਰੂਸੀ ਬਲ ਹੁਣ "ਵੱਡੀ ਫੌਜੀ ਕਾਰਵਾਈ ਕਰਨ ਦੇ ਯੋਗ ਹੋਣ ਦੀ ਸਥਿਤੀ ਵਿੱਚ ਹਨ" ਅਤੇ ਇਸ ਬਾਬਤ ਅਮਰੀਕੀ ਅਧਿਕਾਰੀਆਂ ਵੱਲੋਂ ਦਿੱਤੀਆਂ ਚੇਤਾਵਨੀਆਂ ਵਜੋਂ ਦਿੱਤੀਆਂ ਗਈ ਸਪੱਸ਼ਟ ਟਿੱਪਣੀਆਂ ਵਿੱਚ ਇਹ ਚੀਜ਼ ਝਲਕਦੀ ਹੈ।

ਉਨ੍ਹਾਂ ਕਿਹਾ, "ਅਸੀਂ ਸਪੱਸ਼ਟ ਤੌਰ 'ਤੇ ਭਵਿੱਖਬਾਣੀ ਨਹੀਂ ਕਰ ਸਕਦੇ, ਸਾਨੂੰ ਬਿਲਕੁਲ ਨਹੀਂ ਪਤਾ ਕਿ ਕੀ ਹੋਣ ਵਾਲਾ ਹੈ, ਪਰ ਜੋਖਮ ਹੁਣ ਕਾਫ਼ੀ ਜ਼ਿਆਦਾ ਹੈ ਅਤੇ ਖ਼ਤਰਾ ਹੁਣ ਇੰਨਾ ਤਤਕਾਲ ਹੈ ਕਿ [ਛੱਡਣਾ] ਸਮਝਦਾਰੀ ਹੈ।"

ਸੁਲੀਵਾਨ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਨੂੰ ਨਹੀਂ ਪਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਾ ਕਰਨ ਦਾ ਆਖਰੀ ਫੈਸਲਾ ਲਿਆ ਸੀ ਜਾਂ ਨਹੀਂ, ਪਰ ਕਿਹਾ ਕਿ ਕ੍ਰੇਮਲਿਨ ਫੌਜੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਇੱਕ ਬਹਾਨਾ ਲੱਭ ਰਿਹਾ ਸੀ, ਜਿਸ ਬਾਰੇ ਉਨ੍ਹਾਂ ਕਿਹਾ ਕਿ ਤੀਬਰ ਹਵਾਈ ਬੰਬਾਰੀ ਨਾਲ ਸ਼ੁਰੂ ਹੋ ਸਕਦਾ ਹੈ।

ਉਨ੍ਹਾਂ ਦੀਆਂ ਟਿੱਪਣੀਆਂ ਉਦੋਂ ਆਈਆਂ ਜਦੋਂ ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਯੂਕਰੇਨ ਦੀਆਂ ਸਰਹੱਦਾਂ 'ਤੇ ਰੂਸੀ ਫੌਜੀਆਂ ਦੇ ਹੋਰ ਇਕੱਠੇ ਹੋਣ ਦੀ ਚੇਤਾਵਨੀ ਦਿੱਤੀ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਲੇ ਸਾਗਰ ਵਿੱਚ ਰੂਸੀ ਫੌਜ ਵੱਲੋਂ ਅਭਿਆਸ ਦੀ ਯੋਜਨਾ ਬਣਾਈ ਸੀ।

ਇਸ ਤੋਂ ਪਹਿਲਾਂ, ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਸੀ ਕਿ ਸਰਹੱਦ 'ਤੇ ਰੂਸੀ ਫੌਜੀਆਂ ਦੀ ਗਿਣਤ ਵਿੱਚ ਵਾਧਾ "ਬਹੁਤ ਪ੍ਰੇਸ਼ਾਨ ਕਰਨ ਵਾਲੇ ਸੰਕੇਤ" ਹਨ।

ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਕਿਹਾ ਹੈ ਕਿ ਉਹ ਰੂਸੀ ਕਾਰਵਾਈ ਦੀ ਸਥਿਤੀ ਵਿੱਚ ਫਸੇ ਕਿਸੇ ਵੀ ਨਾਗਰਿਕ ਨੂੰ ਬਚਾਉਣ ਲਈ ਫੌਜ ਨਹੀਂ ਭੇਜਣਗੇ।

ਸ਼ੁੱਕਰਵਾਰ ਨੂੰ ਰਾਸ਼ਟਰਪਤੀ ਨੇ ਟ੍ਰਾਂਸਐਟਲਾਂਟਿਕ ਨੇਤਾਵਾਂ ਨਾਲ ਇੱਕ ਵੀਡੀਓ ਕਾਲ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਉਹ ਰੂਸ 'ਤੇ ਗੰਭੀਰ ਆਰਥਿਕ ਨਤੀਜੇ ਭੁਗਤਣ ਲਈ ਤਾਲਮੇਲ ਵਾਲੀ ਕਾਰਵਾਈ 'ਤੇ ਸਹਿਮਤ ਹੋਏ ਜੇ ਉਹ ਯੂਕਰੇਨ 'ਤੇ ਹਮਲਾ ਕਰਦਾ ਹੈ।

ਬਾਈਡਨ ਅਤੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵੱਲੋਂ ਵਲਾਦਿਮੀਰ ਪੁਤਿਨ ਨਾਲ ਅੱਜ ਗੱਲ ਕਰਨ ਦੀ ਉਮੀਦ ਹੈ।

ਰੂਸ ਤੇ ਯੂਕਰੇਨ ਦਰਮਿਆਨ ਮਾਮਲਾ ਹੈ ਕੀ

ਰੂਸ ਤੇ ਯੂਕਰੇਨ ਵਿਚਾਲੇ ਤਣਾਅ ਦਾ ਇਸ ਵੇਲੇ ਸਭ ਤੋਂ ਅਹਿਮ ਮੁੱਦਾ ਹੈ ਯੂਕਰੇਨ-ਰੂਸ ਦੇ ਬਾਰਡਰ ’ਤੇ ਵੱਡੀ ਗਿਣਤੀ ਵਿੱਚ ਰੂਸੀ ਫੌਜੀਆਂ ਦਾ ਜਮਾਵੜਾ। ਸੈਟਲਾਈਟ ਤਸਵੀਰਾਂ ਤੇ ਖੂਫੀਆ ਰਿਪੋਰਟਾਂ ਅਨੁਸਾਰ ਕਰੀਬ ਇੱਕ ਲੱਖ ਰੂਸੀ ਫੌਜੀ ਇਸ ਵੇਲੇ ਯੂਕਰੇਨ-ਰੂਸ ਬਾਰਡਰ ਉੱਤੇ ਤਾਇਨਾਤ ਹਨ।

ਰੂਸੀ ਰੱਖਿਆ ਮੰਤਰਾਲੇ ਨੇ ਵੀ ਇਸ ਦੀ ਫੁਟੇਜ ਜਾਰੀ ਕੀਤੀ ਹੈ। ਯੂਕਰੇਨ ਨੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਹੈ। ਰੂਸ ਦਾ ਕਹਿਣਾ ਹੈ ਕਿ ਯੂਕਰੇਨ ਨੂੰ ਇਸ ਤਾਇਨਾਤੀ ਨਾਲ ਕੋਈ ਖ਼ਤਰਾ ਨਹੀਂ ਹੈ, ਉਹ ਆਪਣੀ ਸਰਹੱਦ ਅੰਦਰ ਤਾਇਨਾਤੀ ਕਰ ਸਕਦਾ ਹੈ।

ਇਸ ਤੋਂ ਪਹਿਲਾਂ ਰੂਸ ਨੇ ਕ੍ਰੀਮੀਆਈ ਪ੍ਰਾਇਦੀਪ ਦੇ ਕੋਲ ਯੂਕਰੇਨ ਦੇ ਤਿੰਨ ਸਮੁੰਦਰੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ।

ਯੂਕਰੇਨ ਦੀ ਸੰਸਦ ਨੂੰ ਇਹ ਤੈਅ ਕਰਨਾ ਹੈ ਕਿ ਰੂਸ ਵੱਲੋਂ ਸਮੁੰਦਰੀ ਜਹਾਜ਼ਾਂ 'ਤੇ ਹਮਲਾ ਕਰ ਉਨ੍ਹਾਂ 'ਤੇ ਕਬਜ਼ਾ ਕਰਨ ਦੀ ਘਟਨਾ ਤੋਂ ਬਾਅਦ ਮਾਰਸ਼ਲ ਲਾਅ ਨੂੰ ਵਿਰੋਧ ਦੇ ਰੂਪ ਵਿੱਚ ਲਿਆਵੇਗੀ ਜਾਂ ਨਹੀਂ।

ਅਤੀਤ ਵਿੱਚ ਰਾਜਧਾਨੀ ਕੀਵ ਵਿੱਚ ਰੂਸ ਸਫਾਰਤਖ਼ਾਨੇ ਦੇ ਬਾਹਰ ਕਈ ਪ੍ਰਦਰਸ਼ਨਕਾਰੀਆਂ ਨੇ ਰੋਸ ਮੁਜ਼ਾਹਰੇ ਕੀਤੇ। ਪ੍ਰਦਰਸ਼ਨਕਾਰੀਆਂ ਨੇ ਰੂਸ ਦੇ ਦੂਤਾਵਾਸ ਵਿੱਚ ਅੱਗ ਲਗਾ ਦਿੱਤੀ।

ਇਸ ਘਟਨਾ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਹੋਰ ਵੱਧ ਗਿਆ ਹੈ। ਦੋਵੇਂ ਦੇਸ ਇਸ ਹਾਲਾਤ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

ਦਰਅਸਲ ਇਹ ਵਿਵਾਦ ਉਦੋਂ ਉਠਿਆ ਜਦੋਂ ਰੂਸ ਨੇ ਇਲਜ਼ਾਮ ਲਗਾਇਆ ਕਿ ਯੂਕਰੇਨ ਦੇ ਜਹਾਜ਼ ਆਜ਼ੋਵ ਸਮੁੰਦਰ 'ਚ ਗ਼ੈਰ ਕਾਨੂੰਨੀ ਢੰਗ ਨਾਲ ਉਸ ਦੀ ਜਲ ਸੀਮਾ ਵਿੱਚ ਦਾਖ਼ਲ ਹੋ ਗਏ ਹਨ।

ਅਜ਼ੋਵ ਸਮੁੰਦਰ 'ਚ ਕਿਉਂ ਬਣਿਆ ਸੰਕਟ?

ਅਜ਼ੋਵ ਸਮੁੰਦਰ ਕ੍ਰੀਮੀਆਈ ਪ੍ਰਾਇਦੀਪ ਦੇ ਪੂਰਬ 'ਚ ਹੈ ਅਤੇ ਰੂਸੀ ਅੱਤਵਾਦੀਆਂ ਵੱਲੋਂ ਕਬਜ਼ਾ ਕੀਤੇ ਗਏ ਯੂਕਰੇਨ ਦੇ ਇਲਾਕਿਆਂ ਦੇ ਦੱਖਣ 'ਚ।

ਉੱਤਰੀ ਕਿਨਾਰੇ 'ਤੇ ਯੂਕਰੇਨ ਦੇ ਦੋ ਬੰਦਰਗਾਹ ਹਨ, ਇੱਥੋਂ ਕਣਕ ਬਰਾਮਦ ਹੁੰਦਾ ਹੈ ਤੇ ਸਟੀਲ, ਕੋਇਲਾ ਦਰਾਮਦ ਕੀਤਾ ਜਾਂਦਾ ਹੈ।

ਰਾਸ਼ਟਰਪਤੀ ਪੋਰੋਸ਼ੇਨਕੋ ਨੇ ਇਨ੍ਹਾਂ ਬੰਦਰਗਾਹਾਂ ਨੂੰ ਯੁਕਰੇਨ ਦੇ ਅਰਥਸ਼ਾਸਤਰ ਲਈ ਅਹਿਮ ਦੱਸਿਆ।

ਸੁਰੱਖਿਆ ਅਤੇ ਰੱਖਿਆ ਮਾਹਰ ਜੋਨਾਥਨ ਮਾਰਕਸ ਲਿਖਦੇ ਹਨ ਕਿ ਹਰ ਕੋਈ ਯੂਕਰੇਨ ਵਿੱਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਰਾਦਿਆਂ ਦਾ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਸਫ਼ਾਰਤਖ਼ਾਨੇ ਦੇ ਕਰਮਚਾਰੀਆਂ ਨੂੰ ਸੰਘਰਸ਼ ਵਧਣ ਦੇ ਡਰ ਤੋਂ ਬਾਹਰ ਕੱਢ ਰਿਹਾ ਹੈ। ਪਰ ਹੋ ਸਕਦਾ ਹੈ ਕਿ ਇਹ ਸਭ ਪਹਿਲਾਂ ਹੀ ਸ਼ੁਰੂ ਹੋ ਗਿਆ ਹੋਵੇ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)