ਬੇਅਦਬੀ ਤੇ ਕਤਲ ਕਾਂਡ: ਪੰਜਾਬ ਸਰਕਾਰ ਦੀ ਅਮਿਤ ਸ਼ਾਹ ਨੂੰ ਚਿੱਠੀ, ਯੂਕੇ ਦੀ MP ਨੇ ਕਿਹਾ ਲਿੰਚਿੰਗ ਸਵੀਕਾਰਯੋਗ ਨਹੀਂ

ਹਰਿਮੰਦਰ ਸਾਹਿਬ ਅਤੇ ਕਪੂਰਥਲਾ ਵਿੱਚ ਵਾਪਰੀਆਂ ਤਾਜ਼ਾ ਬੇਅਦਬੀ ਦੀ ਕੋਸ਼ਿਸ਼ ਦੀਆਂ ਘਟਨਾਵਾਂ ਨਾਲ ਪੰਜਾਬ ਵਿੱਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਭੀੜ ਨੇ ਦੋਵਾਂ ਕਥਿਤ ਮੁਲਜ਼ਮਾਂ ਨੂੰ ਕਤਲ ਵੀ ਕਰ ਦਿੱਤਾ।

ਇਸ ਉੱਤੇ ਹੁਣ ਦੋ ਤਰ੍ਹਾਂ ਦੇ ਬਿਆਨ ਆ ਰਹੇ ਹਨ, ਕੁਝ ਲੋਕ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਭੀੜ ਵੱਲੋਂ ਕਤਲ ਕੀਤੇ ਗਏ ਕਥਿਤ ਮੁਲਜ਼ਮਾਂ ਨੂੰ ਜਾਇਜ਼ ਠਹਿਰਾ ਰਹੇ ਹਨ ਤਾਂ ਕੁਝ ਲੋਕ ਇਨ੍ਹਾਂ ਕਤਲਾਂ ਨਾਲ ਬੇਅਦਬੀ ਦੇ ਸਬੂਤ ਖ਼ਤਮ ਹੋਣ ਦੀ ਗੱਲ ਕਰ ਰਹੇ ਹਨ।

ਇਸ ਮਾਮਲੇ ਵਿੱਚ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਬੇਅਦਬੀ ਦੀ ਨਿਖੇਧੀ ਤਾਂ ਕੀਤੀ ਪਰ ਕਿਸੇ ਨੇ ਭੀੜ ਵਲੋਂ ਕਤਲ ਕੀਤੇ ਜਾਣ ਅਤੇ ਕਾਨੂੰਨ ਦੀ ਬਜਾਇ ਆਪੇ ਇਨਸਾਫ਼ ਕਰਨ ਬਾਰੇ ਕੁਝ ਨਹੀਂ ਕਿਹਾ।

ਸੁਖਜਿੰਦਰ ਰੰਧਾਵਾ ਦੀ ਅਮਿਤ ਸ਼ਾਹ ਨੂੰ ਚਿੱਠੀ

ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।

ਆਪਣੇ ਇਸ ਪੱਤਰ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧਿਆਨ ਪੰਜਾਬ ਵਿੱਚ ਬੇਅਦਬੀ ਦੇ ਮੁੱਦਿਆਂ ਵੱਲ ਦਿਵਾਉਂਦੇ ਹੋਏ ਉਨ੍ਹਾਂ ਲਿਖਿਆ ਕਿ ਇਹ ਮੁੱਦਾ ਪੰਜਾਬ ਵਿੱਚ ਵੱਡਾ ਬਣਦਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਵੱਲੋਂ ਇੱਕ ਜੀਵਤ ਗੁਰੂ ਮੰਨਿਆ ਜਾਂਦਾ ਹੈ, ਨਾ ਕਿ ਕੋਈ ਵਸਤੂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿੱਖ ਮਰਿਆਦਾ ਅਨੁਸਾਰ ਕੀਤਾ ਜਾਂਦਾ ਹੈ।

ਉਨ੍ਹਾਂ ਲਿਖਿਆ ਕਿ ''ਇਸ ਸੰਦਰਭ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਆਈਪੀਸੀ-1860 ਦੀ ਧਾਰਾ 295 ਅਤੇ 295-ਏ ਦੀਆਂ ਮੌਜੂਦਾ ਧਾਰਾਵਾਂ ਜਿਨ੍ਹਾਂ ਵਿੱਚ ਤਿੰਨ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ, ਇਸ ਸਥਿਤੀ ਨਾਲ ਨਜਿੱਠਣ ਲਈ ਕਾਫੀ ਨਹੀਂ ਹਨ।"

ਉਨ੍ਹਾਂ ਅੱਗੇ ਲਿਖਿਆ ਕਿ ਪੰਜਾਬ ਵਿਧਾਨ ਸਭਾ ਨੇ 'ਇੰਡੀਅਨ ਪੀਨਲ ਕੋਡ (ਪੰਜਾਬ ਸੋਧ) ਬਿੱਲ, 2018 ਅਤੇ ਦਿ ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ (ਪੰਜਾਬ ਸੋਧ) ਬਿੱਲ 2018" ਪਾਸ ਕੀਤਾ, ਜਿਸ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀਮਦ ਭਾਗਵਤ ਗੀਤਾ, ਪਵਿੱਤਰ ਕੁਰਾਨ ਅਤੇ ਪਵਿੱਤਰ ਬਾਈਬਲ ਦੀ ਬੇਅਦਬੀ, ਕਿਸੇ ਨੂੰ ਸੱਟ ਜਾਂ ਨੁਕਸਾਨ ਪਹੁੰਚਾਉਣ ਵਾਲੇ ਲਈ ਉਮਰ ਕੈਦ ਤੱਕ ਦੀ ਵਿਵਸਥਾ ਕੀਤੀ ਗਈ ਹੈ।''

''ਇਨ੍ਹਾਂ ਬਿੱਲਾਂ ਨੂੰ ਪੰਜਾਬ ਦੇ ਰਾਜਪਾਲ ਵੱਲੋਂ 12 ਅਗਸਤ 2018 ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਇਹ ਬਿੱਲ ਮਨਜ਼ੂਰੀ ਲਈ ਭਾਰਤ ਦੇ ਰਾਸ਼ਟਰਪਤੀ ਕੋਲ ਅਕਤੂਬਰ, 2018 ਤੋਂ ਪੈਂਡਿੰਗ ਹਨ।'

ਉਪ ਮੁੱਖ ਮੰਤਰੀ ਨੇ ਲਿਖਿਆ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਰਕੇ ਇੱਥੇ ਭਾਈਚਾਰਕ ਸਾਂਝ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ, ਇਸ ਲਈ ਬੇਅਦਬੀਆਂ ਵਾਲੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਲਾਜ਼ਮੀ ਹੈ।

ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਕਤ ਬਿੱਲਾਂ ਲਈ ਰਾਸ਼ਟਰਪਤੀ ਦੀ ਸਹਿਮਤੀ ਜਲਦ ਤੋਂ ਜਲਦ ਪ੍ਰਾਪਤ ਕੀਤੀ ਜਾਵੇ ਅਤੇ ਸੂਬਾ ਸਰਕਾਰ ਨੂੰ ਸੌਂਪ ਦਿੱਤੀ ਜਾਵੇ।

'ਲਿੰਚਿੰਗ ਸਵੀਕਾਰਯੋਗ ਨਹੀਂ'

ਯੂਕੇ ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਬੇਅਦਬੀ ਅਤੇ ਵਿਅਕਤੀ ਦੇ ਕਤਲ ਦੇ ਮਾਮਲੇ ਦੀ ਨਿੰਦਾ ਕਰਦਿਆਂ ਲਿਖਿਆ, ''ਬੇਅਦਬੀ ਦੀਆਂ ਘਟਨਾਵਾਂ ਸਵੀਕਾਰਯੋਗ ਨਹੀਂ ਹਨ ਪਰ ਕਿਸੇ ਵਿਅਕਤੀ ਦੀ ਲਿੰਚਿੰਗ ਵੀ ਸਵੀਕਾਰਯੋਗ ਨਹੀਂ ਹੈ ਅਤੇ ਕਿਸੇ ਨੂੰ ਵੀ ਮਾਮਲਾ ਆਪਣੇ ਹੱਥਾਂ ਵਿੱਚ ਨਹੀਂ ਲੈਣਾ ਚਾਹੀਦਾ। ਸਾਨੂੰ ਅਜਿਹੇ ਮਾਮਲਿਆਂ ਵਿੱਚ ਪੂਰੀ ਜਾਂਚ ਚਾਹੀਦੀ ਹੈ।''

ਐੱਸਜੀਪੀਸੀ ਨੇ ਬਣਾਈ ਆਪਣੀ ਵੱਖਰੀ SIT

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧ ਕਮੇਟੀ ਨੇ ਬੇਅਦਬੀ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ''ਕਪੂਰਥਲੇ 'ਚ ਹੋਈ ਘਟਨਾ ਦੀ ਜਾਂਚ ਤੱਥਾਂ ਦੇ ਆਧਾਰ 'ਤੇ ਕੀਤੀ ਜਾਵੇ।''

ਐੱਸਜੀਪੀਸੀ ਵੱਲੋਂ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਹ ਧਾਰਮਿਕ ਭਾਵਨਾਵਾਂ ਦਾ ਮਾਮਲਾ ਹੈ ਅਤੇ ਮਾਮਲੇ ਵਿੱਚ ਦਰਜ ਪਰਚਾ ਤੁਰੰਤ ਵਾਪਸ ਲਿਆ ਜਾਵੇ।

ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਆਪਣੀ ਵੀ ਇੱਕ ਸਿੱਟ ਬਣਾ ਰਹੀ ਹੈ, ਜੋ ਕਿ ਘਟਨਾ ਦੀ ਜਾਂਚ ਕਰੇਗੀ।

ਇਸ ਦੌਰਾਨ ਉਨ੍ਹਾਂ ਪਿਛਲੀਆਂ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਅਤੇ ਕਿਹਾ ਕਿ ''ਪਿਛਲੇ ਕੇਸਾਂ 'ਤੇ ਮਿੱਟੀ ਪਾ ਦਿੱਤੀ ਗਈ ਹੈ। ਇਹ ਸਮਾਂ ਨਾਜ਼ੁਕ ਹੈ ਅਤੇ ਸਰਕਾਰ ਨੂੰ ਸੱਚ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ।''

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਰਾਤ ਫਿਰ ਇੱਕ ਘਟਨਾ ਦੀ ਜਾਣਕਾਰੀ ਮਿਲੀ ਹੈ, ਇਹ ਸਾਡੇ ਲਈ ਬੜੀ ਵੱਡੀ ਚੁਣੌਤੀ ਬਣ ਗਈ ਹੈ।

ਸਜ਼ਾ ਬਾਰੇ ਗੱਲ ਕਰਦਿਆਂ ਧਾਮੀ ਨੇ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਮੌਤ ਦੀ ਸਜ਼ਾ ਤੈਅ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਸਭ ਇੰਝ ਹੀ ਚੱਲਦਾ ਰਹੇਗਾ।

ਧਾਮੀ ਨੇ ਕਿਹਾ, ''ਸਾਜ਼ਿਸ਼ ਦੇ ਤਹਿਤ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ।''

ਇਸ ਦੌਰਾਨ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਘਟਨਾ ਸਬੰਧੀ ਦੱਸਿਆ ਕਿ ਮੁਲਜ਼ਮ ਨੇ ਕਈ ਵਾਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਨ੍ਹਾਂ ਕੋਲ ਇਸ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਹੈ, ਜੋ ਕਿ ਉਹ ਸਿੱਟ ਦੀ ਰਿਪੋਰਟ ਤੋਂ ਬਾਅਦ ਦਿਖਾਉਣਗੇ।

'ਹੋ ਸਕਦਾ ਹੈ ਅਜਿਹੀਆਂ ਕੋਸ਼ਿਸ਼ਾਂ ਮੁੜ ਹੋਣ'

ਬੇਅਦਬੀ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਨੇ ਨਿਊਜ਼ ਏਜੰਸੀ ਏਐੱਨਆਈ ਨਾਲ ਗੱਲਬਾਤ ਕਰਦਿਆਂ ਕਿਹਾ, ''ਸਾਡੇ ਵਿਚਕਾਰ ਸਿਆਸੀ ਮਤਭੇਦ ਹੋ ਸਕਦੇ ਹਨ ਪਰ ਕਿਸੇ ਵੀ ਪਾਰਟੀ ਦੀ ਸੋਚ ਇੰਨੀ ਮਾੜੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਅਸਥਿਰਤਾ ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਸਰਹੱਦ ਪਾਰ ਤੋਂ ਕੀਤੀਆਂ ਜਾ ਰਹੀਆਂ ਹਨ। ਮੈਂ ਇਸਦੀ ਆਲੋਚਨਾ ਕਰਦਾ ਹਾਂ ਅਤੇ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਨੂੰ ਵਿਵੇਕ ਨਾਲ ਕੰਮ ਲੈਂਦੇ ਹੋਏ ਸ਼ਾਂਤ ਰਹਿਣਾ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਅਜਿਹੀ ਘਟਨਾ ਭਵਿੱਖ ਵਿੱਚ ਦੁਬਾਰਾ ਨਾ ਵਾਪਰੇ, ਪਰ ਹੋ ਸਕਦਾ ਹੈ ਕਿ ਅਜਿਹੀਆਂ ਕੋਸ਼ਿਸ਼ਾਂ ਦੁਬਾਰਾ ਕੀਤੀਆਂ ਜਾਣ। ਮੁਲਜ਼ਮ ਦੇ ਫੜ੍ਹੇ ਜਾਣ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ, ਉਨ੍ਹਾਂ ਨੂੰ ਜਾਂਚ-ਪੜਤਾਲ ਲਈ ਸੌਂਪਿਆ ਜਾਣਾ ਚਾਹੀਦਾ ਹੈ ਤਾਂ ਜੋ ਅਜਿਹੇ ਮਾਮਲਿਆਂ ਦੀ ਜੜ ਤੱਕ ਪਹੁੰਚਿਆ ਜਾ ਸਕੇ ਅਤੇ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।''

'ਗ੍ਰਹਿ ਮੰਤਰੀ ਨੂੰ ਕੁਰਸੀ 'ਤੇ ਬੈਠਣ ਦਾ ਹੱਕ ਨਹੀਂ'

ਲੰਬੀ ਹਲਕੇ ਦੇ ਦੌਰੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ''ਦਰਬਾਰ ਸਾਹਿਬ 'ਚ ਜਾ ਕੇ ਇੰਨੀ ਵੱਡੀ ਹਰਕਤ ਹੋਵੇ, ਅੱਜ ਤੀਜਾ ਦਿਨ ਹੋ ਗਿਆ ਇਸ ਸਰਕਾਰ ਨੇ ਇੰਨੀ ਕੁ ਅਹਿਮੀਅਤ ਦਿੱਤੀ ਹੈ ਕਿ ਡੀਸੀਪੀ ਲੈਵਲ ਦੇ ਅਫਸਰ ਨਾਲ ਸਿੱਟ ਬਣਾਈ ਹੈ। ਮੰਗ ਤਾਂ ਇਹ ਹੋਣੀ ਚਾਹੀਦੀ ਹੈ ਕਿ ਹਾਈਕੋਰਟ ਦੇ ਸਿਟਿੰਗ ਜੱਜ ਦੇ ਅੰਦਰ ਸਿੱਟ ਬਣਾਈ ਜਾਵੇ।''

''2016 'ਚ ਜਿਵੇਂ ਇਨ੍ਹਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ, ਪੰਜ ਸਾਲ 'ਚ ਇਹ ਬੇਅਦਬੀਆਂ ਦਾ ਇੱਕਲੇ ਸਿਆਸੀ ਵਿਰੋਧੀਆਂ 'ਤੇ ਵਾਰ ਕਰਨ ਲਈ ਇਸਤੇਮਾਲ ਕੀਤਾ ਅਤੇ ਕੁਝ ਹੱਲ ਨਹੀਂ ਕੀਤਾ, ਅੱਜ ਵੀ ਇਹੀ ਦਿਖਾਈ ਦੇ ਰਿਹਾ ਹੈ, ਕਿ ਸ਼ਾਇਦ ਇਸ ਪਿੱਛੇ ਇਨ੍ਹਾਂ ਦੀ ਕੀ ਮੰਸ਼ਾ ਹੈ, ਕੀ ਕਿਸਦਾ ਹੱਥ ਹੈ ਜਿਸ ਕਾਰਨ ਇਸਦੀ ਤਹਿ 'ਚ ਇਹ ਪਹੁੰਚਣਾ ਨਹੀਂ ਚਾਹੁੰਦੇ।''

''ਬੰਦੇ ਦੀ ਸ਼ਕਲ ਹੈ, ਰਿਕਾਰਡਿਡ ਵੀਡੀਓ ਹੈ, ਹੁਣ ਜੇ ਗ੍ਰਹਿ ਮੰਤਰੀ ਤਹਿ ਤੱਕ ਨਹੀਂ ਪਹੁੰਚ ਸਕਦੇ ਤਾਂ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀ ਕੁਰਸੀ 'ਚ ਬੈਠਣ ਦਾ ਕੋਈ ਹੱਕ ਨਹੀਂ।''

ਬੇਅਦਬੀ ਮਾਮਲੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ''ਇੰਨੇ ਹੌਂਸਲੇ ਬੁਲੰਦ ਹੋ ਗਏ ਨੇ ਕਿ ਹਰਿਮੰਦਰ ਸਾਹਿਬ ਜਾ ਕੇ ਵੀ ਬੇਇੱਜ਼ਤੀ ਕਰਨ ਲੱਗ ਪਏ ਨੇ।''

ਮੀਡੀਆ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਬੇਅਦਬੀ ਅਤੇ ਕਤਲ ਵਰਗੇ ਮਾਮਲਿਆਂ ਨੂੰ ਰੋਕਣ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ, ਬਾਦਲ ਨੇ ਕਿਹਾ ਕਿ ''ਇਨ੍ਹਾਂ ਤੋਂ ਕੋਈ ਨਹੀਂ ਰੁਕਦਾ। ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਹੀ ਨਹੀਂ।''

'ਦੋਸ਼ੀਆਂ ਨੂੰ ਸਖ਼ਤ ਸਜਾ ਮਿਲਣੀ ਚਾਹੀਦੀ ਹੈ'

ਪੰਜਾਬ ਦੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ 'ਚ ਇੱਕ ਵਾਰ ਫਿਰ ਭਖ ਰਹੇ ਬੇਅਦਬੀ ਮੁੱਦੇ ਬਾਰੇ ਬੋਲਦਿਆਂ ਕਿਹਾ ਕਿ ਇਹ, ''ਨਿੰਦਾਯੋਗ ਹੈ, ਘੋਰ ਨਿੰਦਾਯੋਗ ਹੈ। ਪਰ ਇਸਦੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ। ਪੰਜਾਬ 'ਚ ਕਿਉਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜਾਂਚ ਦਾ ਵਿਸ਼ਾ ਬਣਨੀਆਂ ਚਾਹੀਦੀਆਂ ਨੇ।

ਉਨ੍ਹਾਂ ਕਿਹਾ ਕਿ ਕਿਸੇ ਨੂੰ ਜਲਦਬਾਜ਼ੀ 'ਚ ਕੋਈ ਵੀ ਗੱਲ ਨਹੀਂ ਕਹਿਣੀ ਚਾਹੀਦੀ ਕਿਉਂਕਿ ਪੰਜਾਬ ਬੜਾ ਸੰਵੇਦਨਸ਼ੀਲ ਸੂਬਾ ਹੈ।

ਬੇਅਦਬੀ ਮਾਮਲਿਆਂ 'ਚ ਸਜ਼ਾ ਬਾਰੇ ਸਵਾਲ 'ਤੇ ਉਨ੍ਹਾਂ ਕਿਹਾ, ''ਦੇਸ਼ 'ਚ ਲੋਕਤੰਤਰ ਹੈ। ਬੇਅਦਬੀ ਕਾਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਕਿਸੇ ਨੂੰ ਵੀ ਖੇਡਣ ਦਾ ਅਧਿਕਾਰ ਨਹੀਂ ਹੈ। ਪਰ ਇਸਦੀ ਜਾਂਚ ਗਹਿਰਾਈ ਨਾਲ ਹੋਣੀ ਚਾਹੀਦੀ ਹੈ ਕਿ ਜਦੋਂ ਚੋਣਾਂ ਆਉਂਦੀਆਂ ਨੇ ਇਹ ਘਟਨਾਵਾਂ ਕਿਉਂ ਵਧਦੀਆਂ ਨੇ?''

''ਦੋਸ਼ੀਆਂ ਨੂੰ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।''

ਉਨ੍ਹਾਂ ਅੱਗੇ ਕਿਹਾ, ''ਅਜਿਹੇ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਅਤੇ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ? ਅਜਿਹੇ ਕਿਹੜੇ ਲੋਕ ਨੇ ਜੋ ਇਸਦਾ ਸਿਆਸੀ ਲਾਭ ਚੁੱਕਣਾ ਚਾਂਹੁੰਦੇ ਨੇ? ਇਹ ਬੜਾ ਘੋਖ ਦਾ ਵਿਸ਼ਾ ਹੈ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਹੀਂ ਹੋਣੀਆਂ ਚਾਹੀਦੀਆਂ।''

ਆਓ ਜਾਣੀਏ ਕਿ ਬੇਅਦਬੀ ਅਤੇ ਕਤਲਾਂ ਨਾਲ ਜੁੜੀਆਂ ਤਾਜ਼ਾ ਦੋਵੇਂ ਵਾਰਦਾਤਾਂ ਵਿੱਚ ਕੀ ਕੁਝ ਹੋਇਆ

18 ਦਸੰਬਰ ਸ਼ਨੀਵਾਰ ਦੀ ਸ਼ਾਮ ਹਰਿਮੰਦਰ ਸਾਹਿਬ ਵਿੱਚ ਅਤੇ 19 ਦਸੰਬਰ ਦੀ ਸਵੇਰ ਕਪੂਰਥਲਾ ਨੇੜੇ ਨਿਜ਼ਾਮੁਪਰ ਗੁਰਦੁਆਰੇ ਵਿੱਚ ਹੋਈਆਂ ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਨੇ ਪੰਜਾਬ ਵਿੱਚ ਕਈ ਤਰ੍ਹਾਂ ਦੀ ਚਰਚਾਵਾਂ ਛੇੜ ਦਿੱਤੀਆਂ ਹਨ।

ਹਰਿਮੰਦਰ ਸਾਹਿਬ 'ਚ ਬੇਅਦਬੀ

ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ਼ਾਮ ਕਰੀਬ ਸਾਢੇ ਛੇ ਵਜੇ ਇੱਕ ਵਿਅਕਤੀ ਨੇ ਦਰਬਾਰ ਸਾਹਿਬ ਵਿੱਚ ਜੰਗਲਾ ਟੱਪ ਕੇ ਬੇਅਦਬੀ ਦੀ ਕੋਸ਼ਿਸ ਕੀਤੀ। ਉਸ ਵੇਲੇ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ। ਇੱਕ ਅਣਪਛਾਤਾ ਵਿਅਕਤੀ ਮੱਥਾ ਟੇਕਣ ਦੇ ਬਹਾਨੇ ਸੰਗਤ ਨਾਲ ਅੰਦਰ ਦਾਖ਼ਲ ਹੋਇਆ ਅਤੇ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਵਾਲੀ ਥਾਂ ਉੱਤੇ ਕੁੱਦ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ।

ਪਰ ਉਸ ਨੂੰ ਡਿਊਟੀ ਉੱਤੇ ਤਾਇਨਾਤ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਫੜ ਲਿਆ ਅਤੇ ਬੇਅਦਬੀ ਤੋਂ ਬਚਾਅ ਹੋ ਗਿਆ। ਟਾਸਕ ਫੋਰਸ ਦੇ ਸਿੰਘ ਇਸ ਵਿਅਕਤੀ ਨੂੰ ਧੂਹ ਕੇ ਬਾਹਰ ਲੈ ਗਏ।

ਇੱਕ ਨਿੱਜੀ ਚੈਨਲ ਉੱਤੇ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਇਆ। ਜਿਸ ਵਿੱਚ ਇਹ ਵਿਅਕਤੀ ਜੰਗਲਾ ਟੱਪ ਕੇ ਰੁਮਾਲਾ ਸਾਹਿਬ ਦੇ ਨੇੜੇ ਆਇਆ ਅਤੇ ਉੱਥੇ ਪੈਰ ਰੱਖਿਆ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ।

ਇਹ ਵੀ ਪੜ੍ਹੋ:

ਹਰਿਮੰਦਰ ਸਾਹਿਬ 'ਚ ਬੇਅਦਬੀ ਕਰਨ ਵਾਲਾ ਮਾਰਿਆ ਗਿਆ

ਹਰਿਮੰਦਰ ਸਾਹਿਬ ਵਿੱਚ ਬੇਅਦਬੀ ਦੀ ਘਟਨਾ ਬਾਰੇ ਮੌਕੇ ਉੱਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਤਾਬਕ ਇਹ ਅਣਪਛਾਤਾ ਵਿਅਕਤੀ ਦਰਸ਼ਨਾਂ ਲਈ ਹੋਰ ਸੰਗਤ ਦੇ ਨਾਲ ਹੀ ਇੰਤਜ਼ਾਰ ਕਰ ਰਿਹਾ ਸੀ ਪਰ ਅਚਾਨਕ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਰੱਖੇ ਸਿਰੀ ਸਾਹਿਬ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ।

ਇਸ ਤੋਂ ਬਾਅਦ ਐੱਸਜੀਪੀਸੀ ਦੀ ਟਾਸਕ ਫੋਰਸ ਅਤੇ ਮੌਜੂਦ ਲੋਕਾਂ ਨੇ ਇਸ ਵਿਅਕਤੀ ਨੂੰ ਕਾਬੂ ਕੀਤਾ ਅਤੇ ਕੁੱਟਮਾਰ ਤੋਂ ਬਾਅਦ ਇਸਦੀ ਮੌਤ ਹੋ ਗਈ।

ਪੁਲਿਸ ਕੀ ਕਹਿੰਦੀ

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਕਿਹਾ, ''ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਵੇਂ ਹੀ ਵਿਅਕਤੀ ਦੀ ਪਛਾਣ ਹੋ ਜਾਵੇਗੀ, ਜਾਣਕਾਰੀ ਦਿੱਤੀ ਜਾਵੇਗੀ।''

ਉਨ੍ਹਾਂ ਕਿਹਾ ''ਦੇਖਣ ਵਿੱਚ ਵਿਅਕਤੀ ਪੰਜਾਬ ਦਾ ਨਹੀਂ ਲਗਦਾ। ਜਦੋਂ ਤੱਕ ਪਛਾਣ ਨਹੀਂ ਹੋ ਜਾਂਦੀ, ਕਿਸੇ ਵੀ ਤਰ੍ਹਾਂ ਦੀ ਗੱਲ ਨਹੀਂ ਕਹੀ ਜਾ ਸਕਦੀ।''

ਇਸ ਬਾਰੇ ਪੁਲਿਸ ਕਮਿਸ਼ਨਰ ਕਹਿੰਦੇ ਹਨ, ''ਸਭ ਤੋਂ ਪਹਿਲਾਂ ਸਾਡਾ ਫੋਕਸ ਪਛਾਣ ਕਰਨ 'ਤੇ ਹੈ।''

''ਅਸੀਂ ਹਰਿਮੰਦਰ ਸਾਹਿਬ ਦੇ ਸੀਸੀਟੀਵੀ ਚੈੱਕ ਕੀਤੇ ਹਨ, ਉਹ ਕਿੱਥੋਂ ਅੰਦਰ ਆਇਆ, ਕਿਹੜਾ ਰਸਤਾ ਲਿਆ, ਬੱਸ ਸਟੈਂਡ, ਰੇਲਵੇ ਸਟੇਸ਼ਨ ਕਿੱਥੋਂ ਆਇਆ, ਆਲੇ-ਦੁਆਲੇ ਦੇ 1 ਕਿਲੋਮੀਟਰ ਦੀਆਂ ਸਾਰੀਆਂ ਸੜਕਾਂ ਦੇ ਸੀਸੀਟੀਵੀ ਦੀ ਅਸੀਂ ਜਾਂਚ ਰਹੇ ਹਾਂ।''

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਹ ਲਗਭਗ 11 ਵਜੇ ਤੋਂ ਬਾਅਦ ਉੱਥੇ ਦਾਖਲ ਹੋਇਆ ਸੀ ਤੇ 6-7 ਘੰਟੇ ਅੰਦਰ ਹੀ ਰਿਹਾ।

ਪੰਜਾਬ ਸਰਕਾਰ ਦਾ ਪ੍ਰਤੀਕਰਮ

ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਘਟਨਾ ਦੀ ਨਿੰਦਾ ਕੀਤੀ।

ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਲਈ ਡੀਸੀਪੀ ਲਾਅ ਐਂਡ ਆਰਡਰ ਦੀ ਅਗਵਾਈ ਵਿੱਚ SIT ਬਣਾ ਦਿੱਤੀ ਹੈ, ਜੋ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ''ਸਾਡੇ ਕੋਲ ਉਸ ਵਿਅਕਤੀ ਦੀ ਕੋਈ ਪਛਾਣ ਹੀ ਨਹੀਂ ਹੈ, ਕੋਈ ਉਸ ਦਾ ਮੋਬਾਈਲ ਨਹੀਂ, ਕੋਈ ਬਟੂਆ ਨਹੀਂ, ਕੋਈ ਪਛਾਣ ਪੱਤਰ ਨਹੀਂ, ਨਾ ਹੀ ਕੋਈ ਆਧਾਰ ਕਾਰਡ, ਕੋਈ ਚੀਜ਼ ਵੀ ਉਸ ਕੋਲ ਨਹੀਂ ਹੈ।''

''ਉਸਦੀ ਮੌਤ ਦੇ ਨਾਲ ਤਾਂ ਹੁਣ ਸਭ ਕੁਝ ਹੀ ਖ਼ਤਮ ਹੋ ਗਿਆ ਪਰ ਫਿਰ ਵੀ ਅਸੀਂ ਉਸ ਦਾ ਪਿਛੋਕੜ ਦੇਖਾਂਗੇ।''

''ਜੇ ਤਾਂ ਬੰਦਾ ਜਿਉਂਦਾ ਹੁੰਦਾ ਤਾਂ ਤੁਹਾਨੂੰ ਦਿਨ ਚੜ੍ਹਦਿਆਂ ਤੱਕ ਪਤਾ ਲੱਗ ਜਾਣਾ ਸੀ। ਹੁਣ ਉਸ ਦੀ ਸਾਰੀ ਜਾਣਕਾਰੀ ਕੱਢਾਂਗੇ ਤੇ ਦੋ ਦਿਨਾਂ ਦੇ ਵਿੱਚ ਸਾਹਮਣੇ ਲੈ ਆਵਾਂਗੇ।''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਕਪੂਰਥਲਾ ਦੇ ਨਿਜ਼ਾਮਪੁਰ ਗੁਰਦੁਆਰੇ 'ਚ ਕਥਿਤ ਬੇਅਦਬੀ

ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਤੜਕੇ ਬੇਅਦਬੀ ਦੀ ਕੋਸ਼ਿਸ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਫੜਿਆ ਗਿਆ।

ਇਸ ਵਿਅਕਤੀ ਬਾਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਅਮਰਜੀਤ ਸਿੰਘ ਨੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਵਿੱਚ ਐਵਤਾਰ ਤੜਕੇ 4 ਵਜੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ।

ਬੇਅਦਬੀ ਦੇ ਸ਼ੱਕ ਵਿੱਚ ਫੜੇ ਗਏ ਵਿਅਕਤੀ ਨੂੰ ਲੋਕਾਂ ਨੇ ਕੁੱਟ-ਕੱਟ ਕੇ ਮਾਰ ਦਿੱਤਾ।

ਸਿਵਲ ਹਸਪਤਾਲ ਕਪੂਰਥਲਾ ਦੇ ਐੱਸਐੱਮਓ ਸੰਦੀਪ ਧਵਨ ਨੇ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਨਿਜ਼ਾਮਪੁਰ ਮਾਮਲੇ 'ਤੇ ਪੁਲਿਸ

ਪੁਲਿਸ ਨੇ ਬੇਅਦਬੀ ਹੋਣ ਜਾਂ ਕੋਸ਼ਿਸ਼ ਬਾਰੇ ਪੁਸ਼ਟੀ ਨਹੀਂ ਕੀਤੀ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਨੇ ਇਸ ਨੂੰ ਤਫ਼ਤੀਸ਼ ਦਾ ਦਾ ਮਾਮਲਾ ਦੱਸਿਆ।

ਉਧਰ ਜਲੰਧਰ ਰੇਂਜ ਦੇ ਆਈਜੀ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਿਸ਼ਾਨ ਸਾਹਿਬ ਨਾਲ ਕੋਈ ਛੇੜਛਾੜ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇਖਿਆ ਹੈ ਅਤੇ ਉਸੇ ਤਰ੍ਹਾਂ ਸੁਸ਼ੋਭਿਤ ਹਨ ਅਤੇ ਕੋਈ ਛੇੜਛਾੜ ਨਹੀਂ ਹੋਈ।

ਉਨ੍ਹਾਂ ਮੁਤਾਬਕ ਸ਼ਿਕਾਇਤ ਕਰਨ ਵਾਲੇ ਨੇ ਕਿਹਾ ਕਿ ਨਿਸ਼ਾਨ ਸਾਹਿਬ ਨਾਲ ਛੇੜਛਾੜ ਹੋਈ ਹੈ ਅਤੇ ਇਸੇ ਆਧਾਰ ਉੱਤੇ ਅਸੀਂ ਮਾਮਲਾ ਦਰਜ ਕੀਤਾ ਹੈ।

ਪਹਿਲਾਂ ਪੁਲਿਸ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਧਾਰਾ 295 ਏ ਤਹਿਤ ਬੇਅਦਬੀ ਦਾ ਮਾਮਲਾ ਅਤੇ 4 ਵਿਅਕਤੀਆਂ ਨੇ ਨਾਮ ਸਣੇ 10 ਅਣਪਛਾਤੇ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਰਹੀ ਹੈ।

ਪਰ ਬਾਅਦ ਵਿੱਚ ਪੁਲਿਸ ਨੇ ਸਿਰਫ਼ ਬੇਅਦਬੀ ਦਾ ਕੇਸ ਦੀ ਦਰਜ ਕੀਤਾ, ਇਸ ਮਾਮਲੇ ਵਿੱਚ ਪੁਲਿਸ ਨੇ ਕਤਲ ਮਾਮਲੇ 'ਚ ਪੁੱਛਗਿੱਛ ਲਈ ਬੁਲਾਏ ਗ੍ਰੰਥੀ ਅਮਰਜੀਤ ਸਿੰਘ ਨੂੰ ਘਰ ਭੇਜ ਦਿੱਤਾ।

ਨਿਜ਼ਾਮਪੁਰ ਗੁਰਦੁਆਰੇ ਦੇ ਸੇਵਾਦਾਰ ਨੇ ਕੀ ਦੱਸਿਆ

ਬੀਬੀਸੀ ਪੰਜਾਬੀ ਨੇ ਨਿਜ਼ਾਮਪੁਰ ਗੁਰਦੁਆਰੇ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਐਤਵਾਰ ਤੜਕੇ ਹੋਏ ਇਸ ਪੂਰੇ ਮਾਮਲੇ ਬਾਰੇ ਸਾਨੂੰ ਦੱਸਿਆ।

ਉਨ੍ਹਾਂ ਉਹ ਥਾਂਵਾਂ ਵੀ ਦਿਖਾਈਆਂ ਜਿੱਥੇ ਮਾਰਿਆ ਗਿਆ ਵਿਅਕਤੀ ਬੈਠਾ ਸੀ।

ਸੇਵਾਦਾਰ ਅਮਰਜੀਤ ਸਿੰਘ ਮੁਤਾਬਕ ਇਸ ਮਾਮਲੇ ਵਿੱਚ ਪੁਲਿਸ ਨੇ ਧਾਰਾ 295 ਦਾ ਮਾਮਲਾ ਦਰਜ ਕੀਤਾ ਹੈ।

ਅਮਰਜੀਤ ਸਿੰਘ ਕਹਿੰਦੇ ਹਨ, ''ਜਦੋਂ ਪੁਲਿਸ ਨੇ ਸਾਡੇ ਉੱਤੇ ਕੋਈ ਕੇਸ ਹੀ ਨਹੀਂ ਪਾਇਆ ਤਾਂ ਅਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ।''

ਅਮਰਜੀਤ ਸਿੰਘ ਮੁਤਾਬਕ ਆਈਜੀ ਦੇ ਕਹਿਣ ਉੱਤੇ ਪੁਲਿਸ ਦੇ ਨਾਲ ਗਏ ਅਤੇ ਉਨ੍ਹਾਂ ਦੱਸਿਆ ਕਿ ਅਸੀਂ 295 ਦਾ ਪਰਚਾ ਦਰਜ ਕਰਨਾ ਹੈ।

ਅਮਰਜੀਤ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਦਰਖ਼ਾਸਤ ਦਿੱਤੀ ਗਈ ਸੀ ਘਟਨਾ ਬਾਰੇ ਅਤੇ ਇਸੇ ਦੇ ਆਧਾਰ ਉੱਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)