ਇੰਸਟਾਗ੍ਰਾਮ ਉੱਪਰ ਹੁਣ ਇਸ ਤਕਨੀਕ ਕਾਰਨ ਅੱਲੜ੍ਹ ਆਪਣੀ ਉਮਰ ਗਲਤ ਨਹੀਂ ਦੱਸ ਸਕਣਗੇ

ਤਸਵੀਰ ਸਰੋਤ, Getty Images
- ਲੇਖਕ, ਲਿਵ ਮੈਕਮੋਹਨ
- ਰੋਲ, ਟੈਕਨੌਲੋਜੀ ਟੀਮ
ਇੰਸਟਾਗ੍ਰਾਮ ਆਪਣੇ ਪਲੇਟਫਾਰਮ ਉੱਪਰ ਆਉਣ ਵਾਲੇ ਅਲੜ੍ਹਾਂ ਦੀ ਸਹੀ ਉਮਰ ਪਤਾ ਕਰਨ ਲਈ ਨਵੇਂ ਤਰੀਕੇ ਅਜ਼ਮਾ ਰਿਹਾ ਹੈ।
ਉਮਰ ਦੀ ਪੁਸ਼ਟੀ ਕਰਨ ਲਈ ਆਧੁਨਿਕ ਤਕਨੀਕ ਵਜੋਂ ਇੰਸਾਟਾਗ੍ਰਾਮ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਵੀਡੀਓ ਸੈਲਫ਼ੀਜ਼ ਦੀ ਵਰਤੋਂ ਕਰੇਗਾ।
ਕੁਝ ਵਰਤੋਂਕਾਰ ਆਪਣੀ ਜਨਮ ਤਰੀਕ ਗ਼ਲਤ ਲਿਖ ਕੇ ਪਲੇਟਫਾਰਮ ਦੀ 13 ਸਾਲ ਤੋਂ ਵੱਧ ਉਮਰ ਦੀ ਸ਼ਰਤ ਨੂੰ ਝਕਾਨੀ ਦੇਣ ਦੀ ਕੋਸ਼ਿਸ਼ ਕਰਦੇ ਹਨ।
ਹਾਲਾਂਕਿ ਅਮਰੀਕਾ ਵਿੱਚ ਜਿਹੜੇ ਅੱਲੜ੍ਹ ਹੁਣ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਨੂੰ ਆਪਣੀ ਉਮਰ ਸਾਬਤ ਕਰਨ ਲਈ ਤਿੰਨ ਵਿਕਲਪ ਦਿੱਤੇ ਜਾਣਗੇ।
ਇਹ ਵਿਕਲਪ ਹਨ- ਪਛਾਣ ਪੱਤਰ ਅਪਲੋਡ ਕਰਕੇ, ਇੰਸਟਾਗ੍ਰਾਮ ਵਰਤਣ ਵਾਲੇ ਤਿੰਨ ਬਾਲਗਾਂ ਦੀ ਗਵਾਹੀ ਜਾਂ ਵੀਡੀਓ ਸੈਲਫ਼ੀ ਰਾਹੀਂ।
ਇੰਸਟਾਗ੍ਰਾਮ ਦੀ ਮਾਲਕ ਕੰਪਨੀ ਫੇਸਬੁੱਕ ਜੋ ਕਿ ਹੁਣ ਮੈਟਾ ਹੈ ਨੇ ਕਿਹਾ ਹੈ ਕਿ ਇਸ ਤਬਦੀਲੀ ਨਾਲ ਹੁਣ ਪਲੇਟਫਾਰਮ ਉੱਪਰ ਅੱਲੜ੍ਹਾਂ ਨੂੰ ਉਮਰ ਅਨੁਸਾਰ ਅਨੁਭਵ ਦੇਣ ਵਿੱਚ ਮਦਦ ਮਿਲੇਗੀ।
ਅਤੀਤ ਵਿੱਚ ਇੰਸਟਾਗ੍ਰਾਮ ਨੂੰ ਬੱਚਿਆਂ ਲਈ ਸੁਰੱਖਿਅਤ ਨਾ ਹੋਣ ਕਾਰਨ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਤਸਵੀਰ ਸਰੋਤ, META
ਅਮਰੀਕਾ ਵਿੱਚ ਕਈ ਸੂਬਿਆਂ ਨੇ ਪਿਛਲੇ ਸਾਲ ਬੱਚਿਆਂ ਨਾਲ ਇੰਸਟਾਗ੍ਰਾਮ ਉੱਪਰ ਹੁੰਦੇ ਮਾੜੇ ਤਜ਼ਰਬੇ ਲਈ ਜਾਂਚ ਕੀਤੀ ਸੀ।
ਵਿੱਲ ਗਾਰਡਨਰ ਓਬੀਈ ਜੋ ਕਿ ਚਾਈਲਡਨੈਟ ਦੇ ਮੁੱਖ ਕਾਰਜਕਾਰੀ ਅਤੇ ਯੂਕੇ ਸੇਫਰ ਇੰਟਰਨੈਟ ਸੈਂਟਰ ਦੇ ਨਿਰਦੇਸ਼ਕ ਹਨ ਉਨ੍ਹਾਂ ਮੁਤਾਬਕ ਇੰਸਟਾਗ੍ਰਾਮ ਵੱਲੋਂ ਕੀਤੇ ਜਾ ਰਹੇ ਤਜ਼ਰਬੇ ਉਤਸ਼ਾਹਜਨਕ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਬੱਚਿਆਂ ਨੂੰ ਇੰਟਰਨੈੱਟ ਉੱਪਰ ਉਸ ਸਮੱਗਰੀ ਤੋਂ ਮਹਿਫ਼ੂਜ਼ ਰੱਖਣ ਲਈ ਜੋ ਉਨ੍ਹਾਂ ਲਈ ਨਹੀਂ ਹੈ ਅਤੇ ਉਨ੍ਹਾਂ ਦੇ ਅਨੁਭਵ ਨੂੰ ਉਮਰ ਮੁਤਾਬਕ ਅਨੁਭਵ ਦੇਣ ਲਈ ਕੋਸ਼ਿਸ਼ਾਂ ਦੀਆਂ ਸੰਭਾਵਨਾਵਾਂ ਹਨ।"
5ਰਾਈਟਸ ਸੰਸਥਾ ਮੁਤਾਬਕ ਪਲੇਟਫਾਰਮਾਂ ਨੂੰ ਨਾ ਦੇਖੋ ਨਾ ਭਾਲੋ ਵਾਲਾ ਵਤੀਰਾ ਪਿੱਛੇ ਛੱਡਣਾ ਪਵੇਗਾ ਜਿਸ ਕਾਰਨ ਲੱਖਾਂ ਬੱਚੇ ਖ਼ਤਰੇ ਵਿੱਚ ਹਨ। ਸੰਸਥਾ ਦਾ ਕਹਿਣਾ ਹੈ ਕਿ ਵਰਤਣ ਵਾਲਿਆਂ ਦੀ ਸਿਰਫ਼ ਉਮਰ ਜਾਣ ਲੈਣਾ ਕਾਫ਼ੀ ਨਹੀਂ ਹੈ।
ਇਸੇ ਮਹੀਨੇ ਇੰਸਟਾਗ੍ਰਾਮ ਵਰਤਣ ਵਾਲੇ ਬੱਚਿਆਂ ਦੀਆਂ ਸਰਗਰਮੀਆਂ ਉੱਪਰ ਨਿਗ੍ਹਾ ਰੱਖਣ ਲਈ ਉਨ੍ਹਾਂ ਦੇ ਮਾਪਿਆਂ ਲਈ ਵੀ ਕੁਝ ਫੀਚਰ ਜਾਰੀ ਕੀਤੇ ਗਏ ਸਨ।
ਹੁਣ ਮਾਪੇ ਆਪਣੇ ਬੱਚਿਆਂ ਲਈ ਸਮਾਂ ਸੀਮਾ ਤੈਅ ਕਰ ਸਕਦੇ ਹਨ।
ਵੀਡੀਓ: ਸੋਸ਼ਲ ਸਾਈਟਾਂ ਤੁਹਾਨੂੰ ਆਦੀ ਬਣਾਉਣ ਲਈ ਕੀ ਕਰਦੀਆਂ ਹਨ
ਅੱਲੜ੍ਹ ਹੁਣ ਜੇ ਅਜਿਹੀ ਸਮੱਗਰੀ ਦੀ ਤਲਾਸ਼ ਕਰਨਗੇ ਜੋ ਉਨ੍ਹਾਂ ਨੂੰ ਨਹੀਂ ਦੇਖਣੀ ਚਾਹੀਦੀ ਜਾਂ ਜੇ ਉਹ ਲੰਬੇ ਸਮੇਂ ਤੱਕ ਸਕਰੋਲ ਕਰਦੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਕੁਝ ਦੇਰ ਦਾ ਬ੍ਰੇਕ ਲੈਣ ਲਈ ਕਿਹਾ ਜਾਵੇਗਾ।
ਵੀਡੀਓ ਸੈਲਫ਼ੀਆਂ ਅਤੇ ਸੋਸ਼ਲ ਵਾਊਚਿੰਗ
ਵੀਡੀਓ ਸੈਲਫ਼ੀਆਂ ਵਰਤੋਂਕਾਰਾਂ ਦੀ ਉਮਰ ਦੀ ਤਸਦੀਕ ਕਰਨ ਲਈ ਵਰਤਿਆ ਜਾਣ ਵਾਲਾ ਆਮ ਫ਼ੀਚਰ ਹੈ। ਅਕਸਰ ਇਸਦੀ ਵਰਤੋਂ ਬੈਂਕਿੰਗ ਐਪਲੀਕੇਸ਼ਨਾਂ ਵੱਲੋਂ ਕੀਤੀ ਜਾਂਦੀ ਹੈ।
ਇੰਸਟਾਗ੍ਰਾਮ ਵੀ ਇਹ ਫ਼ੀਚਰ ਇਸਤੇਮਾਲ ਕਰਦਾ ਹੈ, ਜਦੋਂ ਵਰਤੋਂਕਾਰ ਆਪਣੀ ਪ੍ਰੋਫਾਈਲ ਲੌਗਇਨ ਨਾ ਕਰ ਸਕਣ ਤਾਂ ਉਹ ਇਸ ਰਾਹੀਂ ਆਪਣੀ ਪਛਾਣ ਸਥਾਪਿਤ ਕਰ ਸਕਦੇ ਹਨ।
ਮੈਟਾ ਨੇ ਬ੍ਰਿਟੇਨ ਵਿੱਚ ਡਿਜੀਟਲ ਆਈਡੈਂਟੀਫਿਕੇਸ਼ਨ ਮੁਹਈਆ ਕਵਰਾਉਣ ਵਾਲੇ ਯੋਤੀ ਨਾਲ ਕਰਾਰ ਕੀਤਾ ਹੈ। ਯੋਤੀ ਦੀ ਤਕਨੀਕ ਮਨੁੱਖੀ ਚਿਹਰੇ ਦੇ ਵਿਸ਼ਲੇਸ਼ਣ ਤੋਂ ਵਿਅਕਤੀ ਦੀ ਉਮਰ ਦਾ ਕਿਆਸ ਲਗਾਉਣ ਦੇ ਸਮਰੱਥ ਹੈ।

ਤਸਵੀਰ ਸਰੋਤ, META
ਯੋਤੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅਲਗੌਰਿਦਮ ਅਣਪਛਾਤੇ ਲੋਕਾਂ ਦੇ ਚਿਹਰਿਆਂ ਤੋਂ ਉਮਰ ਪਛਾਣ ਸਕਦੀ ਹੈ। ਇਹ ਤਕਨੀਕ ਸਿਰਫ਼ ਉਮਰ ਦਾ ਹੀ ਪਤਾ ਲਗਾ ਸਕਦੀ ਹੈ ਅਤੇ ਉਨ੍ਹਾਂ ਬਾਰੇ ਕਿਸੇ ਹੋਰ ਜਾਣਕਾਰੀ ਨਹੀਂ ਕੱਢ ਸਕਦੀ।
ਮਈ ਵਿੱਚ ਛਪੇ ਇੱਕ ਵ੍ਹਾਈਟ ਪੇਪਰ ਵਿੱਚ ਕਿਹਾ ਗਿਆ ਕਿ ਤਕਨੀਕ 12 ਸਾਲ ਤੱਕ ਦੇ ਬੱਚਿਆਂ ਦੀ ਉਮਰ ਪਛਾਨਣ ਵਿੱਚ ਕਾਮਯਾਬ ਰਹੀ ਹੈ। ਹਾਲਾਂਕਿ ਇਸ ਵਿੱਚ ਉਸ ਤੋਂ 1.36 ਸਾਲ ਦੀ ਭੁੱਲ ਹੋ ਜਾਂਦੀ ਹੈ।
ਇਸ ਤੋਂ ਇਲਾਵਾ 13 ਤੋਂ 19 ਸਾਲ ਦੇ ਲੋਕਾਂ ਵਿੱਚ 1.52 ਸਾਲ ਦੀ ਭੁੱਲ ਦੀ ਗੁੰਜਾਇਸ਼ ਰਹਿੰਦੀ ਹੈ।
ਮੈਟਾ ਨੇ ਕਿਹਾ ਹੈ ਕਿ ਇੱਕ ਵਾਰ ਉਮਰ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਤਸਵੀਰ ਡਿਲੀਟ ਕਰ ਦਿੱਤੀ ਜਾਵੇਗੀ।
ਇਸ ਤੋਂ ਇਲਾਵਾ ਲੋਕ ਤਿੰਨ ਹੋਰ ਇੰਸਟਾਗ੍ਰਾਮ ਵਰਤੋਂਕਾਰਾਂ ਨੂੰ ਆਪਣੇ ਲਈ ਗਵਾਹੀ (ਸੋਸ਼ਲ ਵਾਊਚਿੰਗ) ਦੇਣ ਨੂੰ ਕਹਿ ਸਕਦੇ ਹਨ। ਗਵਾਹੀ ਦੇਣ ਵਾਲੇ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਹ ਇੱਕ ਸਮੇਂ 'ਤੇ ਕਿਸੇ ਇੱਕ ਲਈ ਹੀ ਗਵਾਹੀ ਦੇ ਸਕਣਗੇ।

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ 'ਤੇ ਸੁਰੱਖਿਆ
ਯੂਨੀਵਰਿਸਟੀ ਆਫ਼ ਸ਼ੈਫ਼ੀਲਡ ਵਿੱਚ ਡਿਜੀਟਲ ਮੀਡੀਆ ਅਤੇ ਸਮਾਜ ਦੇ ਲੈਕਚਰਾਰ ਡਾ. ਯਸਬੈਲ ਜਿਰਾਰਡ ਕਹਿੰਦੇ ਹਨ ਕਿ ਇੰਸਟਾਗ੍ਰਾਮ ਵਿੱਚੋਂ ਜਾਰੀ ਕੀਤੀਆਂ ਗਈਆਂ ਨਵੀਂ ਪੀੜ੍ਹੀ ਦੀਆਂ ਵਿਧੀਆਂ ਲੋਕਾਂ ਨੂੰ ਉਨ੍ਹਾਂ ਦੇ ਪਛਾਣ ਪੱਤਰ ਅਪਲੋਡ ਕਰਨ ਲਈ ਪੁੱਛੇ ਜਾਣ ਤੋਂ ਬਿਹਤਰ ਕਦਮ ਹਨ।
ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅੱਲੜ੍ਹਾਂ ਦੀ ਸਿਰਫ਼ ਉਮਰ ਦੀ ਪੁਸ਼ਟੀ ਕਰ ਲੈਣਾ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਬਾਰੇ ਵੀ ਅਧਿਐਨ ਹੋਣਾ ਚਾਹੀਦਾ ਹੈ ਕਿ ਅੱਲੜ੍ਹ ਆਪਣੀ ਉਮਰ ਬਾਰੇ ਝੂਠ ਬੋਲ ਕੇ ਸੋਸ਼ਲ ਮੀਡੀਆ ਉੱਪਰ ਅਕਾਊਂਟ ਬਣਾਉਂਦੇ ਹੀ ਕਿਉਂ ਹਨ।
ਡਾ. ਜਿਰਾਰਡ ਦਾ ਕਹਿਣਾ ਹੈ ਕਿ ਸਾਰੇ ਅੱਲੜ੍ਹ ਬੁਰੀਆਂ ਚੀਜ਼ਾਂ ਕਰਨ ਜਾਂ ਦੇਖਣ ਲਈ ਹੀ ਅਕਾਊਂਟ ਨਹੀਂ ਬਣਾਉਂਦੇ ਹਨ।
''ਤਕਨੀਕੀ ਤੌਰ 'ਤੇ ਬਾਲਗ ਵਜੋਂ ਰਜਿਸਟਰ ਹੋਣ ਨਾਲ ਸ਼ਾਇਦ ਉਨ੍ਹਾਂ ਨੂੰ ਆਪਣੇ ਪ੍ਰਤੀ ਸੁਰੱਖਿਅਤ ਮਹਿਸੂਸ ਹੁੰਦਾ ਹੈ। ਉਨ੍ਹਾਂ ਨੂੰ ਲਗਦਾ ਹੈ ਉਨ੍ਹਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ।''
ਜਿਰਾਰਡ ਦਾ ਕਹਿਣਾ ਹੈ ਕਿ ਇੰਸਟਾਗ੍ਰਾਮ ਵੱਲੋਂ ਚੁੱਕਿਆ ਕਦਮ ਇੱਕ ਹੋਰ ਵੱਡਾ ਸਵਾਲ ਇਹ ਖੜ੍ਹਾ ਕਰਦਾ ਹੈ ਕਿ ਆਖਰ ਸੋਸ਼ਲ ਮੀਡੀਆ ਉੱਪਰ ਬੱਚਿਆਂ ਨੂੰ ਕੀ ਚੀਜ਼ ਸੁਰੱਖਿਅਤ ਮਹਿਸੂਸ ਕਰਵਾਉਂਦੀ ਹੈ।
''ਆਪਣੇ ਆਪ ਨੂੰ ਬਾਲਗ ਦਿਖਾਉਣਾ ਉਨ੍ਹਾਂ ਵਿੱਚੋਂ ਇੱਕ ਹੈ। ਇਹ ਕੌੜੀ ਸਚਾਈ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਜਿਹਾ ਨਹੀਂ ਹੋ ਰਿਹਾ ਹੈ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post













