ਕੋਰੋਨਾਵਾਇਰਸ: ਨੱਕ ਰਾਹੀ ਪਾਈ ਜਾਣ ਵਾਲੀ ਦਵਾਈ ਬਦਲ ਸਕਦੀ ਹੈ ਖੇਡ: ਮਾਹਰ -ਪ੍ਰੈਸ ਰੀਵਿਊ

ਕੋਰੋਨਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਟੀਕਿਆਂ ਦੀ ਅਹਿਮੀਅਤ ਉਪਰ ਕਈ ਵਾਰ ਚਰਚਾ ਹੋਈ ਹੈ ਅਤੇ ਹੁਣ ਮਾਹਿਰਾਂ ਮੁਤਾਬਕ 'ਨੇਜ਼ਲ ਵੈਕਸੀਨ' ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਅੰਗਰੇਜ਼ੀ ਅਖ਼ਬਾਰ 'ਹਿੰਦੁਸਤਾਨ ਟਾਈਮਜ਼'ਦੀ ਖ਼ਬਰ ਮੁਤਾਬਕ ਏਮਜ਼ ਦੇ ਸੀਨੀਅਰ ਡਾਕਟਰ ਅਤੇ ਮਾਹਿਰ ਡਾ ਸੰਜੇ ਰਾਏ ਮੁਤਾਬਕ ਨੇਜ਼ਲ ਵੈਕਸੀਨ ਲਾਗ ਨੂੰ ਰੋਕਣ ਵਿਚ ਆਪਣੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਮੁਤਾਬਕ ਦੁਨੀਆਂ ਵਿੱਚ ਲਗਪਗ 33 ਟੀਕੇ ਮੌਜੂਦ ਹਨ ਪਰ ਫੇਰ ਵੀ ਲਾਗ ਨੂੰ ਰੋਕਿਆ ਨਹੀਂ ਜਾ ਸਕਿਆ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੂੰ ਨੇਜ਼ਲ ਵੈਕਸੀਨ ਦੇ ਬੂਸਟਰ ਡੋਜ਼ ਦੇ ਤੀਜੇ ਦੌਰ ਦੇ ਟ੍ਰਾਇਲ ਵਾਸਤੇ ਹਰੀ ਝੰਡੀ ਮਿਲ ਗਈ ਹੈ।

ਇਹ ਵੀ ਪੜ੍ਹੋ:

ਨੇਜ਼ਲ ਵੈਕਸੀਨ ਨੱਕ ਰਾਹੀਂ ਸਪਰੇਅ ਕਰ ਕੇ ਦਿੱਤੇ ਜਾਂਦੇ ਹਨ। ਕੋਰੋਨਾਵਾਇਰਸ ਨੱਕ ਅਤੇ ਮੂੰਹ ਰਾਹੀਂ ਇਨਫੈਕਸ਼ਨ ਫੈਲਾਉਂਦੇ ਹਨ ਤਾਂ ਅਜਿਹੇ ਵਿੱਚ ਮਾਹਿਰਾਂ ਮੁਤਾਬਕ ਇਹ ਵੈਕਸੀਨ ਜ਼ਿਆਦਾ ਕਾਰਗਰ ਸਿੱਧ ਹੋ ਸਕਦੇ ਹਨ।

ਭਾਰਤ ਸਮੇਤ ਕਈ ਹੋਰ ਦੇਸ਼ ਇਸ ਸਮੇਂ ਕੋਰੋਨਾਵਾਇਰਸ ਖ਼ਿਲਾਫ਼ ਨੇਜ਼ਲ ਵੈਕਸੀਨ ਬਣਾਉਣ ਉੱਪਰ ਕੰਮ ਕਰ ਰਹੇ ਹਨ। ਭਾਰਤ ਵਿੱਚ ਇਹ ਟਰਾਇਲ 9 ਜਗ੍ਹਾ 'ਤੇ ਕੀਤੇ ਜਾਣਗੇ।

ਕਈ ਫੋਨਾਂ ਵਿੱਚ ਪੈਗਾਸਸ ਦੀ ਵਰਤੋਂ ਦੇ ਸਬੂਤ ਮੌਜੂਦ

ਇਜ਼ਰਾਈਲ ਦੀ ਜਾਸੂਸੀ ਸਾਫ਼ਟਵੇਅਰ ਪੈਗਾਸਸ ਦੀ ਕਥਿਤ ਵਰਤੋਂ ਦੇ ਮਾਮਲੇ ਵਿਚ ਦੋ ਸਾਈਬਰ ਐਕਸਪਰਟ ਵੱਲੋਂ ਸੁਪਰੀਮ ਕੋਰਟ ਨੂੰ ਕਈ ਫੋਨਾਂ ਵਿੱਚ ਇਸ ਦੀ ਮੌਜੂਦਗੀ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਸੁਪਰੀਮ ਕੋਰਟ ਵੱਲੋਂ ਪਿਛਲੇ ਸਾਲ ਅਕਤੂਬਰ ਵਿਚ ਇਕ ਤਿੰਨ ਮੈਂਬਰੀ ਪੈਨਲ ਨੂੰ ਹਦਾਇਤ ਦਿੱਤੀ ਗਈ ਸੀ ਕਿ ਇਸ ਸੌਫਟਵੇਅਰ ਅਤੇ ਕਥਿਤ ਇਲਜ਼ਾਮਾਂ ਦੀ ਜਾਂਚ ਕੀਤੀ ਜਾਵੇ। ਇਸ ਦੀ ਅਗਵਾਈ ਰਿਟਾਇਰਡ ਸੁਪਰੀਮ ਕੋਰਟ ਜੱਜ ਆਰਵੀ ਰਵੇਂਦਰਨ ਕਰ ਰਹੇ ਸਨ।

ਅੰਗਰੇਜ਼ੀ ਅਖ਼ਬਾਰ 'ਦਿ ਇੰਡੀਅਨ ਐਕਸਪ੍ਰੈਸ' ਦੀ ਖ਼ਬਰ ਮੁਤਾਬਕ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਸੌਫਟਵੇਅਰ ਦੇ ਕਈ ਫੋਨਾਂ ਵਿਚ ਹੋਣ ਦੀ ਪੁਖਤਾ ਜਾਣਕਾਰੀ ਸਾਈਬਰ ਐਕਸਪਰਟ ਕੋਲ ਹੈ।

ਪਿਛਲੇ ਸਾਲ ਜੁਲਾਈ ਵਿਚ ਦੁਨੀਆਂ ਭਰ ਦੇ ਕਈ ਖ਼ਬਰਾਂ ਨਾਲ ਸਬੰਧਿਤ ਅਦਾਰਿਆਂ ਨੇ ਇਹ ਸਾਫਟਵੇਅਰ ਬਾਰੇ ਖੁਲਾਸੇ ਕੀਤੇ ਸਨ। ਭਾਰਤ ਵਿੱਚ ਰਾਹੁਲ ਗਾਂਧੀ,ਪ੍ਰਸ਼ਾਂਤ ਕਿਸ਼ੋਰ,ਚੋਣ ਕਮਿਸ਼ਨਰ ਅਸ਼ੋਕ ਲਵਾਸਾ, ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹੋਰ ਵੀ ਵੱਡੇ ਨਾਮ ਸਾਹਮਣੇ ਆਏ ਸਨ ਜਿਨ੍ਹਾਂ ਦੀ ਕਥਿਤ ਜਾਸੂਸੀ ਕੀਤੀ ਜਾ ਰਹੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਹੁਣ ਇਸ ਸਾਫ਼ਟਵੇਅਰ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਇਕ ਨਵੀਂ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ ਇਸ ਵਿਚ ਮੰਗ ਕੀਤਾ ਗਿਆ ਹੈ ਕਿ 'ਨਿਊਯਾਰਕ ਟਾਈਮਜ਼' ਦੀ ਤਾਜ਼ਾ ਰਿਪੋਰਟ ਦਾ ਨੋਟਿਸ ਲਿਆ ਜਾਵੇ ਅਤੇ ਇਜ਼ਰਾਲ ਹੋਏ ਰੱਖਿਆ ਸੌਦੇ ਦੀ ਜਾਂਚ ਵੀ ਕੀਤੀ ਜਾਵੇ।

ਸੰਸਦ ਦੇ ਬਜਟ ਸੈਸ਼ਨ ਦੌਰਾਨ ਵੀ ਪੈਗੇਸਿਸ ਦਾ ਮੁੱਦਾ ਗੂੰਜਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਸੋਮਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਣ ਨਾਲ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਵਿਰੋਧੀ ਧਿਰ ਭਾਰਤ ਸਰਕਾਰ ਨੂੰ ਇਸ ਮੁੱਦੇ ਤੇ ਘੇਰਨ ਦੀ ਤਿਆਰੀ ਵੀ ਕਰ ਰਹੀ ਹੈ।

ਸਜ਼ਾਏ ਮੌਤ ਅਧੀਨ ਅਪਰਾਧੀਆਂ ਦੀ ਗਿਣਤੀ ਵਿੱਚ 21 ਫ਼ੀਸਦ ਵਾਧਾ

2021 ਦੌਰਾਨ ਸਜ਼ਾ-ਏ-ਮੌਤ ਵਾਲੇ ਅਪਰਾਧੀਆਂ ਦੀ ਗਿਣਤੀ ਵਿੱਚ 21 ਫ਼ੀਸਦ ਵਾਧਾ ਹੋਇਆ ਹੈ। ਦੇਸ਼ ਵਿੱਚ ਅਜਿਹੇ ਕੁੱਲ ਅਪਰਾਧੀਆਂ ਦੀ ਗਿਣਤੀ ਹੁਣ 488 ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟਾਈਮਜ਼ ਆਫ ਇੰਡੀਆ'ਦੀ ਖ਼ਬਰ ਮੁਤਾਬਕ ਮਹਾਂਮਾਰੀ ਦੌਰਾਨ ਅਜਿਹੇ ਅਪਰਾਧੀਆਂ ਵਿੱਚ ਵਾਧਾ ਹੋਇਆ ਹੈ।

ਉੱਤਰ ਪ੍ਰਦੇਸ਼ ਵਿਚ ਅਜਿਹੇ ਸਭ ਤੋਂ ਵੱਧ ਅਪਰਾਧੀ ਹਨ ਜਿਸ ਤੋਂ ਬਾਅਦ ਮਹਾਰਾਸ਼ਟਰ, ਬੰਗਾਲ, ਬਿਹਾਰ ਅਤੇ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ।

ਖ਼ਬਰ ਮੁਤਾਬਕ 'ਡੈੱਥ ਪਨੈਲਟੀ ਇਨ ਇੰਡੀਆ' ਦੀ ਸਾਲਾਨਾ ਰਿਪੋਰਟ ਵਿੱਚ ਇਹ ਖੁਲਾਸੇ ਹੋਏ ਹਨ।ਸੁਪਰੀਮ ਕੋਰਟ ਮੁਤਾਬਕ 2021 ਵਿਚ ਕਿਸੇ ਅਪਰਾਧੀ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ। 9 ਅਪਰਾਧੀਆਂ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਬਦਲਿਆ ਗਿਆ ਅਤੇ ਚਾਰ ਨੂੰ ਬਰੀ ਕੀਤਾ ਗਿਆ।

ਖ਼ਬਰ ਮੁਤਾਬਕ 2021 ਦੌਰਾਨ ਕਈ ਸੂਬਿਆਂ ਨੇ ਸਥਾਨਕ ਮੁੱਦਿਆਂ ਉੱਪਰ ਸਜ਼ਾ-ਏ-ਮੌਤ ਬਾਰੇ ਕਾਨੂੰਨ ਬਣਾਉਣ ਦੀ ਗੱਲ ਆਖੀ।

ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਨਾਜਾਇਜ਼ ਸ਼ਰਾਬ ਵੇਚਣ ਅਤੇ ਬਣਾਉਣ ਦੇ ਮਾਮਲੇ ਵਿੱਚ ਅਜਿਹਾ ਕੀਤਾ ਗਿਆ। ਇਸ ਦੇ ਨਾਲ ਕੇਂਦਰ ਸਰਕਾਰ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਮਨੁੱਖੀ ਤਸਕਰੀ ਲਈ ਅਜਿਹਾ ਕੀਤਾ ਗਿਆ।

ਮਹਾਰਾਸ਼ਟਰ ਸਰਕਾਰ ਵੱਲੋਂ ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਦੇ ਮਾਮਲਿਆਂ ਵਿਚ ਸਜ਼ਾਏ ਮੌਤ ਬਾਰੇ ਕਾਨੂੰਨ ਦੀ ਗੱਲ ਆਖੀ ਗਈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)