ਪੰਜਾਬ ਚੋਣਾਂ 2022: ਚਰਨਜੀਤ ਚੰਨੀ ਦੀ ਚੜ੍ਹਤ ਦੇ ਬਾਵਜੂਦ ਕਾਂਗਰਸ ਦਾ ਭਵਿੱਖ ਤੈਅ ਕਰਨਗੇ ਇਹ ਫੈਕਟਰ

ਚਰਨਜੀਤ ਸਿੰਘ ਚੰਨੀ

ਤਸਵੀਰ ਸਰੋਤ, Charanjit Singh Channi/Facebook

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੰਭਾਵਨਾਵਾਂ ਨੂੰ ਦੋ ਮੁੱਖ ਫੈਕਟਰ ਪ੍ਰਭਾਵਿਤ ਕਰ ਰਹੇ ਹਨ।

ਪਹਿਲਾ ਹੈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੈਪਟਨ ਅਮਰਿੰਦਰ ਦੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੈਦਾ ਹੋਏ ਲੋਕ ਰੋਹ ਨੂੰ ਕੁਝ ਮੱਠਾ ਕਰਨਾ।

ਚੰਨੀ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਤਾਰ-ਤਾਰ ਕਰਨ ਲਈ ਸਮੁੱਚੀ ਵਿਰੋਧੀ ਧਿਰ ਦਾ ਨਿਸ਼ਾਨਾ ਹੁਣ ਚਰਨਜੀਤ ਚੰਨੀ ਉੱਤੇ ਕੇਂਦਰਿਤ ਹੋ ਗਿਆ ਹੈ।

ਦੂਜਾ ਹੈ ਕਾਂਗਰਸ ਪਾਰਟੀ ਦੀ ਰਵਾਇਤੀ ਸੂਬਾਈ ਲੀਡਰਸ਼ਿਪ ਦਾ ਆਪਸੀ ਕਾਟੋਕਲੇਸ਼ ਅਤੇ ਇੱਕ-ਦੂਜੇ ਦੀਆਂ ਟੰਗਾਂ ਖਿੱਚਣਾ। ਇਸ ਬਗਾਵਤ ਦਾ ਲਾਹਾ ਲੈਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਖਾਸ ਤੌਰ ਉੱਤੇ ਉਮੀਦਾਂ ਲਾਈ ਬੈਠੀਆਂ ਹਨ।

ਚਰਨਜੀਤ ਚੰਨੀ ਦੀ ਬੁੱਕਲ ਦਾ ਨਿੱਘ

ਅਸਲ ਵਿੱਚ ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਉਨ੍ਹਾਂ ਨੇ ਮੁੱਖ ਮੰਤਰੀ ਬਣਕੇ ਆਮ ਆਦਮੀ ਵਾਲੀ ਆਪਣੀ ਦਿੱਖ ਨਾਲ ਆਮ ਲੋਕਾਂ ਵਿਚ ਪੌਜ਼ੀਟਿਵ ਪ੍ਰਭਾਵ ਛੱਡਿਆ ਹੈ।

ਇਹ ਕੈਪਟਨ ਅਮਰਿੰਦਰ ਸਿੰਘ ਨਾਲੋਂ ਕਾਫ਼ੀ ਉਲਟ ਹੈ ਜਿਨ੍ਹਾਂ ਨੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ।

ਇਹ ਵੀ ਪੜ੍ਹੋ:

ਇਸ ਦੇ ਬਿਲਕੁਲ ਉਲਟ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਮਾਹੌਲ ਸਿਰਜਿਆ ਹੈ, ਉਹ ਪੰਜਾਬ ਦੇ ਆਮ ਲੋਕਾਂ ਨੂੰ ਕਾਫ਼ੀ ਪੰਸਦ ਆਉਂਦਾ ਦਿਸ ਰਿਹਾ ਹੈ।

ਆਪਣੇ 111 ਦਿਨਾਂ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਚਰਨਜੀਤ ਸਿੰਘ ਚੰਨੀ ਨੇ ਲੋਈ ਦੀ ਬੁੱਕਲ ਮਾਰ ਕੇ ਪੰਜਾਬ ਦਾ ਗੇੜਾ ਕੱਢਿਆ ਸੀ, ਉਸ ਬੁੱਕਲ ਵਿੱਚ ਉਨ੍ਹਾਂ ਨੇ ਸਮੁੱਚੇ ਪੰਜਾਬ ਨੂੰ ਸਿਆਸੀ ਨਿੱਘ ਦਾ ਅਹਿਸਾਸ ਕਰਵਾਉਣ ਦਾ ਯਤਨ ਵੀ ਕੀਤਾ ਸੀ, ਜਿਸ ਵਿੱਚ ਉਹ ਕਾਮਯਾਬ ਹੁੰਦੇ ਨਜ਼ਰ ਵੀ ਆਏ ਹਨ।

ਵੀਡੀਓ ਕੈਪਸ਼ਨ, ਚਰਨਜੀਤ ਸਿੰਘ ਚੰਨੀ: ਡੇਢ ਮਹੀਨੇ ਪੁਰਾਣੇ ਸੀਐੱਮ ਆਮ ਆਦਮੀ ਪਾਰਟੀ, ਸਿੱਧੂ ਅਤੇ ਅਕਾਲੀ ਦਲ ਲਈ ਖ਼ਤਰਾ ਕਿਵੇਂ

ਕੌਮੀ ਪੱਧਰ 'ਤੇ ਚਰਨਜੀਤ ਸਿੰਘ ਚੰਨੀ ਦੀ ਪਛਾਣ ਤੇ ਸਿਆਸੀ ਕੱਦ ਉਦੋਂ ਵੱਧਿਆ ਜਦੋਂ 5 ਜਨਵਰੀ ਨੂੰ ਉਨ੍ਹਾਂ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰੋਜ਼ਪੁਰ ਰੈਲੀ ਵਿੱਚੋਂ ਵਾਪਸ ਮੁੜਨ ਸਮੇਂ ਇਹ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਨੂੰ ਧੰਨਵਾਦ ਕਹਿਣਾ ਕਿ ਉਹ ਜ਼ਿੰਦਾ ਵਾਪਸ ਮੁੜ ਚੱਲੇ ਹਨ।

ਚੰਨੀ ਨੇ ਇੰਨ੍ਹਾਂ ਇਲਜ਼ਾਮਾਂ ਨੂੰ ਪੰਜਾਬ ਦੇ ਮਾਣ 'ਤੇ ਕੀਤਾ ਗਿਆ ਹਮਲਾ ਦੱਸਿਆ ਸੀ। ਇਸ ਨੇ ਪੰਜਾਬ ਵਿੱਚ ਭਾਜਪਾ ਪ੍ਰਤੀ ਕਿਸਾਨ ਅੰਦੋਲਨ ਦੌਰਾਨ ਪੈਦਾ ਹੋਈ ਲੋਕਾਂ ਦੀ ਨਰਾਜ਼ਗੀ ਨੂੰ ਹੋਰ ਵਧਾ ਦਿੱਤਾ।

ਮੁਲਕ ਵਿੱਚ ਡਿਬੇਟ ਮੋਦੀ ਬਨਾਮ ਚੰਨੀ ਹੋ ਗਈ ਜਿਸ ਤੋਂ ਭਜਾਪਾ ਨੇ ਚੰਨੀ ਖ਼ਿਲਾਫ਼ ਮੋਰਚੇ ਉੱਤੇ ਆਪਣੇ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਕੇਂਦਰੀ ਮੰਤਰੀਆਂ ਨੂੰ ਲਿਆ ਬਿਠਾਇਆ।

ਹਾਲਾਂਕਿ ਭਾਜਪਾ ਦੇ ਇਸ ਪ੍ਰਚਾਰ ਦਾ ਪੰਜਾਬ ਵਿੱਚ ਉਲਟਾ ਅਸਰ ਦਿਖ ਰਿਹਾ ਹੈ। ਭਾਵੇਂ ਕਿ ਮੁਲਕ ਦੇ ਦੂਜੇ ਹਿੱਸਿਆਂ ਵਿੱਚ ਹੋ ਸਕਦਾ ਹੈ ਭਾਜਪਾ ਨੂੰ ਇਸ ਧਰੁਵੀਕਰਨ ਦਾ ਫਾਇਦਾ ਵੀ ਮਿਲੇ।

ਚਰਨਜੀਤ ਸਿੰਘ ਚੰਨੀ ਤੇ ਮੋਦੀ

ਤਸਵੀਰ ਸਰੋਤ, Charanjit Singh Channi/fb

ਈਡੀ ਦੇ ਛਾਪਿਆਂ ਦਾ ਅਸਰ

ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰਾਂ 'ਤੇ ਪੈ ਰਹੇ ਈਡੀ ਦੇ ਛਾਪਿਆਂ ਦੌਰਾਨ ਬਰਾਮਦ ਹੋ ਰਹੀ ਕਰੋੜਾਂ ਦੀ ਰਕਮ ਬਾਰੇ ਵੀ ਕਾਫ਼ੀ ਗਿਣਤੀ ਵਿੱਚ ਲੋਕ ਇਸ ਨੂੰ ਭਾਜਪਾ ਦੇ ਚਰਨਜੀਤ ਸਿੰਘ ਚੰਨੀ ਦਾ ਰਾਹ ਰੋਕਣ ਦੇ ਯਤਨਾਂ ਵਜੋਂ ਹੀ ਦੇਖ ਰਹੇ ਹਨ।

ਜਿਵੇਂ ਕਿ ਚੰਨੀ ਖੁਦ ਵੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਚੋਣ ਲੜਨ ਤੋਂ ਰੋਕਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ।

ਇਨ੍ਹਾਂ ਛਾਪਿਆਂ ਤੋਂ ਬਾਅਦ ਪੰਜਾਬ ਦੇ ਸੀਨੀਅਰ ਮੰਤਰੀ ਇੱਕ ਵਾਰ ਮੁੜ ਖੁੱਲ੍ਹ ਕੇ ਚੰਨੀ ਦੇ ਹੱਕ ਵਿੱਚ ਆ ਗਏ ਹਨ। ਇਨ੍ਹਾਂ ਛਾਪਿਆਂ ਕਾਰਨ ਮੋਦੀ ਦੀ ਪੰਜਾਬ ਫੇਰੀ ਤੋਂ ਬਾਅਦ ਇੱਕ ਵਾਰ ਫੇਰ ਚੰਨੀ ਪਿੱਛੇ ਕੈਬਨਿਟ ਮੰਤਰੀਆਂ ਤੇ ਕਾਂਗਰਸੀ ਆਗੂਆਂ ਦੀ ਲਾਮਬੰਦੀ ਹੁੰਦੀ ਦਿਖੀ।

ਦੂਜੇ ਪਾਸੇ ਪੰਜਾਬ ਕਾਂਗਰਸ ਦੀ ਵਾਗ-ਡੋਰ ਸਾਂਭਣ ਵਾਲੇ ਨਵਜੋਤ ਸਿੱਧੂ ਚੰਨੀ ਨਾਲ ਰੇਸ ਵਿੱਚ ਕਾਫ਼ੀ ਪੱਛੜਦੇ ਨਜ਼ਰ ਆਏ।

ਸੀਨੀਅਰ ਪੱਤਰਕਾਰ ਸਤਨਾਮ ਮਾਣਕ ਦਾ ਕਹਿਣਾ ਹੈ, ''ਚਰਨਜੀਤ ਸਿੰਘ ਚੰਨੀ 'ਤੇ ਪਹਿਲਾਂ ਵੀ ਮਾਈਨਿੰਗ ਦੇ ਦੋਸ਼ ਲੱਗਦੇ ਰਹੇ ਸਨ, ਹੋ ਸਕਦਾ ਹੈ ਕਿ ਦੋਸ਼ ਸਹੀ ਵੀ ਹੋਣ ਪਰ ਇਨ੍ਹਾਂ ਛਾਪਿਆਂ ਦਾ ਸਮਾਂ ਬਹੁਤ ਗਲਤ ਹੈ।''

''ਇੰਨ੍ਹਾਂ ਛਾਪਿਆਂ ਦਾ ਪ੍ਰਭਾਵ ਇਹੀ ਜਾ ਰਿਹਾ ਹੈ ਕਿ ਭਾਜਪਾ ਰਾਜਨੀਤਿਕ ਤੌਰ 'ਤੇ ਹਾਸ਼ੀਏ 'ਤੇ ਜਾ ਚੁੱਕੀ ਹੈ ਤੇ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਮਾਹੌਲ ਸਿਰਜਿਆ ਹੈ ਉਸ ਤੋਂ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪੀੜ੍ਹੀ ਹੇਠ ਸੋਟਾ ਮਾਰਨਾ ਪੈ ਰਿਹਾ ਹੈ। ਇੰਨ੍ਹਾਂ ਛਾਪਿਆਂ ਨਾਲ ਚੰਨੀ ਦੇ ਕੱਦ ਵਿੱਚ ਵਾਧਾ ਹੋਣਾ ਸੁਭਾਵਿਕ ਹੈ।''

ਮਾਝੇ ਵਿੱਚ ਬਾਜਵਿਆਂ ਦਾ ਸੰਕਟ

ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਦਲਿਤਾਂ ਵਿੱਚ ਤਾਂ ਆਪਣੀ ਪੈਂਠ ਬਣਾ ਲਈ ਹੈ ਪਰ ਟਿਕਟਾਂ ਦੀ ਵੰਡ ਨੇ ਪਾਰਟੀ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ।

ਪੰਜਾਬ ਦੀ ਸੂਬਾਈ ਲੀਡਰਸ਼ਿਪ ਟਿਕਟਾਂ ਦੀ ਵੰਡ ਕਾਰਨ ਬਗਾਵਤ ਤੇ ਦਲ ਬਦਲ ਦੇ ਰਾਹ ਪੈ ਰਹੀ ਹੈ।

ਚਰਨਜੀਤ ਸਿੰਘ ਚੰਨੀ ਦਾ ਆਪਣਾ ਭਰਾ ਡਾਕਟਰ ਮਨੋਹਰ ਸਿੰਘ ਬੱਸੀ ਪਠਾਣਾਂ ਦੀ ਸੀਟ 'ਤੇ ਦਾਅਵਾ ਕਰ ਰਿਹਾ ਹੈ, ਜੋ ਕਾਂਗਰਸ 'ਤੇ ਭਾਰੀ ਪੈ ਸਕਦਾ ਹੈ, ਉੱਥੋਂ ਕਾਂਗਰਸ ਨੇ ਜੀਪੀ ਸਿੰਘ ਨੂੰ ਉਮੀਦਵਾਰ ਬਣਾਇਆ ਹੈ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਟਿਕਟ ਮਿਲੀ ਹੈ, ਪਰ ਉਹ ਬਟਾਲਾ ਹਲਕੇ ਤੋਂ ਵੀ ਆਪਣੇ ਪੁੱਤਰ ਲਈ ਟਿਕਟ ਚਾਹੁੰਦੇ ਹਨ।

ਇਨ੍ਹੀਂ ਦਿਨੀਂ ਉਨ੍ਹਾਂ ਦੇ ਘਰ ਬਟਾਲਾ ਦੇ ਪੰਚਾਂ-ਸਰਪੰਚਾਂ ਤੇ ਕੌਂਸਲਰਾਂ ਦੀ ਬੈਠਕਾਂ ਕਰਕੇ ਬਟਾਲਾ ਤੋਂ ਕਾਂਗਰਸ ਪਾਰਟੀ ਦੀ ਬੇੜੀ ਵਿੱਚ ਬੱਟੇ ਪਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਫਤਹਿ ਜੰਗ ਬਾਜਵਾ ਦਾ ਘਰ

ਤਸਵੀਰ ਸਰੋਤ, Gurpreet Chawala/BBC

ਤਸਵੀਰ ਕੈਪਸ਼ਨ, ਬਾਜਵਾ ਦੇ ਘਰ 'ਤੇ ਦੋ ਵੱਖ-ਵੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਦੇ ਝੰਡੇ ਲਹਿਰਾ ਰਹੇ ਹਨ

ਮਾਝੇ ਦੇ ਵੱਡੇ ਰਵਾਇਤੀ ਕਾਂਗਰਸੀ ਬਾਜਵਾ ਪਰਿਵਾਰ ਵਿੱਚ ਤਾਂ ਫੁੱਟ ਪਹਿਲਾਂ ਹੀ ਪੈ ਚੁੱਕੀ ਹੈ। ਕਾਦੀਆਂ ਤੋਂ ਪਾਰਟੀ ਨੇ ਪ੍ਰਤਾਪ ਬਾਜਵਾ ਨੂੰ ਟਿਕਟ ਦਿੱਤੀ ਅਤੇ ਮੌਜੂਦਾ ਵਿਧਾਇਕ ਤੇ ਪ੍ਰਤਾਪ ਦੇ ਛੋਟੇ ਭਰਾ ਫ਼ਤਹਿ ਜੰਗ ਬਾਜਵਾ ਭਾਜਪਾ ਵਿੱਚ ਚਲੇ ਗਏ ਹਨ।

ਦੁਆਬੇ ਵਿੱਚ ਰਾਣਾ ਖ਼ਿਲਾਫ਼ ਬਗਾਵਤ

ਦੁਆਬੇ ਦੇ ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਹਨ ਤੇ ਉਨ੍ਹਾਂ ਦਾ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਤੋਂ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜਨ ਦਾ ਐਲਾਨ ਕਰ ਚੁੱਕਾ ਹੈ।

ਕਾਂਗਰਸ ਦੇ ਚਾਰ ਉਮੀਦਵਾਰਾਂ ਸੁਲਤਾਨਪੁਰ ਤੋਂ ਨਵਤੇਜ ਸਿੰਘ ਚੀਮਾ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਅਤੇ ਜਲੰਧਰ ਉੱਤਰੀ ਤੋਂ ਅਵਤਾਰ ਸਿੰਘ ਬਾਵਾ ਹੈਨਰੀ ਜੂਨੀਅਰ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖਕੇ ਮੰਗ ਕੀਤੀ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢਿਆ ਜਾਵੇ।

ਰਾਣਾ ਗੁਰਜੀਤ

ਤਸਵੀਰ ਸਰੋਤ, Rana Gurjeet/Facebook

ਤਸਵੀਰ ਕੈਪਸ਼ਨ, ਰਾਣਾ ਗੁਰਜੀਤ ਮੁਤਾਬਕ ਉਨ੍ਹਾਂ ਦਾ ਪੁੱਤਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵੇਗਾ

ਰਾਣਾ ਗੁਰਜੀਤ ਸਿੰਘ ਨੇ ਇੰਨ੍ਹਾਂ ਚਾਰੇ ਕਾਂਗਰਸੀ ਉਮੀਦਵਾਰਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜੇਕਰ ਉਨ੍ਹਾਂ ਦੇ ਪੁੱਤਰ ਨੂੰ ਸੁਲਤਾਨਪੁਰ ਲੋਧੀ ਤੋਂ ਹਰਾ ਦੇਣਗੇ ਤਾਂ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਇੰਨ੍ਹਾਂ ਚਾਰੇ ਉਮੀਦਵਾਰਾਂ ਸਮੇਤ ਸੁਲਤਾਨਪੁਰ ਲੋਧੀ ਦੇ ਲੋਕਾਂ ਕੋਲੋਂ ਵੀ ਮਾਫ਼ੀ ਮੰਗਣਗੇ।

ਰਾਣਾ ਗੁਰਜੀਤ ਸਿੰਘ ਨੇ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦਾ ਪੁੱਤਰ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵੇਗਾ।

ਫਿਲੌਰ ਦੀ ਸੀਟ ਚੌਧਰੀ ਸੰਤੋਖ ਦੇ ਪੁੱਤਰ ਵਿਕਰਮ ਚੌਧਰੀ ਨੂੰ ਦਿੱਤੀ ਗਈ ਹੈ, ਜਿਸ ਕਾਰਨ ਸਰਵਨ ਸਿੰਘ ਫਿਲੌਰ ਪਾਰਟੀ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ ਚਲੇ ਗਏ ਹਨ।

ਵਿਕਰਮ ਚੌਧਰੀ ਨੂੰ ਟਿਕਟ ਦੇਣ ਦਾ ਪੰਜਾਬ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮਹਿੰਦਰ ਸਿੰਘ ਕੇਪੀ ਵੀ ਵਿਰੋਧ ਕਰ ਰਹੇ ਹਨ।

ਚਰਨਜੀਤ ਸਿੰਘ ਚੰਨੀ ਦੇ ਜ਼ਿਲ੍ਹੇ ਰੋਪੜ ਦੀਆਂ ਦੋ ਸੀਟਾਂ ਉੱਤੇ ਅਨੰਦਪੁਰ ਸਾਹਿਬ ਤੋਂ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਅਤੇ ਰੋਪੜ ਤੋਂ ਬਰਿੰਦਰ ਢਿੱਲੋਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।

ਪਰ ਇਨ੍ਹਾਂ ਦੋਵਾਂ ਦੇ ਧੜ੍ਹੇ ਇੱਕ-ਦੂਜੇ ਦੇ ਹਲਕਿਆਂ ਵਿੱਚ ਇੱਕ-ਦੂਜੇ ਦੇ ਖ਼ਿਲਾਫ਼ ਸ਼ਰ੍ਹੇਆਮ ਬੈਠਕਾਂ ਕਰਕੇ ਇੱਕ-ਦੂਜੇ ਨੂੰ ਜਿੱਤਣ ਨਾ ਦੇਣ ਦੇ ਐਲਾਨ ਕਰ ਰਹੇ ਹਨ।

ਮਾਲਵੇ ਵਿੱਚ ਵੀ ਹਾਲਾਤ ਚੰਗੇ ਨਹੀਂ

ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਗਈ ਬਠਿੰਡਾ ਦੇਹਾਤੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆਂ, ਹਲਕਾ ਮੌੜ ਤੋਂ ਜਗਦੇਵ ਸਿੰਘ ਕਮਾਲੂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਹਨ।

ਮਾਲਵਿਕਾ ਸੂਦ

ਜਦਕਿ ਮੌਗਾ ਵਿੱਚ ਡਾਕਟਰ ਹਰਕਮਲਜੋਤ ਦੀ ਥਾਂ ਸੋਨੂੰ ਸੂਦ ਦੀ ਭੈਣ ਮਾਲਵਿਕਾ ਨੂੰ ਟਿਕਟ ਦੇਣ ਕਾਰਨ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

ਸਿਆਸੀ ਮਾਹਰਾਂ ਦਾ ਕਹਿਣਾ ਸੀ ਕਿ ਟਿਕਟਾਂ ਵੰਡਣ ਸਮੇਂ ਕਾਂਗਰਸ ਨੇ ਪੁਰਾਣੇ ਉਮੀਦਵਾਰਾਂ ਦੀਆਂ ਸੀਟਾਂ ਨਾਲ ਕੋਈ ਬਹੁਤ ਵੱਡੀ ਛੇੜਛਾੜ ਨਹੀਂ ਕੀਤੀ।

ਪੁਰਾਣੇ ਚਿਹਰਿਆਂ ਨੂੰ ਦੁਹਰਾਉਣ ਅਤੇ ਕਈ ਥਾਵਾਂ 'ਤੇ ਨਵੇਂ ਚਿਹਰੇ ਦੇਣ ਨਾਲ ਪਾਰਟੀ ਵਿੱਚ ਉੱਠੀ ਬਗਾਵਤ ਉਸ ਨੂੰ ਖਾਈ ਵੱਲ ਧੱਕ ਰਹੀ ਹੈ।

ਮਹਿੰਦਰ ਸਿੰਘ ਕੇਪੀ ਪਾਰਟੀ ਹਾਈਕਮਾਂਡ 'ਤੇ ਦੋਸ਼ ਲਗਾਉਂਦੇ ਹਨ ਕਿ ਫਿਲੌਰ ਤੋਂ ਅਜਿਹੇ ਪਰਿਵਾਰ ਦੇ ਆਗੂਆਂ ਨੂੰ ਟਿਕਟ ਦਿੱਤੀ ਗਈ ਹੈ ਜਿਹੜਾ ਪਰਿਵਾਰ ਲਗਾਤਾਰ ਤਿੰਨ ਵਾਰ ਚੋਣ ਹਾਰ ਗਿਆ ਹੈ।

ਪੀਟੀਆਈ ਦੇ ਸਾਬਕਾ ਪੱਤਰਕਾਰ ਰਾਜੀਵ ਭਾਸਕਰ ਅਨੁਸਾਰ,''ਕਾਂਗਰਸ ਵਿੱਚ ਬਗਾਵਤ ਕੋਈ ਨਵਾਂ ਵਰਤਾਰਾ ਨਹੀਂ। ਇਹ ਬਗਾਵਤ ਇਸ ਕਰਕੇ ਵੱਡੀ ਲੱਗ ਰਹੀ ਹੈ ਕਿਉਂਕਿ ਕਾਂਗਰਸ ਰਾਜਭਾਗ ਕਰ ਰਹੀ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਵੀ ਆਗੂ ਟਿਕਟਾਂ ਦੀ ਵੰਡ ਤੋਂ ਨਰਾਜ਼ ਹਨ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)