ਕੋਰੋਨਾਵਾਇਰਸ˸ ਓਮੀਕਰੋਨ ਦੇ ਮੱਦੇਨਜ਼ਰ ਹਵਾਈ ਅੱਡਿਆਂ 'ਤੇ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਲਾਜ਼ਮੀ - ਪ੍ਰੈੱਸ ਰਿਵੀਊ

ਕੋਵਿਡ-19 ਦੇ ਨਵੇਂ ਵੇਰੀਐਂਟ ਨੂੰ ਲੈ ਕੇ ਕੇਂਦਰ ਸਰਕਾਰ ਨੇ ਕੌਮਾਂਤਰੀ ਯਾਤਰੀਆਂ ਲਈ ਸੋਧੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਜਿੱਥੇ ਓਮੀਕਰੋਨ ਨੂੰ ਲੈ ਕੇ ਦੁਨੀਆਂ ਭਰ ਦੀਆਂ ਰਿਪੋਰਟਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਉੱਥੇ ਹੀ ਹਵਾਈ ਅੱਡਿਆਂ 'ਤੇ ਆਉਣ ਵਾਲੇ ਯਾਤਰੀਆਂ ਦੀ ਟੈਸਟਿੰਗ ਵੀ ਲਾਜ਼ਮੀ ਕਰ ਦਿੱਤੀ ਗਈ ਹੈ।

ਜਿਸ ਵਿੱਚ ਯੂਰਪ ਅਤੇ 11 ਹੋਰ 'ਜੋਖ਼ਮ ਵਾਲੇ ਦੇਸ਼ਾਂ' ਤੋਂ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਦਾ ਹਵਾਈ ਅੱਡਿਆਂ 'ਤੇ ਟੈਸਟ ਕੀਤਾ ਜਾਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਨੈਗੇਟਿਵ ਰਿਪੋਰਟ ਆਉਣ 'ਤੇ 7 ਦਿਨਾਂ ਦਾ ਹੋਮ ਕੁਆਰੰਟੀਨ ਹੋਵੇਗਾ ਤੇ ਅਠਵੇਂ ਦਿਨ ਮੁੜ ਟੈਸਟ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਸਰਕਾਰ ਨੇ ਕੌਮਾਂਤਰੀ ਉਡਾਣਾਂ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਨ ਦੀ ਤਰੀਕ ਦੀ ਸਮੀਖਿਆ ਕਰਨ ਦਾ ਫ਼ੈਸਲਾ ਵੀ ਲਿਆ ਹੈ।

ਦਰਅਸਲ, ਕਰੀਬ 21 ਮਹੀਨਿਆਂ ਬਾਅਦ 15 ਦਸੰਬਰ ਨੂੰ ਕੌਮਾਂਤਰੀ ਉਡਾਣਾਂ ਚਾਲੂ ਕਰਨ ਦਾ ਐਲਾਨ ਕੀਤਾ ਗਿਆ ਸੀ।

ਇਹ ਵੀ ਪੜ੍ਹੋ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਅੱਜ, ਕੌਣ ਬਣ ਸਕਦਾ ਹੈ ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਅੱਜ ਹੋਣ ਜਾ ਰਹੀਆਂ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਰੇਕ ਪੰਜ ਸਾਲ ਮਗਰੋਂ ਹੋਣ ਵਾਲੀਆਂ ਚੋਣਾਂ ਇੱਕ ਅਦਾਲਤੀ ਕੇਸ ਕਾਰਨ 2011 ਤੋਂ ਨਹੀਂ ਹੋ ਸਕੀਆਂ ਸਨ।

ਹੁਣ ਵੀ 2011 ਵਾਲੇ ਮੈਂਬਰ ਹੀ ਨਵਾਂ ਪ੍ਰਧਾਨ ਚੁਣਨਗੇ। ਪ੍ਰਧਾਨਗੀ ਲਈ ਬੇਸ਼ੱਕ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਦੇ ਨਾਮ ਦੀ ਚਰਚਾ ਹੈ ਪਰ ਜਿਵੇਂ ਕਾਂਗਰਸ ਵੱਲੋਂ ਦਲਿਤ ਵਰਗ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ ਇਸੇ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਕਾਲੀ ਦਲ ਦਲਿਤ ਪੱਤਾ ਖੇਡਦਿਆਂ ਬਲਵੀਰ ਸਿੰਘ ਘੁੰਨਸ ਨੂੰ ਪ੍ਰਧਾਨ ਬਣਾ ਸਕਦਾ ਹੈ।

ਚਾਰ ਵਾਰ ਵਿਧਾਇਕ ਪਾਰਲੀਮਾਨੀ ਸਕੱਤਰ ਰਹੇ ਘੁੰਨਸ 10 ਸਾਲ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਇਰਾਨ ਨਾਲ ਪਰਮਾਣੂ ਸਮਝੌਤੇ 'ਤੇ ਗੱਲ ਕਰ ਸਕਦਾ ਹੈ ਅਮਰੀਕਾ

ਪੰਜ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਵੀਅਨਾ ਵਿੱਚ ਇਰਾਨ ਦੇ ਨਾਲ ਹੋਏ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਇੱਕ ਮਹੱਤਵਪੂਰਨ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ।

ਇਸ ਵਿੱਚ ਅਧਿਕਾਰੀ 2015 'ਚ ਇਰਾਨ ਨਾਲ ਕੀਤੇ ਗਏ ਪਰਮਾਣੂ ਸਮਝੌਤੇ ਵਿੱਚ ਅਮਰੀਕਾ ਦੀ ਸੰਭਾਵਿਤ ਵਾਪਸੀ 'ਤੇ ਚਰਚਾ ਕਰਨਗੇ।

2015 ਵਿੱਚ ਓਬਾਮਾ ਪ੍ਰਸ਼ਾਸਨ ਦੇ ਨਾਲ ਹੋਏ ਪਰਮਾਣੂ ਸਮਝੌਤੇ ਵਿੱਚ ਇਰਾਨ ਦੀਆਂ ਪਰਮਾਣੂ ਗਤੀਵਿਧੀਆਂ ਨੂੰ ਸੀਮਤ ਕਰਨ ਦੇ ਬਦਲੇ ਉਸ ਤੋਂ ਪਾਬੰਦੀ ਹਟਾਉਣ ਦਾ ਸਮਝੌਤਾ ਕੀਤਾ ਗਿਆ ਸੀ।

ਪਰ 2018 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਸਮਝੌਤੇ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ ਅਤੇ ਇਰਾਨ 'ਤੇ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਸਨ।

ਪਰ ਹਾਲ ਹੀ ਵਿੱਚ ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ਸਮਝੌਤੇ ਦੀਆਂ ਸ਼ਰਤਾਂ ਇੱਕ ਵਾਰ ਫਿਰ ਸਵੀਕਾਰ ਕਰਨ ਲਈ ਇਰਾਨ ਨਾਲ ਗੱਲ ਕਰਨ ਨੂੰ ਰਾਜ਼ੀ ਹੈ।

ਹਾਲਾਂਕਿ, ਇਰਾਨ ਚਾਹੁੰਦਾ ਹੈ ਕਿ ਪਹਿਲਾ ਕਦਮ ਅਮਰੀਕਾ ਵੱਲੋਂ ਚੁੱਕਿਆ ਜਾਵੇ ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)