ਦੱਖਣੀ ਅਫਰੀਕਾ 'ਚ ਮਿਲਿਆ ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ, ਭਾਰਤ ਵਿੱਚ ਅਲਰਟ - ਪ੍ਰੈੱਸ ਰਿਵੀਊ

ਦੱਖਣੀ ਅਫਰੀਕਾ ਵਿੱਚ ਕੋਰੋਨਾਵਾਇਰਸ ਦਾ ਇੱਕ ਹੋਰ ਖਤਰਨਾਕ ਵੇਰੀਐਂਟ ਮਿਲਿਆ ਹੈ ਅਤੇ ਇਸ ਜਾਣਕਾਰੀ ਦੇ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਭਾਰਤ ਸਰਕਾਰ ਵੀ ਸਾਵਧਾਨ ਹੋ ਗਈ ਹੈ।

ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ, ਵੀਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੂਬਾ ਸਰਕਾਰਾਂ ਨੂੰ ਸਖਤੀ ਨਾਲ ਤਿੰਨ ਦੇਸ਼ਾਂ ਤੋਂ ਆਉਣ ਵਾਲੇ ਜਾਂ ਲੰਘਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਅਤੇ ਟੈਸਟ ਕਰਨ ਦੇ ਹੁਕਮ ਦਿੱਤੇ ਹਨ। ਇਨ੍ਹਾਂ ਤਿੰਨ ਦੇਸ਼ਾਂ ਵਿੱਚ ਦੱਖਣੀ ਅਫਰੀਕਾ, ਬੋਟਸਵਾਨਾ ਅਤੇ ਹਾਂਗਕਾਂਗ ਸ਼ਾਮਲ ਹਨ।

ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਕਿ ਭਾਰਤ ਦੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ''ਕੋਵਿਡ-19 ਦੇ ਨਵੇਂ ਵੇਰੀਐਂਟ B.1.1529 ਦੇ ਕਈ ਮਾਮਲੇ ਦੱਖਣੀ ਅਫਰੀਕਾ (77), ਬੋਟਸਵਾਨਾ (3) ਅਤੇ ਹਾਂਗਕਾਂਗ (1) ਦਰਜ ਕੀਤੇ ਗਏ ਹਨ।''

ਰਾਜੇਸ਼ ਭੂਸ਼ਨ ਨੇ ਕਿਹਾ, ''ਇਸ ਵੇਰੀਐਂਟ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਹੋਣ ਦੀ ਰਿਪੋਰਟ ਹੈ ਅਤੇ ਇਸ ਤਰ੍ਹਾਂ ਹਾਲ ਹੀ ਵਿੱਚ ਵੀਜ਼ਾ ਸਬੰਧੀ ਪਾਬੰਦੀਆਂ ਵਿੱਚ ਦਿੱਤੀ ਗਈ ਢਿੱਲ ਅਤੇ ਅੰਤਰਰਾਸ਼ਟਰੀ ਯਾਤਰਾ ਖੁੱਲ੍ਹਣ ਦੇ ਮੱਦੇਨਜ਼ਰ, ਇਸ ਦੇ ਦੇਸ਼ ਲਈ ਗੰਭੀਰ ਜਨਤਕ ਸਿਹਤ ਪ੍ਰਭਾਵ ਹੋ ਸਕਦੇ ਹਨ।''

ਰਾਜੇਸ਼ ਭੂਸ਼ਨ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦੇ ਅਨੁਸਾਰ ਹੁਣ ਸਾਰੇ ਸੂਬਿਆਂ ਲਈ ਕੋਵਿਡ-ਪੌਜ਼ੀਟੀਵ ਯਾਤਰੀਆਂ ਦੇ ਨਮੂਨੇ ਭਾਰਤੀ SARS-CoV-2 ਜੀਨੋਮਿਕਸ ਸੀਕੁਏਂਸਿੰਗ ਕੰਸੋਰਟੀਅਮ (INSACOG) ਦੀਆਂ ਮਨੋਨੀਤ ਲੈਬਾਂ ਨੂੰ ਭੇਜਣੇ ਪੈਣਗੇ, ਤਾਂ ਜੋ ਇਸ ਵੇਰੀਐਂਟ ਦੇ ਉਭਰਨ ਅਤੇ ਫੈਲਣ 'ਤੇ ਨਜ਼ਰ ਰੱਖੀ ਜਾ ਸਕੇ।

ਇਹ ਵੀ ਪੜ੍ਹੋ:

ਅਦਾਕਾਰਾ ਕੰਗਨਾ ਰਣੌਤ ਨੂੰ ਦਿੱਲੀ ਵਿਧਾਨਸਭਾ ਦੀ ਕਮੇਟੀ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ

ਦਿੱਲੀ ਵਿਧਾਨਸਭਾ ਦੀ ਪੀਸ ਐਂਡ ਹਾਰਮਨੀ ਕਮਟੀ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ 6 ਦਸੰਬਰ ਨੂੰ ਅਸੈਂਬਲੀ ਵਿੱਚ ਪੇਸ਼ ਹੋਣ ਲਈ ਕਿਹਾ ਹੈ।

ਐਨਡੀਟੀਵੀ ਦੀ ਇੱਕ ਖਬਰ ਮੁਤਾਬਕ, ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਦੀ ਅਗਵਾਈ ਵਾਲੀ ਇਸ ਕਮੇਟੀ ਨੇ ਕੰਗਨਾ ਨੂੰ ਸਿਖਾਂ ਬਾਰੇ ਉਨ੍ਹਾਂ ਦੇ ਕਥਿਤ ਬਿਆਨ ਨੂੰ ਲੈ ਕੇ ਸੰਮਨ ਕੀਤਾ ਹੈ।

ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿੱਚ ਕੁਝ ਲੋਕਾਂ ਨੇ 22 ਨਵੰਬਰ ਨੂੰ ਮੁੰਬਈ ਪੁਲਿਸ ਦੇ ਪੱਛਮੀ ਖੇਤਰ ਦੇ ਐਡਿਸ਼ਨਲ ਕਮਿਸ਼ਨਰ ਸੰਦੀਪ ਪੀ ਕਾਰਣਿਕ ਨਾਲ ਮੁਲਾਕਾਤ ਕਰਕੇ ਕੰਗਨਾ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਟਵਿੱਟਰ 'ਤੇ ਕਿਹਾ ਸੀ ਕਿ ਕਿਸਾਨਾਂ ਅਤੇ ਸਿੱਖ ਭਾਈਚਾਰੇ ਵਿਰੁੱਧ ਜ਼ਹਿਰ ਉਗਲਣ ਲਈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਕੋਲ ਵੀ ਕੰਗਨਾ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਸਵੀਡਨ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਨੇ ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਦਿੱਤਾ ਅਸਤੀਫਾ

ਸਵੀਡਨ ਦੇ ਪਹਿਲੇ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨੇ ਆਪਣੀ ਨਿਯੁਕਤੀ ਦੇ ਕੁਝ ਘੰਟਿਆਂ ਬਾਅਦ ਹੀ ਅਸਤੀਫਾ ਦੇ ਦਿੱਤਾ।

ਹਿੰਦੂਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੂੰ ਬੁੱਧਵਾਰ ਨੂੰ ਹੀ ਪ੍ਰਧਾਨ ਮੰਤਰੀ ਐਲਾਨਿਆ ਗਿਆ ਸੀ ਪਰ ਉਨ੍ਹਾਂ ਦੇ ਗਠਜੋੜ ਸਹਿਯੋਗੀ ਗ੍ਰੀਨ ਪਾਰਟੀ ਨੇ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ। ਸਰਕਾਰ ਵੱਲੋਂ ਪੇਸ਼ ਕੀਤਾ ਹੋਇਆ ਬਜਟ ਪਾਰਿਤ ਨਾ ਹੋਣ ਕਾਰਨ ਬਾਅਦ ਵਿੱਚ ਐਂਡਰਸਨ ਨੇ ਅਸਤੀਫਾ ਦੇ ਦਿੱਤਾ।

ਇਸਦੇ ਉਲਟ, ਸੰਸਦ 'ਚ ਵਿਰੋਧੀ ਧਿਰ ਦੇ ਬਜਟ 'ਤੇ ਵੋਟਿੰਗ ਕੀਤੀ ਗਈ ਜੋ ਕਿ ਅਪਰਵਾਸੀ-ਵਿਰੋਧੀ ਅਤਿ ਦੱਖਣਪੰਥੀ ਬਜਟ ਹੈ।

ਐਂਡਰਸਨ ਨੇ ਕਿਹਾ, ''ਮੈਂ ਸਪੀਕਰ ਨੂੰ ਦੱਸ ਦਿੱਤਾ ਹੈ ਕਿ ਮੈਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੀ ਹਾਂ।''

ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਦੀ ਸਰਕਾਰ ਦੇ ਆਗੂ ਵਜੋਂ ਮੁੜ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਹੈ।

ਸਵੀਡਿਸ਼ ਔਰਤਾਂ ਨੂੰ ਵੋਟ ਦਾ ਅਧਿਕਾਰ ਦਿੱਤੇ ਜਾਣ ਦੇ ਸੌ ਸਾਲ ਬਾਅਦ, 54 ਸਾਲਾ ਸੋਸ਼ਲ ਡੈਮੋਕਰੇਟ ਨੇਤਾ ਮੈਗਡਾਲੇਨਾ ਐਂਡਰਸਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਦਾ ਸੰਸਦ ਵਿੱਚ ਖੜ੍ਹੇ ਹੋ ਕੇ ਤਾੜੀਆਂ ਵਜਾ ਕੇ ਸਵਾਗਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)