ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਕਿਵੇਂ ਕ੍ਰੈਸ਼ ਹੋਇਆ ਸੀ, ਭਾਰਤੀ ਹਵਾਈ ਫੌਜ ਨੇ ਦੱਸਿਆ - ਪ੍ਰੈੱਸ ਰੀਵਿਊ

ਤਸਵੀਰ ਸਰੋਤ, ANI
ਭਾਰਤੀ ਹਵਾਈ ਸੈਨਾ ਨੇ ਕਿਹਾ ਹੈ ਕਿ ਜਿਸ ਹੈਲੀਕਾਪਟਰ ਹਾਦਸੇ ਵਿੱਚ ਜਨਰਲ ਬਿਪਿਨ ਰਾਵਤ ਦੀ ਮੌਤ ਹੋ ਗਈ ਸੀ, ਉਸ ਵਿੱਚ ਕੋਈ "ਸਾਜ਼ਿਸ਼ ਜਾਂ ਲਾਪਰਵਾਹੀ" ਨਹੀਂ ਸੀ।
ਲੰਘੀ 8 ਦਸੰਬਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਕਈ ਉਨ੍ਹਾਂ ਨਾਲ ਮੌਜੂਦ ਹੋਰ ਅਫਸਰਾਂ ਅਤੇ ਉਨ੍ਹਾਂ ਦੀ ਪਤਨੀ ਦੀ ਵੀ ਜਾਨ ਚਲੀ ਗਈ ਸੀ।
ਦਿ ਹਿੰਦੂ ਦੀ ਖ਼ਬਰ ਮੁਤਾਬਕ, ਭਾਰਤੀ ਹਵਾਈ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ''ਟ੍ਰਾਈ-ਸਰਵਿਸੇਜ਼ ਕੋਰਟ ਆਫ ਇਨਕੁਆਇਰੀ ਅਨੁਸਾਰ ਇਹ ਹਾਦਸਾ ਕਿਸੇ ਮਸ਼ੀਨੀ ਖਰਾਬੀ, ਸਾਜ਼ਿਸ਼ ਜਾਂ ਲਾਪਰਵਾਹੀ ਕਾਰਨ ਨਹੀਂ ਹੋਇਆ।''
''ਘਾਟੀ 'ਚ ਅਚਾਨਕ ਹੋਏ ਮੌਸਮੀ ਬਦਲਾਅ ਕਾਰਨ ਹੈਲੀਕਾਪਟਰ ਬੱਦਲਾਂ 'ਚ ਵੜ ਗਿਆ ਸੀ। ਜਿਸ ਨਾਲ ਪਾਇਲਟ ਭਟਕ ਗਿਆ ਅਤੇ ਇਹ ਹਾਦਸਾ ਹੋ ਗਿਆ।''
''ਆਪਣੇ ਨਤੀਜਿਆਂ ਦੇ ਆਧਾਰ 'ਤੇ ਕੋਰਟ ਆਫ ਇਨਕੁਆਰੀ ਨੇ ਕੁਝ ਸਿਫਾਰਿਸ਼ਾਂ ਕੀਤੀਆਂ ਹਨ, ਜਿਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ।''
ਭਾਰਤੀ ਹਵਾਈ ਫੌਜ ਦੁਆਰਾ ਇਹ ਵੀ ਜਾਣਕਰੀ ਦਿੱਤੀ ਗਈ ਹੈ ਜਾਂਚ ਟੀਮ ਨੇ ਫਲਾਈਟ ਡਾਟਾ ਰਿਕਾਰਡਰ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਵਿਸ਼ਲੇਸ਼ਣ ਕਰਨ ਦੇ ਨਾਲ-ਨਾਲ ਚਸ਼ਮਦੀਦਾਂ ਤੋਂ ਵੀ ਪੁੱਛ-ਪੜਤਾਲ ਕੀਤੀ ਹੈ।
ਇਹ ਵੀ ਪੜ੍ਹੋ:
WHO ਵੱਲੋਂ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਦੋ ਹੋਰ ਨਵੀਆਂ ਦਵਾਈਆਂ ਦੀ ਸਿਫ਼ਾਰਸ਼
ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕੋਵਿਡ ਲਈ ਦੋ ਨਵੀਆਂ ਦਵਾਈਆਂ ਦੀ ਸਿਫ਼ਾਰਸ਼ ਕੀਤੀ ਹੈ।
ਇਹ ਦਵਾਈਆਂ ਕਿਸ ਹੱਦ ਤੱਕ ਜਾਨਾਂ ਬਚਾ ਸਕਦੀਆਂ ਹਨ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਕਿੰਨੀਆਂ ਕਿਫਾਇਤੀ ਹੋਣਗੀਆਂ ਅਤੇ ਕਿੰਨੇ ਵਿਆਪਕ ਤੌਰ 'ਤੇ ਉਪਲੱਬਧ ਹੋਣਗੀਆਂ।

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪਹਿਲੀ ਦਵਾਈ ਬੈਰੀਸੀਟਿਨਿਬ ਹੈ, ਜੋ ਕਿ ਗੰਭੀਰ ਕੋਵਿਡ ਵਾਲੇ ਮਰੀਜ਼ਾਂ ਲਈ ਇਸਤੇਮਾਲ ਕੀਤੀ ਜਾ ਸਕਦੀ ਹੈ।
ਦੂਜੀ ਦਵਾਈ ਸੋਟਰੋਵਿਮੈਬ ਹੈ। ਡਬਲਯੂਐੱਚਓ ਅਨੁਸਾਰ, ਹਲਕੇ ਜਾਂ ਦਰਮਿਆਨੇ ਲੱਛਣਾਂ ਵਾਲੇ ਮਰੀਜ਼, ਜੋ ਹਸਪਤਾਲ 'ਚ ਦਾਖਲ ਹੋਣ ਦੀ ਉੱਚ ਜੋਖਮ ਵਾਲੀ ਸਥਿਤੀ ਵਿੱਚ ਹੋਣ, ਉਨ੍ਹਾਂ ਲਈ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਸ ਸ਼੍ਰੇਣੀ ਵਿੱਚ ਉਹ ਮਰੀਜ਼ ਸ਼ਾਮਲ ਹਨ ਜੋ ਵੱਡੀ ਉਮਰ ਦੇ ਹਨ, ਜਿਨ੍ਹਾਂ 'ਚ ਪ੍ਰਤੀਰੋਧਕ ਸ਼ਕਤੀ ਘੱਟ ਹੈ ਅਤੇ ਜਿਨ੍ਹਾਂ ਨੂੰ ਸ਼ੂਗਰ, ਹਾਈਪਰਟੈਨਸ਼ਨ ਅਤੇ ਮੋਟਾਪੇ ਵਰਗੀਆਂ ਬੁਨਿਆਦੀ ਸਮੱਸਿਆਵਾਂ ਹਨ।
ਇਸਦੇ ਨਾਲ ਹੀ ਡਬਲਯੂਐੱਚਓ ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਓਮੀਕਰੋਨ ਨੂੰ ਹਲਕੇ ਵਿੱਚ ਨਾ ਲੈਣ।
ਇਸ ਸਾਲ ਅਕਤੂਬਰ ਤੋਂ 8 ਸੀਟਰ ਕਾਰਾਂ ਵਿੱਚ 6 ਏਅਰਬੈਗ ਲਾਜ਼ਮੀ ਹੋਣਗੇ
ਸੜਕ ਆਵਾਜਾਈ ਮੰਤਰਾਲੇ ਨੇ ਇਸ ਸਾਲ ਅਕਤੂਬਰ ਤੋਂ 8 ਸੀਟਾਂ ਵਾਲੀਆਂ ਸਾਰੀਆਂ ਕਾਰਾਂ ਵਿੱਚ ਛੇ ਏਅਰਬੈਗ ਲਾਜ਼ਮੀ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ।
ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਲਾਗਤ ਅਤੇ ਰੂਪਾਂ ਬਾਰੇ ਕੋਈ ਵਿਸ਼ੇਸ਼ ਗੱਲ ਨਾ ਕਰਦੇ ਹੋਏ, ਇਸ ਬਾਰੇ ਐਲਾਨ ਕੀਤਾ।

ਤਸਵੀਰ ਸਰੋਤ, @NITIN_GADKARI
ਪਿਛਲੀਆਂ ਸੀਟਾਂ 'ਤੇ ਸਵਾਰੀਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਇਸ ਐਲਾਨ ਮੁਤਾਬਕ, ਪ੍ਰਤੀ ਵਾਹਨ ਕੀਮਤ ਵਿੱਚ 8,000-10,000 ਰੁਪਏ ਤੱਕ ਦਾ ਵਾਧਾ ਹੋਵੇਗਾ।
ਗਡਕਰੀ ਨੇ ਟਵੀਟ ਕਰਦਿਆਂ ਕਿਹਾ, "ਅੱਗੇ ਅਤੇ ਪਿਛਲੇ ਦੋਨਾਂ ਕੰਪਾਰਟਮੈਂਟਾਂ ਵਿੱਚ ਬੈਠੇ ਯਾਤਰੀਆਂ ਲਈ ਅੱਗੇ ਅਤੇ ਪਾਸੇ ਦੀ ਟੱਕਰ ਦੇ ਪ੍ਰਭਾਵ ਨੂੰ ਘੱਟ ਕਰਨ ਲਈ, ਇਹ ਫੈਸਲਾ ਕੀਤਾ ਗਿਆ ਹੈ ਕਿ M1 (ਕਾਰਾਂ) ਦੀ ਵਾਹਨ ਸ਼੍ਰੇਣੀ ਵਿੱਚ ਚਾਰ ਵਾਧੂ ਏਅਰਬੈਗ ਲਾਜ਼ਮੀ ਕੀਤੇ ਜਾਣ: ਦੋ ਸਾਈਡ/ਸਾਈਡ ਟੋਰਸੋ ਏਅਰਬੈਗਜ਼ ਅਤੇ ਦੋ ਸਾਈਡ ਕਰਟਨ/ ਟਿਊਬ ਏਅਰਬੈਗ , ਜੋ ਕਿ ਸਾਰੇ ਆਊਟਬੋਰਡ ਯਾਤਰੀਆਂ ਨੂੰ ਸੁਰੱਖਿਆ ਦਿੰਦੇ ਹਨ।''
ਹਾਲਾਂਕਿ ਇੱਕ ਸਰੋਤ ਅਨੁਸਾਰ, ਆਟੋ ਇੰਡਸਟਰੀ ਇਸ ਯੋਜਨਾ ਤੋਂ ਖੁਸ਼ ਨਹੀਂ ਸੀ ਅਤੇ ਉਦਯੋਗਿਕ ਸੂਤਰਾਂ ਨੇ ਇਹ ਵੀ ਕਿਹਾ ਕਿ ਪ੍ਰਸਤਾਵਿਤ ਸਮੇਂ ਦੀ ਮਿਆਦ 'ਚ ਇਸ ਨੂੰ ਲਾਗੂ ਕਰਨਾ ਔਖਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












