ਅਮਨ ਅਰੋੜਾ ਤੇ ਅਨਮੋਲ ਗਗਨ ਮਾਨ ਸਣੇ ਨਵੇਂ ਬਣੇ 5 ਕੈਬਨਿਟ ਮੰਤਰੀਆਂ ਬਾਰੇ ਜਾਣੋ

ਤਸਵੀਰ ਸਰੋਤ, ANI
ਭਗਵੰਤ ਮਾਨ ਸਰਕਾਰ ਕੈਬਨਿਟ ਦਾ ਵਿਸਥਾਰ ਹੋਇਆ ਹੈ। ਕੁੱਲ ਪੰਜ ਵਿਧਾਇਕਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ ਹੈ।
ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਖਰੜ ਤੋਂ ਅਨਮੋਲ ਗਗਨ ਮਾਨ, ਸੁਨਾਮ ਤੋਂ ਅਮਨ ਅਰੋੜਾ, ਸਮਾਣਾ ਤੋਂ ਚੇਤਨ ਸਿੰਘ ਜੌੜਾ ਮਾਜਰਾ ਅਤੇ ਗੁਰੂ ਹਰਸਹਾਏ ਤੋਂ ਫੌਜਾ ਸਿੰਘ ਸਰਾਰੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ
ਸਹੁੰ ਚੁੱਕ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇੱਕ-ਦੋ ਦਿਨਾਂ ਤੱਕ ਵਿਭਾਗਾਂ ਦੀ ਵੰਡ ਕੀਤੀ ਜਾਵੇਗੀ। ਭਵਿੱਖ ਵਿੱਚ ਵਿਧਾਇਕਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲਣਗੀਆਂ।
ਉਨ੍ਹਾਂ ਨੇ ਕਿਹਾ, "ਪੰਜਾਬ ਦੇ ਲੋਕਾਂ ਨੇ ਜੋ ਸਾਡੇ ਤੋਂ ਉਮੀਦਾਂ ਰੱਖੀਆਂ ਹਨ ਅਸੀਂ ਉਨ੍ਹਾਂ 'ਤੇ ਉਤਰਾਂਗੇ, ਮੈਨੂੰ ਆਸ ਹੈ ਕਿ ਮੇਰੇ ਸਾਰੇ ਮੰਤਰੀ ਇਮਾਨਦਾਰੀ ਨਾਲ ਤੇ ਪਾਰਦਰਸ਼ਿਤਾ ਨਾਲ ਕੰਮ ਕਰਨਗੇ।"

"ਮੈਨੂੰ ਮੇਰੀ ਕੈਬਨਿਟ 'ਤੇ ਮਾਣ ਹੈ। ਮੈਂ ਇਹੀ ਉਮੀਦ ਕਰਦਾ ਹਾਂ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲੇਗੀ ਉਹ ਉਸ ਨੂੰ ਨਿਭਾਉਣਗੇ। ਮੇਰੇ ਕੋਲ ਬਹੁਤ ਮਹਿਕਮੇ ਹਨ ਤੇ ਬਹੁਤ ਜ਼ਿਆਦਾ ਬੋਝ ਹੈ। ਆਉਣ ਵਾਲੇ ਦਿਨਾਂ ਵਿੱਚ ਵੱਡੇ ਘਪਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ।"
ਸਹੁੰ ਚੁੱਕਣ ਤੋਂ ਬਾਅਦ ਕੀ ਬੋਲੇ ਕੈਬਨਿਟ ਮੰਤਰੀ
ਸਹੁੰ ਚੁੱਕਣ ਤੋਂ ਬਾਅਦ ਗੱਲ ਕਰਦਿਆਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਕੰਮ ਕਰਨ ਲਈ ਜਨੂਨ ਹੋਣਾ ਚਾਹੀਦਾ ਹੈ, ਇਸ ਨਾਲ ਕੋਈ ਬੋਝ ਨਹੀਂ ਪੈਂਦਾ।
"ਅਸੀਂ ਧਰਤੀ ਨਾਲ ਜੁੜੇ ਲੋਕ ਹਾਂ, ਇਸ ਲਈ ਸਾਨੂੰ ਫਰਕ ਨਹੀਂ ਪੈਂਦਾ।"

ਅਨਮੋਲ ਗਗਨ ਮਾਨ ਨੇ ਕਿਹਾ, "ਨੌਜਵਾਨਾਂ ਲਈ ਖ਼ਾਸ ਤੌਰ 'ਤੇ ਔਰਤਾਂ ਲਈ, ਕਿਉਂਕਿ ਰਾਜਨੀਤੀ ਵਿੱਚ ਔਰਤਾਂ ਨੂੰ ਪਾਰਟੀਆਂ ਨੇ ਮਹੱਤਤਾ ਨਹੀਂ ਦਿੱਤੀ, ਇਸ ਲਈ ਬੜੀ ਮਾਣ ਵਾਲੀ ਗੱਲ ਹੈ ਪਰ ਅਸਲ ਮਾਣ ਉਦੋਂ ਸਮਝਾਂਗੀ ਜਦੋਂ ਕੰਮ ਕਰ ਕੇ ਦਿਖਾਇਆ।"
ਤਜਰਬੇ ਦੀ ਗੱਲ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ "ਜੇਕਰ ਤੁਹਾਡੇ ਵਿੱਚ ਕੰਮ ਕਰਨ ਦੀ ਇੱਛਾ ਸ਼ਕਤੀ ਹੈ ਤਾਂ ਤਜਰਬਾ ਆ ਹੀ ਜਾਂਦਾ ਹੈ।"
ਉਨ੍ਹਾਂ ਨੇ ਕਿਹਾ, "ਔਰਤ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਭੈਣਾਂ ਦੀ ਆਵਾਜ਼ ਬਣਾ, ਅੱਗੇ ਆ ਕੇ ਕੰਮ ਕਰਾਂ, ਉਨ੍ਹਾਂ ਲਈ ਚੰਗਾ ਪ੍ਰੇਰਣਾ ਸਰੋਤ ਬਣਾ।"
ਆਓ ਜਾਣਦੇ ਹਾਂ ਪੰਜਾਬ ਦੇ ਇਨ੍ਹਾਂ ਨਵੇਂ ਬਣੇ ਕੈਬਨਿਟ ਮੰਤਰੀਆਂ ਬਾਰੇ
ਅਮਨ ਅਰੋੜਾ
48 ਸਾਲਾ ਅਮਨ ਅਰੋੜਾ ਦੂਜੀ ਵਾਰ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਨ। 2017 ਵਿੱਚ ਉਹ ਪਹਿਲੀ ਵਾਰ ਵਿਧਾਇਕ ਚੁਣੇ ਗਏ ਸਨ।
ਅਮਨ ਅਰੋੜਾ ਦੇ ਪਿਤਾ ਭਗਵਾਨ ਦਾਸ ਅਰੋੜਾ ਕਾਂਗਰਸ ਦੇ ਵਿਧਾਇਕ ਸਨ, ਜਿਨ੍ਹਾਂ ਨੇ 1997 ਵਿੱਚ ਇਹ ਸੀਟ ਜਿੱਤੀ ਸੀ।

ਤਸਵੀਰ ਸਰੋਤ, Ani
ਆਪਣੇ ਪਿਤਾ ਦੀ ਮੌਤ ਤੋਂ 20 ਸਾਲ ਬਾਅਦ ਅਮਨ ਅਰੋੜਾ ਨੇ ਸੁਨਾਮ ਸੀਟ ਜਿੱਤੀ ਸੀ। ਸੁਨਾਮ ਇਲਾਕਾ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ ਜਿੱਥੋਂ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਚੁਣੇ ਜਾਂਦੇ ਰਹੇ ਸਨ।
ਅਮਨ ਅਰੋੜਾ ਦਾ ਜੱਦੀ ਪਿੰਡ ਬਡਰੁੱਖਾਂ ਹੈ, ਜੋ ਕਿ ਸੁਨਾਮ ਹਲਕੇ ਵਿੱਚ ਹੀ ਪੈਂਦਾ ਹੈ, ਉਨ੍ਹਾਂ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੈ। ਅਮਨ ਅਰੋੜਾ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚੋਂ ਇੱਕ ਹਨ। 2022 ਵਿੱਚ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨੂੰ ਦਾਇਰ ਹਲਫ਼ਨਾਮੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 88 ਕਰੋੜ ਰੁਪਏ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ। 2022 ਦੀਆਂ ਚੋਣਾਂ ਵਿੱਚ 'ਆਪ' ਦੀ ਜਿੱਤ ਮਗਰੋਂ ਉਨ੍ਹਾਂ ਨੂੰ ਕੈਬਨਿਟ ਵਿੱਚ ਥਾਂ ਮਿਲਣ ਦੀ ਪੂਰੀ ਉਮੀਦ ਸੀ, ਜੋ ਕਿ ਨਹੀਂ ਹੋਇਆ।
ਅਨਮੋਲ ਗਗਨ ਮਾਨ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖਰੜ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਗਿੱਲ ਨੂੰ 37000 ਤੋਂ ਵੱਧ ਵੋਟਾਂ ਨਾਲ ਹਰਾਇਆ ਸੀ ।

ਤਸਵੀਰ ਸਰੋਤ, ANI
31 ਸਾਲਾ ਅਨਮੋਲ ਗਗਨ ਮਾਨ ਨੇ ਬਾਰ੍ਹਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਉਹ ਪੇਸ਼ੇ ਤੋਂ ਇੱਕ ਪੰਜਾਬੀ ਗਾਇਕਾ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਸਾਲ 2020 ਵਿਚ ਆਪਣੀ ਮਾਂ ਸਮੇਤ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਸੀ।
ਅਨਮੋਲ ਗਗਨ ਮਾਨ ਨੇ ਇਸ ਵਾਰ ਪਹਿਲੀ ਵਾਰ ਚੋਣ ਲੜੀ ਤੇ ਜਿੱਤੀ ਹੈ। ਅਨਮੋਲ ਗਗਨ ਨੇ ਕਈ ਗਾਣੇ ਗਾਏ ਹਨ ਪਰ ‘ਕਾਲਾ ਸ਼ੇਰ’ ਗਾਣੇ ਨਾਲ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ ਸੀ।
ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਦੀਆਂ ਉਨ੍ਹਾਂ 11 ਮਹਿਲਾ ਵਿਧਾਇਕਾਂ ਵਿੱਚੋਂ ਨੌਂ ਵਿੱਚ ਸ਼ਾਮਲ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠ ਰਹੀਆਂ ਹਨ।
ਇੰਦਰਬੀਰ ਸਿੰਘ ਨਿੱਜਰ
ਅੰਮ੍ਰਿਤਸਰ ਦੱਖਣੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਉਹ ਚੀਫ਼ ਖਾਲਸਾ ਦੀਵਾਨ ਦੇ ਮੌਜੂਦਾ ਪ੍ਰਧਾਨ ਹਨ। ਉਨ੍ਹਾਂ ਨੂੰ 16ਵੀਂ ਪੰਜਾਬ ਵਿਧਾਨ ਸਭਾ ਦਾ ਪ੍ਰੋਟੈਮ ਸਪੀਕਰ ਨਿਯੁਕਤ ਕੀਤਾ ਗਿਆ ਸੀ।
ਇੰਦਰਬੀਰ ਸਿੰਘ ਨਿੱਝਰ ਨੇ ਸ੍ਰੀਨਗਰ ਤੋਂ ਐੱਮਬੀਬੀਐੱਸ ਕੀਤੀ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ ਤੋਂ ਉਨ੍ਹਾਂ ਨੇ ਐੱਮਡੀ ਕੀਤੀ ਅਤੇ ਰੇਡਿਓਲੋਜਿਸਟ ਹਨ।

ਤਸਵੀਰ ਸਰੋਤ, ANi
ਉਹ ਅੰਮ੍ਰਿਤਸਰ ਵਿਚ ਉਹ ਇੱਕ ਡਾਇਗਨਾਸਟਿਕ ਸੈਂਟਰ ਚਲਾਉਂਦੇ ਸਨ।
ਡਾ ਇੰਦਰਬੀਰ ਨਿੱਝਰ ਦਾ ਪਿਛੋਕੜ ਅਜਨਾਲਾ ਤਹਿਸੀਲ ਤੋਂ ਹੈ। ਉਹ ਡਾਕਟਰੀ ਪੇਸ਼ੇ ਦੇ ਨਾਲ ਨਾਲ ਉਹ ਅਜਨਾਲਾ ਤਹਿਸੀਲ ਉਹਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮ ਵੀ ਕਰਦੇ ਰਹੇ ਹਨ।
ਪੰਜਾਬ ਵਿਧਾਨ ਸਭਾ 2017 ਵਿੱਚ ਉਹ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੇ ਸਨ ਲੇਕਿਨ ਉਸ ਵੇਲੇ ਉਹ ਜਿੱਤ ਨਹੀਂ ਸਕੇ ਸਨ।
2022 ਪੰਜਾਬ ਵਿਧਾਨ ਸਭਾ ਦੇ ਚੋਣਾਂ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਜਿੱਤੇ। ਡਾ ਨਿੱਝਰ ਦੀਆਂ ਦੋ ਬੇਟੀਆਂ ਦੇ ਪਿਤਾ ਹਨ।
ਚੇਤਨ ਸਿੰਘ
ਚੇਤਨ ਸਿੰਘ ਜੌੜੇ ਮਾਜਰਾ 2022 ਚੋਣਾਂ ਦੌਰਾਨ ਸਮਾਣਾ ਹਲਕੇ ਤੋਂ ਆਪ ਦੇ ਵਿਧਾਇਕ ਚੁਣੇ ਗਏ। ਉਨ੍ਹਾਂ ਨੇ 39,713 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਉਹ ਪਾਰਟੀ ਦੇ ਪਟਿਆਲਾ ਪੇਂਡੂ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ।

ਤਸਵੀਰ ਸਰੋਤ, ANI
ਉਹ ਬਾਰ੍ਹਵੀਂ ਪਾਸ ਹਨ ਅਤੇ ਉਨ੍ਹਾਂ ਦਾ ਜਨਮ 1967 ਵਿੱਚ ਹੋੲਆ ਸੀ। ਉਹ ਖੇਤੀਬਾੜੀ ਅਤੇ ਬਿਜ਼ਨਸ ਦਾ ਕੰਮ ਕਰਦੇ ਹਨ।
2019 ਵਿੱਚ ਇੱਕ ਲੜਕੀ ਨੂੰ ਅਗਵਾ ਹੋਣ ਤੋਂ ਬਚਾਉਂਦਿਆਂ ਚੇਤਨ ਸਿੰਘ ਨੂੰ ਗੋਲੀ ਵੀ ਵੱਜੀ ਸੀ। ਚੋਣ ਕਮਿਸ਼ਨ ਨੂੰ ਦਿੱਤੀ ਜਾਣਕਾਰੀ ਮੁਤਾਬਕ ਚੇਤਨ ਸਿੰਘ ਉੱਤੇ ਕੋਈ ਕੇਸ ਦਰਜ ਨਹੀਂ ਹੈ।
ਫੌਜਾ ਸਿੰਘ
ਫੌਜਾ ਸਿੰਘ ਹਲਕਾ ਗੁਰੂਹਰਸਹਾਏ ਦੇ ਪਿੰਡ ਰਾਣਾ ਪੰਜਗਰਾਈਂ ਦੇ ਰਹਿਣ ਵਾਲੇ ਹਨ ਅਤੇ ਇਸ ਦੀ ਪਿੰਡ ਵਿੱਚ ਗਿਆਰਾਂ ਏਕੜ ਜ਼ਮੀਨ ਹੈ। ਉਨ੍ਹਾਂ ਦੇ ਤਿੰਨ ਬੇਟੀਆਂ ਹਨ।
ਇੱਕ ਧੀ ਨਿਊਜ਼ੀਲੈਂਡ ਸਟੱਡੀ ਵੀਜ਼ੇ 'ਤੇ ਗਈ ਹੋਈ ਹੈ ਅਤੇ ਦੋ ਬੇਟੀਆਂ ਪੰਜਾਬ ਵਿੱਚ ਹਨ ।
ਫੌਜਾ ਸਿੰਘ ਦੀ ਇੱਕ ਕੋਠੀ ਬਠਿੰਡੇ ਵਿਖੇ ਵੀ ਹੈ ਅਤੇ ਉਹ ਪੰਜਾਬ ਪੁਲਿਸ ਵਿੱਚੋਂ ਸਬ ਇੰਸਪੈਕਟਰ ਵਜੋਂ ਰਿਟਾਇਰ ਹੋਏ ਹਨ। ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ। ਰਿਟਾਇਰਮੈਂਟ ਤੋਂ ਬਾਅਦ ਫੌਜਾ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

ਤਸਵੀਰ ਸਰੋਤ, Ani
ਪਹਿਲੀ ਵਾਰ ਹਲਕਾ ਗੁਰੂਸਹਾਏ ਤੋਂ ਚੋਣ ਲੜ ਕੇ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਮਾਨ ਨੂੰ ਹਰਾ ਕੇ ਵਿਧਾਇਕ ਬਣੇ ਹਨ।
ਇਨ੍ਹਾਂ ਦੀ ਛੋਟੀ ਧੀ ਸਿਮਰਨ ਜੀਤ ਕੌਰ ਨੇ ਫੌਜਾ ਸਿੰਘ ਨੂੰ ਕਵਰ ਕਰਨ ਲਈ ਨਾਮਜ਼ਦਗੀ ਕਾਗਜ਼ ਵੀ ਭਰੇ ਸਨ। ਹੁਣ ਉਹ ਇਨ੍ਹਾਂ ਦੇ ਨਾਲ ਰਹਿ ਰਹੀ ਹੈ ਅਤੇ ਉਨ੍ਹਾਂ ਦੇ ਕੰਮਕਾਰ ਵਿੱਚ ਹੱਥ ਵਟਾ ਰਹੀ ਹੈ।
ਇਸ ਤੋਂ ਪਹਿਲਾਂ ਕੈਬਨਿਟ ਵਿੱਚ 10 ਮੰਤਰੀ ਸਨ। ਹਾਲਾਂਕਿ ਕੁਝ ਸਮਾਂ ਪਹਿਲਾਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤਹਿਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਸਿਹਤ ਮਹਿਕਮਾ ਵੀ ਮੁੱਖ ਮੰਤਰੀ ਭਗਵੰਤ ਮਾਨ ਕੋਲ ਚਲਾ ਗਿਆ ਸੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














