ਯੋਗੀ ਆਦਿੱਤਿਆਨਾਥ: ਵਿਦਿਆਰਥੀ ਆਗੂ ਤੋਂ ‘ਮੁੱਖ ਮੰਤਰੀ ਮਹਾਰਾਜ’ ਬਣਨ ਦਾ ਦਿਲਚਸਪ ਸਫ਼ਰ

ਸਾਲ 2005 ਵਿੱਚ ਸੰਸਦ ਵਿੱਚ ਯੋਗੀ ਆਦਤਿਆ ਨਾਥ

ਤਸਵੀਰ ਸਰੋਤ, The India Today Group

ਤਸਵੀਰ ਕੈਪਸ਼ਨ, ਸਾਲ 2005 ਵਿੱਚ ਸੰਸਦ ਵਿੱਚ ਯੋਗੀ ਆਦਿੱਤਿਆਨਾਥ
    • ਲੇਖਕ, ਦਿਵਿਆ ਆਰਿਆ
    • ਰੋਲ, ਬੀਬੀਸੀ ਪੱਤਰਕਾਰ

ਉਹ "ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ ਮਹਾਰਾਜ" ਕਹਾਉਣਾ ਪੰਸਦ ਕਰਦੇ ਹਨ। ਟਵਿੱਟਰ ਦੇ ਉਨ੍ਹਾਂ ਦੇ ਅਧਿਕਾਰਿਤ ਅਕਾਊਂਟ ਤੋਂ ਕੀਤੇ ਗਏ ਹਰ ਟਵੀਟ ਵਿੱਚ ਉਨ੍ਹਾਂ ਦਾ ਨਾਮ ਇਸੇ ਤਰ੍ਹਾਂ ਲਿਖਿਆ ਜਾਂਦਾ ਹੈ।

ਟਵਿੱਟਰ ਦੇ ਉਨ੍ਹਾਂ ਦੇ ਅਧਿਕਾਰਿਤ ਅਕਾਊਂਟ ਵਿੱਚ ਉਨ੍ਹਾਂ ਦੀ ਪਛਾਣ ਕੁਝ ਇਸ ਤਰ੍ਹਾਂ ਲਿਖੀ ਗਈ ਹੈ- ਮੁੱਖ ਮੰਤਰੀ (ਉੱਤਰ ਪ੍ਰਦੇਸ਼), ਗੋਰਖਪੀਠਾਧੀਸ਼, ਸ਼੍ਰੀ ਗੋਰਖਪੀਠ, ਮੈਂਬਰ ਵਿਧਾਨ ਪਰੀਸ਼ਦ ਉੱਤਰ ਪ੍ਰਦੇਸ਼, ਸਾਬਕਾ ਸਾਂਸਦ (ਲੋਕ ਸਭਾ- ਲਗਾਤਾਰ 5 ਵਾਰ) ਗੋਰਖਪੁਰ ਉੱਤਰ ਪ੍ਰਦੇਸ਼'।

ਭਾਰਤੀ ਇਤਿਹਾਸ ਵਿੱਚ ਸ਼ਾਇਦ ਹੀ ਪਹਿਲਾਂ ਕਦੇ ਅਜਿਹਾ ਹੋਇਆ ਹੋਵੇ ਕਿ ਕੋਈ ਲੋਕ ਨੁਮਾਇੰਦਾ, ਸੰਵਿਧਾਨਕ ਅਹੁਦੇ 'ਤੇ ਰਹਿੰਦਿਆਂ ਨਾ ਸਿਰਫ਼ ਆਪਣੀ ਧਾਰਮਿਕ ਗੱਦੀ ਉੱਪਰ ਵੀ ਬਿਰਾਜਮਾਨ ਹੋਵੇ, ਸਗੋਂ ਸਰਕਾਰੀ ਕੰਮ ਕਾਜ ਵਿੱਚ ਉਸ ਦਾ ਡੂੰਘਾ ਪ੍ਰਭਾਵ ਹੋਵੇ।

ਮਹੰਤ ਆਦਿੱਤਿਆਨਾਥ ਯੋਗੀ ਜਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਤਾਂ ਧਾਰਮਿਕ ਦੇ ਨਾਲ-ਨਾਲ ਸਿਆਸੀ ਸੱਤਾ ਵੀ ਉਨ੍ਹਾਂ ਦੇ ਹੱਥ ਵਿੱਚ ਆਈ, ਇਸੇ ਗੱਲ ਨੂੰ ਹਮੇਸ਼ਾ ਜ਼ਾਹਰ ਕਰਨ ਦੇ ਲਈ "ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਜੀ ਮਹਾਰਾਜ" ਸੰਬੋਧਨ ਚੁਣਿਆਂ ਗਿਆ।

ਮੁੱਖ ਮੰਤਰੀ ਅਤੇ ਮਹਾਰਾਜ ਦਾ ਇਹ ਮਿਲਿਆ-ਜੁਲਿਆ ਨਾਮ, ਸਿਰਫ਼ ਸੰਬੋਧਨ ਨਹੀਂ ਹੈ, ਇਹ ਉਨ੍ਹਾਂ ਦੇ ਧਾਰਮਿਕ-ਸਿਆਸੀ ਸਫ਼ਰ ਦੀ ਤਾਕਤ, ਖ਼ਾਸੀਅਤ ਅਤੇ ਕੁਝ ਲੋਕਾਂ ਦੀਆਂ ਨਜ਼ਰਾਂ ਵਿੱਚ ਬੁਰਾਈ ਵੀ ਹੈ।

ਪੈਰੀਂ ਹੱਥ ਲਗਾਉਣ ਦੀ ਯਾਦ

ਸਾਲ 2017 ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਗੋਰਖਪੁਰ ਪ੍ਰੈੱਸ ਕਲੱਬ ਨੇ ਉਨ੍ਹਾਂ ਨੂੰ ਸੱਦਾ ਦਿੱਤਾ।

ਸਾਲ 2017 ਵਿੱਚ ਮੇਅਰ ਦੀਆਂ ਚੋਣਾਂ ਲਈ ਭਜਪਾ ਉਮੀਦਵਾਰ ਪ੍ਰਮਿਲਾ ਪਾਂਡੇ ਯੋਗੀ ਦਾ ਆਸ਼ੀਰਵਾਦ ਲੈਂਦੇ ਹੋਏ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਸਾਲ 2017 ਵਿੱਚ ਮੇਅਰ ਦੀਆਂ ਚੋਣਾਂ ਲਈ ਭਾਜਪਾ ਉਮੀਦਵਾਰ ਪ੍ਰਮਿਲਾ ਪਾਂਡੇ ਯੋਗੀ ਦਾ ਆਸ਼ੀਰਵਾਦ ਲੈਂਦੇ ਹੋਏ

ਗੋਰਖਪੁਰ ਦੇ ਸੀਨੀਅਰ ਪੱਤਰਕਾਰ ਮਨੋਜ ਸਿੰਘ ਯਾਦ ਕਰਦੇ ਹਨ, "ਜਿਵੇਂ ਹੀ ਮੁੱਖ ਮੰਤਰੀ ਸਭਾ ਵਿੱਚ ਦਾਖ਼ਲ ਹੋਏ, ਪ੍ਰਬੰਧਕ ਪੱਤਰਕਾਰ ਆਪਣੀ ਗੱਲਬਾਤ ਰੋਕ ਕੇ ਬੋਲੇ- ਦੇਖੋ ਸਾਡੇ ਮੁੱਖ ਮੰਤਰੀ ਆ ਗਏ, ਸਾਡੇ ਭਗਵਾਨ ਆ ਗਏ।"

"ਇਸ ਤੋਂ ਬਾਅਦ ਮੁੱਖ ਮੰਤਰੀ ਸਟੇਜ 'ਤੇ ਜਾ ਕੇ ਬੈਠ ਗਏ ਅਤੇ ਉੱਥੇ ਮੌਜੂਦ ਪੱਤਰਕਾਰ ਉਨ੍ਹਾਂ ਦਾ ਸਵਾਗਤ ਕਰਨ ਲਈ ਇੱਕ-ਇੱਕ ਕਰਕੇ ਮੰਚ 'ਤੇ ਬੈਠ ਗਏ ਅਤੇ ਉਨ੍ਹਾਂ ਦੇ ਪੈਰ ਛੂਹੇ।"

"ਪੈਰ ਛੂਹ ਕੇ ਵੱਡਿਆਂ ਦਾ ਆਸ਼ੀਰਵਾਦ ਲੈਣਾ ਉੱਤਰ ਪ੍ਰਦੇਸ਼ ਵਿੱਚ ਆਮ ਹੈ ਪਰ ਉਸ ਪਲ ਵਿੱਚ ਪੈਰ ਮਹੰਤ ਦੇ ਛੂਹੇ ਜਾ ਰਹੇ ਸਨ ਜਾਂ ਮੁੱਖ ਮੰਤਰੀ ਦੇ, ਇਹ ਕਹਿਣਾ ਮੁਸ਼ਕਲ ਹੈ।"

ਮਨੋਜ ਸਿੰਘ ਕਹਿੰਦੇ ਹਨ, "ਪੱਤਰਕਾਰ ਪੈਰੀ ਹੱਥ ਲਾਵੇਗਾ ਤਾਂ ਪੱਤਰਕਾਰੀ ਕਿਵੇਂ ਕਰੇਗਾ?"

ਹਰ ਪਾਸੇ ਭਗਵਾਂ ਰੰਗ

ਯੋਗੀ ਆਦਿੱਤਿਆਨਾਥ ਦੀਆਂ ਦੋਵਾਂ ਪਛਾਣਾਂ ਨੂੰ ਨਿਖੇੜਨਾ ਮੁਸ਼ਕਲ ਹੈ ਕਿਉਂਕਿ ਉਹ ਆਪ ਉਨ੍ਹਾਂ ਨੂੰ ਨਾਲ ਲੈ ਕੇ ਚਲਦੇ ਹਨ।

ਸਰਕਾਰੀ ਦਸਤਾਵੇਜ਼ਾਂ ਵਿੱਚ ਉਨ੍ਹਾਂ ਦੇ ਨਾਮ ਨਾਲ ਮਹੰਤ ਜਾਂ ਮਹਾਰਾਜ ਨਹੀਂ ਲਾਇਆ ਜਾਂਦਾ ਪਰ ਮੁੱਖ ਮੰਤਰੀ ਬਣਾਏ ਜਾਣ ਤੋਂ ਬਾਅਦ ਵੀ ਭਗਵਾਂ ਵੇਸ ਪਾਉਣ ਨਾਲ਼ ਉਨ੍ਹਾਂ ਦਾ ਅਕਸ ਨਜ਼ਰ ਆਉਂਦਾ ਹੈ।

ਯੂਪੀ ਵਿੱਚ ਯੋਗੀ ਸਰਕਾਰ ਦੇ 100 ਦਿਨ ਪੂਰੇ ਹੋਣ ਦਾ ਸਮਾਗਮ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਯੂਪੀ ਵਿੱਚ ਯੋਗੀ ਸਰਕਾਰ ਦੇ 100 ਦਿਨ ਪੂਰੇ ਹੋਣ ਦਾ ਸਮਾਗਮ

ਲਖਨਊ ਵਿੱਚ ਸੀਨੀਅਰ ਪੱਤਰਕਾਰ ਸਿਧਾਰਥ ਕਲਹੰਸ ਦੱਸਦੇ ਹਨ, "ਉਹ ਸੱਤਾ ਵਿੱਚ ਹਨ ਤਾਂ ਲੋਕ ਉਹੀ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਪਸੰਦ ਹੈ। ਉਨ੍ਹਾਂ ਦੀ ਕੁਰਸੀ 'ਤੇ ਚਿੱਟੇ ਦੀ ਥਾਵੇਂ ਭਗਵਾਂ ਤੌਲੀਆ ਟੰਗਿਆ ਰਹਿੰਦਾ ਹੈ, ਪਖਾਨੇ ਦਾ ਉਦਘਾਟਨ ਵੀ ਕਰਨ ਜਾਣ ਤਾਂ ਕੰਧਾਂ ਭਗਵੇਂ ਰੰਗ ਵਿੱਚ ਰੰਗ ਦਿੱਤੀਆਂ ਜਾਂਦੀਆਂ ਹਨ।"

ਮਹੀਨੇ ਵਿੱਚ ਇੱਕ ਜਾਂ ਦੋ ਵਾਰ ਉਹ ਗੋਰਖਪੁਰ ਜਾਂਦੇ ਹਨ ਅਤੇ ਮੰਦਰ ਦੀ ਪੂਜਾ, ਧਾਰਮਿਕ ਰਵਾਇਤਾਂ ਅਤੇ ਤਿਉਹਾਰਾਂ ਦਾ ਹਿੱਸਾ ਬਣਦੇ ਹਨ। ਸਾਰੀਆਂ ਧਾਰਮਿਕ ਗਤੀਵਿਧੀਆਂ ਦੀਆਂ ਤਸਵੀਰਾਂ ਉਨ੍ਹਾਂ ਦੇ ਸੋਸ਼ਲ ਮੀਡੀਆ ਹੈਂਡਲਾਂ ਉੱਪਰ ਬਰਾਬਰ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

ਧਰਮ ਉੱਥੇ ਹਰ ਥਾਂ ਵਸਦਾ ਹੈ। ਪੁਲਿਸ ਥਾਣਿਆਂ ਵਿੱਚ ਮੰਦਰ ਬਣੇ ਹੋਏ ਹਨ। ਗੋਰਖਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਹਰ ਮੰਗਲਵਾਰ ਵਕੀਲ ਹਨੂਮਾਨ ਚਾਲੀਸਾ ਪੜ੍ਹਦੇ ਹਨ।

ਗ੍ਰਿਫ਼ਤਾਰੀ ਅਤੇ ਗਾਂ ਦੇ ਹੰਝੂ

ਮੁੱਖ ਮੰਤਰੀ ਬਣਨ ਤੋਂ 10 ਸਾਲ ਪਹਿਲਾਂ, ਜਨਵਰੀ 2007 ਵਿੱਚ ਗੋਰਖਪੁਰ ਦੇ ਤਤਕਾਲੀ ਸਾਂਸਦ ਆਦਿੱਤਿਆਨਾਥ ਨੂੰ ਕਰਫਿਊ ਦੇ ਦੌਰਾਨ ਫਿਰਕੂ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਮਨੋਜ ਸਿੰਘ ਦੱਸਦੇ ਹਨ, "ਉਸ ਸਮੇਂ ਵੀ ਮੌਕੇ 'ਤੇ ਪਹੁੰਚੇ ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪੈਰੀਂ ਹੱਥ ਲਾਏ ਸਨ।"

ਮਨੋਜ ਸਿੰਘ ਦੱਸਦੇ ਹਨ, "ਸ਼ਰਧਾ ਦਾ ਪ੍ਰਭਾਵ ਇੰਨਾ ਸੀ ਕਿ ਹਿੰਦੀ ਵਿੱਚ ਛਪਣ ਵਾਲੇ ਇੱਕ ਵੱਡੇ ਅਖ਼ਬਾਰ ਵਿੱਚ ਉਸ ਘਟਨਾ ਬਾਰੇ ਲਿਖੀਆਂ ਗਈਆਂ ਖ਼ਬਰਾਂ ਵਿੱਚੋਂ ਇੱਕ ਵਿੱਚ, ਗ੍ਰਿਫ਼ਤਾਰੀ ਤੋਂ ਬਾਅਦ ਗੋਰਖਨਾਥ ਮੰਦਰ ਦੀ ਗਊਸ਼ਾਲਾ ਵਿੱਚ ਇੱਕ ਗਊ ਦੇ ਰੋਣ ਦੇ ਵਿਸਥਾਰ ਸਹਿਤ ਵੇਰਵਾ ਦਿੱਤਾ ਗਿਆ ਸੀ।"

ਯੋਗੀ ਆਦਿੱਤਿਆਨਾਥ ਦਾ ਇਹੀ ਧਾਰਮਿਕ ਰੁਆਬ ਅਤੇ ਉਗਰ ਹਿੰਦੁਤਵ ਦੀ ਸਿਆਸਤ ਉਨ੍ਹਾਂ ਦੇ ਸ਼ਾਸਨ-ਪ੍ਰਸ਼ਾਸਨ ਵਿੱਚ ਦਿਖਾਈ ਦਿੰਦੀ ਹੈ। ਇਹ ਯੋਗੀ ਆਦਿੱਤਿਆਨਾਥ ਤੱਕ ਹੀ ਸੀਮਤ ਨਹੀਂ ਹੈ, ਸੂਬੇ ਦੇ ਵਧੀਕ ਡੀਜੀਪੀ ਸਰਕਾਰੀ ਹੈਲੀਕਾਪਟਰ ਨਾਲ ਕਾਂਵੜ ਯਾਤਰੀਆਂ ਉੱਪਰ ਫੁੱਲਾਂ ਦੀ ਵਰਖਾ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ:

ਗੋਰਖਨਾਥ ਮੰਦਰ ਦੀ ਗਊ ਸ਼ਾਲਾ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਦੌਰਾ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਗੋਰਖਨਾਥ ਮੰਦਰ ਦੀ ਗਊ ਸ਼ਾਲਾ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਦੌਰਾ

ਐਂਟੀ ਰੋਮੀਓ ਸਕੂਏਡ, ਗੈਰ-ਕਾਨੂੰਨੀ ਬੁੱਚੜਖਾਨਿਆਂ ਦੀ ਤਾਲਾਬੰਦੀ, ਸ਼ਾਦੀ ਦੇ ਲਈ ਧਰਮ ਬਦਲੀ ਬਾਰੇ ਕਾਨੂੰਨ ਵਰਗੀਆਂ ਨੀਤੀਆਂ ਹੋਣ ਜਾਂ ਉਨ੍ਹਾਂ ਦੇ ਭਾਸ਼ਣ, ਬਿਆਨ, ਸਾਰੇ ਥਾਂ ਧਾਰਮਿਕ ਅਥੇ ਸਿਆਸੀ ਸੱਤਾ ਨੂੰ ਇੱਕ-ਮਿੱਕ ਹੁੰਦਿਆਂ ਦੇਖਿਆ ਜਾ ਸਕਦਾ ਹੈ।

ਸਾਲ 2021 ਵਿੱਚ ਇੱਕ ਜਲਸੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਸਾਲ 2017 ਤੋਂ ਪਹਿਲਾਂ ਅੱਬਾ ਜਾਨ ਕਹਿਣ ਵਾਲੇ ਰਾਸ਼ਨ ਹਜ਼ਮ ਕਰ ਜਾਂਦੇ ਸਨ।"

ਸਾਲ 2020 ਵਿੱਚ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਮਨੀ ਚੋਣ ਜਲਸੇ ਵਿੱਚ ਉਨ੍ਹਾਂ ਨੇ ਕਿਹਾ, "ਲਵ-ਜਿਹਾਦ ਵਾਲੇ ਸੁਧਰੇ ਨਹੀਂ ਤਾਂ ਅਸੀਂ ਰਾਮ ਨਾਮ ਸਤ ਦੀ ਯਾਤਰਾ ਕੱਢਣ ਵਾਲੀ ਹੈ।"

ਉਨ੍ਹਾਂ ਦੇ ਸ਼ਾਸਨ ਵਿੱਚ ਅੰਤਰ ਧਰਮ ਵਿਆਹਾਂ ਦਾ ਵਿਰੋਧ ਤੇਜ਼ ਹੋਇਆ ਹੈ। ਹੁਣ ਇਨ੍ਹਾਂ ਵਿਆਹਾਂ ਨੂੰ ਲਵ ਜਿਹਾਦ ਕਿਹਾ ਜਾਣ ਲੱਗਿਆ ਹੈ।

ਇਸ ਸ਼ਬਦ ਦੀ ਵਰਤੋਂ ਉਸ ਕਥਿਤ ਸਾਜਿਸ਼ ਵੱਲ ਇਸ਼ਾਰਾ ਕਰਨ ਲਈ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਹਿੰਦੂ ਔਰਤਾਂ ਨੂੰ ਵਿਆਹ ਰਾਹੀਂ ਇਸਲਾਮ ਧਰਮ ਅਪਨਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਜਦੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਹੋਇਆ ਤਾਂ ਯੋਗੀ ਸਰਕਾਰ ਨੇ ਕੁਝ ਮੁਜ਼ਾਹਰਾਕਾਰੀਆਂ ਨੂੰ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮੁਜਰਮ ਦੱਸਦੇ ਹੋਏ ਉਨ੍ਹਾਂ ਦੇ ਨਾਮ, ਪਤੇ ਅਤੇ ਤਸਵੀਰਾਂ ਦੇ ਪੋਸਟਰ ਲਖਨਊ ਵਿੱਚ ਲਗਵਾ ਦਿੱਤੇ। ਇਸ ਵਿੱਚ ਕਈ ਉਮਰ ਦਰਾਜ਼ ਮਨੁਖੀ ਅਧਿਕਾਰ ਕਾਰਕੁਨ ਅਤੇ ਸੇਵਾ ਮੁਕਤ ਅਧਿਕਾਰੀ ਵੀ ਸਨ।

ਇਲਾਹਾਬਾਦ ਹਾਈ ਕੋਰਟ ਨੇ ਇਸ ਨੂੰ ਨਿੱਜਤਾ ਵਿੱਚ ਦਖ਼ਲ ਦੱਸਦਿਆਂ ਇਹ ਪੋਸਟਰ ਉਤਾਰਨ ਦੇ ਹੁਕਮ ਦਿੱਤੇ। ਉਸ ਤੋਂ ਬਾਅਦ ਵੀ ਇਹ ਪੋਸਟਰ ਮੁੜ ਲਗਾ ਦਿੱਤੇ ਗਏ।

ਕਾਨ੍ਹਪੁਰ ਪੁਲਿਸ ਦਾ 'ਐਂਟੀ ਰੋਮੀਓ ਆਪਰੇਸ਼ਨ'

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਕਾਨ੍ਹਪੁਰ ਪੁਲਿਸ ਦਾ ‘ਐਂਟੀ ਰੋਮੀਓ ਆਪਰੇਸ਼ਨ’

ਮੋਦੀ ਅਤੇ ਅਮਿਤ ਸ਼ਾਹ ਤੋਂ ਬਾਅਦ ਯੋਗੀ ਹੀ ਉਹ ਨੇਤਾ ਹਨ ਜਿਨ੍ਹਾਂ ਨੇ ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਬੀਜੇਪੀ ਲਈ ਚੋਣ ਪ੍ਰਚਾਰ ਕੀਤਾ ਹੈ। ਉਨ੍ਹਾਂ ਨੇ ਕੇਰਲ ਜਾ ਕੇ ਆਪਣੇ ਯੋਗੀ ਮਾਡਲ ਦੀ ਤਾਰੀਫ਼ ਕੀਤੀ।

ਸਾਲ 2019 ਵਿੱਚ ਲੋਕ ਸਭਾ ਅਤੇ ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਪ੍ਰਚਾਰ ਵਿੱਚ ਉਨ੍ਹਾਂ ਨੇ ਕਿਹਾ,"ਕਮਲਨਾਥ ਜੀ, ਤੁਹਾਡੇ ਲਈ ਅਲੀ ਮਹੱਤਵਪੂਰਨ ਹੋਣਗੇ ਪਰ ਸਾਡੇ ਲਈ ਤਾਂ ਬਜਰੰਗ ਬਲੀ ਹੀ ਸਭ ਕੁਝ ਹਨ।"

ਸਾਲ 2018 ਵਿੱਚ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਕਿਹਾ,"ਮੈਂ ਹਿੰਦੂ ਹਾਂ, ਇਸ ਲਈ ਈਦ ਨਹੀਂ ਮਨਾਉਂਦਾ, ਇਸ ਦਾ ਮੈਨੂੰ ਮਾਣ ਹੈ।"

ਸ਼ੇਡਸ ਆਫ਼ ਸੈਫ਼ਰਨ: ਫਰਾਮ ਵਾਜਪਾਈ ਟੂ ਮੋਦੀ ਦੀ ਲੇਖਿਕਾ ਸਬਾ ਨਕਵੀ ਦੇ ਮੁਤਾਬਕ ਆਦਿੱਤਿਆਨਾਥ ਆਪਣੇ ਸ਼ਾਸਨ ਵਿੱਚ ਭਗਵੇਂ ਦਾ ਅਜਿਹਾ ਰੰਗ ਲੈ ਕੇ ਆਏ ਹਨ ਜੋ ਪਹਿਲਾਂ ਨਹੀਂ ਦੇਖਿਆ ਗਿਆ।

ਸਬਾ ਕਹਿੰਦੇ ਹਨ, "ਉਨ੍ਹਾਂ ਨੇ ਹਿੰਦੁਤਵ ਦੀ ਪਰਿਭਾਸ਼ਾ ਮੁਸਲਮਾਨਾਂ ਤੋਂ ਨਫ਼ਰਤ ਵਿੱਚ ਬਦਲ ਦਿੱਤੀ ਹੈ। ਇਹ ਇੰਨੀ ਕਾਰਗਰ ਸਾਬਤ ਹੋ ਰਹੀ ਹੈ ਕਿ ਹੋਰ ਬੀਜੇਪੀ ਸ਼ਾਸਤ ਸੂਬੇ, ਜਿਵੇਂ ਮੱਧ ਪ੍ਰਦੇਸ਼ ਸਰਕਾਰ ਵੀ ਆਪਣੀ ਭਾਸ਼ਾ ਅਤੇ ਨੀਤੀਆਂ ਨੂੰ ਉਸੇ ਤਰਜ਼ 'ਤੇ ਢਾਲ ਰਹੀ ਹੈ।"

ਗੋਰਖਨਾਥ ਮੰਦਰ ਦੇ ਦੁਸਹਿਰੇ ਦੇ ਜਲੂਸ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਗੋਰਖਨਾਥ ਮੰਦਰ ਦੇ ਦੁਸਹਿਰੇ ਦੇ ਜਲੂਸ ਦੀ ਅਗਵਾਈ ਕਰਦੇ ਹੋਏ ਮੁੱਖ ਮੰਤਰੀ

ਵਿਦਿਆਰਥੀ ਸੰਘ ਤੋਂ ਮੰਦਰ ਅਤੇ ਸਿਆਸਤ ਦਾ ਰਸਤਾ

'ਯਦਾ ਯਦਾ ਹੀ ਯੋਗੀ' ਨਾਮ ਤੋਂ ਯੋਗੀ ਆਦਿੱਤਿਆਨਾਥ ਦੀ ਜੀਵਨੀ ਲਿਖਣ ਵਾਲੇ ਵਿਜੇ ਤ੍ਰਿਵੇਦੀ ਦੇ ਮੁਤਾਬਕ 1972 ਵਿੱਚ ਗੜਵਾਲ ਦੇ ਇੱਕ ਪਿੰਡ ਵਿੱਚ ਪੈਦਾ ਹੋਏ ਅਜੇ ਮੋਹਨ ਬਿਸ਼ਟ ਦਾ ਸ਼ੁਰੂਆਤ ਤੋਂ ਹੀ ਸਿਆਸਤ ਵੱਲ ਰੁਝਾਨ ਸੀ।

ਜੀਵਨੀ ਵਿੱਚ ਉਹ ਲਿਖਦੇ ਹਨ ਕਿ ਅਜੇ ਬਿਸ਼ਟ ਨੂੰ ਕਾਲਜ ਦੇ ਦਿਨਾਂ ਵਿੱਚ ਫ਼ੈਸ਼ਨੇਬਲ, ਚਮਕਦਾਰ, ਟਾਈ-ਕੱਪੜੇ ਅਤੇ ਕਾਲੀਆਂ ਐਨਕਾਂ ਪਾਉਣ ਦਾ ਸ਼ੌਂਕ ਸੀ। 1994 ਵਿੱਚ ਦੀਖਿਆ ਲੈਣ ਤੋਂ ਬਾਅਦ ਉਹ ਯੋਗੀ ਆਦਿੱਤਿਆਨਾਥ ਬਣ ਗਏ।

ਬਚਪਨ ਵਿੱਚ ਸੰਘ ਦੀ ਸ਼ਾਖ਼ਾ ਜਾਣ ਵਾਲੇ ਬਿਸ਼ਟ, ਕਾਲਜ ਵਿੱਚ ਵਿਦਿਆਰਥੀ ਯੂਨੀਅਨ ਦੀ ਚੋਣ ਲੜਨੀ ਚਾਹੁੰਦੇ ਸਨ ਪਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਉਹ ਅਜ਼ਾਦ ਲੜੇ ਅਤੇ ਹਾਰ ਗਏ।

ਬਚਪਨ ਵਿੱਚ ਬਿਸ਼ਟ ਨੇ ਬੀਐਸਸੀ ਦੀ ਪੜ੍ਹਾਈ ਗੜਵਾਲ ਦੇ ਸ਼੍ਰੀਨਗਰ ਸਥਿਤ ਹਮੇਵਤੀ ਨੰਦਨ ਬਹੁਗੁਣਾ ਯੂਨੀਵਰਸਿਟੀ ਤੋਂ ਪੂਰੀ ਕੀਤੀ ਹੈ।

ਵਿਜੇ ਤ੍ਰੇਵੇਦੀ ਲਿਖਦੇ ਹਨ, "ਹਾਰ ਦੇ ਕੁਝ ਮਹੀਨਿਆਂ ਤੋਂ ਬਾਅਦ ਜਨਵਰੀ 1992 ਵਿੱਚ ਬਿਸ਼ਟ ਦੇ ਕਮਰੇ ਵਿੱਚ ਚੋਰੀ ਹੋ ਗਈ ਜਿਸ ਵਿੱਚ ਏਐਮਐਸਸੀ ਦੇ ਦਾਖ਼ਲੇ ਦੇ ਲਈ ਜ਼ਰੂਰੀ ਕਾਗਜ਼ਾਤ ਵੀ ਚਲੇ ਗਏ।"

"ਦਾਖਲੇ ਦੇ ਸੰਬੰਧ ਵਿੱਚ ਮਦਦ ਮੰਗਣ ਲਈ ਹੀ ਬਿਸ਼ਟ ਪਹਿਲੀ ਵਾਰ ਮਹੰਤ ਅਵੈਦਨਾਥ ਨਾਲ ਮਿਲੇ ਅਤੇ ਦੋ ਹੋਰ ਸਾਲਾਂ ਦੇ ਅੰਦਰ ਹੀ ਉਨ੍ਹਾਂ ਨੇ ਨਾ ਸਿਰਫ਼ ਦੀਖਿਆ ਲਈ ਸਗੋਂ ਉੱਤਰਾ-ਅਧਿਕਾਰੀ ਵੀ ਬਣ ਗਏ।"

ਇਹ ਵੀ ਪੜ੍ਹੋ:

ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਗੁਰੂ ਅਵੈਦਨਾਥ ਦੀ ਪੂਜਾ ਕਰਦੇ ਹੋਏ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਗੁਰੂ ਅਵੈਦਨਾਥ ਦੀ ਪੂਜਾ ਕਰਦੇ ਹੋਏ

ਦੀਖਿਆ ਲੈਣ ਦੇ ਨਾਲ ਹੀ ਨਾਮ ਹੀ ਨਹੀਂ ਬਦਲਿਆ ਜਾਂਦਾ ਸਗੋਂ ਪਿਛਲੀ ਦੁਨੀਆਂ ਦੇ ਨਾਲ ਰਿਸ਼ਤਾ ਵੀ ਤੋੜਿਆ ਜਾਂਦਾ ਹੈ। ਅੱਗੇ ਚੱਲ ਕੇ ਸਾਲ 2020 ਵਿੱਚ ਬੀਮਾਰ ਪੈਣ ਮਗਰੋਂ ਜਦੋਂ ਉਨ੍ਹਾਂ ਦੇ ਪਿਤਾ ਆਨੰਦ ਬਿਸ਼ਟ ਦੀ ਮੌਤ ਹੋ ਗਈ ਤਾਂ ਉਹ ਮੁੱਖ ਮੰਤਰੀ ਬਣ ਚੁੱਕੇ ਸਨ।

ਯੋਗੀ ਨੇ ਇਸ ਮੌਕੇ ਬਿਆਨ ਜਾਰੀ ਕਰਕੇ ਕਿਹਾ, "ਕੋਰੋਨਾ ਮਹਾਮਾਰੀ ਲੌਕਡਾਊਨ ਨੂੰ ਹਰਾਉਣ ਦੀ ਰਣਨੀਤੀ ਦੇ ਤਹਿਤ ਅਤੇ ਲੌਕਡਾਊਨ ਦੀ ਸਫ਼ਲਤਾ ਲਈ ਮੈਂ ਉਨ੍ਹਾਂ ਦੇ ਕਰਮ ਕਾਂਡ ਵਿੱਚ ਸ਼ਾਮਲ ਨਹੀਂ ਹੋ ਸਕਾਂਗਾ।"

ਦੀਖਿਆ ਤੋਂ ਬਾਅਦ ਹੀ ਯੋਗੀ ਆਦਿੱਤਿਆਨਾਥ ਨੇ ਸਰਕਾਰੀ ਕਾਗਜ਼ਾਂ ਵਿੱਚ ਪਿਤਾ ਦੇ ਨਾਮ ਵਾਲੇ ਖਾਨੇ ਵਿੱਚ ਪਿਤਾ ਦੇ ਨਾਮ ਵਾਲੇ ਕਾਲਮ ਵਿੱਚ ਆਨੰਦ ਬਿਸ਼ਟ ਦੀ ਥਾਂ ਅਵੈਦਨਾਥ ਦਾ ਨਾਮ ਲਿਖਣਾ ਸ਼ੁਰੂ ਕਰ ਦਿੱਤਾ ਸੀ।

ਮਹੰਤ ਅਵੈਦਨਾਥ ਉਸ ਸਮੇਂ ਰਾਮ ਮੰਦਰ ਅੰਦੋਲਨ ਦਾ ਉੱਘਾ ਚਿਹਰਾ ਸੀ। ਉਹ ਗੋਰਖਪੁਰ ਤੋਂ ਚਾਰ ਵਾਰ ਸਾਂਸਦ ਰਹਿ ਚੁੱਕੇ ਸਨ ਅਤੇ ਗੋਰਖਨਾਥ ਮੰਦਰ ਦੇ ਮਹੰਤ ਸਨ।

ਗੋਰਖਨਾਥ ਮੰਦਰ ਅਤੇ ਸੱਤਾ ਦਾ ਰਿਸ਼ਤਾ ਪੁਰਾਣਾ ਹੈ। ਮਹੰਤ ਅਵੈਦਨਾਥ ਤੋਂ ਪਿਛਲੇ ਮਹੰਤ ਦਿਗਵਿਜੇ ਨਾਥ ਨੇ ਇਸ ਨੂੰ ਸਿਆਸਤ ਦਾ ਅਹਿਮ ਕੇਂਦਰ ਬਣਾਇਆ। ਉਹ ਉੱਥੋਂ ਸਾਂਸਦ ਵੀ ਚੁਣੇ ਗਏ ਸਨ।

1950 ਦੀ ਮਹਾਂਸਭਾ ਦੇ ਰਾਸ਼ਟਰੀ ਸਕੱਤਰ ਬਣਨ ਮੌਕੇ ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਸਰਕਾਰ ਵਿੱਚ ਆਈ ਤਾਂ ਉਹ ਮੁਸਲਮਾਨਾਂ ਤੋਂ 5-10 ਸਾਲਾਂ ਲਈ ਵੋਟ ਪਾਉਣ ਦਾ ਹੱਕ ਵਾਪਸ ਲੈ ਲੈਣਗੇ ਤਾਂ ਕਿ ਉਸ ਸਮੇਂ ਉਹ ਭਾਈਚਾਰਾ ਸਰਕਾਰ ਨੂੰ ਭਰੋਸਾ ਦੁਆ ਸਕੇ ਕਿ ਉਨ੍ਹਾਂ ਦੇ ਇਰਾਦੇ ਭਾਰਤ ਪੱਖੀ ਹਨ।

ਯੋਗੀ ਆਦਿਤਿਆਨਾਥ ਨੂੰ ਦੇਖਣ ਲਈ ਗੋਰਖਨਾਥ ਮੰਦਰ ਵਿੱਚ ਜੁੜਿਆ ਇਕੱਠ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਯੋਗੀ ਆਦਿੱਤਿਆਨਾਥ ਨੂੰ ਦੇਖਣ ਲਈ ਗੋਰਖਨਾਥ ਮੰਦਰ ਵਿੱਚ ਜੁੜਿਆ ਇਕੱਠ

ਨਾਥ ਫਿਰਕੇ ਦਾ ਸਨਾਤਨੀਕਰਨ

ਇਤਿਹਾਸਕ ਪੱਖੋਂ ਨਾਥ ਫਿਰਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਵਿਤਕਰਾ ਨਹੀਂ ਕੀਤਾ ਜਾਂਦਾ ਸੀ ਅਤੇ ਪੂਜਾ ਨਹੀਂ ਕੀਤੀ ਜਾਂਦੀ ਸੀ।

ਇੱਕਈਸ਼ਵਰਵਾਦੀ ਨਾਥ ਫਿਰਕਾ ਅਦਵੈਤ ਦਰਸ਼ਨ ਵਿੱਚ ਵਿਸ਼ਵਾਸ ਰੱਖਦਾ ਹੈ ਜਿਸ ਦੇ ਮੁਤਾਬਕ ਰੱਬ ਇੱਕ ਹੀ ਹੈ ਅਤੇ ਸਾਰਿਆਂ ਵਿੱਚ ਉਸੇ ਦਾ ਅੰਸ਼ ਹੈ।

ਮੁਗਲ ਸ਼ਾਸਕ ਜਹਾਂਗੀਰ ਦੇ ਦੌਰ ਵਿੱਚ ਇੱਕ ਕਵੀ ਦੀ ਲਿਖੀ ਚਿਤਰਾਵਲੀ ਵਿੱਚ ਗੋਰਖਪੁਰ ਦਾ ਜ਼ਿਕਰ ਕੀਤਾ ਗਿਆ ਹੈ। 16ਵੀਂ ਸਦੀ ਦੀ ਇਸ ਰਚਨਾ ਵਿੱਚ ਗੋਰਖਪੁਰ ਨੂੰ ਯੋਗੀਆਂ ਦਾ ਭਲਾ ਦੇਸ਼ ਦੱਸਿਆ ਗਿਆ ਹੈ।

ਗੋਰਖਪੁਰ ਦੇ ਪੱਤਰਕਾਰ ਮਨੋਜ ਸਿੰਘ ਦੇ ਮੁਤਾਬਕ ਮਹੰਤ ਦਿਗਵਿਜੇ ਨਾਥ ਦੇ ਨਾਲ ਵੀ ਇਸ ਪੀਠ ਦਾ ਸਨਾਤਨੀਕਰਨ ਹੋਣ ਲੱਗਿਆ, ਮੂਰਤੀ ਪੂਜਾ ਸ਼ੁਰੂ ਹੋ ਗਈ ਅਤੇ ਸਿਆਸੀਕਰਨ ਵੀ ਤੇਜ਼ ਹੋਇਆ।

ਗੋਰਖਪੁਰ ਦੀ ਮਸ਼ਹੂਰ ਗੀਤਾ ਪ੍ਰੈੱਸ ਵੱਲੋਂ ਛਾਪੀ ਗਈ ਸਮੱਗਰੀ ਵਿੱਚ ਗੌ-ਹੱਤਿਆ, ਹਿੰਦੀ ਨੂੰ ਕੌਮੀ ਭਾਸ਼ਾ ਬਣਾਉਣਾ, ਹਿੰਦੂ ਕੋਡ ਬਿਲ, ਸੰਵਿਧਾਨ ਦੇ ਧਰਮ ਨਿਰਪੱਖ ਹੋਣ ਵਰਗੇ ਵਿਸ਼ਿਆਂ ਬਾਰੇ ਹਿੰਦੂਆਂ ਵਿੱਚ ਆਮ ਰਾਇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।

ਸਾਲ 2020 ਵਿੱਚ ਅਯੁੱਧਿਆ ਵਿੱਚ ਰਾਮ ਮੰਦਰ ਦਾ ਨੀਂਹ ਪੱਥਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਦੇਖ-ਰੇਖ ਵਿੱਚ ਹੀ ਰੱਖਿਆ ਗਿਆ।

ਵੀਡੀਓ ਕੈਪਸ਼ਨ, ਅੱਤਵਾਦੀਆਂ ਨੂੰ ਬਰਿਆਨੀ ਨਾਲ ਗੋਲੀ ਮਿਲੇਗੀ- ਯੋਗੀ ਆਦਿਤਿਆਨਾਥ (ਵੀਡੀਓ ਫ਼ਰਵਰੀ 2020 ਦਾ ਹੈ)

ਗੋਰਖਪੁਰ ਤੋਂ ਮੁੱਖ ਮੰਤਰੀ ਬਣਨ ਦੀ ਪੌੜ੍ਹੀ

ਅਜੇ ਬਿਸ਼ਟ ਦੇ ਸਿਆਸੀ ਸਫ਼ਰ ਦੀ ਸਹੀ ਅਰਥਾਂ ਵਿੱਚ ਸ਼ੁਰੂਆਤ ਹੋਈ ਜਦੋਂ 1994 ਵਿੱਚ ਉਨ੍ਹਾਂ ਨੇ ਮਹੰਤ ਅਵੈਦਨਾਥ ਤੋਂ ਦੀਖਿਆ ਲਈ ਅਤੇ ਯੋਗੀ ਆਦਿੱਤਿਆਨਾਥ ਬਣ ਗਏ।

ਹੁਣ ਉਨ੍ਹਾਂ ਦਾ ਲੋਕ ਸਭਾ ਚੋਣਾਂ ਲੜਨਾ ਲਗਭਗ ਤੈਅ ਸੀ।

ਪੰਜ ਸਾਲ ਬਾਅਦ 26 ਸਾਲ ਦੀ ਉਮਰ ਵਿੱਚ ਉਹ ਗੋਰਖਪੁਰ ਤੋਂ ਸਿਰਫ਼ ਛੇ ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕਰਕੇ ਸਾਂਸਦ ਬਣੇ।

ਮਨੋਜ ਸਿੰਘ ਦੱਸਦੇ ਹਨ, "ਇਸ ਸਮੇਂ ਉਨ੍ਹਾਂ ਨੇ ਤੈਅ ਕੀਤਾ ਕਿ ਉਨ੍ਹਾਂ ਨੇ ਬੀਜੇਪੀ ਤੋਂ ਵੱਖਰਾ ਇੱਕ ਸਪੋਰਟ ਬੇਸ ਚਾਹੀਦਾ ਹੈ ਅਤੇ ਉਨ੍ਹਾਂ ਨੇ ਹਿੰਦੂ ਯੁਵਾ ਵਾਹਿਨੀ ਬਣਾਈ, ਜੋ ਕਹਿਣ ਨੂੰ ਇੱਕ ਸਭਿਆਚਾਰਕ ਸੰਗਠਨ ਸੀ ਪਰ ਦਰਅਸਲ ਇਹ ਉਨ੍ਹਾਂ ਦੀ ਨਿੱਜੀ ਫ਼ੌਜ ਸੀ।"

ਉਹ ਕਹਿੰਦੇ ਹਨ, "ਹਿੰਦੂ ਯੁਵਾ ਵਾਹਿਨੀ ਦਾ ਕਥਿਤ ਉਦੇਸ਼ ਸੀ ਧਰਮ ਦੀ ਰਾਖੀ ਕਰਨਾ, ਫਿਰਕੂ ਤਣਾਅ ਵਿੱਚ ਇਸ ਸੰਗਠਨ ਦੀ ਭੂਮਿਕਾ ਰਹੀ ਹੈ। ਇਸੇ ਸੰਗਠਨ ਦੀ ਅਗਵਾਈ ਕਰਦੇ ਹੋਏ ਯੋਗੀ 2007 ਵਿੱਚ ਗ੍ਰਿਫ਼ਤਾਰ ਹੋਏ ਸਨ।"

ਗਿਆਰਾਂ ਦਿਨ ਜੇਲ੍ਹ ਰਹਿਣ ਤੋਂ ਬਾਅਦ ਉਹ ਜ਼ਮਾਨਤ ਉੱਪਰ ਛੁੱਟ ਗਏ। ਦਸ ਸਾਲ ਇਸ ਕੇਸ ਵਿੱਚ ਕਿਸੇ ਸਰਕਾਰ ਤਹਿਤ ਕੋਈ ਕਾਰਵਾਈ ਨਹੀਂ ਹੋਈ। 2017 ਵਿੱਚ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੇ ਅਧੀਨ ਗ੍ਰਹਿ ਮੰਤਰਾਲਾ ਨੇ ਇਹ ਕੇਸ ਚਲਾਉਣ ਦੀ ਆਗਿਆ ਨਹੀਂ ਦਿੱਤੀ।

ਸਾਲ 2014 ਵਿੱਚ ਜਦੋਂ ਆਦਿੱਤਿਆਨਾਥ ਨੇ ਆਪਣੀਆਂ ਆਖ਼ਰੀ ਚੋਣਾਂ ਲੜੀਆਂ ਤਾਂ ਚੋਣ ਕਮਿਸ਼ਨ ਨੂੰ ਦਿੱਤੇ ਆਪਣੇ ਹਲਫ਼ੀਆ ਬਿਆਨ ਮੁਤਾਬਕ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਚੱਲ ਰਹੇ ਸਨ।

ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਸਮੇਂ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਸਮੇਂ

ਦਸੰਬਰ 2017 ਵਿੱਚ ਉੱਤਰ ਪ੍ਰਦੇਸ਼ ਸਰਕਾਰ ਨੇ ਕਾਨੂੰਨ ਵਿੱਚ ਸੋਧ ਕੀਤੀ ਜਿਸ ਨਾਲ ਸਿਆਸਤਦਾਨਾਂ ਖ਼ਿਲਾਫ਼ ਚੱਲ ਰਹੇ ਸਿਆਸਤ ਤੋਂ ਪ੍ਰੇਰਿਤ ਮੁਕੱਦਮਿਆਂ ਨੂੰ ਵਾਪਸ ਲਿਆ ਜਾ ਸਕੇ।

ਹਾਲਾਂਕਿ ਕਿਹੜੇ ਮੁਕੱਦਮਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਮੰਨਿਆ ਜਾਵੇਗਾ ਇਸ ਦਾ ਫ਼ੈਸਲਾ ਕਰਨ ਦਾ ਹੱਕ ਸਰਕਾਰ ਨੇ ਆਪਣੇ ਕੋਲ ਰੱਖ ਲਿਆ।

ਹਿੰਦੂ ਯੁਵਾ ਵਾਹਿਨੀ ਤੋਂ ਸਾਂਸਦ ਆਦਿੱਤਿਆਨਾਥ ਨੂੰ ਤਾਕਤ ਮਿਲੀ ਅਤੇ ਇੱਕ ਆਗੂ ਵਜੋਂ ਉਨ੍ਹਾਂ ਦੀ ਸਾਖ ਵਿੱਚ ਵਾਧਾ ਹੋਇਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰਾ ਅਧਿਕਾਰੀ?

ਅਕਸਰ ਇਹ ਚਰਚਾ ਹੁੰਦੀ ਹੈ ਕਿ ਕੀ ਯੋਗੀ ਇੰਨੇ ਤਾਕਤਵਰ ਆਗੂ ਬਣ ਗਏ ਹਨ ਕਿ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਮੰਨਿਆ ਜਾਵੇ?

ਸਬਾ ਨਕਵੀ ਅਜਿਹਾ ਨਹੀਂ ਮੰਨਦੇ। ਉਨ੍ਹਾਂ ਦੇ ਮੁਤਾਬਕ, "ਇੱਕ ਆਗੂ ਵਜੋਂ ਆਮ ਤੌਰ 'ਤੇ ਨਰਿੰਦਰ ਮੋਦੀ ਦੇ ਸਾਹਮਣੇ ਆਦਿੱਤਿਆਨਾਥ ਦਾ ਕੱਦ ਬਹੁਤ ਛੋਟਾ ਹੈ ਅਤੇ ਉਨ੍ਹਾਂ ਨੇ ਅੱਗੇ ਵਧਣ ਲਈ ਆਮ ਸਹਿਮਤੀ ਬਣਾ ਕੇ ਚੱਲਣ ਅਤੇ ਕਾਰਪੋਰੇਟ ਜਗਤ ਨਾਲ ਮੇਲ-ਜੋਲ ਬਣਾਉਣ ਵਰਗੇ ਗੁਰ ਵੀ ਨਹੀਂ ਆਉਂਦੇ।"

ਉਹ ਕਹਿੰਦੇ ਹਨ, "ਜਨਤਾ ਵਿੱਚ ਹਮਾਇਤ ਬਣਾ ਸਕਣ ਦੇ ਬਾਵਜੂਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪ੍ਰਸ਼ਾਸਨਿਕ ਕਾਰਜਸ਼ੈਲੀ ਹਰਮਨਪਿਆਰੀ ਨਹੀਂ ਹੈ।"

ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਸਮੇਂ ਭੂਮੀ ਪੂਜਨ ਦੌਰਾਨ

ਤਸਵੀਰ ਸਰੋਤ, NurPhoto

ਤਸਵੀਰ ਕੈਪਸ਼ਨ, ਰਾਮ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਸਮੇਂ ਭੂਮੀ ਪੂਜਨ ਦੌਰਾਨ

ਮਨੋਜ ਸਿੰਘ ਕਹਿੰਦੇ ਹਨ, "ਮੰਦਰ ਦੀ ਅਗਵਾਈ ਸਾਮੰਤਵਾਦੀ ਤਰੀਕੇ ਨਾਲ ਕੀਤੀ ਗਈ ਹੈ। ਸਾਰਾ ਕੰਟਰੋਲ ਯੋਗੀ ਆਦਿੱਤਿਆਨਾਥ ਦੇ ਹੱਥਾਂ ਵਿੱਚ ਰਿਹਾ ਹੈ ਅਤੇ ਉਹ ਆਪਣੀ ਸਰਕਾਰ ਵੀ ਇਸੇ ਤਰ੍ਹਾਂ ਚਲਾ ਰਹੇ ਹਨ। ਵਿਧਾਇਕ ਤਾਂ ਦੂਰ ਮੰਤਰੀ ਤੱਕ ਆਪਣੀ ਗੱਲ ਨਹੀਂ ਕਹਿ ਪਾਉਂਦੇ।"

ਵਿਜੇ ਤ੍ਰਿਵੇਦੀ ਦੇ ਮੁਤਾਬਕ, "ਯੋਗੀ ਆਦਿੱਤਿਆਨਾਥ ਨੇ ਪ੍ਰਧਾਨ ਮੰਤਰੀ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ।"

"ਨੀਤੀਆਂ ਦਾ ਖ਼ੂਬ ਪ੍ਰਚਾਰ ਕਰਨਾ, ਇਕੱਲਿਆਂ ਸਰਕਾਰ ਚਲਾਉਣਾ, ਮੀਡੀਆ ਉੱਪਰ ਕੰਟਰੋਲ ਰੱਖਣਾ ਵਗੈਰਾ। ਲੇਕਿਨ ਹਿੰਦੁਤਵ ਦੇ ਨਾਲ ਵਿਕਾਸ ਦੇ ਏਜੰਡੇ ਉੱਪਰ ਕੰਮ ਨਹੀਂ ਕਰ ਸਕੇ ਹਨ।"

ਯੋਗੀ ਆਦਿੱਤਿਆਨਾਥ ਦੀ ਵਿਰਾਸਤ

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਉੱਤਰ ਪ੍ਰਦੇਸ਼ ਵਿੱਚ ਕੀ ਬਦਲਿਆ ਹੈ? ਗੋਰਖਪੁਰ ਤੋਂ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਯੋਗੀ ਆਦਿੱਤਿਆਨਾਥ ਨੇ ਸੰਸਦ 'ਚ ਪੰਜ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ ਸਨ।

ਇਨ੍ਹਾਂ ਵਿੱਚ ਯੂਨੀਫਾਰਮ ਸਿਵਲ ਕੋਡ, ਅਧਿਕਾਰਤ ਤੌਰ 'ਤੇ ਦੇਸ਼ ਦਾ ਨਾਂ 'ਇੰਡਿਆ' ਤੋਂ ਬਦਲ ਕੇ 'ਭਾਰਤ' ਕਰਨਾ, ਗਊ ਹੱਤਿਆ 'ਤੇ ਪਾਬੰਦੀ, ਧਰਮ ਪਰਿਵਰਤਨ ਵਿਰੁੱਧ ਕਾਨੂੰਨ ਅਤੇ ਇਲਾਹਾਬਾਦ ਹਾਈ ਕੋਰਟ ਦੀ ਗੋਰਖਪੁਰ ਬੈਂਚ ਦੀ ਸਥਾਪਨਾ ਸ਼ਾਮਲ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਨੇ ਸੂਬੇ ਵਿੱਚ ਗਊ ਹੱਤਿਆ ਵਿਰੁੱਧ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਹੈ ਅਤੇ ਧਰਮ ਪਰਿਵਰਤਨ 'ਤੇ ਪਾਬੰਦੀ ਲਗਾਉਣ ਲਈ ਨਵਾਂ ਕਾਨੂੰਨ ਲਿਆਂਦਾ ਹੈ।

ਮਨੋਜ ਸਿੰਘ ਦੇ ਅਨੁਸਾਰ, "ਇਸ ਕਾਰਜਕਾਲ ਵਿੱਚ ਇਹ ਤੈਅ ਹੋ ਗਿਆ ਹੈ ਕਿ ਇੱਕ ਮਹੰਤ ਵੀ ਰਾਜ ਕਰ ਸਕਦਾ ਹੈ ਅਤੇ ਵਿਧਾਨ ਸਭਾ ਅਤੇ ਆਪਣੀਆਂ ਨੀਤੀਆਂ ਵਿੱਚ ਆਪਣੇ ਕੱਟੜ ਵਿਚਾਰਾਂ ਨੂੰ ਆਵਾਜ਼ ਦੇ ਸਕਦਾ ਹੈ।"

ਯੂਪੀ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਯੋਗੀ ਆਦਿਤਿਆ ਨਾਥ

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਯੂਪੀ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ 'ਚ ਪੁਲਿਸ ਹਮੇਸ਼ਾ ਹੀ ਤਾਕਤਵਰ ਰਹੀ ਹੈ ਪਰ ਇਸ ਕਾਰਜਕਾਲ 'ਚ ਉਸ ਨੂੰ ਹੋਰ ਜ਼ਿਆਦਾ ਖੁੱਲ ਮਿਲੀ ਹੈ। ਸਰਕਾਰ ਆਪਣੇ ਇਸ਼ਤਿਹਾਰਾਂ ਵਿੱਚ ਮੁਕਾਬਲਿਆਂ ਨੂੰ ਇੱਕ ਪ੍ਰਾਪਤੀ ਵਜੋਂ ਗਿਣਾਉਂਦੀ ਹੈ ਅਤੇ ਇੱਕ ਸਖ਼ਤ ਪ੍ਰਸ਼ਾਸਕ ਵਜੋਂ ਮੁੱਖ ਮੰਤਰੀ ਦੇ ਅਕਸ ਨੂੰ ਪੇਸ਼ ਕਰਦੀ ਹੈ।

ਵਿਜੇ ਤ੍ਰਿਵੇਦੀ ਦਾ ਮੰਨਣਾ ਹੈ ਕਿ ਪ੍ਰਸ਼ਾਸਨਿਕ ਕਾਰਜਪ੍ਰਣਾਲੀ ਬਿਹਤਰ ਹੋ ਗਈ ਹੈ ਅਤੇ ਕਾਨੂੰਨੀ ਪ੍ਰਣਾਲੀ ਸਖ਼ਤ ਹੋ ਗਈ ਹੈ, ਪਰ ਇਹ ਇੱਕ ਸਮਾਜਿਕ ਸਮੂਹ ਦੇ ਵਿਰੁੱਧ ਵੀ ਹੋਈ ਹੈ।

ਉਹ ਕਹਿੰਦੇ ਹਨ, "ਯੋਗੀ ਦੀਆਂ ਨੀਤੀਆਂ ਨੇ ਇੱਕ ਸਮੂਹ ਵਿੱਚ ਅਸੰਤੁਸ਼ਟੀ ਅਤੇ ਦੂਜੇ ਵਿੱਚ ਲੋਕਪ੍ਰਿਅਤਾ ਵਧਾਈ ਹੈ। ਪਰ ਲੋਕਤੰਤਰ ਵਿੱਚ, ਚੋਣ ਨਤੀਜੇ ਹੀ ਅਸਲ ਮਾਪਦੰਡ ਹੁੰਦੇ ਹਨ, 70 ਫ਼ੀਸਦ ਨੂੰ 30 ਫ਼ੀਸਦ ਦੀ ਚੋਣ ਨੂੰ ਸਵੀਕਾਰ ਕਰਨਾ ਪੈਂਦਾ ਹੈ, ਜੇਕਰ ਸਾਨੂੰ ਇਹ ਪਸੰਦ ਨਹੀਂ ਹੈ ਤਾਂ ਸਿਸਟਮ ਨੂੰ ਬਦਲਣਾ ਪਵੇਗਾ।''

ਸੂਬੇ ਵਿੱਚ ਸਰਕਾਰੀ ਸੰਦੇਸ਼ ਨੂੰ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਚਾਰਿਆ ਜਾ ਰਿਹਾ ਹੈ।

ਸਬਾ ਨਕਵੀ ਮੁਤਾਬਕ, "ਇਸ ਤੋਂ ਹਟਕੇ ਹੋਰ ਲਿਖਣ ਦੀ ਕੋਸ਼ਿਸ਼ ਕਰਨ ਵਾਲੇ ਸਥਾਨਕ ਪੱਤਰਕਾਰਾਂ ਉੱਤੇ ਮੁਕੱਦਮਾ ਚਲਾਉਣ ਅਤੇ ਸਖ਼ਤ ਪਾਬੰਦੀਆਂ ਤਹਿਤ ਉਨ੍ਹਾਂ ਦਾ ਜੇਲ੍ਹ ਜਾਣਾ ਆਮ ਹੋ ਗਿਆ ਹੈ।"

ਸਿਧਾਰਥ ਕਲਹੰਸ ਮੁਤਾਬਕ ਹੁਣ ਸੂਬੇ ਵਿੱਚ ਲੋਕਾਂ ਦਾ ਵਿਰੋਧ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ, ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਜੋ ਲੋਕ ਧਰੁਵੀਕਰਨ ਦੀ ਰਾਜਨੀਤੀ ਨਾਲ ਸਹਿਮਤ ਨਹੀਂ ਹਨ, ਉਹ ਚੁੱਪ ਰਹਿੰਦੇ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)