ਭਗਵੰਤ ਮਾਨ: ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਰੋਚਕ ਗੱਲਾਂ ਜੋ ਤੁਸੀ ਸ਼ਾਇਦ ਪਹਿਲਾਂ ਨਾ ਸੁਣੀਆਂ ਹੋਣ
- ਲੇਖਕ, ਖੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਹੋਏ ਤਲਾਕ ਤੋਂ 7 ਸਾਲ ਬਾਅਦ ਦੂਜਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ 7 ਜੁਲਾਈ 2022 ਨੂੰ ਇੱਕ ਸਾਦੇ ਸਮਾਗਮ ਦੌਰਾਨ ਕਰਵਾਇਆ ਸੀ।
ਭਗਵੰਤ ਮਾਨ ਮਾਰਚ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ।
ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰ ਸੰਸਦ ਮੈਂਬਰ ਰਹੇ ਹਨ।
2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ ਹਨ।
ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।

ਤਸਵੀਰ ਸਰੋਤ, Bhagwant Mann Twitter
2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਸਮੇਂ ਤੋਂ ਹੀ ਭਗਵੰਤ ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਰਹੇ ਹਨ।
ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਉਹ ਪਾਰਟੀ ਦੇ ਇੱਕਲੌਤੇ ਅਜਿਹੇ ਆਗੂ ਹਨ, ਜਿੰਨ੍ਹਾਂ ਦੀ ਪੂਰੇ ਪੰਜਾਬ ਵਿੱਚ ਅਪੀਲ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।
ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ।
ਭਗਵੰਤ ਮਾਨ ਦੇ ਕੁਝ ਰੋਚਕ ਕਿੱਸੇ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੀਡੀਆ ਸਲਾਹਕਾਰ ਅਤੇ ਸਾਬਕਾ ਪੱਤਰਕਾਰ ਮਨਜੀਤ ਸਿੰਘ ਸਿੱਧੂ ਭਗਵੰਤ ਮਾਨ ਦੇ ਜਮਾਤੀਏ ਹਨ।

ਤਸਵੀਰ ਸਰੋਤ, Getty Images
ਉਨ੍ਹਾਂ ਮੁਤਾਬਕ ਭਗਵੰਤ ਮਾਨ ਦੀ ਸਖ਼ਸ਼ੀਅਤ ਦੀ ਸਭ ਤੋਂ ਵੱਡੀ ਪੌਜ਼ੀਟਿਵ ਗੱਲ ਹੈ ਆਪਣਾ ਪੱਖ ਰੱਖਣ ਵੇਲੇ ਦੀ ਉਨ੍ਹਾਂ ਦੀ ਐਨਰਜੀ ਹੈ।
ਇਹ ਜਿੰਨੇ ਜੋਸ਼ ਨਾਲ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਨ, ਓਨੇ ਹੀ ਜੋਸ਼ ਅਤੇ ਗੰਭੀਰਤਾ ਨਾਲ 2-4 ਬੰਦਿਆਂ ਨਾਲ ਵੀ ਗੱਲਬਾਤ ਕਰਦੇ ਹਨ।
ਸਿੱਧੂ ਮੁਤਾਬਕ ਬਹੁਤੇ ਲੋਕ ਭਗਵੰਤ ਨੂੰ ਸਿਰਫ਼ ਕਾਮੇਡੀਅਨ ਤੇ ਸਿਆਸੀ ਆਗੂ ਵਜੋਂ ਜਾਣਦੇ ਹਨ, ਪਰ ਬਹੁਤੇ ਲੋਕਾਂ ਨੂੰ ਇਹ ਗੱਲ ਨਹੀਂ ਪਤਾ ਕਿ ਉਹ ਬਹੁਤ ਹੀ ਗਹਿਰੇ ਕਵੀ ਵੀ ਹਨ।
ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੀ ਕਿਤਾਬ ਅਜੇ ਤੱਕ ਨਹੀਂ ਛਪਾਈ, ਪਰ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਸ਼ਾਇਰੀ ਦੇ ਸੁਰਜੀਤ ਪਾਤਰ ਵਰਗੇ ਸ਼ਾਇਰ ਵੀ ਕਾਇਲ਼ ਹਨ।
ਇਹ ਵੀ ਪੜ੍ਹੋ-
ਭਗਵੰਤ ਮਾਨ ਖੇਡਾਂ ਦੇ ਬਹੁਤ ਅੱਛੇ ਪ੍ਰਸ਼ੰਸਕ ਹਨ। ਉਹ ਐੱਨਬੀਏ, ਕ੍ਰਿਕਟ, ਹਾਕੀ ਅਤੇ ਫੁੱਟਬਾਲ ਮੈਚ ਦੇਖਣ ਦੇ ਕਾਫ਼ੀ ਸ਼ੌਕੀਨ ਹਨ। ਦੁਨੀਆਂ ਭਰ ਦੇ ਖਿਡਾਰੀਆਂ ਨੂੰ ਫੋਲੋ ਕਰਦੇ ਹਨ ਅਤੇ ਉਨ੍ਹਾਂ ਬਾਰੇ ਅਪਡੇਟ ਰੱਖਦੇ ਹਨ।
ਉਹ ਰਾਤ ਨੂੰ ਕਈ ਵਾਰ ਅਲਾਰਮ ਲਾਕੇ ਸੌਂਦੇ ਹਨ ਅਤੇ ਰਾਤੀਂ 2-3 ਵਜੇ ਉੱਠਕੇ ਵੀ ਮੈਚ ਦੇਖਦੇ ਹਨ।
ਭਗਵੰਤ ਮਾਨ ਨੇ ਆਪਣੇ ਪਿੰਡ ਦੇ ਜਮਾਤੀਆਂ ਤੇ ਮਿੱਤਰਾਂ ਵਿੱਚੋਂ ਲਗਭਗ ਸਾਰਿਆਂ ਨੂੰ ਹੀ ਜਹਾਜ਼ ਦੇ ਝੂਟੇ ਦੁਆਏ ਹਨ।

ਤਸਵੀਰ ਸਰੋਤ, Getty Images
ਮਨਜੀਤ ਸਿੱਧੂ ਦੱਸਦੇ ਹਨ ਕਿ ਉਹ ਜਦੋਂ ਵੀ ਪੰਜਾਬ ਤੋਂ ਬਾਹਰ ਸ਼ੌਅ ਕਰਨ ਜਾਂਦੇ ਤਾਂ ਪਿੰਡ ਵਾਲੇ ਕਿਸੇ ਨਾ ਕਿਸੇ ਮਿੱਤਰ ਬੇਲੀ ਨੂੰ ਨਾਲ ਘੁੰਮਾਉਣ ਲੈ ਜਾਂਦੇ।
ਟੈਲੀਫੋਨ ਨੰਬਰ ਮੂੰਹ-ਜ਼ਬਾਨੀ ਯਾਦ ਰੱਖਣਾ ਵੀ ਉਨ੍ਹਾਂ ਦਾ ਇੱਕ ਖਾਸ ਗੁਣ ਹੈ, ਪੁਰਾਣੇ ਦੋਸਤਾਂ ਮਿੱਤਰਾਂ ਦੇ ਸੈਂਕੜੇ ਫੋਨ ਨੰਬਰ ਉਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਹਨ।
ਅਖ਼ਬਾਰਾਂ ਅਤੇ ਰੇਡੀਓ ਨਾਲ ਉਨ੍ਹਾਂ ਦਾ ਖ਼ਾਸ ਲਗਾਅ ਹੈ। ਉਹ ਸਵੇਰੇ ਉੱਠ ਕੇ ਅਖ਼ਬਾਰਾਂ ਦੇ ਡਿਜੀਟਲ ਐਡੀਸ਼ਨ ਇੰਝ ਧਿਆਨ ਨਾਲ ਪੜ੍ਹਦੇ ਹਨ, ਜਿਵੇਂ ਕੋਈ ਨਿਤਨੇਮੀ ਬੰਦਾ ਪਾਠ ਕਰਦਾ ਹੈ।
ਉਹ ਅਖ਼ਬਾਰਾਂ ਦੇ ਜ਼ਿਲ੍ਹਿਆਂ ਤੱਕ ਦੇ ਐਡੀਸ਼ਨ ਤੱਕ ਦੇਖਦੇ ਹਨ, ਇਨ੍ਹਾਂ ਬਾਰੇ ਉਹ ਕਹਿੰਦੇ ਹਨ ਕਿ ਇਹੀ ਗਰਾਊਂਡ ਦੀ ਜਾਣਕਾਰੀ ਉਨ੍ਹਾਂ ਨੂੰ ਸੂਬੇ ਦੇ ਹਰ ਕੋਨੇ ਬਾਰੇ ਸੂਖਮਤਾ ਨਾਲ ਜਾਣਨ ਵਿੱਚ ਮਦਦ ਕਰਦੀ ਹੈ।
ਰੇਡੀਓ ਉੱਤੇ ਮੈਚਾਂ ਦੀ ਕੂਮੈਂਟਰੀ ਸੁਣਨਾ ਉਨ੍ਹਾਂ ਦੀ ਬਚਪਨ ਦੀ ਹੀ ਆਦਤ ਹੈ ਅਤੇ ਉਹ ਅਜੇ ਵੀ ਇਸ ਨੂੰ ਨਹੀਂ ਛੱਡਦੇ।
ਭਗਵੰਤ ਮਾਨ ਦਾ ਨਿੱਜੀ ਪਿਛੋਕੜ
ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਚੀਮਾ ਮੰਡੀ ਲਾਗਲੇ ਪਿੰਡ ਸਤੌਜ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਸਰਕਾਰੀ ਅਧਿਆਪਕ ਸਨ ਅਤੇ ਮਾਂ ਹਰਪਾਲ ਕੌਰ ਹਾਊਸਵਾਇਫ਼ ਹਨ।
ਸਕੂਲੀ ਪੜ੍ਹਾਈ ਪਾਸ ਕਰਦਿਆਂ ਹੀ ਉਹ ਕਾਮੇਡੀ ਦੇ ਖੇਤਰ ਵਿੱਚ ਆ ਗਏ। ਸੁਨਾਮ ਦੇ ਸ਼ਹੀਦ ਊਧਮ ਸਿੰਘ ਕਾਲਜ ਵਿੱਚ ਪੜ੍ਹਦਿਆਂ ਉਨ੍ਹਾਂ ਕਾਮੇਡੀ ਅਤੇ ਕਵਿਤਾ ਬੋਲਣ ਦੇ ਕਈ ਅੰਤਰ ਕਾਲਜ ਮੁਕਾਬਲੇ ਜਿੱਤੇ।

ਤਸਵੀਰ ਸਰੋਤ, Bhagwant Maan/FB
ਇਸ ਦੇ ਨਾਲ ਹੀ ਉਹ ਪ੍ਰੋਫ਼ੈਸ਼ਨਲ ਕਾਮੇਡੀਅਨ ਬਣ ਗਏ। ਭਗਵੰਤ ਦੀ ਸਭ ਤੋਂ ਪਹਿਲੀ ਕਾਮੇਡੀ ਅਤੇ ਪੈਰੋਡੀ ਗਾਣਿਆਂ ਦੀ ਟੇਪ 1992 ਵਿੱਚ 'ਗੋਭੀ ਦੀਏ ਕੱਚੀਏ ਵਪਾਰਨੇ ਆਈ' ਅਤੇ ਉਹ ਕਾਮੇਡੀ ਦੀ ਦੁਨੀਆਂ ਵਿੱਚ ਛਾ ਗਏ।
12ਵੀਂ ਕਰਨ ਤੋਂ ਬਾਅਦ ਉਨ੍ਹਾਂ ਨੇ ਬੀ ਕਾਮ ਭਾਗ ਪਹਿਲਾ ਵਿੱਚ ਦਾਖਲਾ ਲਿਆ ਪਰ ਕਾਮੇਡੀ ਦੇ ਪ੍ਰੋਫੈਸ਼ਨਲ ਰੁਝੇਵਿਆਂ ਕਾਰਨ ਪੜ੍ਹਾਈ ਵਿੱਚੇ ਛੱਡ ਦਿੱਤੀ।
1992 ਤੋਂ 2013 ਤੱਕ ਉਨ੍ਹਾਂ ਨੇ ਕਾਮੇਡੀ ਦੀਆਂ 25 ਐਲਬਮਜ਼ ਰਿਕਾਰਡ ਕਰਵਾਈਆਂ ਅਤੇ ਰਿਲੀਜ਼ ਕੀਤੀਆਂ। ਉਨ੍ਹਾਂ ਨੇ 5 ਗਾਣਿਆਂ ਦੀਆਂ ਟੇਪਾਂ ਰਿਲੀਜ਼ ਕੀਤੀਆਂ।
ਭਗਵੰਤ ਮਾਨ ਨੇ 1994 ਤੋਂ 2015 ਤੱਕ 13 ਪੰਜਾਬੀ ਤੇ ਹਿੰਦੀ ਫ਼ਿਲਮਾਂ ਅਤੇ ਇਸ਼ਤਿਹਾਰਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ ਹਨ।
ਜੁਗਨੂੰ, ਝੰਡਾ ਸਿੰਘ, ਬੀਬੋ ਭੂਆ ਤੇ ਪੱਪੂ ਪਾਸ ਵਰਗੇ ਕਾਮੇਡੀ ਪਾਤਰ ਭਗਵੰਤ ਮਾਨ ਦੀ ਦੇਣ ਹਨ।
ਜਗਤਾਰ ਜੱਗੀ ਅਤੇ ਰਾਣਾ ਰਣਬੀਰ ਨਾਲ ਜੋੜੀ ਬਣਾਕੇ ਕਾਮੇਡੀ ਕਰਦੇ ਰਹੇ ਭਗਵੰਤ ਮਾਨ ਨੇ 'ਜੁਗਨੂੰ ਮਸਤ ਮਸਤ' ਵਰਗੇ ਕਾਮੇਡੀ ਟੀਵੀ ਸ਼ੌਅ ਅਤੇ 'ਨੋ ਲਾਇਫ਼ ਵਿਦ ਵਾਇਫ਼' ਵਰਗੇ ਸਟੇਜ ਸ਼ੌਅ ਕੀਤੇ।

ਤਸਵੀਰ ਸਰੋਤ, Lok Dhun/ FB
ਗਾਇਕ ਕਰਮਜੀਤ ਅਨਮੋਲ ਨੂੰ ਕਾਮੇਡੀ ਸ਼ੌਅ ਨਾਲ ਜੋੜਨ ਤੇ ਅਦਾਕਾਰੀ ਵੱਲ ਲਿਆਉਣ ਵਾਲੇ ਵੀ ਭਗਵੰਤ ਮਾਨ ਹੀ ਸਨ।
ਕਰਮਜੀਤ ਅਨਮੋਲ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੇ ਹੀ ਦੋਸਤ ਹਨ ਅਤੇ ਇਸ ਵੇਲੇ ਪੰਜਾਬੀ ਫਿਲਮ ਸਨਅਤ ਦੇ ਉਹ ਵੱਡੇ ਨਾਮ ਹਨ।
ਭਗਵੰਤ ਨੇ ਇੰਦਰਜੀਤ ਕੌਰ ਨਾਲ ਵਿਆਹ ਕਰਵਾਇਆ ਅਤੇ ਉਨ੍ਹਾਂ ਦੇ ਇੱਕ ਬੇਟਾ ਅਤੇ ਬੇਟੀ ਹਨ।
ਪਤਨੀ ਉਨ੍ਹਾਂ ਤੋਂ ਅਲੱਗ ਅਮਰੀਕਾ ਰਹਿੰਦੀ ਹੈ ਅਤੇ ਭਗਵੰਤ ਆਪਣੀ ਮਾਂ ਨਾਲ ਪਿੰਡ ਸਤੌਜ ਰਹਿੰਦੇ ਹਨ।
ਉਨ੍ਹਾਂ ਦੀ ਇੱਕ ਭੈਣ ਮਨਪ੍ਰੀਤ ਕੌਰ ਹੈ, ਜੋ ਸਤੌਜ ਨੇੜਲੇ ਪਿੰਡ ਵਿਆਹੀ ਹੋਈ ਹੈ।
ਘਟਨਾ ਜਿਸ ਨੇ ਭਗਵੰਤ ਮਾਨ ਨੂੰ ਸਿਆਸਤ ਵਿੱਚ ਲਿਆਂਦਾ
ਭਾਸ਼ਣ ਦੇਣ ਦਾ ਸ਼ੌਕ ਭਗਵੰਤ ਮਾਨ ਨੂੰ ਬਚਪਨ ਤੋਂ ਹੀ ਸੀ, ਉਦੋਂ ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਹ ਕਾਮੇਡੀ ਕਲਾਕਾਰ ਬਣੇਗਾ ਜਾਂ ਸਿਆਸੀ ਆਗੂ।
ਮਨਜੀਤ ਸਿੱਧੂ ਦੱਸਦੇ ਹਨ ਕਿ ਭਗਵੰਤ ਖੇਤਾਂ ਵਿੱਚ ਪਾਣੀ ਲਾਉਣ ਵੇਲੇ ਜਾਂ ਲੱਕੜਾਂ ਵੱਢਣ ਸਮੇਂ ਕਹੀ ਜਾਂ ਕੁਹਾੜੇ ਦੇ ਦਸਤੇ ਨੂੰ ਹੀ ਮਾਇਕ ਬਣਾ ਲੈਂਦੇ ਤੇ ਭਾਸ਼ਣ ਦਿੰਦੇ ਰਹਿੰਦੇ ਸਨ।
ਸਿੱਧੂ ਦੱਸਦੇ ਹਨ ਕਿ ਕਾਮੇਡੀ ਟੇਪਾਂ ਰਾਹੀ ਸਿਆਸੀ ਤੇ ਸਮਾਜਿਕ ਮੁੱਦਿਆਂ ਉੱਤੇ ਵਿਅੰਗ ਕਰਨੇ ਉਨ੍ਹਾਂ ਦੀ ਕਲਾ ਦਾ ਮੁੱਖ ਸਰੋਕਾਰ ਰਿਹਾ।
2009-2010 ਵਿੱਚ ਉਨ੍ਹਾਂ ਅਖ਼ਬਾਰਾਂ ਲ਼ਈ ਰੈਗੂਲਰ ਕਾਲਮ ਲਿਖਣੇ ਸ਼ੁਰੂ ਕੀਤੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਇੱਕ ਦਿਨ ਫ਼ਾਜ਼ਿਲਕਾ ਇਲਾਕੇ ਵਿੱਚ ਬੱਚੀਆਂ ਨੂੰ ਅਜੀਬੋ-ਗਰੀਬ ਬਿਮਾਰੀਆਂ ਲੱਗਣ ਬਾਬਤ ਰਿਪੋਰਟ ਪੜ੍ਹੀ।
ਭਗਵੰਤ ਮਾਨ ਅਗਲੇ ਦਿਨ ਹੀ ਦੋਨਾ ਨਾਨਕਾ ਤੇ ਕਰੀਬੀ ਪਿੰਡਾਂ ਵਿੱਚ ਪਹੁੰਚ ਗਏ, ਉੱਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ, ਜਿਸ ਕਾਰਨ ਲੋਕਾਂ ਦਾ ਬੁਰਾ ਹਾਲ ਸੀ।
ਕੁਝ ਪਰਵਾਸੀ ਦੋਸਤਾਂ-ਮਿੱਤਰਾਂ ਦੀ ਮਦਦ ਨਾਲ ਭਗਵੰਤ ਨੇ ਇਸ ਖੇਤਰ ਵਿੱਚ ਕੁਝ ਬੋਰ ਬਗੈਰਾ ਕਰਵਾ ਕੇ ਪਾਣੀ ਦੀ ਇੰਤਜ਼ਾਮ ਕਰਨ ਦੀ ਆਪਣੇ ਪੱਧਰ ਉੱਤੇ ਕੋਸ਼ਿਸ਼ ਕੀਤੀ।
ਉਨ੍ਹਾਂ ਕੁਝ ਸਮਾਜਿਕ ਤੇ ਮੀਡੀਆ ਖੇਤਰ ਦੇ ਲੋਕਾਂ ਨੂੰ ਨਾਲ ਲੈਕੇ ਇਸ ਮਸਲੇ ਨੂੰ ਬਕਾਇਦਾ ਪ੍ਰੈਸ ਕਾਨਫਰੰਸਾਂ ਕਰਕੇ ਮੀਡੀਆ ਵਿੱਚ ਉਭਾਰਿਆ।

ਤਸਵੀਰ ਸਰੋਤ, Bhagwant Mann/FB
2011 ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਤੇ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਵਿੱਚੋਂ ਬਗਾਵਤ ਕਰ ਦਿੱਤੀ।
ਜਲੰਧਰ ਵਿੱਚ ਉੱਘੇ ਖੇਤੀ ਮਾਹਰ ਸਰਦਾਰਾ ਸਿੰਘ ਜੌਹਲ ਦੀ ਅਗਵਾਈ ਵਿੱਚ ਪੰਜਾਬ ਦੇ ਸਰੋਕਾਰਾਂ ਨੂੰ ਲੈਕੇ ਇੱਕ ਕਾਨਫਰੰਸ ਕਰਵਾਈ ਗਈ।
ਇੱਥੇ ਭਗਵੰਤ ਮਾਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮੁਲਾਕਾਤ ਹੋਈ ਅਤੇ ਭਗਵੰਤ ਮਾਨ ਨੂੰ ਉਨ੍ਹਾਂ ਨੇ ਸਰਗਰਮ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।
ਭਗਵੰਤ ਮਾਨ ਦਾ ਸਿਆਸੀ ਸਫ਼ਰ
ਸਿਆਸਤ ਵਿੱਚ ਆਉਣ ਵੇਲੇ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ।
''ਮੈਂ ਆਪਣੀ ਕਾਮੇਡੀ ਰਾਹੀ ਇੱਕ ਤਰ੍ਹਾਂ ਦੀ ਸਿਆਸੀ ਤੇ ਸਮਾਜਿਕ ਕੂਮੈਂਟਰੀ ਹੀ ਕਰਦਾ ਆ ਰਿਹਾ ਸੀ, ਹੁਣ ਮੈਨੂੰ ਲੱਗਿਆ ਕਿ ਚਿੱਕੜ ਸਾਫ਼ ਕਰਨ ਲਈ ਚਿੱਕੜ ਵਿੱਚ ਲਿਬੜਨਾ ਹੀ ਪੈਣਾ ਹੈ, ਇਸ ਲਈ ਹੁਣ ਸਰਗਰਮ ਸਿਆਸਤ ਵਿੱਚ ਆ ਗਿਆ ਹਾਂ।''

ਤਸਵੀਰ ਸਰੋਤ, Bhagwant mann/ FB
''ਅਕਾਲੀ ਅਤੇ ਕਾਂਗਰਸ ਨੇ ਮਿਲਕੇ ਸੱਤਾ ਦਾ ਚੱਕਰ ਬਣਾਇਆ ਹੋਇਆ ਹੈ, ਪੰਜਾਬ ਦੇ ਲੋਕ ਇਸ ਵਿੱਚ ਪਿਸ ਰਹੇ ਹਨ, ਪੰਜਾਬ ਨੂੰ ਇੱਕ ਬਦਲ ਚਾਹੀਦਾ ਹੈ, ਅਸੀਂ ਇਹ ਦੇਣ ਦੀ ਕੋਸ਼ਿਸ਼ ਕਰਾਂਗੇ।''
ਭਗਵੰਤ ਮਾਨ ਬਤੌਰ ਪ੍ਰੋਫੈਸ਼ਨਲ ਕਲਾਕਾਰ ਸਿਆਸੀ ਸਟੇਜਾਂ ਉੱਤੇ ਜਾਂਦੇ ਰਹੇ। ਪਰ ਉਨ੍ਹਾਂ ਰਸਮੀ ਸਿਆਸਤ ਨਹੀਂ ਕੀਤੀ ਸੀ।
ਖਾਸਕਰ ਬਲਵੰਤ ਸਿੰਘ ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਨੂੰ ਤੀਜੇ ਬਦਲ ਵਜੋਂ ਉਭਾਰਨ ਲਈ ਭਗਵੰਤ ਮਾਨ ਨੇ ਕਾਫ਼ੀ ਸਟੇਜਾਂ ਕੀਤੀਆਂ।
ਪਰ ਉਨ੍ਹਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੀ ਮੈਂਬਰਸ਼ਿਪ ਵੀ ਨਹੀਂ ਲਈ ਸੀ। ਕਾਲਜ ਦੇ ਦਿਨਾਂ ਵਿੱਚ ਉਹ ਖੱਬੇਪੱਖ਼ੀ ਵਿਚਾਧਾਰਾ ਤੋਂ ਪ੍ਰਭਾਵਿਤ ਹੋਏ, ਪਰ ਕਿਸੇ ਪਾਰਟੀ ਦੇ ਮੈਂਬਰ ਨਹੀਂ ਬਣੇ ਸਨ।
ਮਾਰਚ 2011 ਵਿੱਚ ਜਦੋਂ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਬਣਾਈ ਤਾਂ ਭਗਵੰਤ ਮਾਨ ਵੀ ਸਿਆਸਤ ਵਿੱਚ ਕੁੱਦ ਪਿਆ ਅਤੇ ਪੀਪੀਪੀ ਦੇ ਬਾਨੀ ਆਗੂਆਂ ਵਿੱਚ ਸ਼ੁਮਾਰ ਹੋਇਆ।
ਦਿੱਗਜ਼ਾਂ ਤੋਂ ਹਾਰੇ ਵੀ ਤੇ ਹਰਾਇਆ ਵੀ
ਫਰਵਰੀ 2012 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਨੇ ਹਲਕਾ ਲਹਿਰਾਗਾਗਾ ਤੋਂ ਪੀਪੀਪੀ ਦੇ ਉਮੀਦਵਾਰ ਵਜੋਂ ਚੋਣ ਲੜੀ।
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਦਿੱਗਜ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਲੜੀ ਪਹਿਲੀ ਚੋਣ ਵਿੱਚ ਭਗਵੰਤ ਮਾਨ ਹਾਰ ਗਏ।

ਤਸਵੀਰ ਸਰੋਤ, Bhagwant Maan/Fb
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੀਪੀਪੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਅਤੇ ਅਕਾਲੀ ਦਲ ਦੀ ਲਗਾਤਾਰ ਦੂਜੀ ਵਾਰ ਸਰਕਾਰ ਬਣ ਗਈ।
ਇਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਵਿੱਚ ਜਾਣ ਦੀ ਤਿਆਰੀ ਕਰਨ ਲੱਗੇ ਤਾਂ ਭਗਵੰਤ ਮਾਨ ਨੇ ਕਾਂਗਰਸ ਵਿੱਚ ਜਾਣ ਦੀ ਥਾਂ ਵੱਖਰਾ ਰਾਹ ਚੁਣਿਆ ਅਤੇ 2014 ਵਿੱਚ ਆਮ ਆਦਮੀ ਪਾਰਟੀ ਹਿੱਸਾ ਬਣੇ ।
ਅੰਨਾ ਹਜ਼ਾਰੇ ਦੀ ਲਹਿਰ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਜ਼ਬਰਦਸਤ ਸਮਰਥਨ ਮਿਲਿਆ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚੋਂ 4 ਸੀਟਾਂ ਜਿਤਾ ਦਿੱਤੀਆਂ।
ਭਗਵੰਤ ਮਾਨ ਇਨ੍ਹਾਂ ਚੋਣਾਂ ਵਿੱਚ ਪਾਰਟੀ ਦੇ ਕੰਪੇਨ ਦਾ ਚਿਹਰਾ ਮੋਹਰਾ ਸਨ। ਉਨ੍ਹਾਂ ਆਪ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜੀ ਤੇ ਅਕਾਲੀ ਦਲ ਦੇ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ 2,11,721 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।
ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ ਇਨ੍ਹਾਂ ਚੋਣਾਂ ਵਿੱਚ ਤੀਜੀ ਥਾਂ ਉੱਤੇ ਰਹੇ ਹਨ।
2019 ਦੀਆਂ ਲੋਕਾਂ ਸਭਾ ਚੋਣਾਂ ਤੱਕ ਪੰਜਾਬ ਦੇ ਸਿਆਸੀ ਹਾਲਾਤ ਬਦਲ ਚੁੱਕੇ ਸਨ, 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ ਮੁੜ ਸੱਤਾ ਹਾਸਲ ਕਰ ਲਈ ਸੀ।

ਤਸਵੀਰ ਸਰੋਤ, Bhagwant Mann/FB
ਆਮ ਆਦਮੀ ਪਾਰਟੀ ਵੀ ਦੋਫ਼ਾੜ ਹੋ ਗਈ, ਸੁਖ਼ਪਾਲ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਅਤੇ ਧਰਮਵੀਰ ਗਾਂਧੀ ਦੀ ਨਵਾਂ ਪੰਜਾਬ ਪਾਰਟੀ ਅਤੇ ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਸਾਂਝਾ ਗਠਜੋੜ ਬਣਾ ਕੇ ਲੜੀ। ਪਰ ਉਹ ਕੋਈ ਸੀਟ ਨਹੀਂ ਜਿੱਤ ਸਕੇ।
ਇਨ੍ਹਾਂ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਤੋਂ ਬਿਨਾਂ ਭਗਵੰਤ ਮਾਨ ਇੱਕੋ ਇੱਕ ਅਜਿਹਾ ਆਗੂ ਸਨ, ਜੋ ਤੀਜੀ ਧਿਰ ਵਜੋਂ ਸੰਗਰੂਰ ਤੋਂ ਮੁੜ ਚੋਣ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ।
ਇਸ ਨਾਲ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸਿਰਮੌਰ ਆਗੂ ਵਜੋਂ ਉੱਭਰ ਕੇ ਸਾਹਮਣੇ ਆਏ।
8 ਮਈ 2017 ਨੂੰ ਭਗਵੰਤ ਮਾਨ ਨੂੰ ਆਮ ਆਦਮੀ ਦੀ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ, ਪਰ ਕੁਝ ਸਮੇਂ ਬਾਅਦ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਉਹ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉੱਤੇ ਡਰੱਗ ਮਾਫ਼ੀਆ ਨੂੰ ਸਰਪ੍ਰਸਤੀ ਦੇ ਇਲਜ਼ਾਮ ਲਾਉਣ ਦੇ ਮਾਨਹਾਨੀ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਅਦਾਲਤ ਵਿੱਚ ਮਾਫ਼ੀ ਮੰਗੇ ਜਾਣ ਤੋਂ ਨਰਾਜ਼ ਸਨ।
2017 ਦੀਆਂ ਚੋਣਾਂ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਖ਼ਿਲਾਫ਼ ਲੜੇ ਪਰ ਉਹ ਬਾਦਲ ਤੋਂ 18500 ਵੋਟਾਂ ਨਾਲ ਹਰ ਗਏ।
ਕਾਂਗਰਸ ਨੇ ਵੀ ਇੱਥੋਂ ਰਵਨੀਤ ਬਿੱਟੂ ਨੂੰ ਉਤਾਰ ਦਿੱਤਾ ਸੀ, ਜਿਸ ਕਾਰਨ ਤ੍ਰਿਕੋਣੀ ਟੱਕਰ ਵਿੱਚ ਭਗਵੰਤ ਮਾਨ ਦੀ ਹਾਰ ਹੋਈ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਗਵੰਤ ਮਾਨ ਨੇ 111,111 ਵੋਟਾਂ ਨਾਲ ਮੁੜ ਚੋਣ ਜਿੱਤ ਲਈ।
ਭਗਵੰਤ, ਸ਼ਰਾਬ ਤੇ ਵਿਵਾਦ
ਸਿਆਸਤਦਾਨਾਂ ਉੱਤੇ ਆਮ ਕਰਕੇ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਰਗੇ ਇਲਜ਼ਾਮ ਲੱਗਦੇ ਹਨ।

ਤਸਵੀਰ ਸਰੋਤ, Bhagwant Mann/FB
ਪਰ ਕਰੀਬ ਇੱਕ ਦਹਾਕੇ ਦੇ ਸਿਆਸੀ ਕਰੀਅਰ ਦੌਰਾਨ ਭਗਵੰਤ ਮਾਨ ਉੱਤੇ ਜਿਹੜਾ ਸਭ ਤੋਂ ਵੱਡਾ ਇਲਜ਼ਾਮ ਲੱਗਿਆ ਉਹ ਹੈ, ਸ਼ਰਾਬ ਪੀਣ ਦਾ।
'ਆਪ' ਦੇ ਬਾਗੀ ਆਗੂ ਯੋਗੇਂਦਰ ਯਾਦਵ ਨੇ ਇਸ ਦਾ ਜ਼ਿਕਰ 2015 ਵਿੱਚ ਕੀਤਾ। ਉਨ੍ਹਾਂ ਮੀਡੀਆ ਵਿੱਚ ਦਾਅਵਾ ਕੀਤਾ ਸੀ ਕਿ ਜੁਲਾਈ 2014 ਵਿੱਚ ਪਾਰਟੀ ਦੇ ਸੰਸਦ ਮੈਂਬਰਾਂ ਦੀ ਇੱਕ ਬੈਠਕ ਬੁਲਾਈ ਗਈ ਸੀ, ਭਗਵੰਤ ਮਾਨ ਮੇਰੇ ਨਾਲ ਬੈਠੇ ਸਨ ਤਾਂ ਉਨ੍ਹਾਂ ਤੋਂ ਸ਼ਰਾਬ ਦੀ ਮੁਸ਼ਕ ਆ ਰਹੀ ਸੀ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ ਉੱਤੇ ਸ਼ਰਾਬ ਦਾ ਆਦੀ ਹੋਣ ਦੇ ਇਲਜ਼ਾਮ ਮੀਡੀਆ ਵਿੱਚ ਲਾਏ।
ਕੈਪਟਨ ਅਮਰਿੰਦਰ ਦੇ ਇਲਜ਼ਾਮਾਂ ਤੋਂ ਕੁਝ ਦਿਨ ਬਾਅਦ 'ਆਪ' ਦੇ ਬਾਗੀ ਆਗੂ ਹਰਿੰਦਰ ਸਿੰਘ ਖ਼ਾਲਸਾ ਨੇ ਤਤਕਾਲੀ ਲੋਕ ਸਭਾ ਸਪੀਕਰ, ਸੁਮਿਤਰਾ ਮਹਾਜਨ ਨੂੰ ਲਿਖਤੀ ਅਪੀਲ ਕੀਤੀ ਕਿ ਉਨ੍ਹਾਂ ਦੀ ਸੀਟ ਬਦਲੀ ਜਾਵੇ, ਕਿਉਂਕਿ ਭਗਵੰਤ ਮਾਨ ਤੋਂ ਉਨ੍ਹਾਂ ਨੂੰ ਸ਼ਰਾਬ ਦੀ ਮੁਸ਼ਕ ਆਉਂਦੀ ਹੈ।
ਕਈ ਵਾਰ ਸੰਸਦ ਵਿੱਚ ਉਨ੍ਹਾਂ ਦੇ ਭਾਸ਼ਣ ਦੌਰਾਨ ਸੱਤਾਧਾਰੀ ਭਾਜਪਾ ਮੈਂਬਰ ਉਨ੍ਹਾਂ ਉੱਤੇ ਸ਼ਰਾਬ ਪੀਕੇ ਸੰਸਦ ਵਿੱਚ ਆਉਣ ਦਾ ਇਲਜ਼ਾਮ ਲਾਉਂਦੇ ਰਹੇ।
ਇੱਕ ਵਾਰ ਸੰਸਦ ਵਿੱਚ ਬਹਿਸ ਦੌਰਾਨ ਭਗਵੰਤ ਮਾਨ ਜਦੋਂ ਬੋਲ ਰਹੇ ਸਨ ਤਾਂ ਇੱਕ ਭਾਜਪਾ ਸੰਸਦ ਮੈਂਬਰ ਉਨ੍ਹਾਂ ਦੇ ਨੇੜੇ ਜਾ ਕੇ ਸੁੰਘ ਰਿਹਾ ਸੀ ਤਾਂ ਉਹ ਵੀਡੀਓ ਵੀ ਕਾਫ਼ੀ ਵਾਇਰਲ ਹੋਇਆ ਸੀ।

ਤਸਵੀਰ ਸਰੋਤ, Bhagwant Mann/FB
ਵੈਸੇ ਤਾਂ ਬਹੁਤ ਸਾਰੇ ਆਗੂ ਸ਼ਰਾਬ ਪੀਂਦੇ ਹਨ ਪਰ ਭਗਵੰਤ ਮਾਨ ਉੱਤੇ ਇਲਜ਼ਾਮ ਲੱਗਿਆ ਕਿ ਉਹ ਦਿਨੇ ਹੀ ਸ਼ਰਾਬ ਪੀਕੇ ਸਮਾਗਮਾਂ ਵਿੱਚ ਜਾਂਦੇ ਹਨ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੌਰਾਨ 2015 ਵਿੱਚ ਹੋਈ ਫਾਇਰਿੰਗ ਦੌਰਾਨ ਮਾਰੇ ਗਏ ਨੌਜਵਾਨਾਂ ਦੇ ਭੋਗ ਸਮਾਗਮ ਵਿੱਚ ਵੀ ਭਗਵੰਤ 'ਤੇ ਸ਼ਰਾਬ ਪੀ ਕੇ ਜਾਣ ਦੇ ਇਲਜ਼ਾਮ ਲੱਗੇ।
ਇਸ ਸਮਾਗਮ ਦੌਰਾਨ ਉਨ੍ਹਾਂ ਦੇ ਮੰਚ ਤੋਂ ਉੱਠ ਕੇ ਜਾਣ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਉਨ੍ਹਾਂ ਉੱਤੇ ਕੁਝ ਲੋਕ ਸ਼ਰਾਬ ਪੀਤੇ ਹੋਣ ਦਾ ਇਲਜ਼ਾਮ ਲਾ ਰਹੇ ਸਨ।
ਪਰ ਉਹ ਚੁੱਪਚਾਪ ਗੱਡੀ ਵਿੱਚ ਬੈਠ ਕੇ ਚਲੇ ਜਾਂਦੇ ਹਨ, ਉਹ ਇਸ ਬਾਬਤ ਕਹਿੰਦੇ ਹਨ ਕਿ ਉਹ ਕੋਈ ਵਿਵਾਦ ਖੜ੍ਹਾ ਨਹੀਂ ਕਰਨਾ ਚਾਹੁੰਦੇ ਸਨ। ਇਸ ਸਾਰੀ ਇਲਜ਼ਾਮ ਤਰਾਸ਼ੀ ਉਨ੍ਹਾਂ ਨੂੰ ਬਦਨਾਮ ਕਰਨ ਵਾਸਤੇ ਕੀਤੀ ਗਈ।
ਨਵੰਬਰ 2016 ਵਿੱਚ ਆਸਟ੍ਰੇਲੀਆ ਵਿੱਚ ਮਾਰੇ ਗਏ ਗਾਇਕ ਮਨਮੀਤ ਅਲੀਸ਼ੇਰ ਦਾ ਅੰਤਿਮ ਸਸਕਾਰ ਮੌਕੇ ਵੀ ਭਗਵੰਤ ਦੇ ਸ਼ਰਾਬ ਪੀਤੇ ਹੋਣ ਦਾ ਇਲਜ਼ਾਮ ਲੱਗਿਆ ਸੀ।

ਤਸਵੀਰ ਸਰੋਤ, Bhagwant Mann/Fb
ਪੰਜਾਬ ਵਿੱਚ ਵੀ ਕਈ ਜਨਤਕ ਸਮਾਗਮਾਂ ਦੀਆਂ ਕਈ ਵੀਡੀਓਜ਼ ਵਾਇਰਲ ਕਰਵਾ ਦੇ ਦਾਅਵਾ ਕੀਤਾ ਜਾਂਦਾ ਰਿਹਾ ਕਿ ਭਗਵੰਤ ਮਾਨ ਨੇ ਦਾਰੂ ਪੀਤੀ ਹੋਈ ਹੈ।
ਭਗਵੰਤ ਮਾਨ ਅਤੇ ਉਨ੍ਹਾਂ ਦੇ ਸਮਰਥਕ ਇਸ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੀ ਪਾਰਟੀ ਖ਼ਿਲਾਫ਼ ਪ੍ਰਾਪੇਗੰਡਾ ਸਾਜਿਸ਼ ਦੱਸਦੇ ਹਨ।
20 ਜਨਵਰੀ 2019 ਨੂੰ ਭਗਵੰਤ ਮਾਨ ਨੇ ਬਰਨਾਲਾ ਵਿੱਚ ਪਾਰਟੀ ਦੀ ਰੈਲੀ ਦੌਰਾਨ ਆਪਣੀ ਮਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਉਨ੍ਹਾਂ ਪਹਿਲੀ ਜਨਵਰੀ 2019 ਤੋਂ ਦਾਰੂ ਨੂੰ ਹੱਥ ਨਾ ਲਾਉਣ ਦੀ ਕਸਮ ਪਾ ਲਈ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















