ਰਵੀ ਸਿੰਘ ਤੇ ਕੰਵਰਪਾਲ ਸਿੰਘ ਦੇ ਟਵਿੱਟਰ ਅਕਾਊਂਟ ਭਾਰਤ 'ਚ ਬੈਨ, ਸਮਝੋ ਟਵਿੱਟਰ ਕਦੋਂ ਅਜਿਹੀ ਪਾਬੰਦੀ ਲਗਾਉਂਦਾ ਹੈ

ਰਵੀ ਸਿੰਘ ਖ਼ਾਲਸਾ

ਤਸਵੀਰ ਸਰੋਤ, Ravi Singh Khalsa Aid-FB

ਤਸਵੀਰ ਕੈਪਸ਼ਨ, ਰਵੀ ਸਿੰਘ ਖ਼ਾਲਸਾ ਏਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੀ ਸੰਸਥਾ ਦੁਨੀਆਂ ਭਰ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੀ ਹੈ

ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਅਕਾਊਂਟ 'ਤੇ ਲਿਖਿਆ ਆ ਰਿਹਾ ਹੈ ਕਿ ਕਾਨੂੰਨੀ ਮੰਗ ਦੇ ਕਾਰਨ ਉਨ੍ਹਾਂ ਦੇ ਅਕਾਊਂਟ ਨੂੰ ਵਿਦਹੈਲਡ (ਰੋਕਿਆ) ਕੀਤਾ ਜਾ ਰਿਹਾ ਹੈ।

ਰਵੀ ਸਿੰਘ ਖ਼ਾਲਸਾ ਨੇ ਆਪ ਇਸ ਬਾਰੇ ਜਾਣਕਰੀ ਦਿੰਦੇ ਹੋਏ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਵੀਡੀਓ ਕੈਪਸ਼ਨ, ਖਾਲਸਾ ਏਡ ਮੁਖੀ ਦਾ ਟਵਿੱਟਰ ਅਕਾਊਂਟ ਬੈਨ, ਜਾਣੋ ਅਜਿਹਾ ਕਿਉਂ ਹੁੰਦਾ ਹੈ

ਇਸ ਵੀਡੀਓ 'ਚ ਉਨ੍ਹਾਂ ਕਿਹਾ, ''ਭਾਰਤ 'ਚ ਮੇਰਾ ਟਵਿੱਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ।''

ਨਾਲ ਹੀ ਉਨ੍ਹਾਂ ਨੇ ਆਪਣੇ ਇਸ ਵੀਡੀਓ 'ਚ ਕੁਝ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਉਨ੍ਹਾਂ ਦੇ ਅਕਾਊਂਟ ਦੇ ਬੈਨ ਨੂੰ ਆਪਣੇ ਮਤਲਬ ਲਈ ਇਸਤੇਮਾਲ ਨਾ ਕਰਨ।

ਉਨ੍ਹਾਂ ਕਿਹਾ, ''ਜੋ ਲੋਕ ਮੇਰੇ ਬੈਨ ਨੂੰ ਆਪਣੇ ਆਪ ਲਈ ਇਸਤੇਮਾਲ ਕਰ ਰਹੇ ਹਨ, ਲੰਗਰ ਦੇ ਖ਼ਿਲਾਫ਼ ਅਤੇ ਗੁਰੂ ਸਿਧਾਂਤਾਂ ਖ਼ਿਲਾਫ਼ ਗਲਤ ਪ੍ਰਚਾਰ ਕਰ ਰਹੇ ਹਨ, ਉਹ ਅਜਿਹਾ ਨਾ ਕਰਨ।''

ਉਨ੍ਹਾਂ ਨੇ ਆਪਣੇ ਬੈਨ ਹੋਏ ਟਵਿੱਟਰ ਅਕਾਊਂਟ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ।

ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ

ਤਸਵੀਰ ਸਰੋਤ, Ravi Singh Khalsa Aid/FB

ਤਸਵੀਰ ਕੈਪਸ਼ਨ, ਰਵੀ ਸਿੰਘ ਖ਼ਾਲਸਾ ਦਾ ਟਵਿੱਟਰ ਅਕਾਊਂਟ ਬੈਨ ਹੋਣ 'ਤੇ ਉਨ੍ਹਾਂ ਵੱਲੋਂ ਸ਼ੋਅਰ ਕੀਤੀ ਗਈ ਫੋਟੋ

ਇਸ ਤਸਵੀਰ ਦੇ ਨਾਲ ਉਨ੍ਹਾਂ ਲਿਖਿਆ, ''ਮੇਰਾ ਟਵਿੱਟਰ ਅਕਾਊਂਟ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਹੈ।''

''ਇਹ ਹੈ ਭਾਜਪਾ ਅਧੀਨ ਲੋਕਤੰਤਰ ਦਾ ਅਸਲੀ ਚਿਹਰਾ !! ਸਿੱਖਾਂ ਦੇ ਸੋਸ਼ਲ ਮੀਡੀਆ ਖਾਤਿਆਂ 'ਤੇ ਪਾਬੰਦੀ ਲਗਾਉਣਾ, ਸਾਨੂੰ ਆਪਣੀ ਆਵਾਜ਼ ਚੁੱਕਣ ਤੋਂ ਨਹੀਂ ਰੋਕੇਗਾ! ਅਸੀਂ ਇਸ ਨੂੰ ਹੋਰ ਉੱਚੀ ਕਰਾਂਗੇ!''

ਇਸ ਤੋਂ ਪਹਿਲਾਂ ਉਨ੍ਹਾਂ ਨੇ 26 ਜੂਨ ਨੂੰ ਇੱਕ ਹੋਰ ਪੋਸਟ ਪਾਈ ਸੀ ਜਿਸ 'ਚ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ 'ਐੱਸਵਾਈਐੱਲ' ਗੀਤ ਨੂੰ ਬੈਨ ਕਰਨ 'ਤੇ ਹੈਰਾਨੀ ਪ੍ਰਗਟਾਈ ਸੀ।

ਇਸੇ ਤਰ੍ਹਾਂ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਦਾ ਟਵਿੱਟਰ ਅਕਾਊਂਟ ਵੀ ਭਾਰਤ ਵਿੱਚ ਰੋਕਿਆ ਗਿਆ ਹੈ। ਹਾਲਾਂਕਿ ਉਨ੍ਹਾਂ ਦਾ ਫੇਸਬੁੱਕ ਅਕਾਊਂਟ ਪਿਛਲੇ ਮਹੀਨੇ ਹੀ ਬੰਦ ਕਰ ਦਿੱਤਾ ਗਿਆ ਸੀ।

ਕੰਵਰਪਾਲ ਸਿੰਘ ਨਾਲ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਇਸ ਮੁੱਦੇ ਉੱਪਰ ਗੱਲ ਕੀਤੀ।

ਟਵਿੱਟਰ

ਤਸਵੀਰ ਸਰੋਤ, FACEBOOK/TWITTER

''ਟਵਿੱਟਰ ਨੇ ਮੈਨੂੰ ਕਿਹਾ ਕਿ ਭਾਰਤ ਨੇ ਸ਼ਿਕਾਇਤ ਕੀਤੀ ਅਤੇ ਇਸ ਲਈ ਭਾਰਤ ਵਿੱਚ ਬੈਨ ਕਰ ਰਹੇ ਹਾਂ ਪਰ ਬਾਕੀ ਦੁਨੀਆਂ ਵਿੱਚ ਚੱਲੇਗਾ। ਜਦਕਿ ਫੇਸਬੁੱਕ ਨੇ ਕਿਹਾ ਕਿ ਤੁਹਾਡਾ ਅਕਾਊਂਟ ਸਰਵਰ ਤੋਂ ਹੀ ਡਿਲੀਟ ਕਰ ਰਹੇ ਹਾਂ।''

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਰਾਤ ਨੂੰ ਇੰਸਟਾਗ੍ਰਾਮ ਇੰਸਟਾਲ ਕੀਤਾ ਸੀ ਅਤੇ ਸਵੇਰੇ ਦੇਖਿਆ ਤਾਂ ਬੰਦ ਕੀਤਾ ਪਿਆ ਸੀ।

ਕੰਵਪਰਪਾਲ ਦੱਸਦੇ ਹਨ, ''ਇੰਸਟਾਗ੍ਰਾਮ ਨੇ ਕਿਹਾ ਹੈ ਕਿ ਤੁਹਾਡਾ ਅਕਾਊਂਟ ਸਾਡੀਆਂ ਕਮਿਊਨਿਟੀ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰਦਾ ਪਰ ਮੈਂ ਤਾਂ ਲਿਖਿਆ ਹੀ ਕੁਝ ਨਹੀਂ ਅਤੇ ਨਾ ਹੀ ਮੈਂ ਕਿਸੇ ਨੂੰ ਫੌਲੋ ਕੀਤਾ ਅਤੇ ਨਾ ਕਿਸੇ ਨੇ ਮੈਨੂੰ ਰਿਕੁਐਸਟ ਭੇਜੀ।''

ਇਸ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ''ਇਹ ਨਰੇਟਿਵ ਦੀ ਲੜਾਈ ਹੈ ਅਤੇ ਅਸੀਂ ਸਰਕਾਰ ਦਾ ਨਰੇਟਿਵ ਤੋੜ ਰਹੇ ਹਾਂ ਅਤੇ ਉਹ ਡਰੀ ਹੋਈ ਹੈ।''

ਕੰਵਰਪਾਲ ਸਿੰਘ

ਤਸਵੀਰ ਸਰੋਤ, kanwar pal singh

ਟਵਿੱਟਰ ਤੋਂ ਬੈਨ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਟਵਿੱਟਰ ਨੇ ਕਿਸੇ ਦਾ ਅਕਾਊਂਟ ਬੈਨ ਕੀਤਾ ਹੋਵੇ ਜਾਂ ਉਸ 'ਤੇ ਪਾਬੰਦੀ ਲਗਾਈ ਹੋਵੇ।

ਇਸ ਤੋਂ ਪਹਿਲਾਂ ਵੀ ਟਵਿੱਟਰ ਬਹੁਤ ਸਾਰੇ ਖਾਤੇ ਬੈਨ ਕਰ ਚੁੱਕਾ ਹੈ ਤੇ ਇਸ ਸੂਚੀ 'ਚ ਕਈ ਵੱਡੇ ਨਾਮ ਸ਼ਾਮਲ ਹਨ।

ਟਵਿੱਟਰ ਦਾ ਲੋਗੋ

ਤਸਵੀਰ ਸਰੋਤ, Twitter

ਤਸਵੀਰ ਕੈਪਸ਼ਨ, ਟਵਿੱਟਰ ਦਾ ਲੋਗੋ

ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ, ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ, ਕਾਂਗਰਸ ਆਗੂ ਰਾਹੁਲ ਗਾਂਧੀ (ਅਸਥਾਈ ਤੌਰ 'ਤੇ ਸਸਪੈਂਡ ਕੀਤਾ ਗਿਆ), ਸੰਯੁਕਤ ਕਿਸਾਨ ਮੋਰਚਾ ਦਾ ਅਧਿਕਾਰਿਤ ਅਕਾਊਂਟ ਅਤੇ ਕਈ ਹੋਰ ਅਕਾਊਂਟ ਵੀ ਹਨ।

ਹਾਲਾਂਕਿ, ਟਵਿੱਟਰ ਨੇ ਇਨ੍ਹਾਂ ਵਿੱਚੋਂ ਕੁਝ ਅਕਾਊਂਟਾਂ ਨੂੰ ਥੋੜ੍ਹੇ ਸਮੇਂ ਲਈ ਅਤੇ ਕੁਝ ਨੂੰ ਹਮੇਸ਼ਾ ਲਈ ਬੈਨ ਕੀਤਾ।

ਟਵਿੱਟਰ ਕਿਹੜੇ ਕਾਰਨਾਂ ਕਰਕੇ ਅਕਾਊਂਟ ਬੈਨ ਕਰਦਾ ਹੈ?

ਟਵਿੱਟਰ ਜਦੋਂ ਕਿਸੇ ਖਾਤੇ ਨੂੰ ਬੰਦ ਕਰਦਾ ਹੈ ਤਾਂ ਉਸ ਦੇ ਨਾਲ 'ਹੋਰ ਪੜ੍ਹੋ' ਦੀ ਇੱਕ ਆਪਸ਼ਨ ਵੀ ਦਿੰਦਾ ਹੈ, ਜਿਸ 'ਚ ਟਵਿੱਟਰ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਖਾਤੇ ਨੂੰ ਬੰਦ ਕਰਨ ਪਿੱਛੇ ਕੀ ਕਾਰਨ ਹੋ ਸਕਦੇ ਹਨ ਅਤੇ ਖਾਤੇ ਨੂੰ ਮੁੜ ਸੁਚਾਰੂ ਕਿਵੇਂ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਆਓ, ਇਸ ਨੂੰ ਸੌਖੀ ਭਾਸ਼ਾ 'ਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ:

ਕਿਉਂ ਲੱਗਦੀ ਹੈ ਪਾਬੰਦੀ?

ਟਵਿੱਟਰ ਮੁਤਾਬਕ, ਜਦੋਂ ਕੰਪਨੀ ਨੂੰ ਕਿਸੇ ਅਧਿਕਾਰਤ ਸੰਸਥਾਂ ਤੋਂ ਕਾਨੂੰਨੀ ਤੌਰ 'ਤੇ ਮੰਗ (ਲੀਗਲ ਡਿਮਾਂਡ) ਕੀਤੀ ਜਾਂਦੀ ਹੈ ਤਾਂ ਉਸ ਵੇਲੇ ਕਿਸੇ ਖ਼ਾਸ ਦੇਸ਼ ਵਿੱਚ ਉਹ ਕਿਸੇ ਖਾਤੇ ਵਿਸ਼ੇਸ਼ ਦੇ ਕੰਮਕਾਜ ਨੂੰ ਰੋਕ ਸਕਦੀ ਹੈ।

ਟਵਿੱਟਰ ਵੱਲੋਂ ਲਗਾਈਆਂ ਅਜਿਹੀਆਂ ਰੋਕਾਂ ਉਸ ਖਾਸ ਇਲਾਕੇ ਤੱਕ ਸੀਮਤ ਰਹਿੰਦੀਆਂ ਹਨ ਜਿੱਥੋਂ ਦੀ ਅਧਿਕਾਰਤ ਸੰਸਥਾ ਜਾਂ ਸਰਕਾਰ ਵੱਲੋਂ ਖਾਤੇ ਦੇ ਕੰਮਕਾਜ ਨੂੰ ਰੋਕਣ ਦੀ ਮੰਗ ਕੀਤੀ ਗਈ ਹੋਵੇ ਜਾਂ ਜਿੱਥੋਂ ਦੇ ਸਥਾਨਕ ਕਾਨੂੰਨਾਂ ਦੀ ਉਲੰਘਣਾ ਹੋਈ ਹੋਵੇ।

ਇਸ ਦੇ ਨਾਲ ਹੀ ਟਵਿੱਟਰ ਮੰਨਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਪਾਰਦਰਸ਼ਿਤਾ ਬਹੁਤ ਮਹੱਤਵਪੂਰਨ ਹੈ, ਇਸ ਲਈ ਨੋਟਿਸ ਦੀ ਪ੍ਰਕਿਰਿਆ ਵੀ ਮੌਜੂਦ ਹੈ।

ਇਸ ਲਈ ਕਿਸੇ ਖਾਤੇ ਜਾਂ ਸਮੱਗਰੀ ਲਈ ਪਾਬੰਦੀ ਦੀ ਬੇਨਤੀ ਆਉਣ 'ਤੇ ਟੱਵਿਟਰ ਉਸ ਖਾਤੇ ਨਾਲ ਸਬੰਧਤ ਵਿਅਕਤੀ ਨੂੰ ਸੂਚਨਾ ਭੇਜ ਕੇ ਜਾਣਕਾਰੀ ਦਿੰਦਾ ਹੈ।

ਪਰ ਕੁਝ ਖ਼ਾਸ ਹਾਲਾਤ ਵਿੱਚ ਬਿਨਾਂ ਨੋਟਿਸ ਦੇ ਵੀ ਅਕਾਊਂਟ ਬੰਦ ਕੀਤਾ ਜਾ ਸਕਦਾ ਹੈ।

ਟਵਿੱਟਰ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਵਿਚਾਰਾਂ ਦੇ ਪ੍ਰਗਟਾਵੇ ਦਾ ਸਨਮਾਨ ਕਰਦੇ ਹਨ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਸਥਾਨਕ ਕਾਨੂੰਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਹੈ।

ਟਵਿੱਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਵਿੱਟਰ ਮੁਤਾਬਕ, ਕਿਸੇ ਅਧਿਕਾਰਤ ਸੰਸਥਾਂ ਤੋਂ ਕਾਨੂੰਨੀ ਤੌਰ 'ਤੇ ਮੰਗ ਹੋਣ 'ਤੇ ਕਿਸੇ ਖ਼ਾਸ ਦੇਸ਼ ਵਿੱਚ ਕੰਪਨੀ ਕਿਸੇ ਖਾਤੇ ਵਿਸ਼ੇਸ਼ ਦੇ ਕੰਮਕਾਜ ਨੂੰ ਰੋਕ ਸਕਦੀ ਹੈ

ਤੁਹਾਨੂੰ ਕਿਵੇਂ ਪਤਾ ਲੱਗੇ ਕਿ ਤੁਹਾਡੇ ਕਿਸੇ ਟਵੀਟ 'ਤੇ ਰੋਕ ਲੱਗੀ ਹੈ ਅਤੇ ਕਿਉਂ ਲੱਗੀ ਹੈ?

ਜੇ ਕਿਸੇ ਟਵੀਟ ਦੀ ਥਾਂ ਅਜਿਹਾ ਲਿਖਿਆ ਆਉਂਦਾ ਹੈ ਕਿ - ਕਾਨੂੰਨੀ ਮੰਗ ਦੇ ਕਾਰਨ ਇਸ ਟਵੀਟ 'ਤੇ <ਦੇਸ਼> ਵਿੱਚ ਰੋਕ/ਪਾਬੰਦੀ ਲਗਾਈ ਗਈ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਟਵੀਟ 'ਤੇ ਟਵਿੱਟਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ।

ਅਜਿਹਾ ਟਵੀਟ ਪਾਬੰਦੀ ਵਾਲੇ ਦੇਸ਼ ਜਾਂ ਸਥਾਨ 'ਤੇ ਨਹੀਂ ਦਿਖਾਈ ਦੇਵੇਗਾ।

ਇਸੇ ਤਰ੍ਹਾਂ, ਸਥਾਨਕ ਕਾਨੂੰਨ ਦੇ ਮੁਤਾਬਕ ਵੀ ਅਜਿਹੀ ਪਾਬੰਦੀ ਲੱਗ ਸਕਦੀ ਹੈ।

ਅਕਾਊਂਟ ਜਾਂ ਖਾਤਾ ਬੰਦ ਹੋਣ 'ਤੇ ਕੀ ਨਜ਼ਰ ਆਵੇਗਾ?

ਜੇ ਕਿਸੇ ਦੇ ਟਵਿੱਟਰ ਅਕਾਊਂਟ ਜਾਂ ਖਾਤੇ 'ਤੇ ਕੰਪਨੀ ਵੱਲੋਂ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਅਜਿਹੇ 'ਚ ਉਸ ਅਕਾਊਂਟ 'ਤੇ ਜਾਣ ਉਪਰੰਤ ਉੱਥੇ ਇੱਕ ਮੈਸੇਜ ਦਿਖਾਈ ਦਿੰਦਾ ਹੈ ਕਿ - ਇਸ ਅਕਾਊਂਟ/ਟਵੀਟ 'ਤੇ <ਇਸ ਦੇਸ਼> ਵਿੱਚ ਕਾਨੂੰਨੀ ਮੰਗ ਜਾਂ ਸਥਾਨਕ ਕਾਨੂੰਨਾਂ ਕਰਕੇ ਪਾਬੰਦੀ ਲਗਾਈ ਜਾ ਰਹੀ ਹੈ।

ਟਵਿੱਟਰ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਇਹ ਉਪਭੋਗਤਾ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੇ ਖਾਤੇ ਜਾਂ ਸਮੱਗਰੀ ਸਬੰਧੀ ਆਈ ਪਾਬੰਦੀ ਦੀ ਕਿਸੇ ਬੇਨਤੀ ਨੂੰ ਚੁਣੌਤੀ ਦੇਣੀ ਹੈ ਜਾਂ ਨਹੀਂ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੀ ਕਿਸੇ ਸਮੱਗਰੀ ਨੂੰ ਰੋਕ ਦਿੱਤਾ ਗਿਆ ਹੈ?

ਟਵਿੱਟਰ ਦੇ ਸਹਾਇਤਾ ਕੇਂਦਰ ਸਬੰਧੀ ਪੇਜ 'ਤੇ ਦਿੱਤੀ ਜਾਣਕਾਰੀ ਮੁਤਾਬਕ, ਜਦੋਂ ਤੱਕ ਕੋਈ ਮਨਾਹੀ ਨਾ ਹੋਵੇ ਉਦੋਂ ਤੱਕ ਟਵਿੱਟਰ ਪ੍ਰਭਾਵਿਤ ਉਪਭੋਗਤਾਵਾਂ ਨੂੰ ਇਸ ਸਬੰਧੀ ਸੂਚਿਤ ਕਰਨ ਦੀ ਕੋਸ਼ਿਸ਼ ਕਰੇਗਾ।

ਇਸ ਦੇ ਲਈ ਟਵਿੱਟਰ ਵੱਲੋਂ, ਪ੍ਰਭਾਵਿਤ ਖਾਤੇ (ਖਾਤਿਆਂ) ਨਾਲ ਜੁੜੇ ਈਮੇਲ 'ਤੇ /ਜਾਂ ਟਵਿੱਟਰ ਐਪ 'ਤੇ ਉਪਭੋਗਤਾ ਨੂੰ ਸੂਚਨਾ ਦਿੱਤੀ ਜਾਵੇਗੀ ਕਿ ਕਿਸੇ ਤੀਜੀ-ਧਿਰ ਦੁਆਰਾ ਉਨ੍ਹਾਂ ਦੇ ਖਾਤੇ/ਸਮੱਗਰੀ 'ਤੇ ਪਾਬੰਦੀ ਦੀਆਂ ਬੇਨਤੀਆਂ ਕੀਤੀਆਂ ਹਨ।

ਇਸ ਸੂਚਨਾ ਵਿੱਚ, ਆਮ ਤੌਰ 'ਤੇ ਰਿਪੋਰਟ ਕੀਤੀ ਗਈ ਜਾਂ ਰੋਕੀ ਗਈ ਖਾਸ ਸਮੱਗਰੀ ਦੀ ਜਾਣਕਾਰੀ ਦੇ ਨਾਲ-ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ ਅਜਿਹੀ ਬੇਨਤੀ ਕਿਸ ਵੱਲੋਂ ਕੀਤੀ ਗਈ ਹੈ।

ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ?

ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਮੱਗਰੀ ਨੂੰ ਗਲਤੀ ਨਾਲ (ਕਾਨੂੰਨੀ ਮੰਗ ਅਨੁਸਾਰ) ਰੋਕਿਆ ਗਿਆ ਹੈ, ਤਾਂ ਤੁਸੀਂ ਉਸ ਈਮੇਲ ਦਾ ਸਿੱਧਾ ਜਵਾਬ ਦੇ ਕੇ ਅਪੀਲ ਕਰ ਸਕਦੇ ਹੋ ਜੋ ਟਵਿੱਟਰ ਵੱਲੋਂ ਤੁਹਾਨੂੰ ਭੇਜੀ ਜਾਂਦੀ ਹੈ।

(ਜੇਕਰ ਸਥਾਨਕ ਕਨੂੰਨ ਦੇ ਆਧਾਰ 'ਤੇ ਰੋਕ ਲੱਗੀ ਹੈ) ਤਾਂ ਤੁਸੀਂ ਟਵਿੱਟਰ ਦੇ ਮਦਦ ਕੇਂਦਰ (ਹੈਲਪ ਸੈਂਟਰ) ਰਾਹੀਂ ਕੰਪਨੀ ਦੇ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹੋ।

ਇਹ ਉਪਭੋਗਤਾ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੇ ਖਾਤੇ ਜਾਂ ਸਮੱਗਰੀ ਸਬੰਧੀ ਆਈ ਕਿਸੇ ਬੇਨਤੀ ਨੂੰ ਚੁਣੌਤੀ ਦੇਣੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)