ਬੇਅਦਬੀ ਅਤੇ ਕਤਲ ਕਾਂਡ : ਬੇਅਦਬੀ ਮਾੜੀ ਗੱਲ ਹੈ ਪਰ ਉਸ ਤੋਂ ਬਾਅਦ ਹੋਇਆ ਕਤਲ ਵੀ ਮਾੜਾ ਹੈ -ਕੈਪਟਨ

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਦਰਬਾਰ ਸਾਹਿਬ ਵਿਖੇ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਅਤੇ ਫਿਰ ਉਸ ਤੋਂ ਬਾਅਦ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਕਥਿਤ ਬੇਅਦਬੀ ਦੀ ਵਾਪਰੀ ਘਟਨਾ ਕਾਰਨ ਲੋਕਾਂ ਵਿੱਚ ਰੋਸ ਹੈ।

ਇਨ੍ਹਾਂ ਦੋਵਾਂ ਹੀ ਥਾਵਾਂ 'ਤੇ ਭੀੜ ਵੱਲੋਂ ਮੌਕੇ ਉੱਤੇ ਫੜੇ ਗਏ ਦੋ ਵਿਅਕਤੀਆਂ ਨੂੰ ਮਾਰ ਦਿੱਤਾ ਗਿਆ। ਸੂਬੇ ਦੀਆਂ ਤਮਾਮ ਰਾਜਨੀਤਿਕ ਪਾਰਟੀਆਂ ਦੋਵਾਂ ਹੀ ਥਾਵਾਂ ਉੱਤੇ ਵਾਪਰੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰ ਰਹੀਆਂ ਹਨ।

ਪਰ ਜਿਸ ਤਰੀਕੇ ਨਾਲ ਭੀੜ ਵੱਲੋਂ ਦੋਵਾਂ ਵਿਅਕਤੀਆਂ ਨੂੰ ਮੌਕੇ ਉੱਤੇ ਹੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ, ਉਸ ਬਾਰੇ ਹਰ ਸਿਆਸੀ ਪਾਰਟੀ ਵੋਟਾਂ ਨੇੜੇ ਹੋਣ ਕਾਰਨ ਬੋਲਣ ਤੋਂ ਗੁਰੇਜ਼ ਕਰ ਰਹੀ ਹੈ।

ਕਾਂਗਰਸ, ਅਕਾਲੀ ਦਲ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਅਤੇ ਬੀਜੇਪੀ ਇਨ੍ਹਾਂ ਘਟਨਾਵਾਂ ਬਾਰੇ ਖੁੱਲ੍ਹ ਕੇ ਆਪਣੀ ਰਾਏ ਰੱਖ ਰਹਿਆਂ ਹਨ ਪਰ ਲਿੰਚਿੰਗ ਬਾਰੇ ਕਿਸੇ ਵੀ ਪਾਰਟੀ ਵੱਲੋਂ ਇੱਕ ਸ਼ਬਦ ਨਹੀਂ ਬੋਲਿਆ ਜਾ ਰਿਹਾ।

ਇਸ ਪੂਰੇ ਮਾਮਲੇ ਉੱਤੇ ਲੋਕਾਂ ਦੀ ਰਾਏ ਵੀ ਦੋ ਤਰ੍ਹਾਂ ਦੀ ਹੈ, ਕੁਝ ਲੋਕ ਭੀੜ ਵੱਲੋਂ ਮੌਕੇ ਉੱਤੇ ਵਿਅਕਤੀਆਂ ਦੇ ਕਤਲ ਨੂੰ ਸਹੀ ਦੱਸ ਰਹੇ ਹਨ ਅਤੇ ਕੁਝ ਇਸ ਨੂੰ ਗ਼ਲਤ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਬੂਤ ਹੀ ਖ਼ਤਮ ਹੋ ਗਏ ਹਨ।

ਇਹ ਵੀ ਪੜ੍ਹੋ:

ਬੇਅਦਬੀ ਤੋਂ ਬਾਅਦ ਕਤਲ ਦੀ ਨਿਖੇਧੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿਚ ਬੇਅਦਬੀ ਦੀ ਕੋਸ਼ਿਸ਼ ਤੋਂ ਬਾਅਦ ਹੋਏ ਕਤਲਾਂ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

ਰਾਜਪੁਰਾ ਵਿਚ ਪੰਜਾਬ ਲੋਕ ਕਾਂਗਰਸ ਦੀ ਰੈਲੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਬੇਅਦਬੀ ਹੋਈ ਹੈ ਬਹੁਤ ਮਾੜੀ ਗੱਲ ਹੈ ਪਰ ਉਸ ਦੇ ਨਾਲ ਹੀ ਮਾੜੀ ਗੱਲ ਹੈ ਕਿ ਜੋ ਤੁਸੀਂ ਬੰਦੇ ਨੂੰ ਫੜ ਕੇ ਕਤਲ ਕਰ ਦਿੱਤਾ।''

ਉਨ੍ਹਾਂ ਅੱਗੇ ਕਿਹਾ, ''ਇਸ ਦੇਸ਼ ਵਿੱਚ ਕਾਨੂੰਨ ਹੈ, ਤੁਸੀਂ ਉਸ ਨੂੰ ਫੜ ਲਿਆ ਐਸਜੀਪੀਸੀ ਦੇ ਦਫ਼ਤਰ ਵਿੱਚ ਲਿਜਾ ਕੇ ਇੰਟੈਰੋਗੇਟ ਕਰ ਲਿਆ ਫਿਰ ਕਤਲ ਕਰ ਦਿੱਤਾ, ਕੀ ਇਹ ਠੀਕ ਹੈ?''

''ਇਹ ਗੈਰ-ਕਾਨੂੰਨੀ ਹੈ? ਇਸ ਪਿੱਛੇ ਕੋਈ ਏਜੰਸੀਆਂ ਨਹੀਂ ਲੱਗੀਆਂ ਹੋਈਆਂ, ਮੈਨੂੰ ਤਾ ਲਗਦਾ ਹੈ ਜਿਸ ਬੰਦੇ ਨੇ ਇਹ ਕੀਤਾ ਹੈ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਸੀ।''

'ਲਿੰਚਿੰਗ ਦੀਆਂ ਘਟਨਾਵਾਂ ਗਲਤ'

ਬੀਬੀਸੀ ਨੇ ਇਸ ਮੁੱਦੇ ਉੱਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨਵਕਿਰਨ ਸਿੰਘ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਮੌਕੇ ਉੱਤੇ ਭੀੜ ਵੱਲੋਂ ਫੜੇ ਗਏ ਵਿਅਕਤੀਆਂ ਦੇ ਕਤਲ ਨੂੰ ਗ਼ਲਤ ਕਰਾਰ ਦਿੱਤਾ।

ਨਵਕਿਰਨ ਸਿੰਘ ਨੇ ਕਿਹਾ ਕਿ ਜਦੋਂ ਗਊ ਰੱਖਿਅਕਾਂ ਦੇ ਹੱਥੋਂ ਮੁਸਲਿਮ ਨੌਜਵਾਨ ਮਾਰੇ ਗਏ ਸਨ, ਅਸੀਂ ਉਸ ਦੀ ਵੀ ਨਿੰਦਾ ਕੀਤੀ ਸੀ। ਉਨ੍ਹਾਂ ਆਖਿਆ ਕਿ ਲਿਚਿੰਗ ਦੀ ਨਿੰਦਾ ਅਸੀਂ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਹੋਣ ਦੇ ਨਾਲ ਸਿੱਖ ਦੇ ਤੌਰ ਉੱਤੇ ਵੀ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਕਿਸੇ ਨੂੰ ਨਹੀਂ ਹੈ ਤੇ ਅਜਿਹੀਆਂ ਘਟਨਾਵਾਂ ਕਾਰਨ ਵਿਸ਼ਵ ਵਿੱਚ ਸਿੱਖਾਂ ਦੀ ਦਿੱਖ ਖ਼ਰਾਬ ਹੁੰਦੀ ਹੈ।

ਉਨ੍ਹਾਂ ਮੁਤਾਬਕ, ਮੌਕੇ ਉੱਤੇ ਫੜੇ ਗਏ ਵਿਅਕਤੀ ਦਾ ਕਤਲ ਸਿੱਖਾਂ ਦੀ ਰਵਾਇਤ ਮੁਤਾਬਕ ਨਹੀਂ ਹੈ। ਨਵਕਿਰਨ ਨੇ ਕਿਹਾ ਕਿ ਭਾਵੇਂ ਸਿੰਘੂ ਬਾਰਡਰ ਦੀ ਘਟਨਾ ਹੋਵੇ ਜਾਂ ਫਿਰ ਦਰਬਾਰ ਸਾਹਿਬ ਅਤੇ ਕਪੂਰਥਲਾ ਦੀ, ਮੌਕੇ ਉੱਤੇ ਕਤਲ ਕਰਨਾ ਗ਼ਲਤ ਹੈ।

ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇੱਕ ਵਰਗ ਇਸ ਨੂੰ ਸਹੀ ਵੀ ਦੱਸ ਰਿਹਾ ਹੈ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਦਰ ਕਿਨਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਨ੍ਹਾਂ ਦੀ ਦਲੀਲ ਹੈ ਕਿ ਬੇਅਦਬੀ ਦੇ (ਪੁਰਾਣੇ) ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਜੇ ਤੱਕ ਸਜ਼ਾ ਨਹੀਂ ਦਿੱਤੀ ਜਾ ਸਕੀ।

ਕੇਸ ਅਦਾਲਤਾਂ ਵਿੱਚ ਹਨ, ਜਿਸ ਕਰ ਕੇ ਲੋਕਾਂ ਵਿੱਚ ਰੋਸ ਹੈ ਅਤੇ ਉਨ੍ਹਾਂ ਨੇ ਮੌਕੇ ਉੱਤੇ ਹੀ ਫ਼ੈਸਲਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਮੇਰੀ ਨਜ਼ਰਾਂ ਵਿੱਚ ਮੌਬ ਲਿੰਚਿੰਗ ਗ਼ਲਤ ਹੈ ਅਤੇ ਇਹ ਨਹੀਂ ਹੋਣੀ ਚਾਹੀਦੀ। ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਅਤੇ ਕਾਨੂੰਨ ਮੁਤਾਬਕ ਹੀ ਸਜਾ ਦਿੱਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਦੇ ਮਾਮਲੇ ਵਿੱਚ ਵਿਅਕਤੀ ਨੂੰ ਮੌਕੇ ਉੱਤੇ ਫੜ ਲਿਆ ਗਿਆ ਸੀ। ਜੇਕਰ ਉਸ ਤੋਂ ਪੁੱਛਗਿੱਛ ਹੁੰਦੀ ਤਾਂ ਇਹ ਪਤਾ ਲੱਗਣਾ ਸੀ ਕਿ ਉਹ ਕੌਣ ਹੈ ਅਤੇ ਕਿਸ ਨੇ ਉਸ ਨੂੰ ਭੇਜਿਆ ਹੈ।

'ਲਿੰਚਿੰਗ ਸਵੀਕਾਰਯੋਗ ਨਹੀਂ'

ਉੱਧਰ ਦੂਜੇ ਪਾਸੇ ਬਰਤਾਨੀਆ ਯੂਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਬੇਅਦਬੀ ਅਤੇ ਵਿਅਕਤੀ ਦੇ ਕਤਲ ਦੇ ਮਾਮਲੇ ਦੀ ਨਿੰਦਾ ਕਰਦਿਆਂ ਲਿਖਿਆ, ''ਬੇਅਦਬੀ ਦੀਆਂ ਘਟਨਾਵਾਂ ਸਵੀਕਾਰਯੋਗ ਨਹੀਂ ਹਨ ਪਰ ਕਿਸੇ ਵਿਅਕਤੀ ਦੀ ਲਿੰਚਿੰਗ ਵੀ ਸਵੀਕਾਰਯੋਗ ਨਹੀਂ ਹੈ ਅਤੇ ਕਿਸੇ ਨੂੰ ਵੀ ਮਾਮਲਾ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਸਾਨੂੰ ਅਜਿਹੇ ਮਾਮਲਿਆਂ ਵਿੱਚ ਪੂਰੀ ਜਾਂਚ ਚਾਹੀਦੀ ਹੈ।''

ਸਿਆਸਤਦਾਨ ਕੀ ਕਹਿ ਰਹੇ ਹਨ

ਲੰਬੀ ਹਲਕੇ ਦੇ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ, ''ਦਰਬਾਰ ਸਾਹਿਬ 'ਚ ਜਾ ਕੇ ਇੰਨੀ ਵੱਡੀ ਹਰਕਤ ਹੋਵੇ, ਅੱਜ ਤੀਜਾ ਦਿਨ ਹੋ ਗਿਆ ਇਸ ਸਰਕਾਰ ਨੇ ਇੰਨੀ ਕੁ ਅਹਿਮੀਅਤ ਦਿੱਤੀ ਹੈ ਕਿ ਡੀਸੀਪੀ ਲੈਵਲ ਦੇ ਅਫਸਰ ਨਾਲ ਸਿੱਟ ਬਣਾਈ ਹੈ। ਮੰਗ ਤਾਂ ਇਹ ਹੋਣੀ ਚਾਹੀਦੀ ਹੈ ਕਿ ਹਾਈਕੋਰਟ ਦੇ ਸਿਟਿੰਗ ਜੱਜ ਦੀ ਅਗਵਾਈ 'ਚ ਸਿੱਟ ਬਣਾਈ ਜਾਵੇ।''

''ਬੰਦੇ ਦੀ ਸ਼ਕਲ ਹੈ, ਰਿਕਾਰਡਿਡ ਵੀਡੀਓ ਹੈ, ਹੁਣ ਜੇ ਗ੍ਰਹਿ ਮੰਤਰੀ ਤਹਿ ਤੱਕ ਨਹੀਂ ਪਹੁੰਚ ਸਕਦੇ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕੁਰਸੀ 'ਤੇ ਬੈਠਣ ਦਾ ਕੋਈ ਹੱਕ ਨਹੀਂ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ 'ਚ ਇੱਕ ਵਾਰ ਫਿਰ ਭਖ ਰਹੇ ਬੇਅਦਬੀ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਇਹ, ''ਨਿੰਦਾਯੋਗ ਹੈ, ਘੋਰ ਨਿੰਦਾਯੋਗ ਹੈ। ਪਰ ਇਸਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ।''

ਬੇਅਦਬੀ ਮਾਮਲਿਆਂ 'ਚ ਸਜ਼ਾ ਬਾਰੇ ਸਵਾਲ 'ਤੇ ਉਨ੍ਹਾਂ ਕਿਹਾ, ''ਦੇਸ਼ 'ਚ ਲੋਕਤੰਤਰ ਹੈ। ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਸੇ ਨੂੰ ਵੀ ਖੇਡਣ ਦਾ ਅਧਿਕਾਰ ਨਹੀਂ ਹੈ। ਪਰ ਇਸਦੀ ਜਾਂਚ ਗਹਿਰਾਈ ਨਾਲ ਹੋਣੀ ਚਾਹੀਦੀ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ ਇਹ ਘਟਨਾਵਾਂ ਕਿਉਂ ਵਧਦੀਆਂ ਨੇ?''

''ਦੋਸ਼ੀਆਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।''

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ 'ਤੇ ਬੋਲਦਿਆਂ ਕਿਹਾ, ''ਸੌ ਮਣ ਦੁੱਧ 'ਚ ਖੱਟਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਅਮਨ-ਮਾਣ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।''

''ਸਿਆਸੀ ਤੌਰ ਉੱਤੇ ਮੇਰੇ ਪੰਜਾਬੀ ਭਰਾਵਾਂ ਦੇ ਮਨਾਂ 'ਚ ਭੈਅ ਪਾ ਕੇ, ਇੱਕ ਖਾਸ ਕਮਿਊਨਿਟੀ ਦੇ ਮਨ 'ਚ ਭੈਅ ਪਾ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਵੋਟਾਂ ਦੀ ਰਾਜਨੀਤੀ ਖਾਤਰ। ਤੁਸੀਂ ਵੇਖ ਲਓ ਕਿ ਲੋਕ ਕਿੰਨੇ ਜਾਗਰੂਕ ਨੇ ਪੰਜਾਬ ਦੇ, ਗੁਰੂ ਨੂੰ ਕਿੰਨੇ ਸਮਰਪਿਤ ਨੇ ਕਿ ਜੇ ਬੇਅਦਬੀ ਦੀ ਕੋਸ਼ਿਸ਼ ਹੋਈ, ਉਨ੍ਹਾਂ ਨੇ ਇਹ ਦਿਖਾ ਦਿੱਤਾ ਕਿ ਉਨ੍ਹਾਂ ਦੀ ਭਰੋਸੇਯੋਗਤਾ ਸਿਸਟਮ ਤੋਂ ਟੁੱਟੀ ਹੈ।''

ਮਾਮਲੇ ਵਿੱਚ ਸੂਬਾ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ''ਇੰਨੇ ਹੌਂਸਲੇ ਬੁਲੰਦ ਹੋ ਗਏ ਨੇ ਕਿ ਹਰਿਮੰਦਰ ਸਾਹਿਬ ਜਾ ਕੇ ਵੀ ਬੇਇੱਜ਼ਤੀ ਕਰਨ ਲੱਗ ਪਏ ਨੇ।''

ਮੀਡੀਆ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਬੇਅਦਬੀ ਅਤੇ ਕਤਲ ਵਰਗੇ ਮਾਮਲਿਆਂ ਨੂੰ ਰੋਕਣ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ, ਬਾਦਲ ਨੇ ਕਿਹਾ ਕਿ ''ਇਨ੍ਹਾਂ ਤੋਂ ਕੋਈ ਨਹੀਂ ਰੁਕਦਾ। ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਨਹੀਂ।''

ਬੇਅਦਬੀ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''ਸਾਡੇ ਵਿਚਕਾਰ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਕਿਸੇ ਵੀ ਪਾਰਟੀ ਦੀ ਸੋਚ ਇੰਨੀ ਮਾੜੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਅਸਥਿਰਤਾ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਹਨ। ਮੈਂ ਇਸਦੀ ਆਲੋਚਨਾ ਕਰਦਾ ਹਾਂ ਅਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਨੂੰ ਵਿਵੇਕ ਨਾਲ ਕੰਮ ਲੈਂਦੇ ਹੋਏ ਸ਼ਾਂਤ ਰਹਿਣਾ ਚਾਹੀਦਾ ਹੈ।''

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਇਸ ਬਾਰੇ ਆਪਣੀ ਰਾਏ ਸਾਂਝੀ ਕੀਤੀ ਤੇ ਕਿਹਾ, ''ਬੇਅਦਬੀ ਕਰਨ ਵਾਲੇ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਪਰ ਇਹ ਕੰਮ ਕਾਨੂੰਨ ਦਾ ਹੈ। ਲੋਕਾਂ ਨੂੰ ਇਹ ਆਪਣੇ ਹੱਥ 'ਚ ਨਹੀਂ ਲੈਣਾ ਚਾਹੀਦਾ।''

ਪਿਛਲੇ ਦੋ ਦਿਨਾਂ 'ਚ ਪੰਜਾਬ ਵਿੱਚ ਕੀ ਹੋਇਆ

18 ਦਸੰਬਰ ਨੂੰ ਹਰਿਮੰਦਰ ਸਾਹਿਬ ਵਿੱਚ ਰਹਿਰਾਸ ਸਾਹਿਬ ਦੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸ਼ਖਸ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ, ਪੁਲਿਸ ਨੇ ਮੁਲਜ਼ਮ ਦੀ ਮੌਤ ਦੀ ਪੁਸ਼ਟੀ ਕੀਤੀ।

ਅਕਾਲ ਤਖਤ ਦੇ ਜੱਥੇਦਾਰ ਅਤੇ ਐੱਸਜੀਪੀਸੀ ਨੇ ਇਸ ਘਟਨਾ ਪਿੱਛੇ ਬਹੁਤ ਵੱਡੀ ਸਾਜ਼ਿਸ਼ ਅਤੇ ਸਿੱਖ ਕੌਮ ਉੱਪਰ ਹਮਲਾ ਕਰਾਰ ਦਿੱਤਾ ਹੈ।

ਇਸ ਤੋਂ ਬਾਅਦ 19 ਦਸੰਬਰ ਨੂੰ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ 'ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਦੇ ਇਲਜ਼ਾਮ ਲੱਗੇ, ਜਿਨ੍ਹਾਂ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ।

ਮੁਲਜ਼ਮ ਨੂੰ ਪਿੰਡ ਵਾਲਿਆਂ ਨੇ ਕਾਬੂ ਕਰ ਕੇ ਪੁਲਿਸ ਦੇ ਸਾਹਮਣੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੰਜਾਬ ਸਰਕਾਰ ਨੇ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਜਾਂਚ ਲਈ ਐੱਸਆਈਟੀ ਦਾ ਗਠਨ ਕਰ ਦਿੱਤਾ ਹੈ। ਹਾਲਾਂਕਿ ਐੱਸਜੀਪੀਸੀ ਨੇ ਕਿਹਾ ਹੈ ਕਿ ਉਹ ਆਪਣੀ ਵੱਖਰੀ ਸਿੱਟ ਬਣਾ ਰਹੇ ਹਨ ਜੋ ਜਾਂਚ ਕਰੇਗੀ।

ਉੱਧਰ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)