ਪੰਜਾਬ ਚੋਣਾਂ: ਬਹੁਕੋਣੇ ਮੁਕਾਬਲੇ ਵਿੱਚ ਕਿਸ ਪਾਸੇ ਝੁਕ ਸਕਦਾ ਹੈ ਦਲਿਤ ਵੋਟਰ

ਪੰਜਾਬ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ (ਸੰਕੇਤਕ ਤਸਵੀਰ)
    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਇਸ ਵਾਰ ਮੁਕਾਬਲਾ ਬਹੁਕੋਣੀ ਹੈ। ਇਨ੍ਹਾਂ ਚੋਣਾਂ ਵਿੱਚ ਦਲਿਤ ਭਾਈਚਾਰੇ ਦੀਆਂ ਵੋਟਾਂ ਬਾਰੇ ਚਰਚਾ ਚੱਲ ਰਹੀ ਹੈ।

ਪੰਜਾਬ ਦੀਆਂ ਚੋਣਾਂ ਵਿੱਚ ਦਲਿਤ ਭਾਈਚਾਰਾ ਕਿੰਨਾ ਅਹਿਮ ਹੈ ਅਤੇ ਇਸ ਦਾ ਵੋਟਿੰਗ ਰੁਝਾਨ ਕੀ ਰਿਹਾ ਹੈ ਅਤੇ ਇਸ ਵਾਰ ਇਹ ਕਿਸ ਪਾਸੇ ਝੁਕ ਸਕਦਾ ਹੈ।

ਅਜਿਹੇ ਸਵਾਲਾਂ ਦੇ ਜਵਾਬ ਇਸ ਰਿਪੋਰਟ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।

ਪੰਜਾਬ ਵਿੱਚ ਦਲਿਤ ਮੁੱਖ ਮੰਤਰੀ, ਉੱਪ ਮੁੱਖ ਮੰਤਰੀ ਬਣਾਉਣ ਦੀ ਗੱਲ ਤਾਂ ਹੋ ਰਹੀ ਹੈ, ਪਰ ਦਲਿਤਾਂ ਦੇ ਮੁੱਦੇ ਕਿੱਧਰੇ ਚਰਚਾ ਵਿੱਚ ਨਹੀਂ ਦਿਖ ਰਹੇ।

ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ 32 ਫ਼ੀਸਦੀ ਦਲਿਤ ਭਾਈਚਾਰੇ ਨੂੰ ਆਪਣੇ ਪੱਖ਼ ਵਿੱਚ ਕਰਨ ਲਈ ਸਾਰੀਆਂ ਰਵਾਇਤੀ ਤੇ ਨਵੀਆਂ ਪਾਰਟੀਆਂ ਜੱਦੋਜਹਿਦ ਵਿੱਚ ਲੱਗੀਆਂ ਹੋਈਆਂ ਹਨ।

ਦਲਿਤ ਭਾਈਚਾਰੇ ਵਿਚ ਵੰਡੀਆਂ

ਪੰਜਾਬ ਦਾ ਦਲਿਤ ਭਾਈਚਾਰਾ ਮੁੱਖ ਤੌਰ ਉੱਤੇ 4 ਤਰੀਕੇ ਨਾਲ ਵੰਡਿਆ ਨਜ਼ਰ ਆਉਂਦਾ ਹੈ।

ਪਹਿਲਾ ਧਰਮ ਦੇ ਅਧਾਰ ਉੱਤੇ, ਦੂਜਾ ਸਿਆਸੀ ਵਿਚਾਰਧਾਰਾ, ਤੀਜਾ ਖੇਤਰੀ ਅਧਾਰ ਅਤੇ ਚੌਥਾ ਜਾਤ ਅਧਾਰਤ।

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਜ਼ਿੰਦਗੀ ਦੇ ਕੁਝ ਅਹਿਮ ਕਿੱਸੇ

ਧਰਮ ਅਧਾਰਿਤ

ਸਮਾਜਿਕ ਨਿਆਂ ਅਤੇ ਭਲਾਈ ਮੰਤਰਾਲੇ ਦੀ 2018 ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਦਲਿਤਾਂ ਦੀਆਂ 39 ਉਪ ਜਾਤੀਆਂ ਹਨ।

ਧਰਮ ਦੇ ਅਧਾਰ ਉੱਤੇ ਦੇਖਿਆ ਜਾਵੇ ਤਾਂ ਦਲਿਤ 5 ਧਰਮਾਂ ਵਿੱਚ ਵੰਡੇ ਹੋਏ ਹਨ, ਇਹ ਹਨ ਸਿੱਖ, ਹਿੰਦੂ, ਇਸਾਈ, ਮੁਸਲਿਮ ਅਤੇ ਬੋਧੀ।

ਡੇਰਾ ਸੱਚਾ ਸੌਦਾ,ਡੇਰਾ ਸੱਚਖੰਡ ਬੱਲਾਂ ਅਤੇ ਹੋਰ ਕਈ ਡੇਰੇ ਦਲਿਤ ਭਾਈਚਾਰੇ ਵਿੱਚ ਆਪਣਾ ਪ੍ਰਭਾਵ ਰੱਖਦੇ ਹਨ।

ਦਲਿਤ ਭਾਈਚਾਰਾ ਰਾਮਦਾਸੀਏ, ਰਵਿਦਾਸੀਆ, ਆਦਿਧਰਮੀ, ਮਜ਼੍ਹਬੀ ਸਿੱਖ ਅਤੇ ਬਾਲਮੀਕੀ ਉਪ ਜਾਤੀਆਂ ਵਿੱਚ ਵੰਡਿਆ ਹੋਇਆ ਹੈ।

ਸਿਆਸੀ ਵਿਚਾਰਧਾਰਾ

ਭਾਵੇਂ ਕਿ ਪੰਜਾਬ ਵਿੱਚ ਦਲਿਤ ਭਾਈਚਾਰੇ ਵਿੱਚ ਕਾਂਗਰਸ ਦਾ ਮਜ਼ਬੂਤ ਅਧਾਰ ਰਿਹਾ ਹੈ, ਪਰ ਬਹੁਜਨ ਸਮਾਜ ਪਾਰਟੀ ਨੇ ਕਿਸੇ ਸਮੇਂ ਇਸ ਨੂੰ ਚੰਗਾ ਖੋਰਾ ਲਾਇਆ।

ਇਸ ਤੋਂ ਇਲਾਵਾ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਵਿੱਚ ਵੀ ਇਨ੍ਹਾਂ ਦੀ ਜ਼ਿਕਰਯੋਗ ਨੁਮਾਇੰਦਗੀ ਹੈ।

ਪੰਜਾਬ ਦੀ ਕੋਈ ਅਜਿਹੀ ਸਿਆਸੀ ਪਾਰਟੀ ਨਹੀਂ ਹੈ, ਜਿਸ ਵਿੱਚ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਨਾ ਹੋਵੇ।

ਇਹ ਵੀ ਪੜ੍ਹੋ-

ਖੇਤਰੀ ਅਬਾਦੀ

ਅਬਾਦੀ ਦੇ ਹਿਸਾਬ ਨਾਲ ਵੀ ਦਲਿਤ ਭਾਈਚਾਰੇ ਦਾ ਫ਼ਰਕ ਸਾਫ਼ ਨਜ਼ਰ ਆਉਂਦਾ ਹੈ। ਦਲਿਤਾਂ ਦੀ ਅਬਾਦੀ ਫ਼ੀਸਦ ਦੇ ਹਿਸਾਬ ਨਾਲ ਸਭ ਤੋਂ ਵੱਧ ਗਿਣਤੀ ਦੁਆਬੇ ਵਿੱਚ, 37 ਫ਼ੀਸਦ ਹੈ।

ਦੁਆਬਾ ਬਿਆਸ ਤੇ ਸਤਲੁਜ ਦਰਿਆ ਦੇ ਵਿਚਕਾਰ ਦਾ ਖੇਤਰ ਹੈ, ਜਿਸ ਵਿੱਚ ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਜ਼ਿਲ੍ਹੇ ਮੁੱਖ ਤੌਰ ਉੱਤੇ ਆਉਂਦੇ ਹਨ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਰਵਾਇਤੀ ਕਾਰੀਗਰੀ ਦਾ ਕੰਮ ਕਰਦੇ ਸਨ। ਪੰਜਾਬ ਤੋਂ ਵਿਦੇਸ਼ਾਂ ਵਿੱਚ ਪਰਵਾਸ ਕਰਨ ਵਾਲਿਆਂ ਵਿੱਚ ਇਹ ਖਿੱਤਾ ਮੋਹਰੀ ਹੈ ਅਤੇ ਦੁਆਬੇ ਦੇ ਦਲਿਤ ਵੀ ਇਸ ਵਿੱਚ ਪਿੱਛੇ ਨਹੀਂ ਰਹੇ।

ਪੰਜਾਬ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿਚ ਦਲਿਤ ਭਾਈਚਾਰੇ ਵਿਚ ਕਾਂਗਰਸ ਦਾ ਮਜ਼ਬੂਤ ਅਧਾਰ ਰਿਹਾ ਹੈ, ਪਰ ਬਹੁਜਨ ਸਮਾਜ ਪਾਰਟੀ ਨੇ ਕਿਸੇ ਸਮੇਂ ਇਸ ਨੂੰ ਚੰਗਾ ਖੋਰਾ ਲਾਇਆ (ਸੰਕੇਤਕ ਤਸਵੀਰ)

ਸਤਲੁਜ ਦਰਿਆ ਤੋਂ ਦੱਖਣ ਵੱਲ ਦਾ ਸਾਰਾ ਇਲਾਕਾ ਮਾਲਵਾ ਕਿਹਾ ਜਾਂਦਾ ਹੈ ਅਤੇ ਇੱਥੇ ਦਲਿਤਾਂ ਦੀ ਅਬਾਦੀ 31 ਫ਼ੀਸਦ ਹੈ।

ਰੋਪੜ ਤੋਂ ਬਠਿੰਡੇ ਤੱਕ ਦਾ ਸਾਰਾ ਇਲਾਕਾ ਮਾਲਵੇ ਵਿੱਚ ਗਿਣਿਆ ਜਾਂਦਾ ਹੈ। ਮਾਝੇ ਵਿੱਚ 29 ਫ਼ੀਸਦ ਦਲਿਤ ਵਸੋਂ ਹੈ। ਬਿਆਸ ਤੇ ਰਾਵੀ ਵਿਚਲੇ ਖੇਤਰ ਨੂੰ ਮਾਝਾ ਖੇਤਰ ਕਿਹਾ ਜਾਂਦਾ ਹੈ।

ਇਸ ਵਿੱਚ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਨਾਕੋਟ ਜ਼ਿਲ੍ਹੇ ਹਨ।

ਮਾਲਵੇ ਅਤੇ ਮਾਝੇ ਦੀ ਜ਼ਿਆਦਾਤਰ ਦਲਿਤ ਅਬਾਦੀ ਮਜ਼੍ਹਬੀ ਸਿੱਖ ਹਨ, ਖੇਤ ਮਜ਼ਦੂਰੀ ਅਤੇ ਬੇਜ਼ਮੀਨੀਂ ਖੇਤੀ ਉਨ੍ਹਾਂ ਦਾ ਮੁੱਢਲਾ ਕਿੱਤਾ ਰਿਹਾ ਹੈ।

ਜਾਤ ਅਧਾਰਤ ਰਾਖਵਾਂਕਰਨ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੋਸ਼ਲ ਸਾਇੰਸ ਦੀ ਪ੍ਰੋਫ਼ੈਸਰ ਪੈਂਪਾ ਮੁਖਰਜੀ ਦੇ ਇੱਕ ਲੇਖ ਮੁਤਾਬਕ ਦਲਿਤਾਂ ਦੀ ਵਰਗ ਵੰਡ ਇਸ ਤੱਥ ਤੋਂ ਵੀ ਸਾਫ਼ ਹੋ ਜਾਂਦੀ ਹੈ, 39ਉਪ ਜਾਤੀਆਂ ਨੂੰ 25 ਫ਼ੀਸਦ ਰਾਖਵਾਂਕਰਨ ਦਿੱਤਾ ਗਿਆ ਹੈ।

ਵੀਡੀਓ ਕੈਪਸ਼ਨ, ਜੁੱਤੀਆਂ ਗੰਢਦਾ ਪੰਜਾਬੀ ਲੇਖਕ, ਸਮਾਜ ਨੂੰ ਗੰਢਣ ਦੇ ਸੁਪਨੇ ਵੇਖਦਾ

ਉਹ ਲਿਖਦੇ ਹਨ ਕਿ ਇਸ ਵਿੱਚੋਂ 12.5 ਫ਼ੀਸਦ ਕੋਟਾ ਬਾਲਮੀਕੀ ਅਤੇ ਮਜ਼੍ਹਬੀਆਂ ਦਾ ਹੈ ਅਤੇ ਬਾਕੀ 12.5 ਫ਼ੀਸਦ ਬਾਕੀ 37 ਉਪ ਜਾਤੀਆਂ ਦਾ।

ਇਹ 25 ਫ਼ੀਸਦ ਰਾਖਵਾਂਕਰਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਦਿੱਤਾ ਗਿਆ ਹੈ। ਇਸ ਦਾ ਅੱਧਾ ਹਿੱਸਾ ਬਾਲਮੀਕੀ ਅਤੇ ਮਜ਼੍ਹਬੀ ਭਾਈਚਾਰੇ ਲਈ ਰਾਖਵਾਂ ਹੈ ਜਦੋਂਕਿ ਬਾਕੀ ਅੱਧਾ ਹਿੱਸਾ ਬਾਕੀ ਦੀਆਂ ਉਪ ਜਾਤੀਆਂ ਲਈ ਹੈ। ਜਦਕਿ ਕੁੱਲ ਦਲਿਤ ਅਬਾਦੀ ਵਿੱਚੋਂ 40 ਫ਼ੀਸਦ ਦਲਿਤ ਅਬਾਦੀ ਚਮਾਰ, ਆਦਿ ਧਰਮੀ, ਰਵਿਦਾਸੀਆਂ ਅਤੇ ਰਾਮਦਾਸੀਆਂ ਦੀ ਹੈ। ਇਹ ਕੇਸ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੇ ਬੈਂਚ ਅੱਗੇ ਸੁਣਵਾਈ ਲਈ ਬਾਕੀ ਹੈ।

ਦਲਿਤ ਵੋਟਿੰਗ ਦਾ ਰੁਝਾਨ

2011 ਦੀ ਜਨਗਣਨਾ ਮੁਤਾਬਕ ਪੰਜਾਬ ਦੀ ਕੁੱਲ 2.77 ਕਰੋੜ ਅਬਾਦੀ ਦਾ (88.60 ਲੱਖ) 31.9 ਫੀਸਦ ਦਲਿਤ ਹਨ।

ਇਨ੍ਹਾਂ ਵਿੱਚੋਂ (53.9 ਲੱਖ) 19.4 ਐੱਸਸੀ ਸਿੱਖ, (34. 42 ਲੱਖ) 12.4 ਐੱਸਸੀ ਹਿੰਦੂ ਅਤੇ (27390) .098 ਬੋਧੀ ਹਨ।

ਦਲਿਤ ਭਾਈਚਾਰੇ ਦੀ ਧਾਰਮਿਕ ਪਛਾਣ ਮੁਤਾਬਕ ਅਬਾਦੀ :

  • ਮਜ੍ਹਬੀ/ ਮਜ਼੍ਹਬੀ ਸਿੱਖ - 26.33 ਫ਼ੀਸਦ (25.62 ਲੱਖ ਸਿੱਖ, 0.71ਲੱਖ ਹਿੰਦੂ , 160 ਬੋਧ )
  • ਰਵਿਦਾਸੀਏ ਅਤੇ ਰਾਮਦਾਸੀਏ- 20.7 ਫ਼ੀਸਦ, (14,43ਲੱਖ ਸਿੱਖ, 6.29 ਲੱਖ ਹਿੰਦੂ, 5896 ਬੋਧ)
  • ਆਦਿ ਧਰਮੀ - 10 ਫੀਸਦ (0.86 ਲੱਖ ਸਿੱਖ, 9.12 ਲੱਖ ਹਿੰਦੂ, 18778 ਬੋਧ )
  • ਬਾਲਮੀਕੀ - 8.6 ਫੀਸਦ 2.07 ਲੱਖ ਸਿੱਖ, 6.57 ਲੱਖ ਹਿੰਦੂ, 1588 ਬੋਧ )

ਸੈਂਟਰ ਫਾਰ ਸਟੱਡੀਜ਼ ਆਫ਼ ਡਿਵੈਲਪਿੰਗ ਸੁਸਾਇਟੀਜ਼ (ਸੀਐੱਸਡੀਐੱਸ) ਭਾਰਤ ਵਿਚ ਸਮਾਜ ਵਿਗਿਆਨ ਅਤੇ ਮਨੁੱਖਤਾ ਬਾਰੇ ਖੋਜ ਅਧਿਐਨ ਕਰਨ ਵਾਲੀ ਵੱਕਾਰੀ ਸੰਸਥਾ ਹੈ।

ਸੀਐੱਸਡੀਐੱਸ ਦੀ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ ਕਾਂਗਰਸ ਨੇ 33 ਫ਼ੀਸਦ, 49 ਫ਼ੀਸਦ, 51.ਫੀਸਦ ਅਤੇ 41 ਫ਼ੀਸਦ ਦਲਿਤ ਸਿੱਖ ਵੋਟਾਂ ਕ੍ਰਮਵਾਰ 2002, 2007, 2012 ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਈਆਂ ਸਨ।

ਜਦਕਿ ਇਨ੍ਹਾਂ ਚੋਣਾਂ ਦੌਰਾਨ 47 ਫ਼ੀਸਦ, 56 ਫ਼ੀਸਦ, 37 ਫੀਸਦ ਅਤੇ 43 ਫ਼ੀਸਦ ਹਿੰਦੂ ਦਲਿਤਾਂ ਦੀਆਂ ਵੋਟਾਂ ਹਾਸਲ ਕੀਤੀਆਂ ਸਨ।

ਦਲਿਤ ਮੁੱਦਿਆਂ ਉੱਤੇ ਪਿਛਲੇ ਕਾਫ਼ੀ ਸਮੇਂ ਤੋਂ ਕੰਮ ਕਰਨ ਵਾਲੇ ਪੱਤਰਕਾਰ ਗੁਰਨਾਮ ਅਕੀਦਾ ਕਹਿੰਦੇ ਹਨ, ''ਦਲਿਤ ਭਾਈਚਾਰਾ ਕਿਸੇ ਇੱਕ ਪਾਰਟੀ ਨੂੰ ਬੱਝ ਕੇ ਵੋਟ ਨਹੀਂ ਪਾਉਂਦਾ।"

ਪੰਜਾਬ ਚੋਣਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2011 ਦੀ ਜਨਗਣਨਾ ਮੁਤਾਬਕ ਪੰਜਾਬ ਦੀ ਕੁੱਲ 2.77 ਕਰੋੜ ਅਬਾਦੀ ਦਾ 31.9 ਫੀਸਦ ਦਲਿਤ ਹਨ (ਸੰਕੇਤਕ ਤਸਵੀਰ)

"ਦੂਜੇ ਭਾਈਚਾਰਿਆਂ ਵਾਂਗ ਦਲਿਤ ਭਾਈਚਾਰਾ ਵੀ ਸਿਆਸੀ ਪਾਰਟੀਆਂ ਦੇ ਕਾਡਰ ਵੋਟ ਬੈਂਕ ਵਿੱਚ ਵੰਡਿਆਂ ਹੋਇਆ ਹੈ।''

ਕਾਡਰ ਵੋਟਰ ਦਾ ਅਰਥ ਉਸ ਵੋਟਰ ਨਾਲ ਹੈ, ਜੋ ਕਿਸੇ ਵੀ ਸਿਆਸੀ ਪਾਰਟੀ ਦਾ ਮੈਂਬਰ ਹੋਵੇ ਜਾਂ ਉਸ ਦੀਆਂ ਨੀਤੀਆਂ ਨਾਲ ਸਹਿਮਤੀ ਰੱਖਦਾ ਹੋਣ ਕਰਕੇ ਉਸ ਦਾ ਪੱਕਾ ਵੋਟਰ ਬਣ ਜਾਵੇ।

ਅਕੀਦਾ ਕਹਿੰਦੇ ਹਨ, ''ਇਸ ਵਾਰ ਕਾਂਗਰਸ ਨੂੰ ਉਸ 5-7 ਫ਼ੀਸਦ ਫਲੋਟਿੰਗ ਦਲਿਤ ਵੋਟ ਬੈਂਕ ਦਾ ਫ਼ਾਇਦਾ ਜ਼ਰੂਰ ਮਿਲ ਸਕਦਾ ਹੈ, ਜਿਹੜਾ ਕਿਸੇ ਪਾਰਟੀ ਦਾ ਪੱਕਾ ਕਾਡਰ ਨਹੀਂ ਹੁੰਦੀ। ਉਹ ਮੁੱਖ ਮੰਤਰੀ ਚਰਨਜੀਤ ਚੰਨੀ ਕਾਰਨ ਕਾਂਗਰਸ ਨੂੰ ਭੁਗਤ ਸਕਦਾ ਹੈ।''

ਇੱਥੇ ਫਲੋਟਿੰਗ ਵੋਟ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੈ, ਜੋ ਕਿਸੇ ਪਾਰਟੀ ਨਾਲ ਪੱਕੇ ਤੌਰ ਉੱਤੇ ਨਹੀਂ ਜੁੜੇ ਹੁੰਦੇ, ਜਾਣੀ ਉਹ ਲੋਕ ਜੋ ਚਲੰਤ ਮੁੱਦਿਆਂ, ਹਾਲਾਤ ਜਾਂ ਸਿਆਸੀ ਹਵਾ ਦਾ ਰੁਖ਼ ਦੇਖ ਦੇ ਮਨ ਬਣਾ ਲੈਂਦੇ ਹਨ।

ਅਕੀਦਾ ਕਹਿੰਦੇ ਹਨ ਕਿ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਦਾ ਹੁਣ ਪਹਿਲਾਂ ਵਾਲਾ ਅਧਾਰ ਨਹੀਂ ਰਿਹਾ ਅਤੇ ਕਾਂਗਰਸ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸੂਬੇ ਦੇ ਦਲਿਤਾਂ ਨੂੰ ਸਵੈਮਾਣ ਦਾ ਅਹਿਸਾਸ ਕਰਵਾ ਦਿੱਤਾ ਹੈ।

ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ 15 ਮੁੱਖ ਮੰਤਰੀਆਂ ਵਿੱਚ ਗਿਆਨੀ ਜ਼ੈਲ ਸਿੰਘ (ਬੀਸੀ) ਨੂੰ ਛੱਡ ਦੇਈਏ ਤਾਂ ਕੋਈ ਵੀ ਗੈਰ ਜੱਟ ਸਿੱਖ ਮੁੱਖ ਮੰਤਰੀ ਨਹੀਂ ਸੀ।

ਪੰਜਾਬ ਦੀ ਸਿਆਸੀ ਸੱਤਾ ਉੱਤੇ 21 ਫ਼ੀਸਦ ਅਬਾਦੀ ਵਾਲਾ ਜੱਟ ਸਿੱਖ ਭਾਈਚਾਰਾ ਹੀ ਕਾਬਜ਼ ਰਿਹਾ ਹੈ।

ਦਲਿਤਾਂ ਦੇ ਮੁੱਦੇ ਤੇ ਚੋਣਾਂ

ਸਿੱਖਿਆ, ਸਿਹਤ ਅਤੇ ਰੁਜ਼ਗਾਰ ਜਿਵੇਂ ਸਮਾਜ ਦੇ ਦੂਜੇ ਵਰਗਾਂ ਲਈ ਮੁੱਦੇ ਹਨ, ਉਵੇਂ ਹੀ ਇਹ ਦਲਿਤਾਂ ਲਈ ਵੀ ਅਹਿਮ ਹਨ।

ਪਰ ਅਕੀਦਾ ਮੰਨਦੇ ਹਨ ਕਿ ਪਿੰਡਾਂ ਵਿੱਚ ਇਹ ਲੋਕ ਮਸਲੇ ਚੋਣ ਮੁੱਦੇ ਨਹੀਂ ਬਣ ਪਾਏ ਹਨ। ਨੌਕਰੀਆਂ ਵਿੱਚ ਸੰਵਿਧਾਨ ਦੀ 85ਵੀਂ ਸੋਧ ਨੂੰ ਲਾਗੂ ਕਰਵਾਉਣ ਦਾ ਮਾਮਲਾ ਨੌਕਰੀ ਪੇਸ਼ੇ ਵਾਲੇ ਦਲਿਤਾਂ ਲਈ ਵੱਡਾ ਮੁੱਦਾ ਹੈ।

ਅਸਲ ਵਿਚ 85 ਵੀਂ ਸੋਧ ਮੁਤਾਬਕ ਦਲਿਤ ਭਾਈਚਾਰੇ ਨਾਲ ਸਬੰਧਤ ਮੁਲਾਜ਼ਮਾਂ ਨੂੰ ਸਿੱਧੀ ਭਰਤੀ ਸਮੇਂ ਰਾਖਵਾਂਕਰਨ ਮਿਲਣ ਦੇ ਨਾਲ-ਨਾਲ ਤਰੱਕੀ ਵੇਲੇ ਵੀ ਰਾਖ਼ਵਾਂਕਰਨ ਮਿਲਦਾ ਹੈ। ਜਿਸ ਨੂੰ ਸੋਧ ਨੂੰ ਲਾਗੂ ਕਰਨ ਦੀ ਮੰਗ ਲਗਾਤਾਰ ਹੁੰਦੀ ਆਈ ਹੈ।

ਵੀਡੀਓ ਵਿੱਚ ਦੇਖੋ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ

ਵੀਡੀਓ ਕੈਪਸ਼ਨ, ਪੰਜਾਬ CM ਲਈ 6 ਚਿਹਰੇ - ਕੀ ਪੌਜ਼ੀਟਿਵ ਤੇ ਕੀ ਨੈਗੇਟਿਵ

ਪਿੰਡਾਂ ਵਿੱਚ ਸ਼ਾਮਲਾਟ ਜ਼ਮੀਨ, ਜੋ ਨਿਯਮ ਮੁਤਾਬਕ 33 ਫ਼ੀਸਦ ਦਲਿਤਾਂ ਨੂੰ ਠੇਕੇ ਉੱਤੇ ਮਿਲਣੀ ਚਾਹੀਦੀ ਹੈ, ਉਹ ਪਿੰਡਾਂ ਵਿੱਚ ਖ਼ਾਸਕਰ ਮਾਲਵੇ ਵਿੱਚ ਅਹਿਮ ਮੁੱਦਾ ਹੈ।

ਜਿਸ ਲਈ ਜ਼ਮੀਨ ਪ੍ਰਾਪਤੀ ਵਰਗੇ ਕਈ ਸੰਗਠਨ ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਹਨ। ਕਈ ਪਿੰਡਾਂ ਵਿੱਚ ਜਾਤ ਅਧਾਰਿਤ ਮਤਭੇਦ, ਜਿਵੇਂ ਮੰਦਰਾਂ ਵਿੱਚ ਜਾਣ ਦੀ ਮਨ੍ਹਾਹੀ, ਸਮਾਜਿਕ ਬਾਈਕਾਟ ਵਰਗੇ ਮੁੱਦੇ ਵੀ ਹਨ।

ਸੀਨੀਅਰ ਪੱਤਰਕਾਰ ਦੇਸ ਰਾਜ ਕਾਲੀ ਕਹਿੰਦੇ ਹਨ ਕਿ ਪੰਜਾਬ ਦੀਆਂ ਚੋਣਾਂ ਹੀ ਮੁੱਦੇ ਵਿਹੂਣੀਆਂ ਲੱਗ ਰਹੀਆਂ ਹਨ। ਇਹ ਨਿੱਜੀ ਲੜਾਈ ਉੱਤੇ ਕ੍ਰੇਂਦਿਤ ਹੋ ਗਈਆਂ ਹਨ।

''ਇਸ ਲਈ ਸਾਰੇ ਮੁੱਦੇ ਇੱਕ ਪਾਸੇ ਹੋ ਗਏ ਹਨ, ਨਾ ਪਾਰਟੀਆਂ ਪ੍ਰਤੀ ਸਿਆਸੀ ਆਗੂਆਂ ਦੀ ਵਫ਼ਾਦਾਰੀ ਰਹੀ, ਨਾ ਹੀ ਮੁੱਦਿਆਂ ਪ੍ਰਤੀ ਸਿਧਾਂਤਕ ਪਹੁੰਚ, ਬਸ ਚੋਣਾਂ ਜਿੱਤਣੀਆਂ ਇੱਕ ਨੁਕਾਤੀ ਏਜੰਡਾ ਹੈ।''

ਉਹ ਕਿਸਾਨੀ ਮੁੱਦੇ ਦੀ ਮਿਸਾਲ ਦਿੰਦੇ ਹਨ ਕਿ ਬਲਬੀਰ ਸਿੰਘ ਰਾਜੇਵਾਲ ਦੇ ਪਿੱਛੇ ਜਿਸ ਤਰ੍ਹਾਂ ਦੀ ਲਾਮਬੰਦੀ ਦਿਖ ਰਹੀ ਸੀ ਅਤੇ ਕਿਸਾਨੀ ਜਿਸ ਤਰ੍ਹਾਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬਣ ਗਿਆ ਸੀ, ਹੁਣ ਚੋਣਾਂ ਵਿੱਚ ਉਹ ਵੀ ਲਾਂਭੇ ਹੀ ਹੋ ਗਿਆ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਪੰਜਾਬ ਦੇ ਡੇਰੇ ਅਤੇ ਦਲਿਤ

ਜਦੋਂ ਦਲਿਤ ਵੋਟ ਬੈਂਕ ਦੀ ਗੱਲ ਚੱਲਦੀ ਹੈ ਤਾਂ ਇਨ੍ਹਾਂ ਨੂੰ ਧਾਰਮਿਕ ਡੇਰਿਆਂ ਰਾਹੀ ਭੁਗਤਾਉਣ ਦੇ ਵੀ ਸਮੀਕਰਨ ਬਣਾਏ ਜਾਂਦੇ ਹਨ।

ਜਾਤ ਅਧਾਰਿਤ ਮਤਭੇਦ ਅਤੇ ਜ਼ੁਲਮ ਦੇ ਸ਼ਿਕਾਰ ਦਲਿਤ ਲੋਕਾਂ ਦੇ ਛੁਟਕਾਰੇ ਲਈ ਸਮਾਜ ਸੁਧਾਰ ਦੇ ਨਾਂ ਉੱਤੇ ਹੋਂਦ ਵਿੱਚ ਆਏ ਇਨ੍ਹਾਂ ਡੇਰਿਆਂ ਤੋਂ ਦਲਿਤ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਮਾਲਵੇ ਦਾ ਡੇਰਾ ਸੱਚਾ ਸੌਦਾ, ਦੁਆਬੇ ਦਾ ਡੇਰਾ ਸੱਚ ਖੰਡ ਬੱਲਾਂ, ਆਸ਼ੂਤੋਸ਼ ਦਾ ਨੂਰਮਹਿਲੀਆਂ ਡੇਰਾ, ਫਿਲੌਰ ਦਾ ਬ੍ਰਹਮਦਾਸ ਫਿਲੌਰੀਆ ਅਤੇ ਡੇਰਾ ਬਿਆਸ, ਪਠਾਨਕੋਟ ਦਾ ਗੁਰਦੀਪ ਗਿਰੀ ਡੇਰਾ ਅਜਿਹੇ ਪ੍ਰਮੁੱਖ ਡੇਰੇ ਹਨ, ਜਿਨ੍ਹਾਂ ਨਾਲ ਵੱਡੀ ਗਿਣਤੀ ਦਲਿਤ ਜੁੜੇ ਹੋਏ ਹਨ।

ਦੇਸ ਰਾਜ ਕਾਲੀ ਦੱਸਦੇ ਹਨ ਕਿ ਇਨ੍ਹਾਂ ਡੇਰਿਆਂ ਦਾ ਇੰਨਾ ਜ਼ਬਰਦਸਤ ਪ੍ਰਭਾਵ ਰਿਹਾ ਹੈ ਕਿ ਅਕਤੂਬਰ 1951 ਵਿੱਚ ਜਦੋਂ ਡਾਕਟਰ ਭੀਮ ਰਾਓ ਅੰਬੇਡਕਰ ਪੰਜਾਬ ਆਏ ਤਾਂ ਲੁਧਿਆਣਾ ਵਿੱਚ ਉਨ੍ਹਾਂ ਦੇ ਦੌਰੇ ਦੀ ਅਗਵਾਈ ਚਿਸ਼ਤੀ ਸ੍ਰੰਪਾਦਾਇ ਦੇ ਬ੍ਰਹਮਦਾਸ ਫਿਲੌਰੀਆ ਨੇ ਹੀ ਕੀਤੀ ਸੀ।

ਉਹ ਕਹਿੰਦੇ ਹਨ ਕਿ ਜਦੋਂ ਭੀਮ ਰਾਓ ਅੰਬੇਡਕਰ ਨੇ ਬੁੱਧ ਧਰਮ ਅਪਣਾਇਆ ਤਾਂ ਪੰਜਾਬ ਦੇ ਕਈ ਦਲਿਤ ਪ੍ਰਭਾਵ ਵਾਲੇ ਡੇਰਿਆਂ ਨੇ ਇਸ ਦਾ ਵਿਰੋਧ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਖ਼ੁਸਣ ਦਾ ਡਰ ਪੈਦਾ ਹੋ ਗਿਆ ਸੀ।

ਵੀਡੀਓ- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੀਟੂ ਇਲਜ਼ਾਮ ਅਤੇ ਰਿਸ਼ਤੇਦਾਰਾਂ ਤੋਂ ਬਰਾਮਦਗੀ ਬਾਰੇ ਕੀ ਦਿੱਤੇ ਜਵਾਬ

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ‘ਅੱਜ ਤੱਕ ਮੇਰੇ ਖ਼ਿਲਾਫ਼ ਕੋਈ ਸ਼ਿਕਾਇਤ ਹੈ, ਐਂਵੇ ਧੂੰਏ ਦੇ ਪਹਾੜ ਬਣਾਈ ਜਾਂਦੇ ਹਨ’

ਡਾਕਟਰ ਅੰਬੇਡਕਰ ਦੇ ਬੋਧੀ ਬਣਨ ਸਮੇਂ ਡੇਰਿਆਂ ਦੀ ਸਿਆਸੀ ਸਰਗਰਮੀ ਦੀ ਉਹ ਇੱਕ ਪੁਰਾਣੀ ਮਿਸਾਲ ਦਿੰਦੇ ਹਨ।

ਦੇਸ ਰਾਜ ਕਾਲੀ ਦੱਸਦੇ ਹਨ, ''ਚੱਕ ਹਕੀਮ ਵਿੱਚ ਡੇਰੇ ਨੇ ਇੱਕ ਮੁਸ਼ਾਇਰਾ ਕਰਵਾਇਆ, ਜਿੱਥੇ ਮਿਸਰਾ ਪਹਿਲਾਂ ਦੇ ਕੇ ਕਵਿਤਾ ਬੋਲਣੀ ਸੀ।''

''..ਤੇ ਮਿਸਰਾ ਦਿੱਤਾ ਗਿਆ, ਬੁੱਧੂ ਕੋਈ ਆਪ ਬਣੇ ਤਾਂ ਕੋਈ ਗਿਲਾ ਨਹੀਂ, ਪਰ ਕੌਮ ਨੂੰ ਬੁੱਧੂ ਕੋਈ ਨਹੀਂ ਬਣਾ ਸਕਦਾ।''

ਦਲਿਤ ਵੋਟਰਾਂ ਦਾ ਧਰੁਵੀਕਰਨ

ਦੇਸ ਰਾਜ ਕਾਲੀ ਇਸ ਗੱਲੋਂ ਹੈਰਾਨ ਹਨ ਕਿ ਉਹ ਆਪਣੇ 25 ਸਾਲ ਦੇ ਪੱਤਰਕਾਰੀ ਦੇ ਕਾਰਜਕਾਲ ਦੌਰਾਨ ਜੱਟਾਂ, ਸਿੱਖਾਂ ਜਾਂ ਹਿੰਦੂਆਂ ਦੀ ਬਜਾਇ ਪਹਿਲੀ ਵਾਰ ਦਲਿਤ ਧਰੁਵੀਕਰਨ ਹੁੰਦਾ ਦੇਖ ਰਹੇ ਹਨ।

ਦਲਿਤ ਧਰੁਵੀਕਰਨ ਨੂੰ ਹੋਰ ਵਿਸਥਾਰ ਨਾਲ ਸਮਝਾਉਂਦੇ ਹੋਏ ਉਹ ਕਹਿੰਦੇ ਹਨ, ਪੰਜਾਬ ਦੀਆਂ ਚੋਣਾਂ ਵਿਚ ਚਰਨਜੀਤ ਚੰਨੀ ਕਾਰਨ ਦਲਿਤ ਵੋਟਰ ਲਾਮਬੰਦ ਹੁੰਦੇ ਦਿਖ ਰਹੇ ਹਨ।

ਚਰਨਜੀਤ ਚੰਨੀ ਦੇ ਚਮਕੌਰ ਸਾਹਿਬ ਦੇ ਨਾਲ-ਨਾਲ ਭਦੌੜ ਤੋਂ ਨਾਮਜ਼ਦਗੀ ਦਾਖ਼ਲ ਕਰਨ ਅਤੇ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਇਹ ਲਾਮਬੰਦੀ ਹੋਰ ਤਿੱਖੀ ਹੁੰਦਾ ਦਿਖ ਰਹੀ ਹੈ।

ਭਾਵੇਂ ਭਾਜਪਾ ਨੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਦੇ ਐਲਾਨ ਦੀ ਸ਼ੁਰੂਆਤ ਕੀਤੀ ਅਤੇ ਅਕਾਲੀ ਦਲ ਨੇ ਦਲਿਤ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਕੇ ਇਸ ਨੂੰ ਹੋਰ ਹਵਾ ਦਿੱਤੀ।

ਪਰ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਆਪਣੀ ਤਰਫ਼ੋਂ ਮਾਸਟਰ ਸਟਰੋਕ ਖੇਡ ਦਿੱਤਾ।

ਵੀਡੀਓ-ਆਗਾਮੀ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਆਗੂ ਸੁਖਬੀਰ ਬਾਦਲ ਨਾਲ ਖਾਸ ਗੱਲਬਾਤ ਕੀਤੀ

ਵੀਡੀਓ ਕੈਪਸ਼ਨ, ਸੁਖਬੀਰ ਬਾਦਲ - ਸਾਡੀ ਸਰਕਾਰ ਆਈ ਤਾਂ ਚੰਨੀ ਦੇ ਸਾਰੇ ਫ਼ੈਸਲੇ ਰਿਵੀਊ ਹੋਣਗੇ

ਦੇਸਰਾਜ ਕਾਲੀ ਕਹਿੰਦੇ ਹਨ, ''ਚਰਨਜੀਤ ਸਿੰਘ ਚੰਨੀ ਦੇ ਦਲਿਤ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਵਿੱਚ ਇੱਕ ਸਵੈਮਾਣ ਦੀ ਭਾਵਨਾ ਪੈਦਾ ਹੋਈ ਹੈ। ਇਸ ਦਾ ਅਸਰ ਪੰਜਾਬ ਦੇ ਬਾਹਰ ਵੀ ਗਿਆ ਹੈ।''

ਪਟਿਆਲਾ ਰਹਿੰਦੇ ਸੀਨੀਅਰ ਪੱਤਰਕਾਰ ਗੁਰਨਾਮ ਅਕੀਦਾ ਵੀ ਕਹਿੰਦੇ ਹਨ, ''ਮੈਂ ਅਜਿਹੇ ਕਈ ਦਲਿਤ ਬੁੱਧੀਜੀਵੀ ਵਰਗ ਨਾਲ ਸਬੰਧਤ ਲੋਕਾਂ ਨੂੰ ਮਿਲਿਆ ਹਾਂ, ਜਿਹੜੇ ਚਰਨਜੀਤ ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਉਣ ਲਈ ਬਕਾਇਦਾ ਮੁਹਿੰਮ ਚਲਾ ਰਹੇ ਹਨ।''

"ਵੈਸੇ ਉਹ ਕਾਂਗਰਸ ਦੇ ਹੱਕ ਵਿੱਚ ਕਦੇ ਨਹੀਂ ਰਹੇ, ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਦੇ ਖੇਮੇ ਵਿੱਚ ਦੇਖੇ ਜਾਂਦੇ ਸਨ, ਪਰ ਉਹ ਚੰਨੀ ਦੀ ਸਿਆਸੀ ਚੜ੍ਹਾਈ ਨੂੰ ਦਲਿਤ ਸਮਾਜ ਦੇ ਐਂਗਲ ਤੋਂ ਇਤਿਹਾਸਕ ਘਟਨਾ ਵਜੋਂ ਦੇਖ ਰਹੇ ਹਨ।"

"ਇਹ ਲੋਕਾਂ ਵਿੱਚ ਪ੍ਰਚਾਰ ਕਰ ਰਹੇ ਹਨ ਕਿ ਅਗਲੇ ਮੁੱਖ ਮੰਤਰੀ ਦਾ ਚਿਹਰਾ ਨਵਜੋਤ ਸਿੱਧੂ ਨਹੀਂ ਬਲਕਿ ਚਰਨਚੀਤ ਚੰਨੀ ਹੀ ਹੋਣਗੇ। ਇਸ ਲਈ ਦਲਿਤ ਭਾਈਚਾਰੇ ਲਈ ਇਹ ਮਾਣ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ:-

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)