ਮੋਦੀ ਦੀ ਫਿਰੋਜ਼ਪੁਰ ਫੇਰੀ: ਭਾਜਪਾ ਦੇ ਹਮਲਿਆਂ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਸਿਆਸੀ ਗਰਾਫ਼ ਡਿੱਗਿਆ ਜਾਂ ਵਧਿਆ

ਤਸਵੀਰ ਸਰੋਤ, Charnajit Channi /FB
- ਲੇਖਕ, ਖ਼ੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
''ਮੈਂ ਕਿਸੇ ਦੇ ਕਹੇ ਉੱਤੇ ਪੰਜਾਬ ਦੇ ਲੋਕਾਂ ਉੱਤੇ ਲਾਠੀਆਂ ਜਾਂ ਗੋਲ਼ੀਆਂ ਨਹੀਂ ਚਲਾ ਸਕਦਾ।''
''ਮੇਰਾ ਨਾਂ ਚਰਨਜੀਤ ਸਿੰਘ ਚੰਨੀ ਹੈ, ਮੈਨੂੰ ਬਦਨਾਮ ਕਰ ਲਓ ਜਿਹੜਾ ਕਰਨਾ ਹੈ, ਮੈਂ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਨਹੀਂ ਹੋਣ ਦਿਆਂਗਾ।''
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਹ ਸ਼ਬਦ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਰੈਲੀ ਰੱਦ ਹੋਣ ਤੋਂ ਅਗਲੇ ਦਿਨ ਦੇ ਹਨ।
ਹੁਸ਼ਿਆਰਪੁਰ ਦੇ ਟਾਂਡਾ ਵਿਚ ਰੈਲੀ ਦੌਰਾਨ ਜਦੋਂ ਚਰਨਜੀਤ ਸਿੰਘ ਚੰਨੀ ਇਹ ਸ਼ਬਦ ਕਹਿ ਰਹੇ ਸਨ, ਉਨ੍ਹਾਂ ਦੇ ਭਾਸ਼ਣ ਦੌਰਾਨ ਪੰਡਾਲ ਵਿਚੋਂ ਬੋਲੇ ਸੌ ਨਿਹਾਲ, ਸਤਿ ਸ੍ਰੀ ਅਕਾਲ ਅਤੇ ਚਰਨਜੀਤ ਚੰਨੀ ਜ਼ਿੰਦਾਬਾਦ ਦੇ ਨਾਅਰੇ ਕਾਫ਼ੀ ਜ਼ੋਸ਼ੀਲੇ ਢੰਗ ਨਾਲ ਗੂੰਜ ਰਹੇ ਸਨ।
5 ਜਨਵਰੀ ਨੂੰ ਸੜਕ ਰਸਤੇ ਰਾਹੀਂ ਜਦੋਂ ਫਿਰੋਜ਼ਪੁਰ ਰੈਲੀ ਜਾ ਰਹੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਰੋਕਿਆ ਗਿਆ ਤਾਂ ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚਰਨਜੀਤ ਸਿੰਘ ਚੰਨੀ ’ਤੇ ਪ੍ਰਧਾਨ ਮੰਤਰੀ ਖਿਲਾਫ਼ ਸਾਜ਼ਿਸ਼ ਦਾ ਸਰਗਨਾ ਹੋਣ ਦਾ ਇਲਜ਼ਾਮ ਲਗਾਇਆ ਸੀ।
ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਨੂੰ ‘ਕਾਂਗਰਸ ਦਾ ਖੂਨੀ ਖੇਲ’ ਕਿਹਾ ਸੀ।
ਮੋਦੀ ਦੀ ਪੁਰਾਣੀ ਰਣਨੀਤੀ ਨਾਲ ਹੀ ਮੋਦੀ ਨੂੰ ਟੱਕਰ
2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੂਬੇ ਦੇ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ''ਮੌਤ ਕੇ ਸੌਦਾਗਰ'' ਵਰਗੇ ਸ਼ਬਦ ਵਰਤੇ ਸਨ।
ਗੁਜਰਾਤ ਵਿੱਚ ਭਾਜਪਾ ਨੇ ਸੋਨੀਆ ਗਾਂਧੀ ਦੇ ਸ਼ਬਦਾਂ ਨੂੰ ''ਗੁਜਰਾਤੀ ਅਸਮਿਤਾ'' ਨਾਲ ਜੋੜ ਕੇ ਕਾਂਗਰਸ ਪ੍ਰਧਾਨ ਉੱਤੇ ''ਗੁਜਰਾਤੀਆਂ ਨੂੰ ਬਦਨਾਮ ਕਰਨ'' ਦਾ ਇਲਜ਼ਾਮ ਲਾਇਆ ਸੀ।
ਜੋ ਪੈਂਤੜਾ ਮੋਦੀ ਨੇ ਸੋਨੀਆ ਖ਼ਿਲਾਫ਼ ਵਰਤਿਆ ਸੀ, ਹੁਣ ਕਰੀਬ 15 ਸਾਲ ਬਾਅਦ ਤਕਰੀਬਨ ਉਸੇ ਤਰੀਕੇ ਦੀ ਰਣਨੀਤੀ ਅਪਣਾਉਂਦੇ ਹੋਏ ਚੰਨੀ ਨੇ ਮੋਦੀ ਦੀ ਸਿਆਸੀ ਚੌਸਰ ਦਾ ਪਾਸਾ ਘੱਟੋ-ਘੱਟ ਪੰਜਾਬ ਵਿੱਚ ਪਲਟ ਦਿੱਤਾ ਹੈ।
ਜਲੰਧਰ ਦੇ ਸੀਨੀਅਰ ਪੱਤਰਕਾਰ ਦੇਸ ਰਾਜ ਕਾਲੀ ਚਰਨਜੀਤ ਸਿੰਘ ਚੰਨੀ ਦੀ ਟਾਂਡਾ ਰੈਲੀ ਵਿਚ ਖੁਦ ਹਾਜ਼ਰ ਸਨ।
ਉਹ ਕਹਿੰਦੇ ਹਨ, ''ਕਾਂਗਰਸ ਦੀ ਰੈਲੀ ਵਿਚਲਾ ਜੋਸ਼ ਚੰਨੀ ਦੀ ਨਵੇਂ ਹਾਲਾਤ ਵਿਚ ਚੜ੍ਹਾਈ ਨੂੰ ਪੇਸ਼ ਕਰਦਾ ਸੀ।''

ਤਸਵੀਰ ਸਰੋਤ, Charanjit Singh Channi/fb
ਪੰਜਾਬ ਵਿਚ ਦਲਿਤ ਵਸੋਂ ਦੇ ਪ੍ਰਭਾਵ ਵਾਲੀਆਂ 34 ਸੀਟਾਂ ਹਨ, ਜਿਨ੍ਹਾਂ ਵਿਚੋਂ ਕਾਂਗਰਸ ਨੇ ਪਿਛਲੀ ਵਾਰ 21 ਜਿੱਤੀਆਂ ਸਨ।
ਇੰਝ ਲੱਗ ਰਿਹਾ ਹੈ ਕਿ ਚਰਨਜੀਤ ਚੰਨੀ ’ਤੇ ਭਾਜਪਾ ਦੇ ਹਮਲਿਆਂ ਅਤੇ ਚੰਨੀ ਦੇ ਆਪਣੇ ਸਟੈਂਡ ’ਤੇ ਕਾਇਮ ਰਹਿਣ ਕਾਰਨ ਉਨ੍ਹਾਂ ਦੀ ਪੌਜ਼ਿਸ਼ਨ ਉਨ੍ਹਾਂ ਨੂੰ ਪੇਂਡੂ ਖੇਤਰਾਂ ਅਤੇ ਦਲਿਤ ਭਾਈਚਾਰੇ ਵਿੱਚ ਹੋਰ ਮਜ਼ਬੂਤ ਹੋਈ ਹੈ।
ਅਸਲ ਵਿਚ ਪੰਜਾਬ ਵਿਚ ਇਹ ਆਮ ਵਰਤਾਰਾ ਰਿਹਾ ਹੈ ਕਿ ਜਿਹੜਾ ਵੀ ਸਿਆਸੀ ਆਗੂ ਦਿੱਲੀ ਜਾਂ ਕੇਂਦਰ ਸਰਕਾਰ ਦੇ ਦਬਾਅ ਅੱਗੇ ਝੁਕਦਾ ਨਜ਼ਰ ਨਹੀਂ ਆਉਂਦਾ, ਉਸ ਨੂੰ ਪੰਜਾਬੀ ਜਨਤਾ ਵਿੱਚ ਸਮਰਥਨ ਮਿਲਦਾ ਹੈ।
ਇਹ ਵੀ ਪੜ੍ਹੋ:
ਪੰਜਾਬ ਪੱਖ਼ੀ ਤਗਮੇ ਵਾਲੀ ਇਹ ਸਪੇਸ ਕਿਸੇ ਸਮੇਂ ਪੰਜਾਬ ਦੇ ਹਿੱਤਾਂ ਲਈ ਮੋਰਚੇ ਲਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਕੋਲ ਹੁੰਦੀ ਸੀ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਮਾਮਲੇ ਵਿਚ ਮੁੱਖ ਮੰਤਰੀ ਚੰਨੀ ਨੇ ਜੋ ਸਟੈਂਡ ਲਿਆ ਉਸ ਨਾਲ ਉਨ੍ਹਾਂ ਨੇ ਪੰਜਾਬ ਪੱਖੀ ਸਪੇਸ ਵਿਚ ਆਪਣੇ ਪੈਰ ਮਜ਼ਬੂਤ ਕੀਤੇ ਹਨ।
ਹਾਲਾਂਕਿ ਕੇਂਦਰੀ ਗ੍ਰਹਿ ਮੰਤਰਾਲੇ ਦਾ 5 ਜਨਵਰੀ ਦੇ ਘਟਨਾਕ੍ਰਮ ਨੂੰ ਗੰਭੀਰ ਸੁਰੱਖਿਆ ਕੁਤਾਹੀ ਦੱਸਣਾ ਅਤੇ ਭਾਜਪਾ ਦਾ ਇਸ ਦੇ ਅਧਾਰ ’ਤੇ ਮੁੱਖ ਮੰਤਰੀ ਅਤੇ ਪੰਜਾਬ ਦੀ ਪੁਲਿਸ ਨੂੰ ਨਿਸ਼ਾਨਾ ਬਣਾਉਣਾ ਪੰਜਾਬ ਦੇ ਬਾਹਰ ਹਿੰਦੀ ਭਾਸ਼ੀ ਸੂਬਿਆਂ ਵਿੱਚ ਕਈ ਲੋਕਾਂ ਵੱਲੋਂ ਸਹੀ ਮੰਨਿਆ ਗਿਆ।
ਕਈ ਵਿਸ਼ਲੇਸ਼ਕ ਇਹ ਵੀ ਮੰਨਦੇ ਹਨ ਕਿ ਇਸ ਬਿਰਤਾਂਤ ਨਾਲ ਸ਼ਹਿਰੀ ਹਿੰਦੂਆਂ ਦੇ ਇੱਕ ਤਬਕੇ ਵਿਚ ਅਸੁਰੱਖਿਆ ਦੀ ਭਾਵਨਾ ਵਧਣ ਦਾ ਅਸਰ ਵੀ ਦੇਖਿਆ ਜਾ ਸਕਦਾ ਹੈ।
ਇੱਕ ਖ਼ਬਰ ਏਜੰਸੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਬਠਿੰਡਾ ਏਅਰਪੋਰਟ ਉੱਤੇ ਜ਼ਿੰਦਾ ਵਾਪਸ ਮੁੜਨ'' ਵਾਲੀ ਕਥਿਤ ਟਿੱਪਣੀ ਤੋਂ ਬਾਅਦ, ਭਾਜਪਾ ਨੇ ਜੋ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਉਸ ਦਾ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਅਸਰ ਉਲਟ ਹੀ ਦਿਖ ਰਿਹਾ ਹੈ।
ਚਰਨਜੀਤ ਸਿੰਘ ਚੰਨੀ ਜਿਨ੍ਹਾਂ ਬਾਰੇ ਕੁਝ ਦਿਨ ਪਹਿਲਾਂ ਤੱਕ ਕਿਹਾ ਜਾਂਦਾ ਸੀ ਕਿ ਨਵਜੋਤ ਸਿੱਧੂ ਅਤੇ ਸੁਨੀਲ ਜਾਖੜ ਵਰਗੇ ਤਜਰਬੇਗਾਰ ਸਿਆਸਤਦਾਨ ਦੇ ਪੈਰ ਮੁੱਖ ਮੰਤਰੀ ਦੀ ਗੱਦੀ ’ਤੇ ਟਿਕਣ ਨਹੀਂ ਦੇਣਗੇ।
ਦੂਜੇ ਪਾਸੇ ਲਗ ਇਹ ਰਿਹਾ ਹੈ ਕਿ ਚੰਨੀ ਲਈ ਭਾਜਪਾ ਦਾ ਪੰਜਾਬ ਵਿਚਲਾ ਪ੍ਰਯੋਗ ਲਾਹੇਵੰਦ ਸਾਬਿਤ ਹੋ ਰਿਹਾ ਹੈ।
ਪੀਐਮ ਮੋਦੀ ਦੀ ਰੈਲੀ ਦੀ ਪੂਰੀ ਕਹਾਣੀ- ਵੀਡੀਓ (6 ਜਨਵਰੀ 2022)
ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਨੇ ਚਰਨਜੀਤ ਸਿੰਘ ਨੂੰ ਜਿਵੇਂ ਨਿਸ਼ਾਨਾ ਬਣਾਇਆ, ਉਸ ਨੇ ਚੰਨੀ ਨੂੰ ਬਿਰਤਾਂਤ ਦੇ ਕੇਂਦਰ ਵਿਚ ਲਿਆ ਦਿੱਤਾ, ਇਸ ਨਾਲ ਮੁਕਾਬਲਾ ਮੋਦੀ ਬਨਾਮ ਚੰਨੀ ਹੋ ਗਿਆ।
ਇਸ ਦੇ ਨਾਲ ਨਾਲ ਪੂਰੇ ਘਟਨਾਕ੍ਰਮ ਦੌਰਾਨ ਸਿੱਧੂ ਅਤੇ ਸੁਨੀਲ ਜਾਖ਼ੜ ਪਿੱਛੇ ਹੀ ਨਜ਼ਰ ਆਏ।
ਮੋਦੀ ਫੇਰੀ ਉੱਤੇ ਭਾਜਪਾ ਦਾ ਬਿਰਤਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਉਨ੍ਹਾਂ ਦੇ ਕਾਫ਼ਲੇ ਦੇ ਇੱਕ ਪੁਲ਼ ਉੱਤੇ 15-20 ਮਿੰਟ ਰੁਕਣ ਲਈ ਮਜਬੂਰ ਹੋਣ ਅਤੇ ਪ੍ਰਧਾਨ ਮੰਤਰੀ ਵੱਲੋਂ ਉੱਥੋਂ ਹੀ ਵਾਪਸ ਮੁੜਨ ਦੀ ਘਟਨਾ ਨੇ ਦੋ ਤਰ੍ਹਾਂ ਦੇ ਬਿਰਤਾਂਤ ਨੂੰ ਜਨਮ ਦਿੱਤਾ ਹੈ।
ਪਹਿਲਾ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਆਗੂਆਂ, ਆਈਟੀਸੈੱਲ ਅਤੇ ਕੌਮੀ ਮੀਡੀਆ ਰਾਹੀਂ ਸਿਰਜਿਆ ਗਿਆ।
ਇਸ ਬਿਰਤਾਂਤ ਮੁਤਾਬਕ ਮਸਲੇ ਨੂੰ ਸੁਰੱਖਿਆ ਏਜੰਸੀਆਂ ਦੀ ਕੁਤਾਹੀ ਨਾਲੋਂ ਵੱਧ ਕਾਂਗਰਸ ਦੀ ਸੂਬਾ ਸਰਕਾਰ ਦੀ ਪ੍ਰਧਾਨ ਮੰਤਰੀ ਖ਼ਿਲਾਫ਼ ਸਿਆਸੀ ਸਾਜ਼ਿਸ਼ ਦੇ ਤੌਰ ਉੱਤੇ ਉਭਾਰਿਆ ਗਿਆ, ਇਲਜ਼ਾਮ ਲਾਏ ਗਏ ਕਿ ਪੰਜਾਬ ਵਿਚ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰਾ ਸੀ।
ਪੀਐਮ ਮੋਦੀ ਦਾ ਕਾਫ਼ਲਾ ਫਿਰੋਜ਼ਪੁਰ ਫਲਾਈਓਵਰ 'ਤੇ ਪਹੁੰਚਣ ਸਮੇਂ ਦਾ ਹਾਲ ਚਸ਼ਮਦੀਦ ਤੋਂ ਸੁਣੋ - ਵੀਡੀਓ ( 7 ਜਨਵਰੀ, 2022)
ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਚਾਹੀਦਾ ਇਹ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੁਤਾਹੀ ਦੇ ਕਾਰਨਾਂ ਨੂੰ ਜਾਂਚ ਰਾਹੀਂ ਪਤਾ ਲਗਾ ਕੇ ਜ਼ਰੂਰੀ ਕਦਮ ਚੁੱਕੇ ਜਾਂਦੇ ਤੇ ਇਸ ਤੋਂ ਬਾਅਦ ਹੀ ਇਸ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਂਦੀ।
ਪਰ ਭਾਜਪਾ ਲੀਡਰਸ਼ਿਪ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਲਈ ਹਵਨ ਯੱਗ ਕਰਵਾ ਰਹੀ ਸੀ, ਮੋਮਬੱਤੀ ਮਾਰਚ ਕੱਢ ਰਹੀ ਸੀ ਅਤੇ ਮਹਾ ਮ੍ਰਿਤਿਊਂਜੈ ਦੇ ਜਾਪ ਕਰਵਾ ਰਹੀ ਸੀ।
ਭਾਜਪਾ ਦੇਸ ਵਿਚ ਮਸਲੇ ਨੂੰ ਇੰਝ ਪੇਸ਼ ਕਰ ਰਹੀ ਸੀ ਜਿਵੇਂ ਪੰਜਾਬ ਵਿੱਚ ਪ੍ਰਧਾਨ ਮੰਤਰੀ ਖਿਲਾਫ਼ ਕੋਈ ਵੱਡੀ ਸਾਜ਼ਿਸ ਰਚੀ ਹੋਵੇ ਅਤੇ ਉਹ ਬਚ ਕੇ ਬੜੀ ਮੁਸ਼ਕਲ ਨਾਲ ਵਾਪਸ ਆਏ ਹੋਣ।
ਕਈ ਸਿਆਸੀ ਮਾਹਿਰ ਇਹ ਮੰਨਦੇ ਹਨ ਕਿ ਸੁਰੱਖਿਆ ਕੁਤਾਹੀ ਦੇ ਮਾਮਲੇ ਵਿਚ ਬਿਨਾਂ ਕਿਸੇ ਜਾਂਚ-ਪੜਤਾਲ ਅਤੇ ਜ਼ਿੰਮੇਵਾਰੀ ਤੈਅ ਹੋਣ ਤੋਂ ਪਹਿਲਾਂ ਹੀ ਇਸ ਨੂੰ ਸਿਆਸੀ ਸਾਜ਼ਿਸ ਵਾਂਗ ਪੇਸ਼ ਕਰਨਾ ਵਾਜਿਬ ਨਹੀਂ ਸੀ।
ਭਾਵੇਂ ਕਿ ਪੰਜਾਬ ਸਰਕਾਰ ਇਸ ਗੱਲ ਉੱਤੇ ਜ਼ੋਰ ਦਿੰਦੀ ਰਹੀ ਕਿ ਕਿਸਾਨਾਂ ਨੇ ਵਿਰੋਧ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਸੀ।
ਇਸ ਦੇ ਨਾਲ ਮੁੱਖ ਮੰਤਰੀ ਚੰਨੀ ਇਹ ਵੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਨੇ ਹੈਲੀਕਾਪਟਰ ਉੱਤੇ ਜਾਣਾ ਸੀ, ਪਰ ਮੀਂਹ ਕਾਰਨ ਅਚਾਨਕ ਰੂਟ ਸੜਕੀ ਬਣ ਗਿਆ ਅਤੇ ਕਿਸਾਨ ਅਚਨਚੇਤ ਹੀ ਉੂਸ ਰੂਟ ਉੱਤੇ ਆ ਗਏ, ਜਿੱਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਸੀ।

ਤਸਵੀਰ ਸਰੋਤ, HMA
ਹਾਲਾਂਕਿ ਪੰਜਾਬ ਦੇ ਸਾਬਕਾ ਡੀਜੀਪੀ ਐੱਸ ਕੇ ਸ਼ਰਮਾ ਸਮੇਤ ਕਈ ਸੁਰੱਖਿਆ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਸੜਕ ਦਾ ਰੂਟ ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਪਹਿਲਾਂ ਦੀ ਤੈਅ ਹੁੰਦਾ ਹੈ ਤੇ ਜਦੋਂ ਉਹ ਕਿਸੇ ਸੂਬੇ ਵਿੱਚ ਹੋਣ ਤਾਂ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ।
ਸੁਰੱਖਿਆ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਰਡਰ ਤੋਂ ਦਸ ਕਿੱਲੋਮੀਟਰ ਦੇ ਫਾਸਲੇ ’ਤੇ ਪ੍ਰਧਾਨ ਮੰਤਰੀ ਦੇ ਕਾਫਲੇ ਦਾ 15-20 ਖੜ੍ਹੇ ਰਹਿਣਾ ਸੁਰੱਖਿਆ ਦੇ ਲਿਹਾਜ਼ ਨਾਲ ਇੱਕ ਵੱਡਾ ਮਸਲਾ ਹੀ ਮੰਨਿਆ ਜਾਵੇਗਾ।
ਚੰਨੀ ਬਨਾਮ ਮੋਦੀ ਮੁਕਾਬਲਾ
ਪੰਜਾਬ ਦੀ ਸਿਆਸਤ ਉੱਤੇ ਨਜ਼ਰ ਰੱਖਣ ਵਾਲੇ ਕਈ ਮਾਹਿਰ ਖ਼ਬਰ ਏਜੰਸੀ ਦੀ ''ਜਿੰਦਾ ਵਾਪਸ ਆਉਣ'' ਵਾਲੀ ਟਿੱਪਣੀ ਨੂੰ ਭਾਜਪਾ ਦੀ ਸਿਆਸੀ ਗਲਤੀ ਕਹਿ ਰਹੇ ਹਨ।
ਮੋਦੀ ਦੀ ਫੇਰੀ ਦਾ ਦੂਜਾ ਬਿਰਤਾਂਤ ਸਿਆਸੀ ਮਾਹਿਰ ਚਰਨਜੀਤ ਸਿੰਘ ਚੰਨੀ ਦੇ ਸਟੈਂਡ ਦੇ ਰੂਪ ਵਿੱਚ ਦੇਖ ਰਹੇ ਹਨ।
ਅਸਲ ਵਿਚ ਮੋਦੀ ਦੇ ਦੌਰੇ ਵਾਲੇ ਪੂਰੇ ਘਟਨਾਕ੍ਰਮ ਨਾਲ ਚੰਨੀ ਲਈ ਪਾਰਟੀ ਦੇ ਅੰਦਰ ਮੁਸੀਬਤ ਰਹੇ ਨਵਜੋਤ ਸਿੱਧੂ ਅਤੇ ਸੁਨੀਲ ਜਾਖ਼ੜ ਫਿਲਹਾਲ ਮੁੱਖ ਮੰਤਰੀ ਦੇ ਮੁਕਾਬਲੇ ਕਿੱਧਰੇ ਖੜ੍ਹੇ ਨਹੀਂ ਦਿਖ ਰਹੇ।

ਤਸਵੀਰ ਸਰੋਤ, Charanjit Channi /FB
ਮੋਦੀ ਦੀ ਫੇਰੀ ਨੇ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਕੇਂਦਰ ਸਰਕਾਰ ਖ਼ਿਲਾਫ਼ ਪੈਦਾ ਹੋਏ ਰੋਹਮਈ ਹਾਲਾਤ ਨੂੰ ਮੁੜ ਭੜਕਾ ਦਿੱਤਾ ਹੈ।
ਇਸੇ ਲਈ ਚਰਨਜੀਤ ਸਿੰਘ ਚੰਨੀ ਨੂੰ ਇਸ ਮਸਲੇ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਬਦਨਾਮੀ ਨਾਲ ਜੋੜਨ ਦਾ ਮੌਕਾ ਮਿਲ ਗਿਆ।
ਦੇਸ ਰਾਜ ਕਾਲੀ ਕਹਿੰਦੇ ਹਨ, ''ਚੰਨੀ ਜਿਵੇਂ ਮੋਦੀ ਤੇ ਭਾਜਪਾ ਨੂੰ ਟੱਕਰਿਆ, ਉਸ ਨੇ ਮੋਦੀ ਭਗਤਾਂ ਤੇ ਮੀਡੀਆ ਨੂੰ ਮਜਬੂਰ ਕਰ ਦਿੱਤਾ ਕਿ ਉਹ ਚੰਨੀ ਬਾਰੇ ਵਾਰ-ਵਾਰ ਗੱਲ ਕਰਨ।''
ਮੀਡੀਆ ਦੀਆਂ ਕਈ ਰਿਪੋਰਟਾਂ ਨੇ ਚੰਨੀ ਨੂੰ ਮੋਦੀ ਸਰਕਾਰ ਅੱਗੇ ਇੱਕ ਮਜ਼ਬੂਰ ਮੁੱਖ ਮੰਤਰੀ ਦੇ ਤੌਰ ਉੱਤੇ ਪੇਸ਼ ਕੀਤਾ।
ਹੋ ਸਕਦਾ ਹੈ ਕਿ ਦੂਜੇ ਸੂਬਿਆਂ ਵਿਚ ਭਾਜਪਾ ਨੂੰ ਇਸ ਦਾ ਫਾਇਦਾ ਮਿਲੇ ਪਰ ਪੰਜਾਬ ਦੇ ਸ਼ਹਿਰੀ ਵਸੋਂ ਵਾਲੇ ਇਲਾਕਿਆਂ ਤੋਂ ਇਲਾਵਾ ਭਾਜਪਾ ਨੂੰ ਇਸ ਦਾ ਬਹੁਤਾ ਫਾਇਦਾ ਨਹੀਂ ਮਿਲੇਗਾ।
ਚੰਨੀ ਦਾ ਮਜ਼ਬੂਤ ਅਕਸ ਵਾਲਾ ਉਭਾਰ
ਪੰਜਾਬ ਵਿਚ ਜਿਸ ਚੰਨੀ ਨੂੰ ਸਿਆਸੀ ਵਿਰੋਧੀ ਐਕਸੀਡੈਂਟਲ ਅਤੇ ਕਮਜ਼ੋਰ ਮੁੱਖ ਮੰਤਰੀ ਕਹਿੰਦੇ ਸਨ, ਉਨ੍ਹਾਂ ਨੂੰ ਆਪਣੇ ਸ਼ਬਦਾਂ ਬਾਰੇ ਮੁੜ ਵਿਚਾਰ ਕਰਨ ਦੀ ਲੋੜ ਮਹਿਸੂਸ ਹੋਵੇਗੀ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ, ਪੰਜਾਬ ਇੰਚਾਰਜ ਰਾਘਵ ਚੱਢਾ ਤੇ ਜਰੈਲਨ ਸਿੰਘ ਵੀ ਇਸ ਮਾਮਲੇ ਵਿਚ ਪੰਜਾਬ ਦੇ ਪੇਂਡੂ ਵਸੋਂ ਦੀ ਨਬਜ਼ ਫੜਨ ਵਿਚ ਸਫ਼ਲ ਨਹੀਂ ਹੋਏ।
ਹਾਂ, ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਬਿਆਨ ਦੀ ਸੁਰ ਚੰਨੀ ਦੇ ਸਟੈਂਡ ਨਾਲ ਜ਼ਰੂਰ ਮੇਲ ਖਾਂਦੀ ਦਿਖੀ ਸੀ।
ਉਨ੍ਹਾਂ ਟਵੀਟ ਕੀਤਾ ਸੀ, ''ਪ੍ਰਧਾਨ ਮੰਤਰੀ ਜੀ ਇੱਕ ਰੈਲੀ ਰੱਦ ਹੋਣ ਕਾਰਨ ਤੁਸੀਂ ਗੁੱਸੇ ਵਿਚ ਹੋ, ਜਰਾ ਉਨ੍ਹਾਂ 750 ਕਿਸਾਨ ਪਰਿਵਾਰਾਂ ਬਾਰੇ ਸੋਚੋ, ਜੋ ਤੁਹਾਡੀ ਜ਼ਿੱਦ ਕਾਰਨ ਕਿਸਾਨ ਅੰਦੋਲਨ ਵਿਚ ਸ਼ਹੀਦ ਹੋ ਗਏ। ਤੁਸੀਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕਿਸਾਨ ਮੇਰੇ ਲਈ ਥੋੜੇ ਮਰੇ ਹਨ।''

ਤਸਵੀਰ ਸਰੋਤ, AAP
ਆਮ ਆਦਮੀ ਪਾਰਟੀ ਦੇ ਆਗੂਆਂ ਵਾਂਗ ਹੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਨੂੰ ਵੀ ਮੀਡੀਆ ਵਿੱਚ ਬਹੁਤੀ ਥਾਂ ਨਹੀਂ ਮਿਲੀ।
ਮੀਡੀਆ ਵਿਚ ਅਜਿਹਾ ਪ੍ਰਭਾਵ ਦੇਖਿਆ ਗਿਆ ਕਿ ਮੋਦੀ ਅਤੇ ਭਾਜਪਾ ਨਾਲ ਟੱਕਰ ਲੈਣ ਲਈ ਚਰਨਜੀਤ ਸਿੰਘ ਚੰਨੀ ਕੁਝ ਕਾਂਗਰਸੀ ਆਗੂਆਂ ਦੇ ਨਾਲ ਇਕੱਲਾ ਹੀ ਖੜ੍ਹਾ ਹੈ।
ਸੱਤਾ ਨਾਲ ਟਕਰਾਉਣ ਵਾਲਾ ਆਗੂ ਕੋਈ ਵੀ ਹੋਵੇ ਪੰਜਾਬੀ ਭਾਈਚਾਰੇ ਲਈ ਖਿੱਚ ਦਾ ਕੇਂਦਰ ਰਿਹਾ ਹੈ।
ਇਸ ਘਟਨਾਕ੍ਰਮ ਨੇ ਚੰਨੀ ਦਾ ਮਜ਼ਬੂਤ ਆਗੂ ਹੋਣ ਦਾ ਅਕਸ ਉਭਾਰਿਆ ਹੈ, ਜੋ ਲੋੜ ਪੈਣ ਉੱਤੇ ਆਪਣੇ ਲੋਕਾਂ ਲਈ ਕਿਸੇ ਨਾਲ ਵੀ ਟਕਰਾਉਣ ਦਾ ਹੌਸਲਾ ਰੱਖਦਾ ਹੈ।
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਧਾਕੜ ਆਗੂ ਦੀ ਦਿੱਖ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਚੰਨੀ ਅੱਗੇ ਫਿੱਕੇ ਪੈਂਦੇ ਦਿਖੇ।
ਸਵਾਲ, ਜਿਨ੍ਹਾਂ ਦੇ ਜਵਾਬ ਮਿਲੇ ਅਤੇ ਜਿਨ੍ਹਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ- ਵੀਡੀਓ
ਭਾਜਪਾ ਨੂੰ ਕੀ ਫਾਇਦਾ ਮਿਲੇਗਾ
ਪੰਜਾਬ ਦੇ ਸੀਨੀਅਰ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਕਹਿੰਦੇ ਹਨ ਕਿ ਇਸ ਘਟਨਾਕ੍ਰਮ ਦਾ ਸੂਬੇ ਦੀ ਚੋਣ ਸਿਆਸਤ ਉੱਤੇ ਅਸਰ ਵੀ ਜ਼ਰੂਰ ਹੋਵੇਗਾ।
ਉਹ ਮੰਨਦੇ ਹਨ ਕਿ ਇਸ ਨਾਲ ਭਾਜਪਾ ਨੂੰ ਪੰਜਾਬ ਦੇ ਹਿੰਦੂ ਸ਼ਹਿਰੀ ਖੇਤਰਾਂ ਵਿਚ ਧਰੁਵੀਕਰਨ ਦਾ ਕੁਝ ਲਾਭ ਮਿਲ ਸਕਦਾ ਹੈ।
ਉਹ ਅੰਮ੍ਰਿਤਸਰ ਅਤੇ ਜਲੰਧਰ ਵਰਗੇ ਸ਼ਹਿਰਾਂ ਦੀ ਮਿਸਾਲ ਦਿੰਦੇ ਹਨ, ਜਿੱਥੇ ਕਾਂਗਰਸ ਕਈ ਵਾਰ ਇਸ ਕਰਕੇ ਜਿੱਤਦੀ ਰਹੀ ਕਿ ਆਮ ਤੌਰ ’ਤੇ ਸ਼ਹਿਰੀ ਹਿੰਦੂ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰਾਂ ਨੂੰ ਵੋਟ ਨਹੀਂ ਪਾਉਂਦਾ ਸੀ।

ਤਸਵੀਰ ਸਰੋਤ, Akali Dal
ਵਾਲੀਆ ਕਹਿੰਦੇ ਹਨ ਕਿ ਪਹਿਲਾਂ ਬੇਅਦਬੀ, ਫਿਰ ਬੰਬ ਧਮਾਕੇ ਤੇ ਫਿਰ ਪ੍ਰਧਾਨ ਮੰਤਰੀ ਨੂੰ ਰੈਲੀ ਤੱਕ ਪਹੁੰਚਣ ਨਾ ਦੇਣ ਵਰਗੀਆਂ ਘਟਨਾਵਾਂ ਸ਼ਹਿਰੀ ਹਿੰਦੂ ਵਰਗ ਦੇ ਮਨਾਂ ਵਿਚ ਡਰ ਪੈਦਾ ਜ਼ਰੂਰ ਕਰਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਮੋਦੀ ਦੀ ਸੁਰੱਖਿਆ ਨੂੰ ਚੋਣ ਮੁੱਦਾ ਬਣਾਉਣ ਦਾ ਫਾਇਦਾ ਪੰਜਾਬ ਤੋਂ ਬਾਹਰ ਦੂਜੇ ਸੂਬਿਆਂ ਵਿਚ ਹੋ ਸਕਦਾ ਹੈ।
ਭਾਵੇਂ ਕਿ ਵਰਿੰਦਰ ਵਾਲੀਆ ਹਿੰਦੂ ਕਾਰੋਬਾਰੀਆਂ ਦੇ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਤੋਂ ਦੁਖੀ ਹੋਣ ਦੀ ਗੱਲ ਵੀ ਕਰਦੇ ਹਨ।
ਪਰ ਉਨ੍ਹਾਂ ਮੁਤਾਬਕ ਪੰਜਾਬ ਦੇ ਹਾਲਾਤ ਖਾਸ ਭਾਈਚਾਰੇ ਵਿਚ ਡਰ ਪੈਦਾ ਕਰਨ ਵਾਲੇ ਵੀ ਹਨ।
ਉਹ ਕਹਿੰਦੇ ਹਨ ਕਿ ਪੰਜਾਬ ਵਿਚ ਪਹਿਲੀ ਵਾਰ ਬਹੁਕੌਣੀ ਮੁਕਾਬਲਾ ਹੋਣਾ ਹੈ ਅਤੇ ਇੰਨਾ ਰੌਲ-ਘਚੌਲਾ ਪਿਆ ਹੋਇਆ ਹੈ ਕਿ ਸਿਆਸੀ ਨਫ਼ਾ-ਨੁਕਸਾਨ ਬਾਰੇ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ।
ਦੇਸ ਰਾਜ ਕਾਲੀ ਮੰਨਦੇ ਹਨ ਕਿ ਚੰਨੀ ਨੇ ਜਿਸ ਤਰੀਕੇ ਨਾਲ ਮੋਦੀ ਤੇ ਭਾਜਪਾ ਦਾ ਸਾਹਮਣਾ ਕੀਤਾ ਉਸ ਨੇ ਪੰਜਾਬੀਆਂ ਦੇ ਮਨਾਂ ਵਿਚ ਚੰਨੀ ਨੂੰ ''ਸਟਾਰ'' ਬਣਾ ਦਿੱਤਾ ਅਤੇ ਇਸ ਦਾ ਸਿਆਸੀ ਫਾਇਦਾ ਵੀ ਜ਼ਰੂਰ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post















