ਬਜਟ 2022: ਕ੍ਰਿਪਟੋਕਰੰਸੀ, ਡਿਜੀਟਲ ਵੌਲੇਟ ਅਤੇ ਬਲੌਕਚੇਨ ਨਾਲ ਸਬੰਧਤ ਹਰ ਸਵਾਲ ਦੇ ਜਵਾਬ

    • ਲੇਖਕ, ਅਭਿਨਵ ਗੋਇਲ
    • ਰੋਲ, ਬੀਬੀਸੀ ਪੱਤਰਕਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਬਜਟ ਪੇਸ਼ ਕੀਤਾ। ਬਜਟ ਘੋਸ਼ਣਾ ਵਿੱਚ ਸੀਤਾਰਮਨ ਨੇ ਵਰਚੁਅਲ ਸੰਪਤੀਆਂ (ਐਸੇਟ) 'ਤੇ ਟੈਕਸ ਅਤੇ ਭਾਰਤੀ ਡਿਜੀਟਲ ਮੁਦਰਾ ਲਾਂਚ ਕਰਨ ਦੀ ਗੱਲ ਕੀਤੀ।

ਉਨ੍ਹਾਂ ਕਿਹਾ, ''ਕਿਸੇ ਵੀ ਤਰ੍ਹਾਂ ਦੀ ਵਰਚੁਅਲ ਡਿਜੀਟਲ ਸੰਪਤੀ ਦੇ ਲੈਣ-ਦੇਣ ਤੋਂ ਹੋਣ ਵਾਲੀ ਆਮਦਨ 'ਤੇ 30 ਫੀਸਦੀ ਟੈਕਸ ਲਗਾਇਆ ਜਾਵੇਗਾ। ਵਰਚੁਅਲ ਡਿਜੀਟਲ ਸੰਪਤੀ ਨੂੰ ਟਰਾਂਸਫਰ ਕਰਨ ਤੇ ਵੀ ਇੱਕ ਫੀਸਦੀ ਟੀਡੀਐਸ ਦਾ ਭੁਗਤਾਨ ਕਰਨਾ ਹੋਵੇਗਾ। ਵਰਚੁਅਲ ਕਰੰਸੀ ਤੋਹਫ਼ੇ ਵਿੱਚ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।

ਵਰਚੁਅਲ ਸੰਪਤੀ ਤੋਂ ਇਲਾਵਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਸਾਲ ਭਾਰਤੀ ਰਿਜ਼ਰਵ ਬੈਂਕ ਵੱਲੋਂ ਡਿਜੀਟਲ ਰੁਪੀ ਲਾਂਚ ਕਰਨ ਦੀ ਗੱਲ ਵੀ ਕੀਤੀ ਹੈ।

ਵਰਚੁਅਲ ਐਸਟ, ਕ੍ਰਿਪਟੋਕਰੰਸੀ ਅਤੇ ਡਿਜੀਟਲ ਰੁਪੀ ਨੂੰ ਆਸਾਨ ਭਾਸ਼ਾ 'ਚ ਸਮਝਣ ਲਈ ਬੀਬੀਸੀ ਨੇ ਅਰਥਸ਼ਾਸਤਰੀ ਸ਼ਰਦ ਕੋਹਲੀ, ਕ੍ਰਿਪਟੋਕਰੰਸੀ ਮਾਹਿਰ ਸੰਜੀਵ ਕਾਂਸਲ ਅਤੇ ਕਰਾਸ ਟਾਵਰ ਕ੍ਰਿਪਟੋਕਰੰਸੀ ਐਕਸਚੇਂਜ ਦੇ ਸੀਈਓ ਵਿਕਾਸ ਆਹੂਜਾ ਨਾਲ ਗੱਲਬਾਤ ਕੀਤੀ।

ਕ੍ਰਿਪਟੋਕਰੰਸੀ ਕੀ ਹੈ?

ਵੱਡੇ-ਵੱਡੇ ਕੰਪਿਊਟਰ ਇੱਕ ਖਾਸ ਫਾਰਮੂਲੇ ਜਾਂ ਕਹੀਏ ਕਿ ਐਲਗੋਰਿਦਮ ਨੂੰ ਹੱਲ ਕਰਦੇ ਹਨ, ਇਸ ਨੂੰ ਮਾਈਨਿੰਗ ਕਿਹਾ ਜਾਂਦਾ ਹੈ, ਫਿਰ ਕਿਤੇ ਜਾ ਕੇ ਕ੍ਰਿਪਟੋਕਰੰਸੀ ਬਣਦੀ ਹੈ। ਬਜ਼ਾਰ ਵਿੱਚ ਬਿਟਕੁਆਇਨ ਵਰਗੀਆਂ ਲਗਭਗ ਚਾਰ ਹਜ਼ਾਰ ਵਰਚੁਅਲ ਕਰੰਸੀਆਂ ਉਪਲੱਬਧ ਹਨ।

ਇਹ ਵੀ ਪੜ੍ਹੋ:

ਇਹਨਾਂ ਸਾਰੀਆਂ ਵਰਚੁਅਲ ਕਰੰਸੀਆਂ ਨੂੰ ਕ੍ਰਿਪਟੋਕਰੰਸੀ ਕਿਹਾ ਜਾਂਦਾ ਹੈ। ਆਮ ਮੁਦਰਾ ਨੂੰ ਕੋਈ ਨਾ ਕੋਈ ਸੰਸਥਾ ਨਿਯੰਤਰਿਤ ਕਰਦੀ ਹੈ। ਜਿਵੇਂ ਕਿ ਭਾਰਤ ਵਿੱਚ ਮੁਦਰਾ ਜਾਂ ਕਰੰਸੀ ਨੂੰ ਭਾਰਤੀ ਰਿਜ਼ਰਵ ਬੈਂਕ ਨਿਯੰਤਰਿਤ ਕਰਦਾ ਹੈ। ਰਿਜ਼ਰਵ ਬੈਂਕ ਮੁਦਰਾ ਛਾਪਦਾ ਹੈ ਅਤੇ ਉਸਦਾ ਹਿਸਾਬ-ਕਿਤਾਬ ਰੱਖਦਾ ਹੈ। ਕ੍ਰਿਪਟੋਕਰੰਸੀ ਨੂੰ ਕੋਈ ਸੰਸਥਾ ਨਿਯੰਤ੍ਰਿਤ ਨਹੀਂ ਕਰਦੀ।

ਕ੍ਰਿਪਟੋਕਰੰਸੀ ਕਿਵੇਂ ਕੰਮ ਕਰਦੀ ਹੈ?

ਕ੍ਰਿਪਟੋਕਰੰਸੀ ਦੀ ਹਰੇਕ ਟ੍ਰਾਂਜ਼ੈਕਸ਼ਨ (ਲੈਣ-ਦੇਣ) ਦਾ ਡੇਟਾ ਦੁਨੀਆ ਭਰ ਦੇ ਵੱਖ-ਵੱਖ ਕੰਪਿਊਟਰਾਂ ਵਿੱਚ ਰਿਕਾਰਡ ਹੁੰਦਾ ਹੈ। ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਮੰਨ ਲਓ ਕਿ ਇੱਕ ਬਹੁਤ ਵੱਡਾ ਕਮਰਾ ਹੈ, ਜਿਸ ਵਿੱਚ ਦੁਨੀਆ ਭਰ ਦੇ ਲੋਕ ਬੈਠੇ ਹੋਏ ਹਨ।

ਅਜਿਹੇ 'ਚ ਜਦੋਂ ਕੋਈ ਵਿਅਕਤੀ ਕ੍ਰਿਪਟੋਕਰੰਸੀ ਦਾ ਲੈਣ-ਦੇਣ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਕਮਰੇ 'ਚ ਬੈਠੇ ਸਾਰੇ ਲੋਕਾਂ ਤੱਕ ਪਹੁੰਚ ਜਾਂਦੀ ਹੈ, ਮਤਲਬ ਇਹ ਹੈ ਕਿ ਉਸ ਦਾ ਰਿਕਾਰਡ ਸਿਰਫ ਇੱਕ ਜਗ੍ਹਾ 'ਤੇ ਦਰਜ ਨਹੀਂ ਹੁੰਦਾ।

ਇਹ ਦੁਨੀਆ ਭਰ ਦੇ ਵੱਖ-ਵੱਖ ਕੰਪਿਊਟਰਾਂ ਵਿੱਚ ਰੱਖਿਆ ਗਿਆ ਹੈ, ਇਸ ਲਈ ਇੱਥੇ ਬੈਂਕਾਂ ਵਰਗੀ ਕਿਸੇ ਤੀਜੀ ਧਿਰ ਦੀ ਲੋੜ ਪੈਂਦੀ। ਬਿਟਕੁਆਇਨ ਨਾਮ ਦੀ ਇੱਕ ਕ੍ਰਿਪਟੋਕਰੰਸੀ 2008 ਵਿੱਚ ਬਣੀ ਸੀ।

2008 ਤੋਂ ਹੁਣ ਤੱਕ, ਬਿਟਕੁਆਇਨ ਨੂੰ ਕਦੋਂ ਕਿਸ ਵੌਲੇਟ ਰਾਹੀਂ ਖਰੀਦਿਆ ਜਾਂ ਵੇਚਿਆ ਗਿਆ, ਇਸਦੀ ਸਾਰੀ ਜਾਣਕਾਰੀ ਰਹਿੰਦੀ ਹੈ। ਇਸ ਨਾਲ ਪਰੇਸ਼ਾਨੀ ਸਿਰਫ ਇਹ ਹੈ ਕਿ ਇਹ ਪਤਾ ਨਹੀਂ ਲੱਗਦਾ ਕਿ ਵੋਲੇਟ ਕਿਸ ਵਿਅਕਤੀ ਨਾਲ ਜੁੜਿਆ ਹੋਇਆ ਹੈ।

ਬਜਟ ਘੋਸ਼ਣਾ ਵਿੱਚ ਵਰਚੁਅਲ ਐਸਟ 'ਤੇ 30 ਪ੍ਰਤੀਸ਼ਤ ਟੈਕਸ ਦਾ ਕੀ ਮਤਲਬ ਹੈ?

ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਕਮਾਈ 'ਤੇ ਹੁਣ ਵਿਅਕਤੀ ਨੂੰ 30 ਫੀਸਦ ਟੈਕਸ ਦੇਣਾ ਪਏਗਾ। ਜੇਕਰ ਕਿਸੇ ਵਿਅਕਤੀ ਨੇ ਇੱਕ ਲੱਖ ਰੁਪਏ ਦੀ ਕ੍ਰਿਪਟੋਕਰੰਸੀ ਖਰੀਦੀ ਅਤੇ ਦੋ ਮਹੀਨਿਆਂ ਬਾਅਦ ਉਸਨੂੰ ਦੋ ਲੱਖ ਰੁਪਏ ਵਿੱਚ ਵੇਚ ਦਿੱਤਾ ਇਸ ਦਾ ਮਤਲਬ ਹੈ ਕਿ ਉਸ ਨੂੰ ਇਕ ਲੱਖ ਰੁਪਏ ਦਾ ਮੁਨਾਫਾ ਹੋਇਆ।

ਹੁਣ ਉਸ ਵਿਅਕਤੀ ਨੂੰ ਇਸ ਇੱਕ ਲੱਖ ਰੁਪਏ ਦੇ ਮੁਨਾਫੇ 'ਤੇ 30 ਫੀਸਦ ਭਾਵ 30 ਹਜ਼ਾਰ ਰੁਪਏ ਟੈਕਸ ਦੇ ਤੌਰ 'ਤੇ ਸਰਕਾਰ ਨੂੰ ਦੇਣੇ ਪੈਣਗੇ।

ਵਰਚੁਅਲ ਸਟ 'ਤੇ 1% ਟੀਡੀਐੱਸ ਦਾ ਕੀ ਮਤਲਬ ਹੈ?

ਜੇਕਰ ਇੱਕ ਵਿਅਕਤੀ ਦੂਜੇ ਵਿਅਕਤੀ ਤੋਂ ਇੱਕ ਲੱਖ ਰੁਪਏ ਦੀ ਕ੍ਰਿਪਟੋਕਰੰਸੀ ਖਰੀਦਦਾ ਹੈ ਅਜਿਹੀ ਸਥਿਤੀ ਵਿੱਚ, ਪਹਿਲਾ ਵਿਅਕਤੀ ਇੱਕ ਪ੍ਰਤੀਸ਼ਤ ਟੀਡੀਐੱਸ ਭਾਵ 1 ਹਜ਼ਾਰ ਰੁਪਏ ਕੱਟਣ ਤੋਂ ਬਾਅਦ ਦੂਜੇ ਵਿਅਕਤੀ ਨੂੰ 99 ਹਜ਼ਾਰ ਦਾ ਭੁਗਤਾਨ ਕਰੇਗਾ।

ਇਸ ਇੱਕ ਹਜ਼ਾਰ ਰੁਪਏ ਨੂੰ ਸਰਕਾਰ ਦੇ ਟੀਡੀਐੱਸ ਵਜੋਂ ਜਮ੍ਹਾਂ ਕਰਵਾਉਣਾ ਪਏਗਾ, ਜਿਸਨੂੰ ਬਾਅਦ ਵਿੱਚ ਟੈਕਸ ਵਜੋਂ ਕ੍ਰੈਡਿਟ ਕੀਤਾ ਜਾ ਸਕਦਾ ਹੈ। ਇਸ ਨਾਲ ਸਰਕਾਰ ਨੂੰ ਲੈਣ-ਦੇਣ ਦੀ ਜਾਣਕਾਰੀ ਰਹੇਗੀ।

ਕੀ ਕ੍ਰਿਪਟੋਕਰੰਸੀ ਗਿਫਟ ਕਰਨ 'ਤੇ ਵੀ ਟੈਕਸ ਦੇਣਾ ਪਏਗਾ?

ਜੀ ਹਾਂ। ਕੁਝ ਮਾਮਲਿਆਂ ਵਿੱਚ, ਨਜ਼ਦੀਕੀ ਰਿਸ਼ਤੇਦਾਰਾਂ ਨੂੰ ਸਾਮਾਨ ਤੋਹਫ਼ੇ ਵਜੋਂ ਦੇਣ 'ਤੇ ਟੈਕਸ ਨਹੀਂ ਲੱਗਦਾ ਹੈ, ਪਰ ਕ੍ਰਿਪਟੋਕਰੰਸੀ ਨੂੰ ਤੋਹਫ਼ੇ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਂਦਾ ਹੈ। ਜੇਕਰ ਤੁਸੀਂ ਆਪਣੇ ਭੈਣ-ਭਰਾ ਨੂੰ ਵੀ ਕ੍ਰਿਪਟੋਕਰੰਸੀ ਤੋਹਫ਼ਾ ਵਜੋਂ ਦਿੰਦੇ ਹੋ, ਤਾਂ ਇਸ 'ਤੇ ਟੈਕਸ ਲੱਗੇਗਾ।

ਜੇਕਰ ਕ੍ਰਿਪਟੋਕਰੰਸੀ ਦੇ ਲੈਣ-ਦੇਣ ਵਿੱਚ ਨੁਕਸਾਨ ਹੁੰਦਾ ਹੈ ਤਾਂ ਕੀ ਹੋਵੇਗਾ?

ਸਾਲਾਨਾ ਕਮਾਈ 'ਚ ਕ੍ਰਿਪਟੋਕਰੰਸੀ ਤੋਂ ਹੋਣ ਵਾਲੇ ਫਾਇਦੇ ਜਾਂ ਨੁਕਸਾਨ ਨੂੰ ਨਹੀਂ ਜੋੜਿਆ ਜਾ ਸਕਦਾ। ਜੇਕਰ ਤੁਹਾਨੂੰ ਤੁਹਾਡੇ ਕਾਰੋਬਾਰ ਵਿੱਚ ਪੰਜ ਲੱਖ ਰੁਪਏ ਦੀ ਕਮਾਈ ਹੋਈ ਹੈ ਅਤੇ ਕ੍ਰਿਪਟੋਕਰੰਸੀ ਤੋਂ ਇੱਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਸਥਿਤੀ 'ਚ ਤੁਹਾਨੂੰ ਪੂਰੇ ਪੰਜ ਲੱਖ ਰੁਪਏ 'ਤੇ ਸਰਕਾਰ ਨੂੰ ਟੈਕਸ ਦੇਣਾ ਪਏਗਾ।

ਇਸ ਵਿੱਚ ਕ੍ਰਿਪਟੋਕਰੰਸੀ ਤੋਂ ਹੋਏ ਨੁਕਸਾਨ ਨੂੰ ਐਡਜਸਟ ਨਹੀਂ ਕੀਤਾ ਜਾ ਸਕਦਾ। ਮਤਲਬ ਕਿ ਤੁਸੀਂ ਆਪਣੀ ਕਮਾਈ 4 ਲੱਖ ਰੁਪਏ ਨਹੀਂ ਦਿਖਾ ਸਕਦੇ।

ਵਰਚੁਅਲ ਐਸਟ ਕੀ ਹੈ?

ਵਰਚੁਅਲ ਦਾ ਅਰਥ ਹੈ- ਜਿਸ ਨੂੰ ਫਿਜ਼ੀਕਲੀ ਛੂਹਿਆ ਨਹੀਂ ਜਾ ਸਕਦਾ ਅਤੇ ਐਸਟ ਦਾ ਅਰਥ ਹੈ- ਸੰਪੱਤੀ। ਬਜ਼ਾਰ ਵਿੱਚ ਬਿਟਕੁਆਇਨ, ਏਥੀਰਿਅਮ, ਡੌਜਕੋਇਨ ਵਰਗੀਆਂ ਜਿੰਨੀਆਂ ਵੀ ਕ੍ਰਿਪਟੋਕਰੰਸੀਆਂ ਹਨ, ਉਨ੍ਹਾਂ ਸਾਰੀਆਂ ਨੂੰ ਵਰਚੁਅਲ ਐਸਟ ਕਿਹਾ ਜਾਂਦਾ ਹੈ।

ਇਸ ਵਿੱਚ ਨਾਨ-ਫੰਜਿਬਲ ਟੋਕਨ ਭਾਵ ਐੱਨਐੱਫਟੀ ਵੀ ਸ਼ਾਮਲ ਹੈ। ਉਦਾਹਰਨ ਲਈ, ਦੁਨੀਆ ਦਾ ਜਿਹੜਾ ਸਭ ਤੋਂ ਪਹਿਲਾ ਐੱਸਐੱਮਐੱਸ ਗਿਆ ਸੀ, ਉਸਨੂੰ ਇੱਕ ਵਿਅਕਤੀ ਨੇ ਸਾਂਭ ਕੇ ਉਸਦਾ ਨਾਨ-ਫੰਜਿਬਲ ਟੋਕਨ ਬਣਾ ਲਿਆ ਹੈ। ਲੋਕਾਂ ਨੇ ਬਹੁਤ ਸਾਰੀਆਂ ਪੇਂਟਿਗਾਂ ਨੂੰ ਵੀ ਐੱਨਐੱਫਟੀ ਦੇ ਰੂਪ ਵਿੱਚ ਤਿਆਰ ਕਰ ਲਿਆ ਹੈ। ਇਨ੍ਹਾਂ ਨੂੰ ਵਰਚੁਅਲ ਦੁਨੀਆ ਵਿੱਚ ਵੇਚਿਆ ਜਾਂ ਖਰੀਦਿਆ ਜਾ ਸਕਦਾ ਹੈ।

ਡਿਜੀਟਲ ਵੌਲੇਟ ਕੀ ਹੁੰਦਾ ਹੈ?

ਜਿਵੇਂ ਕੋਈ ਵਿਅਕਤੀ ਆਪਣੇ ਪੈਸੇ ਪਰਸ ਵਿੱਚ ਰੱਖਦਾ ਹੈ ਇਸੇ ਤਰ੍ਹਾਂ ਕ੍ਰਿਪਟੋਕਰੰਸੀਆਂ ਨੂੰ ਰੱਖਣ ਲਈ ਇੱਕ ਡਿਜੀਟਲ ਵੌਲੇਟ ਦੀ ਲੋੜ ਹੁੰਦੀ ਹੈ।

ਡਿਜੀਟਲ ਵੌਲੇਟ ਨੂੰ ਖੋਲ੍ਹਣ ਲਈ ਪਾਸਵਰਡ ਹੁੰਦਾ ਹੈ। ਜਿਸ ਕੋਲ ਵੀ ਡਿਜੀਟਲ ਵੌਲੇਟ ਦਾ ਪਾਸਵਰਡ ਹੁੰਦਾ ਹੈ, ਉਹ ਇਸ ਨੂੰ ਖੋਲ੍ਹ ਕੇ ਕ੍ਰਿਪਟੋਕਰੰਸੀ ਨੂੰ ਖਰੀਦ ਜਾਂ ਵੇਚ ਸਕਦਾ ਹੈ।

ਡਿਜੀਟਲ ਵੌਲੇਟ ਦਾ ਇੱਕ ਪਤਾ ਹੁੰਦਾ ਹੈ, ਜੋ 40 ਤੋਂ 50 ਅੰਕਾਂ ਦਾ ਹੁੰਦਾ ਹੈ। ਇਨ੍ਹਾਂ ਵਿੱਚ ਅਲਫ਼ਾਬੈਟ (ਵਰਣਮਾਲਾ) ਅਤੇ ਨਿਊਮੈਰਿਕ (ਸੰਖਿਆਵਾਂ) ਦੋਵੇਂ ਸ਼ਾਮਲ ਹੁੰਦੇ ਹਨ। ਹਰੇਕ ਵੌਲੇਟ ਦਾ ਇੱਕ ਵਿਲੱਖਣ ਪਤਾ ਹੁੰਦਾ ਹੈ। ਡਿਜੀਟਲ ਦੁਨੀਆ ਵਿੱਚ ਅਜਿਹੇ ਖਰਬਾਂ-ਖਰਬਾਂ ਵੌਲੇਟ ਹਨ।

ਬਲੌਕਚੇਨ ਕੀ ਹੁੰਦੀ ਹੈ?

ਜਦੋਂ ਕ੍ਰਿਪਟੋਕਰੰਸੀ ਨਾਲ ਜੁੜਿਆ ਕੋਈ ਲੈਣ-ਦੇਣ ਹੁੰਦਾ ਹੈ, ਤਾਂ ਇਹ ਬਲੌਕਚੇਨ ਵਿੱਚ ਦਰਜ ਹੁੰਦਾ ਹੈ। ਬਲੌਕ ਵਿੱਚ ਸੀਮਤ ਗਿਣਤੀ ਵਿੱਚ ਹੀ ਲੈਣ-ਦੇਣ ਦਰਜ ਹੋ ਸਕਦੇ ਹਨ।

ਇੱਕ ਬਲੌਕ ਭਰਨ ਤੋਂ ਬਾਅਦ, ਲੈਣ-ਦੇਣ ਦੂਜੇ ਬਲੌਕ ਵਿੱਚ ਦਰਜ ਹੁੰਦਾ ਹੈ। ਇਸ ਤਰ੍ਹਾਂ, ਇੱਕ ਬਲੌਕ ਅਗਲੇ ਬਲੌਕ ਨਾਲ ਜੁੜਦਾ ਚਲਾ ਜਾਂਦਾ ਹੈ। ਇਸੇ ਲੜੀ ਜਾਂ ਚੇਨ ਨੂੰ ਬਲੌਕਚੇਨ ਕਿਹਾ ਜਾਂਦਾ ਹੈ।

ਕ੍ਰਿਪਟੋਕਰੰਸੀ ਐਕਸਚੇਂਜ ਕੀ ਹੁੰਦੀ ਹੈ?

ਇਹ ਅਜਿਹੇ ਪਲੇਟਫਾਰਮ ਹੁੰਦੇ ਹਨ ਜਿੱਥੇ ਕੋਈ ਵਿਅਕਤੀ ਕ੍ਰਿਪਟੋਕਰੰਸੀ ਨੂੰ ਖਰੀਦ ਜਾਂ ਵੇਚ ਸਕਦਾ ਹੈ। ਇਨ੍ਹਾਂ ਐਕਸਚੇਂਜ ਪਲੇਟਫਾਰਮਾਂ 'ਤੇ ਜਾ ਕੇ ਰੁਪਏ ਨੂੰ ਕ੍ਰਿਪਟੋਕਰੰਸੀ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਤੁਸੀਂ ਇੱਕ ਕ੍ਰਿਪਟੋਕਰੰਸੀ ਵੇਚ ਕੇ ਦੂਜੀ ਖਰੀਦਣਾ ਚਾਹੁੰਦੇ ਹੋ ਤਾਂ ਵੀ ਅਜਿਹੇ ਐਕਸਚੇਂਜ ਕੰਮ ਆਉਂਦੇ ਹਨ।

ਜਿਸ ਤਰ੍ਹਾਂ ਅਸੀਂ ਔਨਲਾਈਨ ਪਲੇਟਫਾਰਮਾਂ 'ਤੇ ਸਾਮਾਨ ਖਰੀਦਣ ਲਈ ਜਾਂਦੇ ਹਾਂ, ਉਸੇ ਤਰ੍ਹਾਂ ਕ੍ਰਿਪਟੋਕਰੰਸੀ ਖਰੀਦਣ ਲਈ ਕ੍ਰਿਪਟੋ ਐਕਸਚੇਂਜ ਦੀ ਮਦਦ ਲਈ ਜਾਂਦੀ ਹੈ। ਇੱਥੇ ਕ੍ਰਿਪਟੋਕਰੰਸੀ ਦੇ ਖਰੀਦਦਾਰ ਵੀ ਹੁੰਦੇ ਹਨ ਅਤੇ ਵਿਕਰੇਤਾ ਵੀ।

ਪੇਟੀਐੱਮ ਵਰਗੇ ਈ-ਵੌਲੇਟ ਵਿੱਚ ਰੱਖੇ ਪੈਸਿਆਂ ਨਾਲੋਂ ਡਿਜੀਟਲ ਰੁਪੀ ਵੱਖਰਾ ਕਿਵੇਂ ਹੈ?

ਡਿਜੀਟਲ ਰੁਪੀ ਦੀ ਗੱਲ ਕਰੀਏ ਤਾਂ ਤੁਹਾਡੀ ਜੇਬ ਵਿੱਚ ਜੋ ਨੋਟ ਅਤੇ ਸਿੱਕੇ ਪਏ ਹਨ, ਉਹ ਡਿਜੀਟਲ ਰੂਪ ਵਿੱਚ ਤੁਹਾਡੇ ਫ਼ੋਨ ਜਾਂ ਵੌਲੇਟ ਵਿੱਚ ਰਹਿਣਗੇ। ਇਸ ਵਿੱਚ ਤੁਹਾਨੂੰ ਬੈਂਕ ਦੀ ਲੋੜ ਨਹੀਂ ਪਵੇਗੀ।

ਵਰਤਮਾਨ ਸਮੇਂ ਵਿੱਚ ਕੋਈ ਵੀ ਭੁਗਤਾਨ ਕਰਨ ਲਈ, ਵਿਅਕਤੀ ਨੂੰ ਕਿਸੇ ਵੀ ਬੈਂਕ ਜਾਂ ਕਿਸੇ ਪੇਮੈਂਟ ਵੌਲੇਟ ਦੀ ਮਦਦ ਲੈਣੀ ਪੈਂਦੀ ਹੈ। ਪੇਟੀਐੱਮ ਵਰਗੀਆਂ ਈ-ਵੌਲੇਟ ਕੰਪਨੀਆਂ ਵਿਚੋਲੇ ਵਜੋਂ ਕੰਮ ਕਰਦੀਆਂ ਹਨ। ਡਿਜੀਟਲ ਕਰੰਸੀ ਵਿੱਚ ਅਜਿਹਾ ਨਹੀਂ ਹੋਵੇਗਾ।

ਜਿਵੇਂ ਤੁਸੀਂ ਹੁਣ ਨਕਦੀ ਨਾਲ ਲੈਣ-ਦੇਣ ਕਰਦੇ ਹੋ, ਉਸੇ ਤਰ੍ਹਾਂ ਤੁਸੀਂ ਡਿਜੀਟਲ ਰੁਪੀ ਨਾਲ ਵੀ ਕਰ ਸਕੋਗੇ। ਇਹ ਡਿਜੀਟਲ ਕਰੰਸੀ ਬਲੌਕਚੇਨ ਤਕਨੀਕ 'ਤੇ ਆਧਾਰਿਤ ਹੋਵੇਗੀ। ਇਸ ਨਾਲ ਪਤਾ ਲੱਗੇਗਾ ਕਿ ਡਿਜੀਟਲ ਕਰੰਸੀ ਕਿੱਥੋਂ-ਕਿੱਥੋਂ ਤੁਹਾਡੇ ਕੋਲ ਆਈ ਹੈ। ਆਮ ਕਰੰਸੀ ਵਾਂਗ ਹੀ, ਡਿਜੀਟਲ ਰੁਪੀ ਨੂੰ ਵੀ ਭਾਰਤੀ ਰਿਜ਼ਰਵ ਬੈਂਕ ਹੀ ਜਾਰੀ ਕਰੇਗਾ।

ਡਿਜੀਟਲ ਰੁਪੀ ਕ੍ਰਿਪਟੋਕਰੰਸੀ ਤੋਂ ਵੱਖਰੀ ਕਿਵੇਂ ਹੈ?

ਬਿਟਕੁਆਇਨ 2 ਕਰੋੜ 10 ਲੱਖ ਤੋਂ ਵੱਧ ਨਹੀਂ ਹੋ ਸਕਦੇ। ਬਿਟਕੁਆਇਨ ਦੀ ਸਪਲਾਈ ਸੀਮਤ ਹੈ, ਜਦੋਂ ਮੰਗ ਵਧਦੀ ਹੈ ਤਾਂ ਬਿਟਕੁਆਇਨ ਦੀ ਕੀਮਤ ਵਧਣੀ ਸ਼ੁਰੂ ਹੋ ਜਾਂਦੀ ਹੈ। ਪੰਜ ਸਾਲ ਪਹਿਲਾਂ ਬਿਟਕੁਆਇਨ ਦੀ ਕੀਮਤ 22 ਹਜ਼ਾਰ ਰੁਪਏ ਸੀ ਪਰ ਅੱਜ ਇਸ ਦੀ ਕੀਮਤ ਲਗਭਗ 30 ਲੱਖ ਰੁਪਏ ਹੈ।

ਇਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਅਤੇ ਘਟਦੀਆਂ ਰਹਿੰਦੀਆਂ ਹਨ। ਜ਼ਿਆਦਾਤਰ ਕ੍ਰਿਪਟੋਕਰੰਸੀ ਦੀ ਇੱਕ ਨਿਸ਼ਚਿਤ ਸੰਖਿਆ ਹੁੰਦੀ ਹੈ, ਉਨ੍ਹਾਂ ਨੂੰ ਉਸ ਤੋਂ ਵੱਧ ਨਹੀਂ ਬਣਾਇਆ ਜਾ ਸਕਦਾ।

ਦੂਜੇ ਪਾਸੇ, ਡਿਜੀਟਲ ਰੁਪੀ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਆਉਂਦਾ। ਡਿਜੀਟਲ ਰੁਪੀ ਦੇ ਤੌਰ 'ਤੇ ਦਸ ਰੁਪਏ, ਕਈ ਸਾਲਾਂ ਬਾਅਦ ਵੀ ਦਸ ਰੁਪਏ ਹੀ ਰਹਿਣਗੇ। ਡਿਜੀਟਲ ਰੁਪੀ ਸਿਰਫ ਸਾਡੇ ਲੈਣ-ਦੇਣ ਦੇ ਤਰੀਕੇ ਨੂੰ ਬਦਲੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)