17 ਔਰਤਾਂ ਨਾਲ ਵਿਆਹ ਕਰਾ ਕੇ ਕਰੋੜਾਂ ਰੁਪਏ ਠੱਗਣ ਵਾਲੇ ਰਮੇਸ਼ ਨੂੰ ਪੁਲਿਸ ਨੇ ਇੰਝ ਕੀਤਾ ਗ੍ਰਿਫ਼ਤਾਰ

- ਲੇਖਕ, ਸੰਦੀਪ ਸਾਹੂ
- ਰੋਲ, ਭੁਵਨੇਸ਼ਵਰ ਤੋਂ ਬੀਬੀਸੀ ਲਈ
ਆਪਣੇ ਆਪ ਨੂੰ ਕਦੇ ਡਾਕਟਰ ਤੇ ਕਦੇ ਕੇਂਦਰੀ ਸਿਹਤ ਮੰਤਰਾਲੇ ਦਾ ਸੀਨੀਅਰ ਅਧਿਕਾਰੀ ਦੱਸ ਕੇ 17 ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਵਿਆਹ ਕਰਨ ਵਾਲੇ ਅਤੇ ਪੈਸੇ ਠੱਗਣ ਵਾਲੇ ਇੱਕ ਵਿਅਕਤੀ ਨੂੰ ਭੁਵਨੇਸ਼ਵਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
60 ਸਾਲਾ ਰਮੇਸ਼ ਚੰਦਰ ਸਵਾਈ ਨੂੰ ਐਤਵਾਰ ਦੇਰ ਰਾਤ ਭੁਵਨੇਸ਼ਵਰ ਦੇ ਖੰਡ ਗਿਰੀ ਇਲਾਕੇ ਵਿੱਚ ਗਿ੍ਫ਼ਤਾਰ ਕੀਤਾ ਗਿਆ। ਸੋਮਵਾਰ ਨੂੰ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਨੇ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ।
ਆਪਣੀਆਂ ਗੱਲਾਂ ਨਾਲ ਔਰਤਾਂ ਨੂੰ ਫਸਾਉਣ ਵਾਲੇ ਰਮੇਸ਼ ਉੱਪਰ ਅੱਠ ਸੂਬਿਆਂ ਦੀਆਂ 17 ਔਰਤਾਂ ਨਾਲ ਧੋਖੇ ਨਾਲ ਵਿਆਹ ਕਰਾਉਣ ਅਤੇ ਪੈਸੇ ਠੱਗਣ ਦੇ ਆਰੋਪ ਹਨ।
ਇਨ੍ਹਾਂ ਵਿੱਚੋਂ ਚਾਰ ਔਰਤਾਂ ਉੜੀਸਾ ਦੀਆਂ ਤਿੰਨ-ਤਿੰਨ ਔਰਤਾਂ ਅਸਾਮ ਅਤੇ ਦਿੱਲੀ ਦੀਆਂ, ਦੋ ਦੋ ਔਰਤਾਂ ਮੱਧ ਪ੍ਰਦੇਸ਼ ਅਤੇ ਪੰਜਾਬ ਦੀਆਂ ਅਤੇ ਇੱਕ ਇੱਕ ਔਰਤ ਉੱਤਰ ਪ੍ਰਦੇਸ਼, ਝਾਰਖੰਡ ਅਤੇ ਛਤੀਸਗੜ੍ਹ ਦੀ ਹੈ।
ਇਹ ਵੀ ਪੜ੍ਹੋ:
ਭੁਵਨੇਸ਼ਵਰ ਦੇ ਡੀਸੀਪੀ ਉਮਾ ਸ਼ੰਕਰ ਦਾਸ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਔਰਤਾਂ ਤੋਂ ਇਲਾਵਾ ਹੋਰ ਔਰਤਾਂ ਵੀ ਠੱਗੀਆਂ ਗਈਆਂ ਹਨ।
ਉਨ੍ਹਾਂ ਨੇ ਆਖਿਆ, "17 ਵਿੱਚੋਂ ਤਿੰਨ ਔਰਤਾਂ ਦੇ ਬਾਰੇ ਜਾਣਕਾਰੀ ਸਾਨੂੰ ਰਮੇਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਿਲੀ ਹੈ। ਇਹ ਉੜੀਸਾ, ਛੱਤੀਸਗੜ੍ਹ ਅਤੇ ਅਸਾਮ ਦੀਆਂ ਵਸਨੀਕ ਹਨ ਅਤੇ ਤਿੰਨੇ ਪੜ੍ਹੀਆਂ ਲਿਖੀਆਂ ਹਨ। ਅਸੀਂ ਰਮੇਸ਼ ਨੂੰ ਰਿਮਾਂਡ ਵਿੱਚ ਲੈ ਕੇ ਪੁੱਛਗਿੱਛ ਕਰਾਂਗੇ ਅਤੇ ਇਹ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਔਰਤਾਂ ਤਾਂ ਇਸ ਜਾਲ ਵਿੱਚ ਨਹੀਂ ਫਸੀਆਂ।"
ਦਾਸ ਅੱਗੇ ਦੱਸਦੇ ਹਨ ਕਿ ਰਿਮਾਂਡ ਦੌਰਾਨ ਰਮੇਸ਼ ਦੇ ਗੁਨਾਹਾਂ ਦੀ ਜਾਣਕਾਰੀ ਲਈ ਭੁਵਨੇਸ਼ਵਰ ਮਹਿਲਾ ਥਾਣੇ ਦੇ ਪ੍ਰਭਾਰੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਰਮੇਸ਼ ਦੇ ਫੋਨ ਨੂੰ ਫੋਰੈਂਸਿਕ ਜਾਂਚ ਵਾਸਤੇ ਭੇਜਿਆ ਜਾਵੇਗਾ ਅਤੇ ਉਸ ਦੇ ਬੈਂਕ ਖਾਤਿਆਂ ਦੇ ਲੈਣ ਦੇਣ ਦੀ ਵੀ ਜਾਂਚ ਹੋਵੇਗੀ।
ਕਿਵੇਂ ਪਤਾ ਲੱਗਿਆ ਧੋਖੇਬਾਜ਼ੀ ਦਾ
ਰਮੇਸ਼ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਦਾਸ ਨੇ ਦੱਸਿਆ ,"ਸਾਨੂੰ ਕਈ ਦਿਨਾਂ ਤੋਂ ਇਸ ਆਦਮੀ ਦੀ ਭਾਲ ਸੀ। ਇਹ ਕਈ ਮਹੀਨਿਆਂ ਤੋਂ ਭੁਵਨੇਸ਼ਵਰ ਤੋਂ ਬਾਹਰ ਰਹਿ ਰਿਹਾ ਸੀ ਅਤੇ ਆਪਣਾ ਮੋਬਾਇਲ ਨੰਬਰ ਵੀ ਬਦਲ ਦਿੱਤਾ ਸੀ। ਇਸ ਨੂੰ ਫੜਨਾ ਸੰਭਵ ਨਹੀਂ ਸੀ। ਐਤਵਾਰ ਨੂੰ ਇਕ ਸੂਹੀਏ ਰਾਹੀਂ ਸਾਨੂੰ ਪਤਾ ਲੱਗਿਆ ਕਿ ਇਹ ਭੁਵਨੇਸ਼ਵਰ ਆਇਆ ਹੈ ਅਤੇ ਫਿਰ ਅਸੀਂ ਉਸ ਨੂੰ ਉਸ ਦੇ ਖੰਡਗਿਰੀ ਵਾਲੇ ਘਰ ਤੋਂ ਫੜ ਲਿਆ।"
ਭੁਵਨੇਸ਼ਵਰ ਪੁਲਿਸ ਨੂੰ ਇਸ ਮਾਮਲੇ ਵਿੱਚ ਰਮੇਸ਼ ਦੀ ਤਲਾਸ਼ ਸੀ ਉਹ ਮਾਮਲਾ ਇੱਕ ਔਰਤ ਨੇ ਦਰਜ ਕਰਵਾਇਆ ਸੀ। ਇਹ ਔਰਤ ਦਿੱਲੀ ਦੇ ਸਕੂਲ ਵਿੱਚ ਅਧਿਆਪਕ ਸੀ ਅਤੇ ਰਮੇਸ਼ ਦੀ ਆਖਰੀ ਸ਼ਿਕਾਰ ਸੀ।
ਖ਼ੁਦ ਨੂੰ ਕੇਂਦਰੀ ਸਿਹਤ ਮੰਤਰਾਲੇ ਦਾ ਉਪ ਮਹਾ ਨਿਰਦੇਸ਼ਕ ਦੱਸਦੇ ਹੋਏ ਰਮੇਸ਼ ਨੇ ਇਸ ਔਰਤ ਨਾਲ ਰਿਸ਼ਤਾ ਜੋੜਿਆ। 2020 ਵਿੱਚ ਉਸ ਨਾਲ ਵਿਆਹ ਵੀ ਕਰਵਾ ਲਿਆ। ਕੁਝ ਦਿਨ ਦਿੱਲੀ ਰਹਿਣ ਤੋਂ ਬਾਅਦ ਰਮੇਸ਼ ਇਸ ਔਰਤ ਨੂੰ ਭੁਵਨੇਸ਼ਵਰ ਲੈ ਆਏ ਅਤੇ ਖੰਡਗਿਰੀ ਦੇ ਇੱਕ ਮਕਾਨ ਵਿੱਚ ਰਹਿਣ ਲੱਗੇ।
ਭੁਵਨੇਸ਼ਵਰ ਵਿੱਚ ਰਹਿਣ ਸਮੇਂ ਦਿੱਲੀ ਦੀ ਇਸ ਔਰਤ ਨੂੰ ਪਤਾ ਲੱਗਿਆ ਕਿ ਰਮੇਸ਼ ਸ਼ਾਦੀਸ਼ੁਦਾ ਹੈ। ਇਸ ਬਾਰੇ ਪੂਰੀ ਤਸੱਲੀ ਕਰਨ ਤੋਂ ਬਾਅਦ ਜੁਲਾਈ 2021 ਵਿੱਚ ਪੁਲੀਸ ਸ਼ਿਕਾਇਤ ਦਰਜ ਕਰਵਾ ਕੇ ਇਹ ਔਰਤ ਦਿੱਲੀ ਵਾਪਸ ਚਲੀ ਗਈ।

ਤਸਵੀਰ ਸਰੋਤ, BISWA RANJAN/BBC
ਭੁਵਨੇਸ਼ਵਰ ਪੁਲਿਸ ਨੇ ਆਈਪੀਸੀ ਦੀ ਧਾਰਾ 498(A), 419, 468, 471, 494 ਅਧੀਨ ਰਮੇਸ਼ ਦੇ ਖਿਲਾਫ ਮਾਮਲਾ ਦਰਜ ਕੀਤਾ ਤੇ ਤਲਾਸ਼ ਸ਼ੁਰੂ ਕੀਤੀ। ਰਮੇਸ਼ ਨੂੰ ਇਸਦੀ ਸ਼ਾਇਦ ਭਿਣਕ ਪੈ ਗਈ ਸੀ ਅਤੇ ਉਸ ਨੇ ਆਪਣਾ ਮੋਬਾਇਲ ਨੰਬਰ ਬਦਲ ਕੇ ਭੁਵਨੇਸ਼ਵਰ ਛੱਡ ਦਿੱਤਾ।
ਪੁਲਿਸ ਮੁਤਾਬਕ ਇਸ ਦੌਰਾਨ ਉਹ ਗੁਹਾਟੀ ਵਿੱਚ ਆਪਣੀ ਇੱਕ ਹੋਰ ਪਤਨੀ ਨਾਲ ਰਹੇ।
ਸੱਤ ਮਹੀਨਿਆਂ ਬਾਅਦ ਭੁਵਨੇਸ਼ਵਰ ਇਹ ਸੋਚ ਕੇ ਉਹ ਵਾਪਸ ਆਏ ਕਿ ਹੁਣ ਮਾਮਲਾ ਠੰਡਾ ਹੋ ਗਿਆ ਹੈ। ਦਿੱਲੀ ਵਾਲੀ ਔਰਤ ਨੇ ਮੁਖ਼ਬਰ ਰਾਹੀਂ ਰਮੇਸ਼ ਦੇ ਭੁਵਨੇਸ਼ਵਰ ਪੁੱਜਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਫੇਰ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਕੌਣ ਸੀ ਰਮੇਸ਼ ਦਾ ਪਹਿਲਾ ਸ਼ਿਕਾਰ
ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਦੇ ਨਿਵਾਸੀ ਰਮੇਸ਼ ਦਾ ਪਹਿਲਾ ਵਿਆਹ 1982 ਵਿੱਚ ਹੋਇਆ ਸੀ। ਪਹਿਲੀ ਪਤਨੀ ਨਾਲ ਉਨ੍ਹਾਂ ਦੇ ਤਿੰਨ ਬੇਟੇ ਹਨ। ਇਹ ਤਿੰਨੇ ਡਾਕਟਰ ਹਨ ਅਤੇ ਵਿਦੇਸ਼ ਵਿੱਚ ਵੱਸਦੇ ਹਨ।
ਆਪਣੇ ਪਹਿਲੇ ਵਿਆਹ ਤੋਂ ਵੀਹ ਸਾਲ ਬਾਅਦ 2002 ਵਿੱਚ ਰਮੇਸ਼ ਨੇ ਪਹਿਲੀ ਔਰਤ ਨੂੰ ਫਸਾਇਆ। ਪੁਲਿਸ ਮੁਤਾਬਕ ਇਹ ਔਰਤ ਝਾਰਖੰਡ ਦੀ ਸੀ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਡਾਕਟਰ ਸੀ।

ਕੁਝ ਦਿਨ ਬਾਅਦ ਇਸ ਔਰਤ ਦੀ ਬਦਲੀ ਇਲਾਹਾਬਾਦ ਹੋ ਗਈ। ਫਿਰ ਰਮੇਸ਼ ਉਸ ਨਾਲ ਜਾ ਕੇ ਰਹਿਣ ਲੱਗੇ ਅਤੇ ਝਾਂਸਾ ਦੇ ਕੇ ਵਿੱਚ-ਵਿੱਚ ਉਸ ਤੋਂ ਪੈਸੇ ਅਤੇ ਗਹਿਣੇ ਵੀ ਲੈਣ ਲੱਗੇ।
ਪੁਲਿਸ ਨੂੰ ਮਿਲੀ ਜਾਣਕਾਰੀ ਮੁਤਾਬਕ ਰਮੇਸ਼ ਨੇ ਦਿੱਲੀ ਵਾਲੀ ਅਧਿਆਪਕ ਪਤਨੀ ਤੋਂ ਤੇਰਾਂ ਲੱਖ ਰੁਪਏ ਅਤੇ ਸੈਂਟਰਲ ਆਰਮਡ ਪੁਲੀਸ ਦੀ ਇੱਕ ਮਹਿਲਾ ਅਧਿਕਾਰੀ ਤੋਂ ਦੱਸ ਲੱਖ ਰੁਪਏ ਠੱਗੇ ਹਨ। ਉਸ ਦੇ ਬਾਕੀ ਧੋਖਾਧੜੀ ਦੇ ਕਾਰਨਾਮਿਆਂ ਦੀ ਜਾਣਕਾਰੀ ਪੁਲਿਸ ਇਕੱਠਾ ਕਰ ਰਹੀ ਹੈ।
ਕਿਵੇਂ ਫਸਾਇਆ ਜਾਂਦਾ ਸੀ ਔਰਤਾਂ ਨੂੰ
ਰਮੇਸ਼ ਬਹੁਤ ਸਾਵਧਾਨੀ ਨਾਲ ਸ਼ਿਕਾਰ ਚੁਣਦੇ ਸਨ। ਇਸ ਲਈ ਜ਼ਿਆਦਾਤਰ ਮੈਟਰੀਮੋਨੀਅਲ ਸਾਈਟ ਦਾ ਸਹਾਰਾ ਲਿਆ ਗਿਆ ਹੈ। ਉਨ੍ਹਾਂ ਔਰਤਾਂ ਨੂੰ ਚੁਣਿਆ ਜਾਂਦਾ ਸੀ ਜਿਨ੍ਹਾਂ ਦਾ ਉਮਰ ਵਧਣ ਤੋਂ ਬਾਅਦ ਵਿਆਹ ਨਾ ਹੋਇਆ ਹੋਵੇ ਜਾਂ ਫਿਰ ਤਲਾਕ ਹੋ ਚੁੱਕਿਆ ਹੋਵੇ।
ਇਹ ਵੀ ਧਿਆਨ ਰੱਖਿਆ ਜਾਂਦਾ ਸੀ ਕਿ ਔਰਤ ਜਾਂ ਤਾਂ ਅਮੀਰ ਘਰ ਦੀ ਹੋਵੇ ਜਾਂ ਫਿਰ ਨੌਕਰੀ ਪੇਸ਼ਾ।
ਸ਼ਿਕਾਰ ਤੈਅ ਕਰਨ ਤੋਂ ਬਾਅਦ ਰਮੇਸ਼ ਮੈਟਰੀਮੋਨੀਅਲ ਸਾਈਟ ਰਾਹੀਂ ਔਰਤ ਨਾਲ ਸੰਪਰਕ ਸਥਾਪਿਤ ਕਰਦੇ ਸਨ। ਆਪਣੀਆਂ ਗੱਲਾਂ ਨਾਲ ਔਰਤਾਂ ਦਾ ਵਿਸ਼ਵਾਸ ਜਿੱਤਦੇ ਸਨ।

ਤਸਵੀਰ ਸਰੋਤ, BISWA RANJAN/BBC
ਉਹ ਕਦੇ ਆਪਣੇ ਆਪ ਨੂੰ ਡਾਕਟਰ ਤਾਂ ਕਦੇ ਕੇਂਦਰੀ ਸਿਹਤ ਮੰਤਰਾਲੇ ਦਾ ਸੀਨੀਅਰ ਅਧਿਕਾਰੀ ਦੱਸਦੇ ਸਨ। ਲੋਕਾਂ ਦੇ ਮਨ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਕਈ ਜਾਅਲੀ ਪਛਾਣ ਪੱਤਰ ਵੀ ਬਣਾਏ ਹੋਏ ਸਨ।
ਇਸ ਤੋਂ ਇਲਾਵਾ ਉਹ ਸਿਹਤ ਮੰਤਰਾਲੇ ਦੀ ਨਕਲੀ ਚਿੱਠੀ ਦੀ ਵਰਤੋਂ ਵੀ ਕਰਦੇ ਸਨ। ਰਮੇਸ਼ ਨੇ ਬਿੰਦੂ ਭੂਸ਼ਨ ਸਵਾਈ ਅਤੇ ਰਮਨੀ ਰੰਜਨ ਸਵਾਈ ਦੇ ਨਾਮ ਤੇ ਫਰਜ਼ੀ ਪਛਾਣ ਪੱਤਰ ਵੀ ਬਣਾਏ ਸਨ। ਇਹ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੇ ਖੰਡਗਿਰੀ ਵਾਲੇ ਘਰ ਤੋਂ ਬਰਾਮਦ ਹੋਏ ਹਨ।
ਰਮੇਸ਼ ਡਾਕਟਰ ਨਹੀਂ ਹੈ ਪਰ ਉਸ ਨੇ ਕੋਚੀ ਤੋਂ ਪੈਰਾ ਮੈਡੀਕਲ, ਲੈਬਾਰਟਰੀ ਟੈਕਨਾਲੋਜੀ ਅਤੇ ਫਾਰਮੇਸੀ ਦਾ ਡਿਪਲੋਮਾ ਕੋਰਸ ਕੀਤਾ ਸੀ ਜਿਸ ਦੇ ਸਦਕਾ ਉਸ ਨੂੰ ਮੈਡੀਕਲ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਸੀ। ਇਹੀ ਜਾਣਕਾਰੀ ਔਰਤਾਂ ਨੂੰ ਧੋਖਾ ਦੇਣ ਵਿਚ ਕੰਮ ਆਈ।
ਧੋਖਾਧੜੀ ਦੇ ਹੋਰ ਮਾਮਲੇ
ਔਰਤਾਂ ਨਾਲ ਨਕਲੀ ਵਿਆਹ ਕਰਨ ਤੋਂ ਇਲਾਵਾ ਵੀ ਰਮੇਸ਼ ਨੇ ਕਈ ਲੋਕਾਂ ਨੂੰ ਠੱਗਿਆ ਹੈ। ਮੈਡੀਕਲ ਕਾਲਜ ਵਿੱਚ ਦਾਖ਼ਲਾ ਦਿਵਾਉਣ ਦਾ ਵਾਅਦਾ ਕਰ ਕੇ ਦੇਸ਼ ਦੇ ਕਈ ਨੌਜਵਾਨਾਂ ਨੂੰ ਫਸਾ ਕੇ ਲੱਖਾਂ ਰੁਪਏ ਲੁੱਟੇ ਹਨ।
ਇਸ ਮਾਮਲੇ ਵਿੱਚ ਹੈਦਰਾਬਾਦ ਪੁਲਿਸ ਦੇ ਸਪੈਸ਼ਲ ਟਾਸਕ ਫੋਰਸ ਨੇ ਵੀ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਮਾਨਤ 'ਤੇ ਛੁੱਟਣ ਤੋਂ ਬਾਅਦ ਰਮੇਸ਼ ਨੇ ਫੇਰ ਧੋਖਾਧੜੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ।
ਡੀਸੀਪੀ ਦਾਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵੀ ਹੈਦਰਾਬਾਦ ਪੁਲਿਸ ਨਾਲ ਸੰਪਰਕ ਸਾਧ ਕੇ ਭੁਵਨੇਸ਼ਵਰ ਪੁਲਿਸ ਜਾਣਕਾਰੀ ਹਾਸਿਲ ਕਰ ਰਹੀ ਹੈ।

ਤਸਵੀਰ ਸਰੋਤ, BISWA RANJAN/BBC
ਇਸ ਤੋਂ ਇਲਾਵਾ ਰਮੇਸ਼ ਨੇ 2009 ਵਿੱਚ ਮੈਡੀਕਲ ਵਿਦਿਆਰਥਣਾਂ ਨੂੰ ਸਿੱਖਿਆ ਰਿਣ ਦਿਵਾਉਣ ਲਈ ਫਰਜ਼ੀ ਦਸਤਾਵੇਜ਼ ਦੇ ਕੇ ਕਰੋੜਾਂ ਰੁਪਏ ਠੱਗੇ ਸਨ। ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਰਮੇਸ਼ ਦੀ ਜ਼ਮਾਨਤ ਹੋ ਗਈ ਸੀ।
ਰਮੇਸ਼ ਨੇ ਇੱਕ ਗੁਰਦੁਆਰੇ ਨੂੰ ਮੈਡੀਕਲ ਕਾਲਜ ਖੋਲ੍ਹਣ ਦੀ ਅਨੁਮਤੀ ਦਵਾਉਣ ਦਾ ਝਾਂਸਾ ਦੇ ਕੇ ਵੀ ਲੱਖਾਂ ਰੁਪਏ ਠੱਗੇ ਸਨ।
ਦੇਸ਼ ਦੇ ਕਈ ਸੂਬਿਆਂ ਵਿੱਚ ਇੰਨੇ ਸਾਰੇ ਲੋਕਾਂ ਨੂੰ ਠੱਗਣ ਅਤੇ ਦੋ ਵਾਰ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਰਮੇਸ਼ ਹੁਣ ਤਕ ਕਾਨੂੰਨ ਦੀ ਗ੍ਰਿਫ਼ਤ ਵਿੱਚ ਕਿਉਂ ਨਹੀਂ ਅਤੇ ਕਿਸ ਤਰ੍ਹਾਂ ਉਹ ਆਪਣੇ ਖ਼ੁਰਾਫ਼ਾਤੀ ਦਿਮਾਗ ਦਾ ਇਸਤੇਮਾਲ ਕਰਕੇ ਔਰਤਾਂ ਨੂੰ ਠਗਦੇ ਰਹੇ ਇਹ ਹੈਰਾਨੀ ਦੀ ਗੱਲ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














