ਹਰਿਮੰਦਰ ਸਾਹਿਬ ਬੇਅਦਬੀ ਦੇ ਸ਼ੱਕੀ ਦੇ ਫਿੰਗਰ ਪ੍ਰਿੰਟ ਦਾ ਆਧਾਰ ਡਾਟਾਬੇਸ 'ਚ ਨਹੀਂ ਮਿਲਿਆ ਰਿਕਾਰਡ - ਪ੍ਰੈੱਸ ਰਿਵੀਊ

18 ਦਸੰਬਰ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਪੁਲਿਸ ਨੂੰ ਅਜੇ ਮਾਰੇ ਗਏ ਵਿਅਕਤੀ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਮਾਮਲੇ ਵਿੱਚ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੂੰ ਮਾਮਲੇ ਦੀ ਜਾਂਚ ਦੌਰਾਨ ਮਾਰੇ ਗਏ ਵਿਅਕਤੀ ਦੇ ਫਿੰਗਰ ਪ੍ਰਿੰਟ ਆਧਾਰ ਡਾਟਾਬੇਸ ਜਾਂ ਪੁਲਿਸ ਰਿਕਾਰਡ ਵਿੱਚ ਕਿਸੇ ਵੀ ਬਾਇਓ ਮੈਟ੍ਰਿਕ ਰਿਕਾਰਡ ਨਾਲ ਮੇਲ ਨਾ ਖਾਣ ਕਾਰਨ ਨਿਰਾਸ਼ਾ ਹੱਥ ਲੱਗੀ ਹੈ।

ਖ਼ਬਰ ਮੁਤਾਬਕ ਹੁਣ ਪੁਲਿਸ ਸ਼ੱਕੀ ਵੱਲੋਂ ਹਰਿਮੰਦਰ ਸਾਹਿਬ ਪਹੁੰਚਣ ਲਈ ਅਪਣਾਏ ਗਏ ਰੂਟ ਉੱਤੇ ਕੰਮ ਕਰ ਰਹੀ ਹੈ ਅਤੇ ਇਸ ਲਈ ਸੀਸੀਟੀਵੀ ਫੁਟੇਜ ਬੱਸ ਸਟੈਂਡ ਤੋਂ ਹੀ ਖੰਗਾਲੀ ਜਾ ਰਹੀ ਹੈ।

ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਕਿਹਾ ਹੈ ਕਿ ਮਾਰੇ ਗਏ ਵਿਅਕਤੀ ਦੀ ਪਛਾਣ ਅਜੇ ਵੀ ਰਹੱਸ ਹੀ ਹੈ।

ਇਹ ਵੀ ਪੜ੍ਹੋ:

ਅਮਰੀਕਾ ਵਿੱਚ 73 ਫੀਸਦ ਕੇਸ ਓਮੀਕਰੋਨ ਦੇ ਹਨ

ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੇਸਾਂ ਵਿੱਚ 73.2 ਫੀਸਦ ਓਮੀਕਰੋਨ ਦੀ ਲਾਗ ਦੇ ਹਨ।

ਐੱਨਬੀਸੀ ਦੀ ਖ਼ਬਰ ਮੁਤਾਬਕ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪਰਵੈਂਸ਼ਨ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੱਕ ਅਮਰੀਕਾ ਵਿੱਚ 73 ਫੀਸਦੀ ਤੋਂ ਵੀ ਵੱਧ ਨਵੇਂ ਕੇਸ ਓਮੀਕਰੋਨ ਦੇ ਹਨ।

ਅਮਰੀਕਾ ਦੇ ਕੁਝ ਖ਼ੇਤਰਾਂ ਵਿੱਚ ਓਮੀਕਰੋਨ ਦੇ 90 ਫੀਸਦੀ ਤੋਂ ਵੀ ਵੱਧ ਨਵੇਂ ਕੇਸ ਹਨ ਅਤੇ ਇਨ੍ਹਾਂ ਵਿੱਚ ਨਿਊ ਯਾਰਕ ਅਤੇ ਨਿਊ ਜਰਸੀ ਵੀ ਸ਼ਾਮਲ ਹਨ।

ਐਸ਼ਵਰਿਆ ਰਾਏ ਬੱਚਨ ਦੀ ਈਡੀ ਸਾਹਮਣੇ ਪੇਸ਼ੀ

ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੀ ਪਨਾਮਾ ਪੇਪਰ ਲੀਕ ਮਾਮਲੇ ਵਿੱਚ ਪੁੱਛਗਿੱਛ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਹਮਣੇ ਪੇਸ਼ੀ ਹੋਈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਪੇਸ਼ੀ 2016 ਦੇ ਪਨਾਮਾ ਪੇਪਰਜ਼ ਟੈਕਸ ਲੀਕ ਕੇਸ ਬਾਬਤ ਹੋਈ ਹੈ। ਐਸ਼ਵਰਿਆ ਦੇ ਬਿਆਨ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਅਧੀਨ ਰਿਕਾਰਡ ਕੀਤੇ ਗਏ ਹਨ।

ਖ਼ਬਰ ਮੁਤਾਬਕ ਐਸ਼ਵਰਿਆ ਨੇ ਕੁਝ ਦਸਤਾਵੇਜ਼ ਵੀ ਜਾਂਚ ਅਧਿਕਾਰੀਆਂ ਨੂੰ ਦਿੱਤੇ ਹਨ।

ਅਧਿਕਾਰੀਆਂ ਮੁਤਾਬਕ ਈਡੀ ਬੱਚਨ ਪਰਿਵਾਰ ਨਾਲ ਜੁੜੇ ਇਸ ਕੇਸ ਦੀ ਜਾਂਚ 2016-17 ਤੋਂ ਕਰ ਰਹੀ ਹੈ। ਈਡੀ ਮੁਤਾਬਕ ਐਸ਼ਵਰਿਆ ਦੇ ਲਿੰਕ 2005 ਵਿੱਚ ਬਣੇ ਬ੍ਰਿਟਿਸ਼ ਵਰਜਿਨ ਆਈਲੈਂਡਜ਼ ਨਾਲ ਜੁੜੇ ਹਨ।

ਦੱਸ ਦਈਏ ਕਿ ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਦੁਨੀਆਂ ਭਰ ਦੇ ਨਾਲ-ਨਾਲ ਭਾਰਤ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਮ ਵੀ ਆਏ ਹਨ। ਇਸ ਮਾਮਲੇ ਵਿੱਚ ਭਾਰਤ ਨਾਲ ਜੁੜੇ 426 ਲੋਕਾਂ ਦੇ ਨਾਮ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦਾ ਬਿੱਲ ਲੋਕ ਸਭਾ 'ਚ

ਆਧਾਰ ਕਾਰਡ ਨੂੰ ਵੋਟਰ ਕਾਰਡ ਦੇ ਨਾਲ ਲਿੰਕ ਕਰਨ ਵਾਲੇ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਦਿਆਂ ਸਰਕਾਰ ਨੇ ਕਿਹਾ ਕਿ ਇਸ ਨਾਲ ਇੱਕ ਤੋਂ ਵੱਧ ਵਾਰ ਐਨਰੋਲ ਕਰਨ ਵਾਲਿਆਂ ਉੱਤੇ ਲਗਾਮ ਲਗਾਈ ਜਾ ਸਕੇਗੀ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਦਿ ਇਲੈਕਸ਼ਨ ਲਾਅਜ਼ (ਸੋਧ) ਬਿੱਲ 2021 ਜੋ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਦਾ ਹੈ, ਇਸ ਨੂੰ ਸੋਮਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ।

ਬਿੱਲ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਨੂੰ ਬਿਨੈਕਾਰ ਦੀ ਪਛਾਣ ਸਥਾਪਤ ਕਰਨ ਲਈ ਵੋਟਰਾਂ ਵਜੋਂ ਰਜਿਸਟਰ ਕਰਨ ਦੇ ਚਾਹਵਾਨ ਬਿਨੈਕਾਰਾਂ ਦੇ ਆਧਾਰ ਨੰਬਰ ਮੰਗਣ ਦੀ ਇਜਾਜ਼ਤ ਦਿੰਦਾ ਹੈ।

ਜਿਹੜੇ ਲੋਕ ਆਪਣਾ ਆਧਾਰ ਨੰਬਰ ਨਹੀਂ ਦੇ ਸਕਦੇ ਹਨ, ਉਨ੍ਹਾਂ ਨੂੰ ਪਛਾਣ ਸਥਾਪਤ ਕਰਨ ਲਈ ਹੋਰ ਦਸਤਾਵੇਜ਼ ਪੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।

ਪੇਸ਼ ਕੀਤੇ ਜਾਣ ਤੋਂ ਪਹਿਲਾਂ ਲੋਕ ਸਭਾ ਮੈਂਬਰਾਂ ਨੂੰ ਭੇਜੇ ਗਏ ਬਿੱਲ ਦੇ ਅਨੁਸਾਰ, ਲੋਕ ਪ੍ਰਤੀਨਿਧਤਾ ਐਕਟ, 1950 ਅਤੇ 1951 ਦੀਆਂ ਵੱਖ-ਵੱਖ ਧਾਰਾਵਾਂ ਵਿੱਚ ਸੋਧ ਕੀਤੀ ਜਾਵੇਗੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)